ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Sunday, July 24, 2011

ਮੈਡਮ ਪਾਲ ਕੌਰ - ਆਰਸੀ ‘ਤੇ ਖ਼ੁਸ਼ਆਮਦੀਦ

ਆਰਸੀ ਤੇ ਖ਼ੁਸ਼ਆਮਦੀਦ
ਸਾਹਿਤਕ ਨਾਮ: ਪਾਲ ਕੌਰ
ਅਜੋਕਾ ਨਿਵਾਸ: ਅੰਬਾਲਾ, ਹਰਿਆਣਾ

ਪ੍ਰਕਾਸ਼ਿਤ ਕਿਤਾਬਾਂ: ਬਲ਼ਦੇ ਖ਼ਤਾਂ ਦੇ ਸਿਰਨਾਵੇਂ, ਖ਼ਲਾਅਵਾਸੀ, ਮੈਂ ਮੁਖ਼ਾਤਿਬ ਹਾਂ, ਸਵੀਕਾਰ ਕਰਨ ਤੋਂ ਬਾਅਦ, ਇੰਜ ਨਾ ਮਿਲ਼ੀਂ, ਬਾਰਿਸ਼ ਅੰਦਰੇ-ਅੰਦਰ, ਪ੍ਰਗੀਤ ਚਿੰਤਨ, ਮੀਰਾ, ਪੀਂਘ ਆਦਿ ਪ੍ਰਕਸ਼ਿਤ ਹੋ ਚੁੱਕੀਆਂ ਹਨ।


ਇਨਾਮ-ਸਨਾਮਾਨ: ਮੈਡਮ ਪਾਲ ਕੌਰ ਜੀ ਨੂੰ ਸਾਹਿਤਕ ਸੇਵਾਵਾਂ ਬਦਲੇ ਪੰਜਾਬ ਅਤੇ ਹਰਿਆਣਾ ਸਰਕਾਰ ਵੱਲੋਂ ਸ਼ਰੋਮਣੀ ਪੰਜਾਬੀ ਕਵੀ ਸਨਮਾਨ, ਬਾਬਾ ਸ਼ੇਖ਼ ਫ਼ਰੀਦ ਐਵਾਰਡ ਨਾਲ਼ ਸਨਮਾਨਿਆ ਵੀ ਜਾ ਚੁੱਕਾ ਹੈ।


........
ਦੋਸਤੋ! ਮੈਡਮ ਪਾਲ ਕੌਰ ਜੀ ਪੰਜਾਬੀ ਦੀ ਅਜ਼ੀਮ ਸ਼ਾਇਰਾ ਹਨ। ਉਹਨਾਂ ਦੀ ਹਾਜ਼ਰੀ ਆਰਸੀ ਦਾ ਸੁਭਾਗ ਹੈ। ਮੈਂ ਉਹਨਾਂ ਦੀ ਕਾਵਿ-ਪੁਸਤਕ ਪੀਂਘ ਪੜ੍ਹੀ ਸੀ ਤੇ ਉਦੋਂ ਹੀ ਤਮੰਨਾ ਸੀ ਕਿ ਉਹਨਾਂ ਦੀ ਹਾਜ਼ਰੀ ਆਰਸੀ
ਤੇ ਲੱਗੇ। ਮੇਰੀ ਬੇਨਤੀ ਦਾ ਮਾਣ ਰੱਖਦਿਆਂ, ਉਹਨਾਂ ਨੇ ਆਪਣੀਆਂ ਰਚਨਾਵਾਂ ਕਈ ਮਹੀਨੇ ਪਹਿਲਾਂ ਮੇਨੂੰ ਭੇਜੀਆਂ ਸਨ, ਪਰ ਕੁਝ ਨਿੱਜੀ ਕਾਰਣਾਂ ਕਰਕੇ ਬਲੌਗ ਬਕਾਇਦਗੀ ਨਾਲ਼ ਅਪਡੇਟ ਨਾ ਹੋਣ ਕਾਰਣ ਉਹਨਾਂ ਦੀ ਹਾਜ਼ਰੀ ਲਵਾਉਣ ਚ ਦੇਰ ਹੁੰਦੀ ਗਈ, ਮੈ ਖ਼ਿਮਾ ਦੀ ਜਾਚਕ ਹਾਂ। ਮੈਡਮ ਪਾਲ ਕੌਰ ਜੀ ਹਰਿਆਣਾ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਪ੍ਰੈਜ਼ੀਡੈਂਟ ਹਨ ਅਤੇ ਸਾਹਿਤ ਅਕਾਦਮੀ ਦਿੱਲੀ ਨਾਲ਼ ਵੀ ਜੁੜੇ ਹੋਏ ਹਨ। ਅੱਜ ਉਹਨਾਂ ਦੀਆਂ ਘੱਲੀਆਂ ਚੰਦ ਬੇਹੱਦ ਖ਼ੂਬਸੂਰਤ ਨਜ਼ਮਾਂ ਆਰਸੀ
ਚ ਸ਼ਾਮਿਲ ਕਰਦਿਆਂ, ਦਿਲੀ ਖ਼ੁਸ਼ੀ ਦਾ ਅਨੁਭਵ ਕਰ ਰਹੀ ਹਾਂ। ਆਸ ਹੈ ਕਿ ਮੈਡਮ ਜੀ ਭਵਿੱਖ ਵਿਚ ਵੀ ਹਾਜ਼ਰੀ ਲਵਾ ਕੇ ਧੰਨਵਾਦੀ ਬਣਾਉਂਦੇ ਰਹਿਣਗੇ। ਬਹੁਤ-ਬਹੁਤ ਸ਼ੁਕਰੀਆ।
ਅਦਬ ਸਹਿਤ
ਤਨਦੀਪ ਤਮੰਨਾ
******


ਫੋਕਸ


ਨਜ਼ਮ


ਉੱਗ ਤਾਂ ਪਏ ਹਾਂ


ਇੱਕੋ ਕਿਆਰੀ ਵਿਚ


ਪਰ ਪਨੀਰੀ ਤਾਂ ਨਹੀਂ ਰਹਿਣਾ ਅਸਾਂ



ਫਲ਼ਣਾ ਫੁੱਲਣਾ ਹੈ


ਤਾਂ ਦੋ-ਚਾਰ ਹੱਥ ਦੀ ਦੂਰੀ ਤੇ ਰਹੀਂ


ਇਕ ਦਾ ਕੱਦ ਵਧ ਜਾਵੇ


ਤਾਂ ਦੂਜਾ ਉਹਦੇ ਪਰਛਾਵੇਂ ਵਿਚ ਹੀ


ਸੜ-ਸੁੱਕ ਜਾਵੇਗਾ



ਵਾਜਿਬ ਦੂਰੀ ਤੋਂ ਹੀ


ਫੀਕ ਬਣਦਾ ਹੈ ਫੋਕਸ


ਧੁੰਦਲ਼ਾ ਜਾਂਦੇ ਨੇ ਨਕਸ਼


ਬਹੁਤ ਕਰੀਬ ਆ ਕੇ



ਹੋਈ ਹਾਂ ਜਿਉਂ ਜਿਉਂ ਵਡੇਰੀ


ਨੇੜੇ ਦੀ ਨਿਗਾਹ ਹੋ ਰਹੀ ਏ ਕਮਜ਼ੋਰ


ਖਲੋਅ ਜ਼ਰਾ ਕੁ ਦੂਰ


ਕਿ ਸਾਫ਼ ਵੇਖ ਸਕਾਂ ਤੈਨੂੰ


=====


ਕੁੜੀ ਕਰਦੀ ਏ ਸਵਾਲ


ਨਜ਼ਮ


ਕੁੜੀ ਕਰਦੀ ਏ ਸਵਾਲ


ਉਹ ਕਿਉਂ ਨਹੀਂ ਲੈ ਸਕਦੀ


ਉਸ ਚੰਨ...


ਜਿਹੜਾ ਮਾਰਦਾ ਏ ਉਹਨੂੰ ਸੈਨਤਾਂ!



ਕੁੜੀ ਕਰਦੀ ਏ ਸਵਾਲ


ਕੌਣ ਨੇ ਉਹ


ਜੋ ਉਹਦੇ ਤੇ ਚੰਨ ਵਿਚਾਲ਼ੇ


ਖ਼ਲਾਅ ਨੇ ਵਧਾ ਰਹੇ!



ਕੁੜੀ ਕਰਦੀ ਏ ਸਵਾਲ


ਪਰਛਾਵੇਂ ਆਪਣੇ ਨੂੰ!


ਕਰਦੀ ਏ ਸੂਰਜ ਵੱਲ ਮੂੰਹ


ਤਾਂ ਪਰਛਾਵਾਂ ਹੁੰਦਾ ਏ ਮਗਰ


ਕਰਦੀ ਏ ਚੰਨ ਵੱਲ ਮੂੰਹ


ਤਾਂ ਪਰਾਛਾਵਾਂ ਆ ਖਲੋਂਦਾ ਏ ਸਾਹਵੇਂ


ਨਹੀਂ ਫੜਨ ਦੇਂਦਾ ਚੰਨ ਨੂੰ!


ਡੋਬਣ ਲਈ ਪਰਛਾਵਾਂ


ਕੁੜੀ ਗੁਆਚਦੀ ਏ ਹਨੇਰੇ


ਪਰ ਮੱਸਿਆ ਦੀ ਰਾਤੇ


ਕਿਵੇਂ ਵੇਖੇ ਚੰਨ ਦਾ ਮੂੰਹ?



ਕੁੜੀ ਕਰਦੀ ਏ ਸਵਾਲ


ਨਾਂ ਨੂੰ ਆਪਣੇ!


ਕਿਉਂ ਨਹੀਂ ਪੂਰਾ ਹੁੰਦਾ ਨਾਂ ਉਸਦਾ?


ਪਹਿਲਾਂ ਕਿਸੇ ਦੀ ਮੁਹਤਾਜ


ਫਿਰ ਕਿਸੇ ਹੋਰ ਦੀ ਮੁਹਤਾਜ ਹੋਣ ਖ਼ਾਤਿਰ


ਹੋਈ ਫਿਰਦੀ ਹੈ ਅਧੂਰੀ!



ਕੁੜੀ ਕਰਦੀ ਏ ਸਵਾਲ


ਅੰਬਰੀਂ ਉੱਡਦੇ ਪਤੰਗ ਨੂੰ!


ਨਾ ਉਹ ਡੋਰ, ਨਾ ਪਤੰਗ


ਨਾ ਉਹ ਉੱਡਣ ਵਾਲ਼ੀ


ਨਾ ਉਡਾਣ ਵਾਲ਼ੀ


ਫਿਰ ਵੀ ਕੀ ਏ?


ਜੋ ਉਹਦੇ ਅੰਦਰੋਂ ਬਦੋ-ਬਦੀ ਨਿੱਕਲ਼ ਕੇ


ਪਤੰਗ ਵਿਚ ਜਾ ਉੱਡਦਾ!



ਕੁੜੀ ਕਰਦੀ ਏ ਸਵਾਲ


ਚੰਨ ਨੂੰ!


ਜੋ ਨਹੀਂ ਆ ਸਕਦਾ ਛੱਡ ਕੇ


ਆਪਣਾ ਅੰਬਰ


ਆਪਣੇ ਤਾਰੇ ਉਹ-


ਤਾਂ ਕਿਉਂ ਮਾਰਦਾ ਏ ਸੈਨਤਾਂ


ਆਪਣੇ ਰਾਹੀਂ ਤੁਰਦੀ


ਕੁੜੀ ਵਿਚਾਰੀ ਨੂੰ!



ਕੁੜੀ ਕਰਦੀ ਏ ਸਵਾਲ ਖ਼ੁਦ ਨੂੰ


ਕਿਉਂ ਸੱਚ ਮੰਨ ਬਹਿੰਦੀ ਏ


ਉਹ ਚੰਨ ਦੇ ਇਸ਼ਾਰੇ?



ਕੁੜੀ ਕਰਦੀ ਏ ਸਵਾਲ ਖ਼ੁਦ ਨੂੰ


ਕਿਉਂ ਨਹੀਂ ਹੁੰਦੀ ਉਹ


ਸਾਹਵੇਂ ਆਪਣੇ?


====


ਕਬਰਿਸਤਾਨ


ਨਜ਼ਮ


ਕਿਉਂ ਭਰ ਦਿੱਤਾ ਏ


ਉਸ ਬਲ਼ਦੇ ਮੱਥੇ ਵਾਲ਼ੀ


ਕੁੜੀ ਦੇ ਜ਼ਿਹਨ ਚ ਧੂੰਆਂ


ਮੱਧਮ ਕਰ ਦਿੱਤਾ ਏ


ਅੱਥਰੂਆਂ ਨੇ


ਜਿਹਦੇ ਨੈਣਾਂ ਦਾ ਤੇਜ


ਹਸੂੰ-ਹਸੂੰ ਕਰਦੀ ਸੁਰ ਨੂੰ


ਡੋਬ ਦਿੱਤਾ ਏ, ਗਹਿਰੇ ਨੀਰ ਵਿਚ!



ਕਿਸ ਨੇ ਲਿਖਾਈ ਇਬਾਰਤ


ਕਿਸ ਨੇ ਦਿੱਤੇ ਬੋਲ


ਕਿ ਬੋਲਦੀ ਮੁੜ ਮੁੜ


ਇਹ ਹੋਣਾ ਚਾਹੀਦਾ


ਇਹ ਨਹੀਂ ਹੋਣਾ ਚਾਹੀਦਾ


ਘੁੱਟ ਕੇ ਕਾਲ਼ਜਾ ਆਪਣਾ


ਦੱਬ ਲੈਂਦੀ ਅੰਦਰ


ਤੇ ਨਹੀਂ ਕਹਿ ਸਕਦੀ


ਮੈਨੂੰ ਇਹ ਚਾਹੀਦਾ


ਇਹ ਨਹੀਂ ਚਾਹੀਦਾ



ਪੀ ਗਈ ਏ


ਹਰ ਮੋਹ-ਭੰਗ ਦਾ ਸਦਮਾ


ਤੇ ਕਰ ਲਿਆ ਏ ਉਸਨੇ


ਅਸ਼ੋਕ ਵਾਟਿਕਾ ਨੂੰ ਹੀ ਘਰ ਆਪਣਾ।


ਰੋਜ਼ ਮਰਦੀ ਏ


ਕਦੀ ਕੋਈ ਅੰਗ ਸੌਂਦੈ


ਕਦੀ ਕੋਈ ਨਾੜ ਸੌਂਦੀ ਏ


ਹੋ ਗਈ ਏ ਅਹਿੱਲਿਆ


ਪਤਾ ਨਹੀਂ ਕਿਸ ਰਾਮ ਨੂੰ ਉਡੀਕਦੀ?



ਰਾਮ ਵੀ ਜੇ ਕਿਤੇ ਹੈ


ਤਾਂ ਆਪਣੇ ਦਾਇਰਿਆਂ ਚ ਬੱਝਾ


ਇਹ ਹੋਣਾ ਚਾਹੀਦਾ, ਇਹ ਨਹੀਂ ਹੋਣਾ ਚਾਹੀਦਾ


ਦਾ ਪਾਠ ਪੜ੍ਹਾਉਂਦਾ


ਨਹੀਂ ਛੂੰਹਦਾ ਇਸ ਬੁੱਤ ਨੂੰ


ਖ਼ੌਰੇ! ਉਹ ਵੀ ਨਹੀਂ ਜਾਣਦਾ


ਕਿ ਕੌਣ ਖੋਲ੍ਹੇਗਾ ਆਖ਼ਿਰ
ਮੱਥਿਆਂ
ਚ ਪਈਆਂ ਬੇੜੀਆਂ



ਕਿਸਨੇ ਬੀਜ ਦਿੱਤਾ ਇਹ ਚਾਹੀਦਾ


ਸਾਡੇ ਲਹੂ ਵਿਚ-


ਕਿ ਔੜਾਂ ਵਿਚ ਘੁਟ-ਘੁਟ ਮਰਦੇ


ਬਾਰਿਸ਼ਾਂ ਤੋਂ ਡਰਦੇ ਰਹਿੰਦੇ ਹਾਂ ਅਸੀਂ


ਆਉਂਦੀ ਏ ਜ਼ਿੰਦਗੀ


ਤਾਂ ਢਾਲ਼ ਲਗਾ ਕੇ


ਖਲੋਅ ਜਾਂਦੇ ਹਾਂ ਅਸੀਂ



ਕਿਆਮਤ ਹੋ ਗਈ ਜ਼ਿੰਦਗੀ


ਫਿਰਦੇ ਨੇ ਉਹ ਮੁਰਦਾ ਜਿਹੇ


ਮੰਗਦੇ ਨੇ ਕਿਉਂ ਹੱਥ ਅੱਡ-ਅੱਡ


ਉਨ੍ਹਾਂ ਘਰਾਂ ਦੀ ਖ਼ੈਰ


ਜੋ ਕਬਰਿਸਤਾਨ ਹੋ ਗਏ


=====


ਉਡਾਣ


ਨਜ਼ਮ


ਪੈਰ, ਲਛਮਣ-ਰੇਖਾ ਨਾਲ਼ ਸਦਾ ਟਕਰਾਏ ਨੇ!


ਪੈਰ, ਕਦੀ ਰਾਹਾਂ ਤੇ ਲਛਮਣ-ਰੇਖਾਵਾਂ ਵਿਚਾਲ਼ੇ


ਲਮਕ ਕੇ ਰਹਿ ਗਏ ਨੇ-


ਤੇ ਪੈਰ ਮੱਚਦੀਆਂ ਰੇਖਾਵਾਂ ਚ ਸੜਦੇ


ਪਾਰ ਵੀ ਗਏ ਨੇ!



ਅੱਖਾਂ ਲਛਮਣ-ਰੇਖਾ ਤੋਂ ਪਾਰ ਖੜ੍ਹੇ


ਰਾਵਣ ਨੂੰ ਨਹੀਂ ਪਛਾਣਦੀਆਂ-


ਦੋ ਮਰਿਯਾਦਾਵਾਂ ਚ ਘਿਰੇ ਪੈਰ


ਇਕ ਮਰਿਯਾਦਾ ਨੁੰ ਰੱਦ ਕਰਦੇ


ਬਾਹਰ ਆ ਜਾਂਦੇ ਨੇ-


ਪਰ ਜਦੋਂ ਮੋਹ ਭੰਗ ਹੁੰਦਾ ਹੈ


ਤਾਂ ਪੈਰ ਫਿਰ ਲਛਮਣ-ਰੇਖਾ ਨੂੰ


ਜਾ ਗਲ਼ੇ ਲਾਉਂਦੇ ਨੇ!



ਪਰ ਬੜਾ ਸਾਹ ਘੁੱਟਦਾ ਹੈ ਇਸ ਰੇਖਾ ਦੇ ਅੰਦਰ


ਤਨ ਇਸ ਪਾਰ ਹੁੰਦਾ ਹੈ


ਤੇ ਮਨ ਉਸ ਪਾਰ-


ਦਾਅਵਾ ਇਸ ਪਾਰ ਹੁੰਦਾ ਹੈ


ਤੇ ਉਡਾਣ ਉਸ ਪਾਰ-


ਫਿਰ ਕਦੇ ਤਾਂ ਅਸੀਂ ਪੈਰ ਫੜ ਕੇ ਬਹਿ ਜਾਂਦੇ ਹਾਂ-


ਜੀਣ ਨੂ ਬਚਾਉਂਦੇ ਬਚਾਉਂਦੇ ਰੋਜ਼ ਮਰਦੇ ਹਾਂ-


ਕਦੀ ਵਿਸਾਲ ਆਸਮਾਨ ਸਾਨੂੰ ਵਾਜਾਂ ਮਾਰਦਾ ਹੈ-


ਅਸੀਂ ਮਨ ਨੂੰ ਤਨ ਨਾਲ਼ ਜੋੜਦੇ ਹਾਂ


ਤਾਂ ਸਾਡੇ ਪੈਰਾਂ ਵਿਚੋਂ ਵੀ ਖੰਭ ਉੱਗ ਆਉਂਦੇ ਨੇ!



ਪਰ ਕਿਸੇ ਦੇ ਮੋਢਿਆਂ ਤੇ ਬਹਿ ਕੇ ਉੱਡਣਾ


ਤੇ ਕਿਸੇ ਦਾ ਹੱਥ ਫੜ ਕੇ ਬਾਹਰ ਆਉਣਾ


ਤਾਂ ਨਵੇਂ ਪਿੰਜਰੇ ਵੱਲ ਦਾ ਸਫ਼ਰ ਹੈ-


ਪੈਰ ਆਪਣੇ ਹੋਣ, ਖੰਭ ਆਪਣੇ ਹੋਣ


ਤੇ ਪਾਰ ਕਿਸੇ ਤੇ ਅੱਖ ਨਾ ਹੋਵੇ-


ਉਡਾਰੀ ਤਦ ਹੀ ਹੁੰਦੀ ਹੈ-


ਮਜ਼ਾ ਉੱਡਣ ਦਾ, ਤਾਂ ਹੀ ਆਉਂਦਾ ਹੈ!



1 comment:

ਕਰਮ ਜੀਤ said...

ਅੱਖਾਂ ਲਛਮਣ-ਰੇਖਾ ਤੋਂ ਪਾਰ ਖੜ੍ਹੇ

ਰਾਵਣ ਨੂੰ ਨਹੀਂ ਪਛਾਣਦੀਆਂ-

ਦੋ ਮਰਿਯਾਦਾਵਾਂ ‘ਚ ਘਿਰੇ ਪੈਰ

ਇਕ ਮਰਿਯਾਦਾ ਨੁੰ ਰੱਦ ਕਰਦੇ

ਬਾਹਰ ਆ ਜਾਂਦੇ ਨੇ-

ਪਰ ਜਦੋਂ ਮੋਹ ਭੰਗ ਹੁੰਦਾ ਹੈ

ਤਾਂ ਪੈਰ ਫਿਰ ਲਛਮਣ-ਰੇਖਾ ਨੂੰ

ਜਾ ਗਲ਼ੇ ਲਾਉਂਦੇ ਨੇ!

Bahut Khoob Ji, Bahut Sohniyan Nazman Ne Ji... Thanks for sharing..