ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Wednesday, June 29, 2011

ਇਮਰੋਜ਼ -- ਅੰਮ੍ਰਿਤਾ, ਤੇਰਾ ਵਿਹੜਾ ਛੱਡ ਹੁਣ ਪੰਛੀ ਕਿੱਥੇ ਜਾਣਗੇ...???

ਦਰਸ਼ਨ ਦਰਵੇਸ਼ - ਹੌਜ਼ ਖ਼ਾਸ ਵਾਲ਼ਾ ਘਰ ਢਹਿ ਗਿਆ ਹੈ. ਇਹੀ ਤਾਂ ਬਹੁਤ ਵੱਡੀ ਦਿੱਕਤ ਹੈ ਕਿ ਉਹ ਘਰ ਰਿਹਾ ਹੀ ਨਹੀਂ....ਜਿਹੜਾ ਅੰਮ੍ਰਿਤਾ ਦਾ ਨਹੀਂ, ਸਾਡਾ ਆਪਣਾ ਘਰ ਸੀ....ਦਾਅਵੇ ਵਾਲ਼ੇ ਤਾਂ ਦਾਅਵਾ ਜਤਾਉਂਦੇ ਸੀ ਕਿ ਉਹ ਪੰਜਾਬੀ ਅਕਾਦਮੀ ਦਿੱਲੀ, ਸਾਹਿਤ ਅਕਾਦਮੀ ਦਿੱਲੀ, ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਹੋਰ ਵੀ ਬਹੁਤ ਸਾਰੀਆਂ ਮਾਨਤਾ ਪ੍ਰਾਪਤ ਅਕਾਦਮੀਆਂ ਅਤੇ ਨਾਗਮਣੀ ਦੀ ਛਾਂ ਵਿੱਚ ਪਲ਼ੇ-ਵਧੇ ਉਹਨਾਂ ਲੇਖਕਾਂ ਦਾ ਘਰ ਸੀ......ਜਿਹਨਾਂ ਦਾ ਜ਼ਿਕਰ ਅੱਜ ਦੇ ਮੇਰੇ ਅੱਥਰੂਆਂ ਦੇ ਰੁਦਨ ਤੋਂ ਬਾਅਦ ਸ਼ੁਰੂ ਹੋਵੇਗਾ....ਜਿਸਨੇ ਉਮਰ ਬਿਤਾ ਦਿੱਤੀ ਪੰਜਾਬੀ ਦੇ ਨਾਂ ਤੇ.. .. ਦੀਦੀ ਦੀ ਜ਼ੁਬਾਨ ਵਾਲਿਆਂ ਦੀ ਜ਼ੁਬਾਨ ਕੱਲ੍ਹ ਮੇਰੇ ਰੂ-ਬ-ਰੂ ਹੋਵੇਗੀ.......ਇੱਕ ਘਰ ਨਾ ਬਚਾਇਆ ਗਿਆ ਅਕਾਦਮੀਆਂ ਵਾਲ਼ਿਆਂ ਤੋਂ..???.....ਤੇ ਮੈਂ.........ਕੱਲ੍ਹ ਫੇਰ ਸਭ ਦੇ ਰੂ-ਬ-ਰੂ ਹੋਵਾਂਗਾ ਕਿਸੇ ਸਮਰਪਣ ਜਿਹੇ ਇਰਾਦੇ ਨਾਲ਼.............ਹੌਜ਼ ਖ਼ਾਸ ਵਾਲ਼ਾ ਘਰ ਢਹਿ (ਕਿਸੇ ਸਾਡਾ ਚੈਨਲ ਦੇ ਦਾਅਵੇ ਮੁਤਾਬਿਕ) ਗਿਆ ਹੈ.......ਆਹ ! ਇਮਰੋਜ਼, ਨਵਰਾਜ ਤੇ ਕੰਦਲਾ...... !! ਹੁਣ ਸਿਰਫ਼ ਇਹੋ ਗੱਲ ਤੁਰੇਗੀ....


ਰਿਸ਼ਤਾ ਜੇ ਸਿਰਫ਼ ਨਜ਼ਮ ਦਾ ਹੀ ਹੁੰਦਾ


ਤਾਂ ਉਹ ਕੁੜੀ


ਸਾਡੀਆਂ ਸੋਚਾਂ ਦੀ ਨਜ਼ਰ '


ਚਿੰਤਨ ਬਣ ਕੇ ਨਾ ਵਹਿੰਦੀ


ਜਿਸ ਵਿੱਚ ਡੁੱਬ ਕੇ


ਮੈਂ ਹਰ ਵਾਰ


ਸਿੱਪ ਤੇ ਮੋਤੀ ਚੋਰੀ ਕਰ ਲਿਆਉਂਦਾ ਹਾਂ


ਜਿਸਨੂੰ ਮੈਂ


ਬਹੁਤਾ ਨਹੀਂ ਮਿਲ਼ਿਆ
ਪਰ ਕਿਤੇ ਜ਼ਿਆਦਾ ਮਿਲ਼ ਲਿਆ ਹਾਂ
=====
ਤਨਦੀਪ ਤਮੰਨਾ: ਦਰਵੇਸ਼ ਜੀਓ! ਇਹ ਤੁਸੀਂ ਕੀ ਲਿਖ ਦਿੱਤੇ ਕਿ ਮੇਰੀਆਂ ਅੱਖਾਂ ਭਰ ਆਈਆਂ ਨੇ....ਅੰਮ੍ਰਿਤਾ-ਇਮਰੋਜ਼ ਜੀ ਦਾ ਘਰ ਕਿਉਂ ਢਹਿ ਗਿਆ ਹੈ? ਢਹਿ ਗਿਐ ਜਾਂ ਢਾਹਿਆ ਗਿਐ? ਮੈਂ ਤਾਂ ਇਮਰੋਜ਼ ਜੀ ਨਾਲ਼ ਚਿੱਠੀ ਪਾਉਣ ਦਾ ਵਾਅਦਾ ਕਰੀ ਫਿਰਦੀ ਸੀ...ਪਰ ਪਿਛਲੇ ਦੋ-ਢਾਈ ਸਾਲ ਮਾਈਗ੍ਰੇਨ ਰਹਿਣ ਕਰਕੇ ਮੈਂ ਵਾਅਦਾ ਨਾ ਪੁਗਾ ਸਕੀ...ਉਹ ਉਡੀਕਦੇ ਹੋਣਗੇ ...ਮੇਰਾ ਖ਼ਤ....ਉਹਨਾਂ ਨੇ ਮੇਰੇ ਲਈ ਕੋਈ ਪੇਂਟਿੰਗ ਵੀ ਬਣਾ ਰੱਖੀ ਹੋਵੇਗੀ....ਕਹਿੰਦੇ ਸੀ.. ਤਮੰਨਾ, ਮੈਨੂੰ ਖ਼ਤ ਜ਼ਰੂਰ ਲਿਖੀਂ....ਮੈਂ ਤੈਨੂੰ ਆਪਣੀ ਪੇਂਟਿੰਗ ਘੱਲਾਂਗਾ....ਮੇਰੀ ਨਿਸ਼ਾਨੀ ਸਾਂਭ ਕੇ ਰੱਖੀਂ... ਜੇ ਉਹ ਘਰ ਹੀ ਢਹਿ ਗਿਐ...ਤਾਂ ਹੁਣ ਖ਼ਤ ਕਿੱਥੇ ਪਾਵਾਂਗੀ??ਉਫ਼! ਉਫ਼!! ਉਫ਼!!!
ਅੱਜ ਫ਼ੋਨ ਨੰਬਰ ਲੱਭ ਕੇ ਇਮਰੋਜ਼ ਜੀ ਨੂੰ ਕਾਲ ਕਰਦੀ ਹਾਂ....ਤਦ ਤੱਕ ਮੈਥੋਂ ਹੋਰ ਨਹੀਓਂ ਲਿਖਿਆ ਜਾਂਦਾ...:(


----


ਦੋਸਤੋ! ਉਪਰੋਕਤ ਟਿੱਪਣੀ ਮੈਂ ਦਰਵੇਸ਼ ਜੀ ਦੀ ਫੇਸਬੁੱਕ ਵਾੱਲ ਦੀ ਉਸ ਪੋਸਟ ਤੇ ਕੀਤੀ ਸੀ ਜਿਸ ਵਿਚ ਉਹਨਾਂ ਨੇ ਅੰਮ੍ਰਿਤਾ-ਇਮਰੋਜ਼ ਜੀ ਦਾ ਘਰ ਢਾਹੇ ਜਾਣ ਦੀ ਖ਼ਬਰ ਦਿੱਤੀ ਹੈ। ਕਿੰਨੇ ਦੁੱਖ ਦੀ ਗੱਲ ਹੈ ਕਿ ਜਿਨ੍ਹਾ ਤੇ ਅੰਮ੍ਰਿਤਾ ਵਰਗੀ ਲੇਖਿਕਾ, ਵੱਡੇ ਸ਼ਾਇਰ ਹੋਣ ਦੀ ਮੋਹਰਾਂ ਲਾ ਕੇ ਤੁਰ ਗਈ, ਉਸਦਾ ਘਰ ਕਿਸੇ ਵੀ ਨਾ ਬਚਾਇਆ? ਮੇਰੇ ਸਮਝੋਂ ਬਾਹਰ ਦੀ ਗੱਲ ਹੈ। ਸਾਡੇ ਏਥੇ ਕੋਕਿਟਲਮ ਤੇ ਬਰਨਬੀ ਸ਼ਹਿਰ ਚੋਂ ਨਵੀਂ ਸਕਾਈ ਟਰੇਨ ਚਲਾਉਣ ਦੀ ਯੋਜਨਾ ਲੋਕਾਂ ਸਾਹਮਣੇ ਰੱਖੀ ਗਈ, ਰਾਤੋ-ਰਾਤ ਕਿੰਨੀਆਂ ਸੰਸਥਾਵਾਂ ਸਰਾਕਾਰ/ਟਰਾਂਜ਼ਿਟ ਵਿਰੁੱਧ ਉੱਠ ਖੜ੍ਹੀਆਂ ਹੋਈਆਂ ਕਿ ਤੁਸੀਂ ਸਕਾਈ ਟਰੇਨ ਦੀ ਲਾਈਨ ਕਿਵੇਂ ਚਲਾ ਸਕਦੇ ਹੋਂ, ਜਿੱਥੋਂ ਦੀ ਤੁਸੀਂ ਲਾਈਨ ਵਿਛਾਉਣੀ ਹੈ, ਉੱਥੇ ਕਿੰਨੇ ਦਰੱਖਤ ਕੱਟੇ ਜਾਣਗੇ, ਉਹਨਾਂ ਦਰੱਖਤਾਂ ਤੇ ਅਣਗਿਣਤ ਪੰਛੀਆਂ ਦੇ ਆਲ੍ਹਣੇ ਨੇ, ਪਹਿਲਾਂ ਇਹ ਦੱਸੋ ਵਿਚਾਰੇ ਪੰਛੀ ਕਿੱਥੇ ਜਾਣਗੇ??? ਤੇ ਇੰਡੀਆ ਚ ਪੰਜਾਬੀ ਦੀ ਮਹਾਨ ਲੇਖਿਕਾ ਦਾ ਘਰ ਢਾਹ ਦਿੱਤਾ ਗਿਐ, ਕੋਈ ਬੋਲਿਆ ਤੱਕ ਨਹੀਂ???? ਕਿਤੇ ਬਾਹਰਲੇ ਦੇਸ਼ ਚ ਏਦਾਂ ਹੁੰਦਾ ਸੁਣਿਆ ਹੈ, ਸਰਕਾਰਾਂ ਆਪਣੇ ਲੇਖਕਾਂ ਦੇ ਘਰ, ਲਾਇਬ੍ਰੇਰੀਆਂ, ਕਬਰਾਂ ਦੇ ਸਮਾਰਕ, ਮਿਉਜ਼ੀਅਮ ਬਣਾ ਕੇ ਰੱਖਦੀ ਹੈ, ਤੇ ਇੰਡੀਆ ਚ....???? ਸੱਚ ਹੀ ਹੈ ਕਿ ਇੰਡੀਆ ਚ ਦੁਨੀਆਂ ਚੜ੍ਹਦੇ ਸੂਰਜ ਨੂੰ ਸਲਾਮ ਕਰਦੀ ਹੈ...:(
ਅੱਜ ਦੀ ਪੋਸਟ
ਚ ਜਿਹੜੀਆਂ ਇਮਰੋਜ਼ ਜੀ ਦੀਆਂ ਨਜ਼ਮਾਂ ਮੈਂ ਭਰੇ ਮਨ ਨਾਲ਼ ਸ਼ਾਮਿਲ ਕਰ ਰਹੀ ਹਾਂ, ਉਹ ਮੈਨੂੰ ਸਰੀ ਵਸਦੇ ਸਾਇਰ ਜਸਬੀਰ ਮਾਹਲ ਸਾਹਿਬ ਨੇ ਕੁਝ ਦਿਨ ਪਹਿਲਾਂ ਅੱਖਰ ਮੈਗਜ਼ੀਨ ਦੇ ਅਪ੍ਰੈਲ-ਮਈ ਅੰਕ ਚੋਂ ਆਰਸੀ ਪਰਿਵਾਰ ਨਾਲ਼ ਸਾਂਝੀਆਂ ਕਰਨ ਲਈ ਘੱਲੀਆਂ ਸਨ, ਇਲਮ ਨਹੀਂ ਸੀ ਕਿ ਇਮਰੋਜ਼ ਜੀ ਦੀਆਂ ਨਜ਼ਮਾਂ ਇਸ ਖ਼ਬਰ ਨਾਲ਼ ਪੋਸਟ ਕਰਨੀਆਂ ਪੈਣਗੀਆਂ....ਇਸ ਘਰ ਦੇ ਢਹਿ ਜਾਣ ਨਾਲ਼ ਇਮਰੋਜ਼ ਜੀ ਤੇ ਕੀ ਬੀਤੀ ਹੋਵੇਗੀ...ਕੋਈ ਜਾਣਦਾ ਹੈ??? .:(
ਅਦਬ ਸਹਿਤ
ਤਨਦੀਪ ਤਮੰਨਾ


=====


ਦੁੱਖ ਸੁੱਖ
ਨਜ਼ਮ

ਸਾਰੇ ਅਸਮਾਨ 'ਤੇ
ਭਾਵੇਂ ਅਸਮਾਨ ਜਿੱਡਾ ਵੀ
ਲਿਖਿਆ ਹੋਵੇ
ਕਿ ਜ਼ਿੰਦਗੀ ਦੁੱਖ ਹੈ
ਤਾਂ ਵੀ
ਬੰਦਾ ਧਰਤੀ 'ਤੇ
ਆਪਣੇ ਜਿੱਡਾ ਤਾਂ ਲਿਖ ਹੀ ਸਕਦਾ ਹੈ
ਕਿ ਜ਼ਿੰਦਗੀ ਸੁੱਖ ਵੀ ਹੈ
=====
ਖ਼ਿਆਲਾਂ ਵਰਗੇ
ਨਜ਼ਮ

ਧਰਤੀ 'ਤੇ ਵੱਸਣ ਵਾਲ਼ਿਆਂ ਦਾ
ਇਕ ਵਕਤ ਹੁੰਦਾ ਹੈ
ਤੇ ਜਦੋਂ ਧਰਤੀ 'ਤੇ ਵਸਣ ਦਾ
ਇਕ ਵਕਤ ਮੁੱਕ ਜਾਂਦਾ ਹੈ
ਲੋਕ ਕਿੱਥੇ ਜਾਂਦੇ ਹਨ
ਮੈਨੂੰ ਪਤਾ ਨਹੀਂ
ਹਾਂ, ਜੋ ਖ਼ਿਆਲਾਂ ਵਰਗੇ ਹੁੰਦੇ ਹਨ
ਉਹ ਖ਼ਿਆਲਾਂ ਵਿਚ ਜਾ ਵਸਦੇ ਹਨ
ਖ਼ਿਆਲਾਂ ਵਰਗੇ ਖ਼ਾਸ ਲੋਕ
ਇਕ ਵਕਤ ਲਈ ਨਹੀਂ ਹੁੰਦੇ
ਉਹ ਹਰ ਵਕਤ ਲਈ ਹੁੰਦੇ ਹਨ
=====
ਕਈ ਵਾਰ
ਨਜ਼ਮ

ਕਈ ਵਾਰ
ਮੈਂ ਸੋਚਦਾ ਵਾਂ
ਨਾ ਕੋਈ ਬੋਲਣ ਲਈ ਹੈ
ਨਾ ਸੁਣਨ ਲਈ
ਘਰ ਵਿਚ ਸਾਰੇ ਹਨ
ਪਰ ਘਰ ਨਹੀਂ
ਕਵਿਤਾ ਕਵਿਤਾ ਹੋ ਕੇ ਉਹ ਆ ਜਾਂਦੀ ਹੈ
ਮੇਰੇ ਸਾਹਮਣੇ ਬੈਠ ਜਾਂਦੀ ਹੈ
ਖ਼ੁਸ਼ਬੂ ਵਾਂਗ ਬੋਲਦੀ ਹੈ
ਹਵਾ ਵਾਂਗ ਮੈਂ ਸੁਣ ਲੈਂਦਾ ਵਾਂ
ਉਹ ਅਕਸਰ ਹੱਸਦੀ ਰਹਿੰਦੀ ਹੈ
ਜਦੋਂ ਹੱਸਦੀ ਹੈ ਦਿਸਦੀ ਵੀ ਹੈ
ਜਦੋਂ ਦਿਸਦੀ ਹੈ
ਘਰ ਵੀ ਦਿਸਦਾ ਹੈ
ਮੈਂ ਘਰ ਵਿਚ ਹੁੰਦਾ ਵਾਂ
ਜਦੋਂ ਘਰ ਵਿਚ ਹੁੰਦਾ ਵਾਂ
ਮੈਂ ਹੋਰ ਨਹੀਂ ਸੋਚਦਾ











1 comment:

ਦਰਸ਼ਨ ਦਰਵੇਸ਼ said...

ਕੇ- ੨੫ ਹੌਜ਼ ਖਾਸ ਬਹੁਤ ਯਾਦ ਆਵੇਗਾ.. ..!
ਪੰਜਾਬੀ ਦਾ ਅਜੀਤ ਅਖਬਾਰ ਪੰਜਵੇਂ ਸਫ਼ੇ ਉੱਪਰ ਇਹ ਖਬਰ ਛਾਪਕੇ ਇਸ ਗੱਲ ਤੋਂ ਸੁਰਖਰੂ ਹੋ ਗਿਆ ਹੈ ਕਿ ਇਹ ਤਾਂ ਉਹਨਾਂ ਦਾ ਨਿੱਜੀ ਮਾਮਲਾ ਸੀ।ਅੰਮ੍ਰਿਤਾ ਦੇ ਬੱਚਿਆਂ ਨੇ ਇਹ ਘਰ ਵੇਚ ਦਿੱਤਾ ਅਤੇ ਇਮਰੋਜ਼ ਲਈ ਵੀ ਕਿਧਰੇ ਨਾਂ ਕਿਧਰੇ ਰਹਿਣ ਦਾ ਕੋਈ ਪ੍ਰਬੰਧ ਕਰ ਦਿੱਤਾ ਗਿਆ ਹੈ। ਇਹ ਖ਼ਬਰ ਪੜ੍ਹਨ ਤੋਂ ਬਾਦ ਮਹਿਸੂਸ ਹੋਇਆ ਕਿ ਅਖਬਾਰਾਂ ਦੇ ਸੰਪਾਦਕਾਂ ਦੀ ਕੁਰਸੀ ਇੱਕ ਤਰਾਂ ਨਾਲ਼ ਜੱਜ ਦੀ ਕੁਰਸੀ ਵਰਗੀ ਹੀ ਹੁੰਦੀ ਹੈ ਜਿੱਥੇ ਅਪੀਲ ਅਤੇ ਦਲੀਲ ਦਾ ਕੋਈ ਅਰਥ ਨਹੀਂ ਹੁੰਦਾ.. .. ਹਾਂ ਮੈਂ ਇਹ ਗੱਲ ਸਮਝਦਾ ਹਾਂ ਕਿ ਅਕਾਦਮੀਆਂ ਦਿੱਲੀ ਦੀ ਧੁੰਨੀ ਦੀ ਉਸ ਥਾਂ ਦੀ ਕੀਮਤ ਦੇਣ ਦੇ ਅਸਮਰੱਥ ਹੋਣਗੀਆਂ ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕਿ ਉਹ ਕੋਈ ਵੀ ਵਧੀਆ ਥਾਂ ਨਹੀਂ ਖਰੀਦ ਸਕਦੀਆਂ ਹੋਣਗੀਆਂ ਜਿੱਥੇ ਅੰਮ੍ਰਿਤਾ ਦੇ ਬੱਚੇ ਆਰਾਮ ਨਾਲ਼ ਨਹੀਂ ਰਹਿ ਸਕਦੇ ਹੋਣਗੇ। ਨਾਗਮਣੀਂ ਦੀ ਛਾਂ ਹੇਠ ਜੁਆਨ ਹੋਏ ਉਹ ਕਿੰਨੇ ਹੀ ਲੇਖਕ ਨੇ ਜਿਹੜੇ ਬਦੇਸ਼ਾਂ ਦੇ ਸਵਰਗ ਵਿੱਚ ਰਹਿੰਦੇ ਹੋਏ ਅੱਜ ਕਰੋੜਾਂ ਡਾੱ ਲ ਰ ਜ਼ ਦੇ ਮਾਲਕ ਨੇ, ਕੀ ਕਿਸੇ ਵਿੱਚ ਵੀ ਇਹ ਹਿੰਮਤ ਇਕੱਠੀ ਨਹੀਂ ਹੋਈ ਕਿ ਇਸ ਘਰ ਨੂੰ ਬਚਾਇਆ ਜਾ ਸਕਦਾ। ਮੈਂ ਕਿਸ ਕਿਸ ਦੇ ਨਾਮ ਏਥੇ ਲਿਖਾਂ … … ਕੀ ਅੰਮ੍ਰਿਤਾ ਦੇ ਬੱਚਿਆਂ ਨੇ ਕਿਸੇ ਨਾਲ਼ ਇਹ ਗੱਲ ਸਾਂਝੀ ਕਰਨੀਂ ਵੀ ਜਾਇਜ਼ ਨਹੀਂ ਸਮਝੀ ਕਿ ਜੇ ਕੋਈ ਇਸ ਯਾਦਗਾਰ ਨੂੰ ਬਚਾਉਣਾਂ ਚਾਹੁੰਦਾ ਹੈ….?
ਲੇਖਕਾਂ ਦਾ ਉਹ ਮੱਕਾ ਬਹੁਤ ਹੀ ਯਾਦ ਆਵੇਗਾ..
ਇਮਰੋਜ਼ ਦੀਆਂ ਅੱਖਾਂ ਦੇ ਅੱਥਰੂਆਂ ਨੂੰ ਮੋਢਾ ਦੇਣ ਵਾਲ਼ਾ ਕੋਈ ਨਹੀਂ ਹੋਵੇਗਾ.. ..
ਕਿਸ ਹਾਲ ਵਿੱਚ ਵਿਲਕ ਰਹੀਆਂ ਹੋਣਗੀਆਂ ਅੰਮ੍ਰਿਤਾ ਦੀਆਂ ਸਾਰੀਆਂ ਲਿਖਤਾਂ ਅਤੇ ਹੱਥ ਲਿਖਤਾਂ…
ਕੀ ਮੋਹ ਭੰਗ ਏਨੀਂ ਛੇਤੀ, ਇਸ ਹਾਲਤ ਵਿੱਚ ਇੰਝ ਹੋਇਆ ਕਰਦਾ ਹੈ, ਪਹਿਲੀ ਵੇਰ ਮਹਿਸੂਸ ਹੋਇਆ ਹੈ.. ..
ਕੋਈ ਦੱਸੇਗਾ ਕਿ ਅੰਮ੍ਰਿਤਾ ਜਾ ਹੋਰ ਕੋਈ ਵੀ ਮਾਣ ਮੱਤਾ ਪੰਜਾਬੀ ਲੇਖਕ ਹੋਣ ਦਾ ਕੀ ਅਰਥ ਰਹਿ ਗਿਆ ਹੈ.. .. ?????

ਉਹ ਨਿਰੀ ਕੁੜੀ ਨਹੀਂ
ਸੋਚਾਂ,ਅਮਲਾਂ
ਅਤੇ
-ਤਹਿਜ਼ੀਬ ਦੀ ਨੀਲ਼ੀ ਪੁਸਤਕ ਹੈ
ਜੋ ਵਕਤ ਕਿਨਾਰੇ ਭਟਕਦੇ
ਰਾਹਗੀਰਾਂ ਦਾ
ਜ਼ਹਿਰ ਚੂਸਦੀ ਹੈ
ਤੇ ਫਿਰ ਤੋਂ
ਜਿੰਦਗੀ ਵੱਲ ਤੱਕਣ ਵਾਲਿਆਂ ਲਈ
ਸਮੁੰਦਰ ਦਾ ਮੰਥਨ ਕਰਦੀ ਹੈ

ਸੂਰਜ ਜਦ ਅੱਧ-ਅੰਬਰ ਤੇ ਪਹੁੰਚਦਾ ਹੈ
ਤਾਂ ਉਹ
ਜਿੰਨ੍ਹਾਂ ਦੇ ਸਿਰ ਤੇ ਹੱਥ ਧਰਦੀ ਹੈ
ਉਹ ਮੌਸਮ ਨਾਲ
ਵਫਾ ਕਰਨ ਲੱਗ ਪੈਂਦੇ ਨੇ
ਤੇ ਜਿਹਨਾਂ ਦੇ
ਸਵਾਰਥ ਲਈ ਕੱਢੇ ਹੱਥ ਦੀ
ਉਹ ਭਾਸ਼ਾ ਸਮਝ ਲੈਂਦੀ ਹੈ
ਉਹ ਝੋਲੀਆਂ 'ਚ
ਪੱਥਰ ਭਰ ਲੈਂਦੇ ਨੇ

ਉਹ ਕੋਈ ਅਜੇਹਾ
ਅਣਸੀਤਾ ਕੱਪੜਾ ਨਹੀਂ
ਜਿਸਨੂੰ
ਆਪਣੇ ਸ਼ੌਕ ਲਈ
ਪਹਿਨਿਆਂ ਜਾ ਸਕਦਾ ਹੈ
ਤੇ ਨਾਂ ਹੀ
ਕੱਲਰਾਂ ਦੀ ਅਜੇਹੀ ਮਿੱਟੀ ਹੈ
ਜੋ ਬਾਰਿਸ਼ ਪਿਆਂ
ਹਰ ਕਿਸੇ ਲਈ
ਤਿਲਕਣ ਬਣ ਜਾਂਦੀ ਹੈ

ਚੂੜੀਆਂ ਦੇ ਸੋਗ ਦੀ ਗੱਲ ਹੋਈ
ਤਾਂ ਰੁੱਸੀ ਕਹਾਣੀ ਦਾ
ਰੋਸਾ ਦੂਰ ਹੋ ਗਿਆ
ਤੇ ਹੁੰਗਾਰਿਆਂ ਦੇ ਰਿਸ਼ਤੇ ਨੂੰ
ਕਵਿਤਾ ਦੀ ਗੁੜ੍ਹਤੀ ਮਿਲ ਗਈ

ਬੜਾ ਕੁੱਝ ਬੀਜਿਆਂ ਹੈ
ਉਸਨੇ ਆਪਣੀ ਧਰਤ ਤੇ
ਜੋ ਵੀ ਉਗਿਆ
ਕਈਆਂ ਦੀ ਅੱਖ
ਉਸ ਲਈ ਨਫਰਤ ਹੋ ਗਈ
ਤੇ ਕਈਆਂ ਨੇ ਉਸ ਵਿੱਚੋਂ
ਫਕੀਰੀ ਦਾ ਚੋਲਾ ਪਹਿਨ ਲਿਆ


ਉਹ ਵਹਿੰਦੀ ਹੈ
ਤਾਂ ਮਾਣਮੱਤੀ ਨਦੀ ਦੇ ਵਾਂਗ
ਵਗਦੀ ਹੈ
ਤਾਂ ਬਾਵਰੀ ਪੌਣ ਦੇ ਵਾਂਗ
ਮੇਰੇ ਘਰ ਆaਂਦੀ ਹੈ ਤਾਂ
ਚਿੰਤਨ ਦੀ ਪਟਾਰੀ ਬਣਕੇ
ਦਰਦ ਦੀ ਝੋਲ ਭਰਕੇ
ਸੱਚੀ ਉਹਦਾ ਦਰਦ
ਖੋਹ ਲੈਣ ਨੂੰ ਦਿਲ ਕਰਦੈ
ਉਦਾਸੀਆ ਪਾਲਣ ਦਾ ਸ਼ੌਕ ਵੀ ਤਾਂ
ਉਸੇ ਨੇ ਕਮਾ ਕੇ ਦਿੱਤੈ
ਮੈਂ ਪਿੰਜਰੇ ਦਾ ਬੂਹਾ ਨਹੀਂ ਖੋਹਲ ਸਕਦਾ

