ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾThursday, July 7, 2011

ਸੁਰਜੀਤ - ਨਵੇਂ ਕਾਵਿ-ਸੰਗ੍ਰਹਿ 'ਹੇ ਸਖੀ' ਨੂੰ ਖ਼ੁਸ਼ਆਮਦੀਦ - ਨਜ਼ਮ

ਦੋਸਤੋ! ਟਰਾਂਟੋ, ਕੈਨੇਡਾ ਵਸਦੀ ਸ਼ਾਇਰਾ ਮੈਡਮ ਸੁਰਜੀਤ ਜੀ ਦੇ ਨਵੇਂ ਕਾਵਿ-ਸੰਗ੍ਰਹਿ ਹੇ ਸਖੀ ਚੋਂ ਕੁਝ ਬੇਹੱਦ ਖ਼ੂਬਸੂਰਤ ਨਜ਼ਮਾਂ ਅੱਜ ਦੀ ਪੋਸਟ ਚ ਸ਼ਾਮਿਲ ਕਰਦਿਆਂ ਦਿਲੀ ਖ਼ੁਸ਼ੀ ਦਾ ਅਨੁਭਵ ਕਰ ਰਹੀ ਹਾਂ। ਸੁਰਜੀਤ ਜੀ ਨੂੰ ਇਸ ਕਿਤਾਬ ਦੀ ਪ੍ਰਕਾਸ਼ਨਾ ਤੇ ਆਰਸੀ ਪਰਿਵਾਰ ਵੱਲੋਂ ਢੇਰ ਸਾਰੀਆਂ ਮੁਬਾਰਕਾਂ। ਇਸ ਕਿਤਾਬ ਨੂੰ ਵੀ ਖ਼ਰੀਦ ਕੇ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਜ਼ਰੂਰ ਬਣਾਓ ਜੀ...ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ


ਤਨਦੀਪ ਤਮੰਨਾ


=====


ਨਜ਼ਮ


ਹੇ ਸਖੀ !
ਮੈਂ ਸੁਣਿਐ
ਦਿਸਦੇ ਦੇ ਪਾਰ
ਕੋਈ ਅਣਦਿਸਦਾ ਮੁਕਾਮ ਹੈ
ਜਿਥੇ ਪਹੁੰਚਣਾ ਹੀ
ਸਾਡਾ ਹਾਸਿਲ ਹੈ !

ਜਿਥੇ ਪਹੁੰਚਦਿਆਂ ਹੀ
ਸਾਰੇ ਭੇਤ ਖੁੱਲ੍ਹ ਜਾਂਦੇ
ਸਾਰਾ ਆਲਮ ਇਕ ਹੋ ਜਾਂਦੈ
ਹਰ ਜ਼ੱਰਾ ਆਪਣੀ
ਹਸਤੀ ਦਾ ਰਹੱਸ ਹੋ ਜਾਂਦੈ
ਜਿੱਥੇ ਮਿੱਟੀ ਸੋਨਾ ਹੋ ਜਾਂਦੀ
ਸੋਨਾ ਮਿੱਟੀ ਹੋ ਜਾਂਦੈ

ਪਰ ਸਖੀ !
ਇਸਨੂੰ ਵੇਖਣ ਵਾਲੀ
ਨਜ਼ਰ ਚਾਹੀਦੀ
ਇਹ ਜੁ ਬੀਜ
ਸਾਡੇ ਅੰਦਰ ਬੰਦ ਹੈ
ਪਹਿਲਾਂ ਉਸਦੀ ਅੱਖ
ਖੁੱਲ੍ਹਣੀ ਚਾਹੀਦੀ !

ਉਸਦੀ ਕੋਈ ਤਾਂ ਕਰੂੰਬਲ
ਫੁੱਟਣੀ ਚਾਹੀਦੀ !
ਉਹ ਅਣਦਿਸਦਾ ਮੁਕਾਮ
ਐਵੇਂ ਨਹੀਂ ਆ ਜਾਂਦੈ
ਇਸ ਅਵਸਥਾ ਨੂੰ
ਕੋਈ ਐਵੇਂ ਨਹੀਂ ਪਾ ਜਾਂਦੈ

ਪਹਿਲਾਂ ਖਿੱਲਰਿਆ ਆਪਾ
ਜੋੜਣਾ ਪੈਂਦੈ
ਅਹੰਮ ਦਾ ਪਰਬਤ
ਜੋ ਚੁੱਕੀ ਫਿਰਦੇ ਹਾਂ
ਉਸਨੂੰ ਤੋੜਨਾ ਪੈਂਦੈ


ਫਿਰ ਹੀ ਸੋਮਾ ਕੋਈ
ਆਪ ਮੁਹਾਰੇ ਵਗ ਤੁਰਦੇ
ਫਿਰ ਹੀ ਬੀਜ ਵਿਚ
ਨਮੀ ਪੈਦਾ ਹੁੰਦੀ
ਫਿਰ ਹੀ ਹਸਤੀ ਦਾ
ਰਹੱਸ ਉਜਾਗਰ ਹੁੰਦੈ !


ਹੇ ਸਖੀ !
ਉਸੇ ਮੰਜ਼ਲ ਤੇ
ਪਹੁੰਚਣ ਦੀ ਪੈੜ………
……
ਲੱਭ ਰਹੀ ਹਾਂ !
ਜੇ ਪਰਤਣ ਲੱਗਿਆਂ
ਪਤਾ ਹੀ ਨਾ ਲੱਗਿਆ
ਕਿ ਕਿੱਧਰ ਨੂੰ ਜਾਣੈ
ਤਾਂ ਕਿਧਰੇ ਵਿਰਾਨਿਆਂ ਖੰਡਰਾਂ '
ਭਟਕ ਹੀ ਨਾ ਜਾਵਾਂ ਮੈਂ!
ਤੇ ਮੰਜ਼ਿ'ਤੇ
ਪਹੁੰਚ ਹੀ ਨਾ ਪਾਵਾਂ ਮੈਂ !

ਤਾਂ ਹੀ
ਉਸ ਮੰਜ਼ਲ 'ਤੇ
ਪਹੁੰਚਣ ਦੀ ਪੈੜ………
……
ਲੱਭ ਰਹੀਂ ਹਾਂ ਮੈਂ !
=====
ਨਜ਼ਮ
ਸਖੀਏ !
ਸਾਡੀ ਕਾਇਆ
ਸਦੈਵ ਨਹੀਂ ਰਹਿੰਦੀ
ਜਦ ਤੱ
ਬਿਨਸਦੀ ਨਹੀਂ
ਬਦਲਦੀ ਰਹਿੰਦੀ !
…………
ਹੇ ਸਖੀ
ਫਿਰ ਵੀ
ਅਸੀਂ ਜੋ ਵੀ ਕਰਦੇ
ਦੇਹ ਦੀ ਖ਼ਾਤਿਰ ਕਰਦੇ!
……………
ਇਸ ਦੀ ਭੁੱਖ
ਅਥਾਹ ਭੁੱਖ
ਇਸਦੀ ਪਿਆਸ
ਅਥਾਹ ਪਿਆਸ !
ਬੁਝਦੀ ਨਾ ਸਾਰੀ ਉਮਰ !
ਸਗੋਂ ਵਧਦੀ ਜਾਂਦੀ
ਨਾਲ ਉਮਰ !
……………
ਹੇ ਸਖੀ !
ਪਰ ਇਹ ਤਨ ਹੀ
ਸਾਡੀ ਹੋਂਦ ਦਾ
ਵਿਸਤਾਰ ਹੈ !
ਬੀਜ ਵੀ ਇਹੀ !
ਧਰਤੀ ਵੀ ਇਹੀ !

ਇਸ ਵਿਚ ਹੀ ਰੁੱਖ ਬਣ ਦੀ


ਸੰਭਾਵਨਾ ਬਰਕਰਾਰ ਹੈ !
ਮਨ ਵੀ ਇਹੀ
ਚੇਤਨਾ ਵੀ ਇਹੀ
ਊਰਜਾ ਵੀ ਇਹੀ
ਇਸਨੂੰ ਵਸਤੂ ਵਾਂਗ
ਜੇ ਨਾ ਹੰਢਾਈਏ
ਤਾਂ ਬ੍ਰਹਿਮੰਡੀ ਊਰਜਾ ਨਾਲ
ਸਰਸ਼ਾਰ ਹੋ ਜਾਈਏ !

ਫਿਰ ਤਾਂ ਸਖੀ
ਇਹ
ਊਰਜਾ ਦਾ ਮੰਦਰ !

ਸਾਰੀ ਕਾਇਨਾਤ ਹੀ ਇਸਦੇ ਅੰਦਰ
ਇਸੇ ਦੇ ਊਰਜਾ-ਦੁਆਰ ਦਾ
ਰਾਸਤਾ ਲੱਭ ਰਹੀ ਹਾਂ !
………………
ਕਦੇ ਇਸ ਗੱਲ ਦੀ ਰਤਾ
ਸਮਝ ਆ ਜਾਵੇ
ਕਿ ਬੁਲਬੁਲਾ ਕੋਈ
ਕਿੰਜ ਹੋਂਦ 'ਚ ਆਵੇ
ਕੁਛ ਪਲ ਮਚਲੇ
ਤੇ ਬਿਨਸ ਜਾਵੇ
ਬਸ ਇਹੀ ਕਹਾਣੀ
ਆਪਣੀ ਵੀ !
=====
ਨਜ਼ਮ
ਸਖੀਏ !
ਮੈਂ ਸੋਚਾਂ
ਜ਼ਿੰਦਗੀ ਕਿਹੀ ਯਾਤਰਾ
ਜੋ ਅਣਜਾਣੇ ਸ਼ੁਰੂ ਹੋ ਜਾਵੇ !
…………………..
ਨਾ ਮੈਂ ਜੰਮਣਾ ਚਾਹਿਆ
ਨਾ ਮੈਂ ਮਰਨਾ ਚਾਹਿਆ
ਨਾ ਮੈਂ ਹੋਣਾ ਚਾਹਿਆ
ਨਾ ਮੈਂ ਰੋਣਾ ਚਾਹਿਆ !
ਇਸ ਯਾਤਰਾ ਦਾ
ਮਕਸਦ ਕੀ
ਮੈਨੂੰ ਸਮਝ ਨਾ ਆਇਆ !
…………………
ਜੇ ਇਹ ਆਵਣ ਜਾਵਣ-
ਉਸਦੀ ਮਰਜ਼ੀ-
ਤਾਂ ਮੇਰੀ ਮਰਜ਼ੀ
ਕੀ ?
ਮੈਨੂੰ ਸਮਝ ਨਾ ਆਇਆ !
……………………
ਸਖੀ ਇਸ ਯਾਤਰਾ ਦਾ
ਮਕਸਦ ਕੀ ?
………
ਸਮਝ ਰਹੀ ਹਾਂ !


ਹੇ ਸਖੀ
ਇਹ ਯਾਤਰਾ
ਕੁਦਰਤ ਦੀ ਤਾਲ ਤੇ ਨੱਚਦੀ
ਉਸ ਬ੍ਰਹਿਮੰਡੀ ਊਰਜਾ ਦੇ

ਕਿਸੇ ਨਿੱਕੇ ਜਿਹੇ ਕਣ ਦੀ
ਨਿੱਕੀ ਜਿਹੀ ਨਿਸ਼ਾਨੀ ਹੈ ………

ਇਕ ਸ਼ੁਕਰਾਣੂ ਦੇ
ਵਿਕਸਣ ਤੇ
ਵਿਗਸਣ ਦੀ ਕਹਾਣੀ ਹੈ !
ਅਣੂ ਦੀ ਊਰਜਾ ਦੇ
ਵਿਸਤਾਰ ਦੀ ਰਵਾਨੀ ਹੈ !
=====
ਨਜ਼ਮ
ਸਖੀ !
ਅਸੀਂ ਮੁੱਕੀਏ
ਊਰਜਾ ਫੇਰ 'ਚਾਰਜ' ਹੋ ਜਾਵੇ ਹੇ ਸਖੀ
ਇਹ ਦੁਨੀਆ
ਜੋ ਦਿਸਦਾ
ਤੇ ਅਣਦਿਸਦਾ
ਸਾਰੀਆਂ ਇੱਛਾਵਾਂ
ਸਿਰਫ਼ ਮਿਰਗ-ਤ੍ਰਿਸ਼ਨਾ
….
ਬ੍ਰਹਿਮੰਡੀ-ਊਰਜਾ ਦਾ
……………
ਮਸਨੂਈ ਵਿਸਤਾਰ
……….
ਮਾਇਆਵੀ ਪਾਸਾਰ…!
………………
ਕਣ-ਕਣ
ਬ੍ਰਹਿਮੰਡੀ ਊਰਜਾ……!
ਨੰਨ੍ਹੀਂ ਸੂਰਜ ਦੀ ਕਿਰਨ
ਰੌਸ਼ਨੀਆਂ ਦੇ ਦਿਗੱਜ
ਅਸਤਿੱਤਵੀ ਅਹਿਸਾਸ
ਅਨੰਤ ਅਥਾਹ ਮਹਾਂਸਾਗਰ
ਇਹ ਤਾਰਾ-ਮੰਡਲ
ਇਹ ਸੌਰ-ਮੰਡਲ
ਸਭ ਊਰਜਾ ਦਾ ਵਿਸਤਾਰ !!
………………
ਇਹ ਊਰਜਾ
ਅਣੂ ਦੀ ਹੋਂਦ ਲੈ ਕੇ
ਪ੍ਰਗਟ ਹੁੰਦੀ
ਬਿੰਦੂ-ਬਿੰਦੂ ਜੁੜਦਾ
ਮਹਾਨ ਬਿੰਦੂ ਸਿਰਜਦਾ !

ਬਿੰਦੂ ਬਿੰਦੂ ਬਿਨਸਦਾ
ਊਰਜਾ 'ਚ ਸਿਮਟਦਾ !
ਇਹ ਮਾਇਆ ਨਗਰੀ
ਇਥੇ ਠੋਸ ਕੁਛ ਵੀ ਨਹੀਂ
ਸਭ……
......
ਧੂੰਏ ਦਾ ਪਾਸਾਰ!
……………………
ਹੇ ਸਖੀ !
ਸਭ ਕੁਛ ਜੇ ਮਨਫ਼ੀ ਹੋ ਜਾਵੇ
ਤਾਂ ਵੀ ਪਿਛੇ ਰਹਿ ਜਾਵੇ
ਕੇਵਲ

ਬ੍ਰਹਿਮੰਡੀ

ਊਰਜਾ !!

ਪੁਰਾਣਾ ਘਰ ਟੁੱਟੇ
ਤਾਂ ਨਵਾਂ ਤਿਮਾਰ ਹੋ ਜਾਵੇ !

ਫੇਰ ਸਖੀਏ -
ਜੇ ਦੁਨੀਆ ਸੱਚ ਨਹੀਂ
ਤਾਂ ਇੱਛਾਵਾਂ ਕਿਉਂ ?
ਦਿਨ

ਰਾਤ

ਦੀ

ਇਸ

ਭਾਜੜ
ਦੇ ਮਾਇਨੇ ਲੱਭ ਰਹੀ ਹਾਂ !

ਨਾ ਸਖੀ !
ਦੁਨੀਆ ਵੀ ਸੱਚ
ਇਹ ਹੋਂਦ ਵੀ ਸੱਚ
ਪਰ ਸੱਚ ਦੇ ਹੇਠਾਂ ਲੁਕਿਆ
ਸੱਚ ਕੀ ਏ
ਲੱਭਣਾ ਪੈਣੈ !

4 comments:

parvez said...

ਨਾ ਮੈਂ ਜੰਮਣਾ ਚਾਹਿਆਨਾ ਮੈਂ ਮਰਨਾ ਚਾਹਿਆ
ਨਾ ਮੈਂ ਹੋਣਾ ਚਾਹਿਆਨਾ ਮੈਂ ਰੋਣਾ ਚਾਹਿਆ !
ਇਸ ਯਾਤਰਾ ਦਾਮਕਸਦ ਕੀ
ਮੈਨੂੰ ਸਮਝ ਨਾ ਆਇਆ !
surjit ji mubarkan
…………………

ਦਰਸ਼ਨ ਦਰਵੇਸ਼ said...

ਹੇ ਸਖੀ, ਸੁਰਜੀਤ, ਤੁਹਾਡੀਆਂ ਨਜ਼ਮਾਂ ਅੰਦਰਲੇ ਪਾਸਾਰ ਦੀ ਚੇਤਨਾਂ ਇਹਨਾਂ ਨੂੰ ਮੇਰੇ ਨਾਲ਼ ਨਜ਼ਮ ਵਾਂਗ ਨਹੀਂ, ਵਿਚਰ ਰਹੇ ਉਦਰੇਵੇਂ ਵਾਂਗ ਮੇਰੇ ਨਾਲ਼ ਜੋੜਦੀ ਹੈ ਅਤੇ ਇਹਨਾਂ ਦੀ ਇਹੋ ਖੂਬੀ ਮੈਨੂੰ ਮੁਬਾਰਕ ਕਹਿਣ ਲਈ ਉਕਸਾਉਂਦੀ ਹੈ - ਦਰਸ਼ਨ ਦਰਵੇਸ਼

ਕਰਮ ਜੀਤ said...

Saarian Nazma Hi Bahut Khoobsurat Ne Ji... Mubarak Ji....

ਸੁਰਜੀਤ said...

Parvez ji, Darshan ji Karmjit ji thanks.