ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾSaturday, January 28, 2012

ਅਜ਼ੀਮ ਸ਼ੇਖਰ - ਗੀਤ - ਨਵੇਂ ਵਰ੍ਹੇ ਦੀ ਪਲੇਠੀ ਪੋਸਟ - ਸਭ ਦੋਸਤਾਂ ਦੇ ਨਾਮ...:)

ਦੋਸਤੋ! ਯੂ.ਕੇ. ਵਸਦੇ ਦੋਸਤ ਅਜ਼ੀਮ ਸ਼ੇਖਰ ਹੁਰਾਂ ਨੇ ਇਹ ਗੀਤ ਮੈਨੂੰ 15 ਦਸੰਬਰ ਨੂੰ ਆਰਸੀ ਲਈ ਘੱਲਿਆ ਸੀ..ਜੋ ਮੇਰੀ ਘੋਲ਼ ਅਤੇ ਨਲਾਇਕੀ ਕਰਕੇ ਅੱਜ ਪੋਸਟ ਹੋ ਰਿਹਾ ਹੈ..ਖ਼ੈਰ! ਨਵੇਂ ਸਾਲ ਦੀ ਸ਼ੁਰੂਆਤ ਸ਼ੇਖਰ ਜੀ ਦੇ ਇਸ ਬੇਹੱਦ ਖ਼ੂਬਸੂਰਤ ਗੀਤ ਨਾਲ਼ ਹੋ ਰਹੀ ਹੈ.ਹੁਣ ਬਲੌਗ ਨਿਰੰਤਰਤਾ ਨਾਲ਼ ਅਪਡੇਟ ਕਰਿਆ ਕਰਾਂਗੀ....ਅਦਬ ਸਹਿਤ...ਤਨਦੀਪ

*************


ਨਵਾਂ ਸਾਲ ਮੁਬਾਰਕ
ਗੀਤ
ਸੋਹਣਾ ਜਿਹਾ ਲਿਆਵੀਂ ਨਵਾਂ ਸਾਲ ਮੇਰੇ ਮਾਲਕਾ
ਚੜ੍ਹਦੀ ਕਲਾ ਚ ਰੱਖੀਂ ਹਾਲ ਮੇਰੇ ਮਾਲਕਾ
ਸੋਹਣਾ ਜਿਹਾ ਲਿਆਵੀਂ...
-----

ਰਿਸ਼ਤਾ ਬਣਾ ਕੇ ਰੱਖੀਂ ਮੰਜ਼ਿਲਾਂ ਤੇ ਪੈਰਾਂ ਦਾ,
ਫ਼ਾਸਲਾ ਮਿਟਾ ਦੇਈਂ ਆਪੇ ਆਪਣੇ ਤੇ ਗ਼ੈਰਾਂ ਦਾ,
ਰਹੇ ਇੱਕ ਦੂਜੇ ਦਾ ਖ਼ਿਆਲ ਮੇਰੇ ਮਾਲਕਾ,
ਸੋਹਣਾ ਜਿਹਾ ਲਿਆਵੀਂ...
-----

ਬੁੱਢੇ ਮਾਪਿਆਂ ਦੇ ਹੱਥੋਂ ਖੋਹਵੀਂ ਨਾ ਡੰਗੋਰੀਆਂ,
ਵਸਦੀਆਂ ਰਹਿਣ ਧੀਆਂ ਚਾਵਾਂ ਨਾਲ ਤੋਰੀਆਂ,
ਮਾਵਾਂ ਦੇ ਖਿਡਾਵੀਂ ਗੋਦੀ ਲਾਲ ਮੇਰੇ ਮਾਲਕਾ
ਸੋਹਣਾ ਜਿਹਾ ਲਿਆਵੀਂ...
-----

ਖ਼ੁਸ਼ੀ ਦੇ ਕੇ ਲਾਹਵੀਂ ਸਾਨੂੰ ਸੋਚਾਂ ਦੀ ਸਲੀਬ ਤੋਂ,
ਰੁੱਸਿਆ ਨਾ ਰਹੇ ਕੋਈ ਆਪਣੇ ਨਸੀਬ ਤੋਂ,
ਹੱਲ ਹੋਣ ਸਾਰੇ ਹੀ ਸਵਾਲ ਮੇਰੇ ਮਾਲਕਾ,
ਸੋਹਣਾ ਜਿਹਾ ਲਿਆਵੀਂ...
-----

ਟੁੱਟੇ ਹੋਏ ਸਬਰਾਂ ਲਈ ਪੁਲ ਵੀ ਬਣਾਈਂ ਤੂੰ,
ਉਮਰਾਂ ਤੋਂ ਲੰਮੀਆਂ ਉਡੀਕਾਂ ਵੀ ਮੁਕਾਈਂ ਤੂੰ,
ਸਾਰੀਆਂ ਬਲਾਵਾਂ ਦੇਵੀਂ ਟਾਲ਼ ਮੇਰੇ ਮਾਲਕਾ,
ਸੋਹਣਾ ਜਿਹਾ ਲਿਆਵੀਂ...
-----

ਸੱਚ ਦੀਆਂ ਬਖਸ਼ੀਂ ਤੂੰ ਸਾਨੂੰ ਪਹਿਰੇਦਾਰੀਆਂ,
ਅਣਖਾਂ ਵੀ ਰਹਿਣ ਸਾਨੂੰ ਜਾਨ ਤੋਂ ਪਿਆਰੀਆਂ,
ਹੌਸਲੇ ਦੀ ਬਣੀ ਰਹੇ ਢਾਲ ਮੇਰੇ ਮਾਲਕਾ,
ਸੋਹਣਾ ਜਿਹਾ ਲਿਆਵੀਂ...
-----

ਚਿੜੀਆਂ ਤੋਂ ਕਾਵਾਂ ਨੂੰ ਨਾ ਚੋਗਾ ਖੋਹਣ ਦੇਵੀਂ ਤੂੰ,
ਕਦੇ ਕਿਸੇ ਬੱਚੇ ਨੂੰ ਨਾ ਭੁੱਖਾ ਰੋਣ ਦੇਵੀ ਤੂੰ,
ਜੀਣਾ ਕਦੇ ਕਰੀਂ ਨਾ ਮੁਹਾਲ ਮੇਰੇ ਮਾਲਕਾ
ਸੋਹਣਾ ਜਿਹਾ ਲਿਆਵੀਂ...
-----

ਰੱਖੀਂ ਤੂੰ ਸਲਾਮਤੀ ਵੀ ਚੁੰਨੀ ਨਾਲ ਪੱਗ ਦੀ,
ਹਾਜ਼ਰੀ ਲਵਾਈਂ ਸਦਾ ਚੱਲ੍ਹਿਆਂ ਚ ਅੱਗ ਦੀ,
ਵੇਹੜਿਆਂ ਚ ਪੈਂਦੀ ਹੇ ਧਮਾਲ ਮੇਰੇ ਮਾਲਕਾ,
ਸੋਹਣਾ ਜਿਹਾ ਲਿਆਵੀਂ...
-----

ਖ਼ੂਨ ਵਿੱਚ ਭਿੱਜੀਆਂ ਨਾ ਆਉਣ ਕਿਤੋਂ ਖ਼ਬਰਾਂ,
ਘਰਾਂ ਨੂੰ ਉਜਾੜਕੇ ਬਣਾਵੀਂ ਨਾ ਤੂੰ ਕਬਰਾਂ,
ਭਾਰੇ ਦੁੱਖ ਹੁੰਦੇ ਨਈਂ ਸੰਭਾਲ ਮੇਰੇ ਮਾਲਕਾ,
ਸੋਹਣਾ ਜਿਹਾ ਲਿਆਵੀਂ...
-----

ਕਰਦਾ "ਅਜ਼ੀਮ" ਹੈ ਦੁਆਵਾਂ ਸਭ ਵਾਸਤੇ,
ਸਾਹਾਂ ਦੀ ਪਤੰਗ ਜੀਹਦੀ ਉੱਡੇ ਤੇਰੀ ਆਸ ਤੇ,
ਵੇਂਹਦੇ ਰਹੀਏ ਤੇਰੇ ਹੀ ਕਮਾਲ ਮੇਰੇ ਮਾਲਕਾ,
ਸੋਹਣਾ ਜਿਹਾ ਲਿਆਵੀਂ ਨਵਾਂ ਸਾਲ ਮੇਰੇ ਮਾਲਕਾ....

ਸੋਹਣਾ ਜਿਹਾ ਲਿਆਵੀਂ...

2 comments:

renu said...

ਐਸੀਆਂ ਦੁਆਵਾਂ ਸ਼ੇਖਰ ਜਿਹੀ ਅਜ਼ੀਮ ਸ਼ਖਸੀਅਤ ਦਾ ਮਾਲਿਕ ਹੀ ਕਰ ਸਕਦਾ ਹੈ | ਰੱਬ ਕਰੇ ਇਹ ਦੁਆਵਾਂ ਕਬੂਲ ਹੋਣ !

AMRIK GHAFIL said...

ਅਸੀਂ ਵੀ ਇਸ ਦੁਆ ਵਿਚ ਸ਼ਾਮਿਲ ਹਾਂ...ਖ਼ੂਬਸੂਰਤ ਗੀਤ ਹੈ...ਮੁਬਾਰਕਾਂ ਅਜ਼ੀਮ ਭਾਈ..