ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Thursday, June 23, 2011

ਕੁਲਵਿੰਦਰ ਬੱਛੋਆਣਾ – ਆਰਸੀ ‘ਤੇ ਖ਼ੁਸ਼ਆਮਦੀਦ - ਗ਼ਜ਼ਲ


ਆਰਸੀ 'ਤੇ ਖ਼ੁਸ਼ਆਮਦੀਦ
ਸਾਹਿਤਕ ਨਾਮ : : ਕੁਲਵਿੰਦਰ ਬੱਛੋਆਣਾ

ਅਜੋਕਾ ਨਿਵਾਸ: ਪਿੰਡ : ਬੱਛੋਆਣਾ, ਜ਼ਿਲਾ ਮਾਨਸਾ


ਕਿਤਾਬ: ਹਾਲੇ ਨਹੀਂ ਛਪੀ, ਉਂਝ ਰਚਨਾਵਾਂ ਸਿਰਕੱਢ ਪੰਜਾਬੀ ਸਾਹਿਤਕ ਰਸਾਲਿਆਂ ਚ ਛਪ ਚੁੱਕੀਆਂ ਹਨ।


-----


ਦੋਸਤੋ! ਕੁਝ ਮਹੀਨੇ ਪਹਿਲਾਂ, ਮਾਨਸਾ ਵਸਦੇ ਸ਼ਾਇਰ ਕੁਲਵਿੰਦਰ ਬੱਛੋਆਣਾ ਜੀ ਨੇ ਆਪਣੀਆਂ ਚੰਦ ਖ਼ੂਬਸੂਰਤ ਗ਼ਜ਼ਲਾਂ, ਫ਼ੋਟੋ ਅਤੇ ਸਾਹਿਤਕ ਵੇਰਵੇ ਸਹਿਤ ਘੱਲੀਆਂ ਨ, ਉਹਨੀਂ ਦਿਨੀਂ ਮੈਂ ਆਰਸੀ ਨੂੰ ਅਪਡੇਟ ਨਹੀਂ ਸੀ ਕੀਤਾ। ਫੇਰ ਉਹਨਾਂ ਨਾਲ਼ ਫ਼ੋਨ ਤੇ ਗੱਲ ਹੋਈ ਕਿ ਮੈਂ ਜਲਦੀ ਹੀ ਉਹਨਾਂ ਦੀ ਹਾਜ਼ਰੀ ਆਰਸੀ ਤੇ ਲਗਾਵਾਂਗੀ, ਪਿਛਲੇ ਮਹੀਨੇ ਮੰਮੀ ਜੀ ਤੇ ਡੈਡੀ ਜੀ ਦਾ ਐਕਸੀਡੈਂਟ ਹੋ ਜਾਣ ਕਰਕੇ ਹੋਰ ਜ਼ਿੰਮੇਵਾਰੀਆਂ ਆ ਪਈਆਂ, ਜਿਨ੍ਹਾਂ ਕਰਕੇ ਆਰਸੀ ਦੀ ਅਪਡੇਟ ਦਾ ਕੰਮ ਇਕ ਵਾਰ ਫੇਰ ਤੋਂ ਰੋਕਣਾ ਪਿਆ। ਕੱਲ੍ਹ ਕੁਲਵਿੰਦਰ ਜੀ ਦੀ ਈਮੇਲ ਆਈ ਸੀ ਜਿਸ ਵਿਚ ਉਹਨਾਂ ਨੇ ਰਚਨਾਵਾਂ ਅਜੇ ਤੱਕ ਪੋਸਟ ਨਾ ਹੋਣ ਦਾ ਮਿੱਠਾ ਜਿਹਾ ਉਲਾਂਭਾ ਦਿੱਤਾ ਸੀ, ਕਿਉਂਕਿ ਉਹਨਾਂ ਨੂੰ ਐਕਸੀਡੈਂਟ ਬਾਰੇ ਕੁਝ ਵੀ ਪਤਾ ਨਹੀਂ ਸੀ। ਖ਼ੈਰ! ਮੈਂ ਫ਼ੋਨ ਕਰਕੇ ਮੁਆਫ਼ੀ ਮੰਗ ਲਈ ਹੈ ਤੇ ਕੋਸ਼ਿਸ਼ ਕਰਾਂਗੀ ਕਿ ਹੁਣ ਤੋਂ ਆਰਸੀ ਨੂੰ ਬਕਾਇਦਗੀ ਨਾਲ਼ ਅਪਡੇਟ ਕਰਿਆ ਕਰਾਂ। ਕੁਲਵਿੰਦਰ ਜੀ ਨੂੰ ਆਰਸੀ ਪਰਿਵਾਰ ਚ ਖ਼ੁਸ਼ਆਮਦੀਦ ਆਖਦਿਆਂ, ਇਹਨਾਂ ਗ਼ਜ਼ਲਾਂ ਨੂੰ ਅੱਜ ਦੀ ਪੋਸਟ ਚ ਸ਼ਾਮਿਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਆਸ ਹੈ ਕਿ ਕੁਲਵਿੰਦਰ ਜੀ ਭਵਿੱਖ ਵਿਚ ਵੀ ਆਰਸੀ ਪਰਿਵਾਰ ਨਾਲ਼ ਸਾਹਿਤਕ ਸਾਂਝ ਪਾਉਂਦੇ ਰਹਿਣਗੇ। ਬਹੁਤ-ਬਹੁਤ ਸ਼ੁਕਰੀਆ।


ਅਦਬ ਸਹਿਤ


ਤਨਦੀਪ ਤਮੰਨਾ


******


ਗ਼ਜ਼ਲ


ਹਿੰਮਤ, ਲਗਨ, ਇਰਾਦਾ ਰੱਖ ਸੰਗ ਸਾਹਾਂ ਦੇ


ਸਫ਼ਰ ਔਖੇਰੇ ਹੁੰਦੇ ਬਿਖਡ਼ੇ ਰਾਹਾਂ ਦੇ



ਛੱਡ ਕੇ ਜੋਗ ਮਸਾਂ ਖੇਤਾਂ ਵੱਲ ਪਰਤੇ ਹਾਂ,


ਬੱਸ ਕਰ ਹੁਣ ਨਾ ਛੱਡ ਤੂੰ ਤੀਰ ਨਿਗਾਹਾਂ ਦੇ



ਸਾਗਰ ਸ਼ਾਂਤ, ਤਿਆਰ ਨੇ ਕਿਸ਼ਤੀ ਚੱਪੂ ਵੀ,


ਜਿਗਰੇ ਸਾਥ ਨਾ ਦਿੰਦੇ ਬੱਸ ਮਲਾਹਾਂ ਦੇ



ਏਹ ਝੁੱਗੀਆਂ ਦੀ ਗ਼ੈਰਤ ਦੇ ਰਖਵਾਲੇ ਸਨ,


ਵੇਚ ਜ਼ਮੀਰਾਂ ਬਣ ਗਏ ਚਾਕਰ ਸ਼ਾਹਾਂ ਦੇ



ਲੋਕ ਸਜ਼ਾ ਹੁਣ ਦੇਣਗੇ ਆਖ਼ਰ ਮੁਜਰਿਮ ਨੂੰ,


ਬੇਵੱਸ ਜੱਜ, ਵਕੀਲ, ਬਿਆਨ ਗਵਾਹਾਂ ਦੇ



ਜਦ ਸਾਡੇ ਪੈਰਾਂ ਦੀ ਜ਼ਿੱਦ ਨੂੰ ਦੇਖ ਲਿਆ,


ਹੋ ਗਏ ਪਾਸੇ ਆਪੇ ਪੱਥਰ ਰਾਹਾਂ ਦੇ


=====


ਗ਼ਜ਼ਲ


ਰਹੇ ਰੁੱਸੀ ਜਹੀ ਬਸ ਧੁੱਪ ਅਜਕਲ੍ਹ,


ਹਵਾ ਦੇ ਢੰਗ ਬਦਲੇ ਲੱਗ ਰਹੇ ਨੇ


ਸਮੇਂ ਕੈਸੇ ਇਹ ਆਏ, ਰੁੱਖ ਸੋਚਣ,


ਕਿ ਪੱਤੇ ਹੁਣ ਜਡ਼੍ਹਾਂ ਨੂੰ ਠੱਗ ਰਹੇ ਨੇ



ਹਵਾ ਨੂੰ ਵੀ ਮੇਰੇ ਤੋਂ ਦੂਰ ਕਰ ਗਏ,


ਉਹ ਮੇਰੀ ਹਿੱਕ ਤੇ ਵੀ ਬਰਫ਼ ਧਰ ਗਏ,


ਬੁਝਣ ਦਾ ਨਾਂ ਨਹੀਂ ਲੈਂਦੇ ਇਹ ਫਿਰ ਵੀ,


ਜੁ ਕੋਲੇ ਸੀਨੇ ਅੰਦਰ ਮਘ ਰਹੇ ਨੇ



ਬਡ਼ੇ ਸਾਲਾਂ ਤੋਂ ਥਲ ਦੀ ਰੇਤ ਤਡ਼ਪੇ,


ਬਡ਼ੇ ਸਾਲਾਂ ਤੋਂ ਮਰਦੇ ਬਿਰਖ਼ ਸਡ਼ ਕੇ,


ਇਹਨਾਂ ਦਰਿਆਵਾਂ ਦੇ ਹੀ ਦਿਲ ਨਹੀਂ ਹੈ,


ਅਜੇ ਵੀ ਸਾਗਰਾਂ ਵੱਲ ਵਗ ਰਹੇ ਨੇ



ਇਹਨਾਂ ਚੋਂ ਕੌਣ ਜਿੱਤਣ ਹਰਨ ਵਾਲਾ,


ਬਚੇਗਾ ਕੌਣ, ਕਿਹਡ਼ਾ ਮਰਨ ਵਾਲਾ,


ਬਹੁਤ ਸਹਿਮੇ ਤੇ ਘਬਰਾਏ ਨੇ ਕ਼ਾਤਿਲ,


ਤੇ ਮਕ਼ਤੂਲਾਂ ਦੇ ਚੇਹਰੇ ਦਗ਼ ਰਹੇ ਨੇ



ਬਡ਼ੇ ਹੀ ਅਜਬ ਜਹੇ ਕਿਰਦਾਰ ਨੇ ਓਹ,


ਬਣੇ ਬਾਗ਼ਾਂ ਦੇ ਪਹਿਰੇਦਾਰ ਨੇ ਜੋ,


ਨ ਸਹਿੰਦੇ ਤਿਤਲੀਆਂ, ਫੁੱਲਾਂ ਦਾ ਮਿਲਣਾ,


ਤੇ ਖ਼ੁਦ ਉਹ ਖ਼ੁਸ਼ਬੂਆਂ ਗਲ਼ ਲੱਗ ਰਹੇ ਨੇ



ਨਹੀਂ ਮਿਲ਼ਣਾ ਕਦੇ ਇਨਸਾਫ਼ ਏਥੋਂ,


ਘਰਾਂ ਨੂੰ ਪਰਤੋਗੇ ਬੇਆਸ ਏਥੋਂ,


ਨਿਆਂ ਦੇ ਦੇਵਤੇ ਇਸ ਸ਼ਹਿਰ ਅੰਦਰ,


ਵਟਾ ਖ਼ੁਦ ਮੁਜਰਿਮਾਂ ਨਾਲ ਪੱਗ ਰਹੇ ਨੇ



ਸਿਰਾਂ ਤੇ ਸਾਕਿਆਂ ਦੀ ਧੁੱਪ ਤਣੀ ਹੈ,


ਤੇ ਫਿਰ ਵੀ ਚਿਹਰਿਆਂ ਤੇ ਮੁਸਕਣੀ ਹੈ,


ਸਿਆਹ ਵਕਤਾਂ ਸੂਹੇ ਖ਼ਾਬ ਲੈਂਦੇ,


ਇਹੀ ਰਹਿਬਰ ਸਮੇਂ ਦੇ ਲੱਗ ਰਹੇ ਨੇ



ਹਨੇਰੀ ਨੇ ਜ਼ੁਲਮ ਦੀ ਹੱਦ ਕੀਤੀ,


ਇਨ੍ਹਾਂ ਉੱਤੇ ਕਜ਼ਾ ਹਰ ਰੋਜ਼ ਬੀਤੀ,


ਹੋਏ ਨਈਂ ਫ਼ਰਜ਼ ਤੋਂ ਬੇਮੁੱਖ ਦੀਵੇ,


ਬਡ਼ੇ ਸਿਰਡ਼ੀ ਨੇ ਹੁਣ ਵੀ ਜਗ ਰਹੇ ਨੇ


=====


ਗ਼ਜ਼ਲ


ਹੱਥ ਚ ਰਖਦੇ ਮਰਹਮ, ਮਨ ਵਿੱਚ ਨੇਜ਼ੇ ਨੇ


ਅਜਕਲ੍ਹ ਚਿਹਰੇ-ਚਿਹਰੇ ਹੇਠ ਛਲੇਡੇ ਨੇ



ਚਾਨਣ ਦੇਣ ਬਹਾਨੇ ਘਰ ਨੂੰ ਸਾਡ਼ ਗਏ,


ਕ਼ਾਤਿਲ ਦੀਵੇ ਕਿਸਨੇ ਮੈਨੂੰ ਭੇਜੇ ਨੇ ?



ਛਾਂ ਨਈਂ ਕਰਦਾ ਸਾਨੂੰ ਦੇਣ ਉਲਾਂਭੇ ਉਹ,


ਜਿੰਨ੍ਹਾਂ ਮੇਰੇ ਫੁੱਲ -ਪੱਤੇ ਸਭ ਡੇਗੇ ਨੇ



ਰਿਸ਼ਤਿਆਂ ਦੇ ਮੁੱਢ ਉੱਤੇ ਆਰੀ ਫੇਰਨ ਹੁਣ,


ਨਾਲ਼ ਹੀ ਜਿਹਡ਼ੇ ਜੰਮੇ, ਪਲ਼ੇ ਤੇ ਖੇਡੇ ਨੇ



ਫੂਕਾਂ ਮਾਰਨ ਨਾਲ਼ ਕਦੇ ਵੀ ਭਰਨੇ ਨਈਂ,


ਸਦੀਆਂ ਦੇ ਇਹ ਜ਼ਖ਼ਮ ਤੇ ਅੰਬਰ ਜੇਡੇ ਨੇ



ਅਪਣੀ ਦੁਨੀਆ ਕਾਲਖ ਦੇ ਵਿੱਚ ਡੋਬ ਲਈ,


ਸੂਰਜ ਦੇ ਵੱਲ ਤੀਰ ਜਿਨ੍ਹਾਂ ਨੇ ਸੇਧੇ ਨੇ



ਖੌਰੇ ਏਨ੍ਹਾਂ ਨਾਲ਼ ਕੀ ਕੌਤਕ ਵਰਤਣਗੇ?


ਰਸਤੇ ਸਿੱਧੇ ਸਾਫ਼ ਨੇ, ਬੰਦੇ ਟੇਢੇ ਨੇ


=====


ਗ਼ਜ਼ਲ


ਦਿਨ-ਬ-ਦਿਨ ਹੀ ਖ਼ੌਫ, ਚਿੰਤਾ, ਦਰਦ ਨੈਣੀਂ ਭਰ ਰਿਹਾ


ਮਹਿਕਦੇ ਜੀਵਨ ਦਾ ਸੁਪਨਾ ਹੈ ਅਜੇ ਵੀ ਤਰ ਰਿਹਾ



ਚੀਰ ਦਿੱਤੇ ਭੁਜਦਿਆਂ ਪੈਰਾਂ ਨੇ ਮਾਰੂਥਲ ਬਡ਼ੇ,


ਵਾਦੀਆਂ ਦੀ ਖੋਜ ਵਿੱਚ ਪਾਂਧੀ ਮੈਂ ਜੀਵਨ ਭਰ ਰਿਹਾ



ਪਗਡ਼ੀਆਂ ਤੇ ਟੋਪੀਆਂ ਦੇ ਲਈ ਸਿਰਾਂ ਦਾ ਵੈਰ ਕਿਉਂ,


ਆਉਣੀਆਂ ਕਿਸ ਕੰਮ ਇਹ, ਸਿਰ ਧਡ਼ ਤੇ ਨਾ ਜੇਕਰ ਰਿਹਾ



ਇਹ ਬਹਾਰਾਂ ਵਿੱਚ ਸੁਕਦੇ ਹਨ, ਜਲਣ ਬਰਸਾਤ ਵਿਚ,


ਸਿਤਮ ਕੁਦਰਤ ਦਾ ਇਨ੍ਹਾਂ ਰੁੱਖਾਂ 'ਤੇ ਕੈਸਾ ਵਰ੍ਹ ਰਿਹਾ?



ਪੰਜ ਸਾਲਾਂ ਬਾਦ ਸ਼ਿਕਰੇ ਗਏ ਅਪਣੇ ਗਰਾਂ,


ਪਾ ਦਿਓ ਬਕਸੇ ਚੁੰਝਾਂ, ਦਿਓ ਜੇ ਕੋਈ ਪਰ ਰਿਹਾ



ਆਪਣਾ ਸੰਵਿਧਾਨ, ਅਪਣਾ ਮੁਲਕ, ਅਪਣੇ ਲੋਕ ਸਭ,


ਕੌਣ ਇਹ ਕਹਿ ਕੇ ਹੈ ਜ਼ਖ਼ਮਾਂ ਤੇ ਅੰਗਾਰੇ ਧਰ ਰਿਹਾ?



ਪਹੁੰਚਿਆ ਨਾ ਓਸ ਬਸਤੀ ਜਿੱਥੋਂ ਮਿਲ਼ਣੀ ਸੀ ਗ਼ਜ਼ਲ,


ਸ਼ਬਦਾਂ ਦੇ ਨਗਰਾਂ ਚ ਐਵੇਂ ਭਟਕਦਾ ਦਰ -ਦਰ ਰਿਹਾ।.

13 comments:

ਬਲਜੀਤ ਪਾਲ ਸਿੰਘ said...

ਬਹੁਤ ਚੰਗਾ ਲੱਗਾ,ਕੁਲਵਿੰਦਰ ਨੂੰ ਆਰਸੀ ਪ੍ਰੀਵਾਰ ਵਿਚ ਸ਼ਾਮਿਲ ਹੋਣ ਤੇ ।ਕੁਲਵਿੰਦਰ ਤੋਂ ਸਾਨੂੰ ਵੱਡੀਆਂ ਆਸਾਂ ਹਨ।

Dharminder Sekhon said...

ਮੇਰੇ ਪਿੰਡ ਦੇ ਗੁਆਂਢ ਵਿੱਚ ਇੰਨਾਂ ਵੱਡਾ ਸ਼ਾਇਰ/ਗਜ਼ਲਗੋ ਬੈਠਾਂ ਹੈ.. ਖਬਰ ਹੀ ਨਹੀਂ ਸੀ। ਹਾਂ ਮੈਨੂੰ ਇੰਨਾਂ ਤੇ ਪਤਾ ਸੀ ਕਿ ਕੁਲਵਿੰਦਰ ਲ਼ਿਖਦਾ ਹੈ... ਪਰ ਇਹ ਨਹੀਂ ਪਤਾ ਸੀ ਕਿ ਕੁਲਵਿੰਦਰ ਇੰਨ੍ਹਾਂ ਕਮਾਲ ਲ਼ਿਖਦਾ ਹੈ... ਮੁਬਾਰਕਾਂ ਵੀਰ...

AMRIK GHAFIL said...

bahut hi khoobsoorat ghazal kehnde ne kulwinder....mubarkan..

karam said...

ਦਿਨ-ਬ-ਦਿਨ ਹੀ ਖ਼ੌਫ, ਚਿੰਤਾ, ਦਰਦ ਨੈਣੀਂ ਭਰ ਰਿਹਾ।

ਮਹਿਕਦੇ ਜੀਵਨ ਦਾ ਸੁਪਨਾ ਹੈ ਅਜੇ ਵੀ ਤਰ ਰਿਹਾ।


ਚੀਰ ਦਿੱਤੇ ਭੁਜਦਿਆਂ ਪੈਰਾਂ ਨੇ ਮਾਰੂਥਲ ਬਡ਼ੇ,

ਵਾਦੀਆਂ ਦੀ ਖੋਜ ਵਿੱਚ ਪਾਂਧੀ ਮੈਂ ਜੀਵਨ ਭਰ ਰਿਹਾ।


ਪਗਡ਼ੀਆਂ ਤੇ ਟੋਪੀਆਂ ਦੇ ਲਈ ਸਿਰਾਂ ਦਾ ਵੈਰ ਕਿਉਂ,

ਆਉਣੀਆਂ ਕਿਸ ਕੰਮ ਇਹ, ਸਿਰ ਧਡ਼ ਤੇ ਨਾ ਜੇਕਰ ਰਿਹਾ।


ਇਹ ਬਹਾਰਾਂ ਵਿੱਚ ਸੁਕਦੇ ਹਨ, ਜਲਣ ਬਰਸਾਤ ਵਿਚ,

ਸਿਤਮ ਕੁਦਰਤ ਦਾ ਇਨ੍ਹਾਂ ਰੁੱਖਾਂ 'ਤੇ ਕੈਸਾ ਵਰ੍ਹ ਰਿਹਾ?


ਪੰਜ ਸਾਲਾਂ ਬਾਦ ਸ਼ਿਕਰੇ ਆ ਗਏ ਅਪਣੇ ਗਰਾਂ,

ਪਾ ਦਿਓ ਬਕਸੇ ਚ ਚੁੰਝਾਂ, ਦਿਓ ਜੇ ਕੋਈ ਪਰ ਰਿਹਾ।


ਆਪਣਾ ਸੰਵਿਧਾਨ, ਅਪਣਾ ਮੁਲਕ, ਅਪਣੇ ਲੋਕ ਸਭ,

ਕੌਣ ਇਹ ਕਹਿ ਕੇ ਹੈ ਜ਼ਖ਼ਮਾਂ ਤੇ ਅੰਗਾਰੇ ਧਰ ਰਿਹਾ?


ਪਹੁੰਚਿਆ ਨਾ ਓਸ ਬਸਤੀ ਜਿੱਥੋਂ ਮਿਲ਼ਣੀ ਸੀ ਗ਼ਜ਼ਲ,

ਸ਼ਬਦਾਂ ਦੇ ਨਗਰਾਂ ਚ ਐਵੇਂ ਭਟਕਦਾ ਦਰ -ਦਰ ਰਿਹਾ।




ਇਸ ਗਜ਼ਲ ਵਿਚ ਤਾਂ ਕਮਾਲ ਕਰ ਦਿਤੀ ਕੁਲਵਿੰਦਰ ਨੇ

Raman Chahal said...

ਕਿਆ ਬਾਤ ਐ ਬਾਈ ਜੀ। ਬਹੁਤ ਕਮਾਲ ਦੀਆਂ ਗ਼ਜ਼ਲਾਂ ਨੇ। ਮੁਬਾਰਕਾਂ... ਭਵਿੱਖ ਚ ਤੂੰ ਗ਼ਜ਼ਲ ਦੇ ਅੰਬਰ ਦਾ ਧਰੂ ਤਾਰਾ ਹੋਵੇਂਗਾ।

ਤਨਦੀਪ 'ਤਮੰਨਾ' said...

ਈਮੇਲ ਰਾਹੀਂ ਮਿਲ਼ੀ ਟਿੱਪਣੀ: ਕੁਲਵਿੰਦਰ ਜੀ ਤੁਹਾਡੀਆਂ ਰਚਨਾਵਾਂ ਬਹੁਤ ਸੋਹਣੀਆਂ ਲਿਖੀਆਂ ਹੋਈਆਂ ਨੇ ਪ੍ਰਮਾਤਮਾ ਤੁਹਾਡੀ ਕਲਮ ਨੂੰ ਹੋਰ ਸੋਹਣੀ ਰਵਾਨੀ ਬਖ਼ਸ਼ੇ
ਸੁਰਜੀਤ, ਜਲੰਧਰ

Inderjeet sekhon said...

ਬਹੁਤ ਵਧੀਆ ਵੀਰ...
ਅੱਜ ਦੇ ਸਮੇਂ ਦਾ ਸੱਚ ਹੈ ਤੁਹਾਡੀਆਂ ਗ਼ਜ਼ਲਾਂ ਵਿੱਚ।

ਕਰਮ ਜੀਤ said...

ਸਾਰੀਆਂ ਗ਼ਜ਼ਲਾਂ ਇੱਕ ਤੋਂ ਇੱਕ ਵਧਕੇ ਹਨ ਜੀ ਪਰ ਇਹ ਸ਼ਿਅਰ ਬਹੁੱਤ ਖਾਸ ਲੱਗੇ...
ਜਦ ਸਾਡੇ ਪੈਰਾਂ ਦੀ ਜ਼ਿੱਦ ਨੂੰ ਦੇਖ ਲਿਆ,
ਹੋ ਗਏ ਪਾਸੇ ਆਪੇ ਪੱਥਰ ਰਾਹਾਂ ਦੇ
ਛੱਡ ਕੇ ਜੋਗ ਮਸਾਂ ਖੇਤਾਂ ਵੱਲ ਪਰਤੇ ਹਾਂ,
ਬੱਸ ਕਰ ਹੁਣ ਨਾ ਛੱਡ ਤੂੰ ਤੀਰ ਨਿਗਾਹਾਂ ਦੇ।

ਇਹ ਗ਼ਜ਼ਲ ਤਾਂ ਸਾਰੀ ਹੀ ਖੂਬਸੂਰਤ ਹੈ ਜੀ...

ਹੱਥ ਚ ਰਖਦੇ ਮਰਹਮ, ਮਨ ਵਿੱਚ ਨੇਜ਼ੇ ਨੇ।
ਅਜਕਲ੍ਹ ਚਿਹਰੇ-ਚਿਹਰੇ ਹੇਠ ਛਲੇਡੇ ਨੇ।

ਬਹੁੱਤ ਸ਼ੁਕਰੀਆ ਤਨਦੀਪ ਜੀ ਸਾਂਝੀ ਕਰਨ ਲਈ, ਕੁਲਵਿੰਦਰ ਜੀ ਵਧਾਈ ਦੇ ਹੱਕਦਾਰ ਹਨ....

Devinder Dhaliwal said...

ਕਮਾਲ ਦੀਆਂ ਗ਼ਜ਼ਲਾਂ ਨੇ ਸਾਰੀਆਂ ਹੀ...

ਬਹੁਤ ਖੁਬ ਵੀਰ.. ਜਿਓਂਦੇ ਰਹੋ

ਹਰਦਮ ਸਿੰਘ ਮਾਨ said...

ਕੁਲਵਿੰਦਰ ਆਰਸੀ ਵਾਲੀਆਂ ਸਾਰੀਆਂ ਗ਼ਜ਼ਲਾਂ ਬਹੁਤ ਹੀ ਕਮਾਲ ਨੇ ਅਤੇ ਪੰਜਾਬੀ ਗ਼ਜ਼ਲ ਦੇ ਚੰਗੇਰੇ ਭਵਿੱਖ ਦੀਆਂ ਜ਼ਾਮਨ ਵੀ। ਬਹੁਤ ਬਹੁਤ ਮਾਬਰਕਾਂ!!

Surinder Kamboj said...

ਬਹੁਤ ਖੂਬਸੂਰਤ ਗ਼ਜ਼ਲਾਂ ਨੇ ਕੁਲਵਿੰਦਰ ਜੀ ...

Surinder Kamboj said...

ਬਹੁਤ ਖੂਬਸੂਰਤ ਗ਼ਜ਼ਲਾਂ ਨੇ ਕੁਲਵਿੰਦਰ ਜੀ ...

AMARJIT SINGH CHHABRA said...

Kulwinder Veer Ji bahut Sohna Likhea HAi ... ... JIunde VASDE raho ....