ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾSunday, February 5, 2012

ਜਸਵਿੰਦਰ ਮਾਨ - ਆਰਸੀ 'ਤੇ ਖ਼ੁਸ਼ਆਮਦੀਦ - ਨਜ਼ਮ

ਆਰਸੀ 'ਤੇ ਖ਼ੁਸ਼ਆਮਦੀਦ
ਸਾਹਿਤਕ ਨਾਮ - ਜਸਵਿੰਦਰ ਮਾਨ

ਅਜੋਕਾ ਨਿਵਾਸ ਯੂ.ਕੇ.


ਪ੍ਰਕਾਸ਼ਿਤ ਕਿਤਾਬਾਂ ਜਿਉਂ ਹੀ ਜਾਣਕਾਰੀ ਉਪਲਬਧ ਹੋਵੇਗੀ, ਅਪਡੇਟ ਕਰ ਦਿੱਤੀ ਜਾਵੇਗੀ।


-----
ਦੋਸਤੋ! ਜਸਵਿੰਦਰ ਮਾਨ ਜੀ ਨੇ ਆਪਣੀਆਂ ਤਿੰਨ ਨਜ਼ਮਾਂ ਅਤੇ ਇਕ ਗ਼ਜ਼ਲ ਆਰਸੀ ਲਈ ਪਿਛਲੇ ਸਾਲ ਘੱਲੀਆਂ ਸਨ, ਮੈਂ ਅੱਜ ਦੀ ਪੋਸਟ ਵਿਚ ਉਹਨਾਂ ਦੀਆਂ ਤਿੰਨੇ ਬੇਹੱਦ ਖ਼ੂਬਸੂਰਤ ਨਜ਼ਮਾਂ ਸ਼ਾਮਿਲ ਕਰਕੇ ਉਹਨਾਂ ਨੂੰ ਆਰਸੀ ਪਰਿਵਾਰ
ਚ ਖ਼ੁਸ਼ਆਮਦੀਦ ਆਖ ਰਹੀ ਹਾਂ। ਉਹਨਾਂ ਦੀ ਗ਼ਜ਼ਲ ਮੈਂ ਆਪਣੀ ਫਾਈਲ
ਚ ਸੰਭਾਲ਼ ਲਈ ਹੈ ਅਤੇ ਭਵਿੱਖ ਵਿਚ ਸਾਂਝੀ ਜ਼ਰੂਰ ਕਰਾਂਗੀ। ਮੈਨੂੰ ਯਾਦ ਹੈ ਕਿ ਜਸਵਿੰਦਰ ਜੀ ਦੀਆਂ ਦੋ ਬਹੁਤ ਹੀ ਪਿਆਰੀਆਂ ਨਜ਼ਮਾਂ ਨਵੰਬਰ, 2008 ਵਿਚ ਹਰਮਿੰਦਰ ਬਣਵੈਤ ਸਾਹਿਬ ਨੇ ਟਾਈਪ ਕਰਕੇ ਆਰਸੀ ਲਈ ਭੇਜੀਆਂ ਸਨ।
-----
ਕੋਈ ਚਾਰ-ਪੰਜ ਦਿਨ ਪਹਿਲਾਂ ਉਨਾਂ ਨੂੰ ਈਮੇਲ ਰਾਹੀਂ ਕਿਤਾਬਾਂ ਅਤੇ ਹੋਰ ਜਾਣਕਾਰੀ ਲਈ ਸੰਪਰਕ ਕੀਤਾ ਗਿਆ ਸੀ, ਪਰ ਅਜੇ ਤੀਕ ਕੋਈ ਜਵਾਬ ਨਹੀਂ ਆਇਆ। ਖ਼ੈਰ! ਨਜ਼ਮਾਂ ਅੱਜ ਦੀ ਪੋਸਟ
ਚ ਸ਼ਾਮਿਲ ਕਰ ਰਹੀ ਹਾਂ, ਬਾਕੀ ਜਾਣਕਾਰੀ ਮਿਲ਼ਣ ਤੇ ਅਪਡੇਟ ਕਰ ਦੇਵਾਂਗੀ। ਆਸ ਹੈ ਕਿ ਉਹ ਭਵਿੱਖ ਵਿਚ ਵੀ ਹਾਜ਼ਰੀ ਲਵਾਉਂਦੇ ਅਤੇ ਧੰਨਵਾਦੀ ਬਣਾਉਂਦੇ ਰਹਿਣਗੇ...ਬਹੁਤ-ਬਹੁਤ ਸ਼ੁਕਰੀਆ ਜਸਵਿੰਦਰ ਜੀਓ....ਅਦਬ ਸਹਿਤ...ਤਨਦੀਪ


*******


ਖ਼ੌਫ


ਨਜ਼ਮ


ਫੇਫੜਿਆਂ ਨੂੰ ਚੀਰਦੀ


ਲੰਘ ਗਈ ਹਵਾ


ਸਮੁੰਦਰ ਦਾ ਹੁੰਦਾ ਰਿਹਾ ਮੰਥਨ


ਧਰਤੀ ਦਾ ਗਿੜਦਾ ਰਿਹਾ ਖੂਹ


ਅੱਗ ਦੇ ਸਾਹਵੇਂ ਖੜ੍ਹਾ


ਮੈਂ ਪਿਘਲਦਾ ਰਿਹਾ


ਵਾਹੁੰਦਾ ਰਿਹਾ, ਆਪਣੇ ਹੀ ਪੈਰਾਂ ਚ ਲਕੀਰਾਂ


ਹੱਥਾਂ ਦੇ ਰੱਟਣ ਨੂੰ ਫੜੀ


ਖ਼ੌਫ਼ ਦੇ ਪਰਛਾਵੇਂ ਥੱਲੇ ਖੜ੍ਹਾ


ਮੈਂ ਲੈ ਕੇ ਆਪਣਾ ਸਿਰ


ਤਲਵਾਰ ਦੇ ਡਿੱਗਣ ਦੀ


ਦੇਰ ਤੱਕ, ਮੈਂ ਕਰਦਾ ਰਿਹਾ ਉਡੀਕ


=====


ਨਿਰਵਾਣ


ਨਜ਼ਮ


ਧਾਗਿਆਂ ਚ ਪੈਂਦੀਆਂ ਗੰਢਾਂ


ਰਿਸ਼ਤਿਆਂ ਦੇ


ਜੁੜਨ ਟੁੱਟਣ ਦਾ ਸਬੱਬ


ਸ਼ੀਸ਼ੇ ਤੇ ਡਿਗਦੇ ਪੱਥਰ


ਚਿਹਰੇ ਦੇ ਤਿੜਕਣ ਦਾ ਕਾਰਣ


ਲਗਦੀਆਂ ਟੁੱਟਦੀਆਂ ਸਮਾਧੀਆਂ


ਨਿਰਵਾਣ ਦੇ ਰਸਤੇ ਤੇ ਤੁਰੇ ਹੋਏ ਪੈਰ


ਸਰਦਲ ਤੇ ਪਿਆ


ਜਗਦਾ ਬੁਝਦਾ ਮੈਂ ਸੋਚਦਾਂ


ਕਿਹੜੇ ਆਲ਼ੇ ਚ ਰੱਖਾਂ


ਮੈਂ ਆਪਣਾ ਆਪ


ਕਿਹੜੇ ਹੱਥਾਂ ਚ ਧਰਾਂ


ਮੈਂ ਆਪਣੇ ਹਿੱਸੇ ਦੀ ਰੇਤ


=====


ਸਹਿਜ ਅਸਹਿਜ


ਨਜ਼ਮ


ਨਦੀ ਦਾ ਪਾਣੀ


ਖੋਰੇ ਆਪਣਾ ਹੀ ਕਿਨਾਰਾ


ਅਸਮਾਨ ਚ ਤੁਰਦੀ ਲੀਕ


ਪਾਵੇ ਆਪਣੇ ਹੀ ਚਿਹਰੇ ਤੇ ਦਾਗ਼


ਉਨੀਂਦਰੇ ਚ ਤੁਰਦੀਆਂ ਪੈੜਾਂ


ਜਾ ਬਹਿਣ


ਹਨੇਰੀਆਂ ਨੁੱਕਰਾਂ ਅੰਦਰ


ਚੀਰਦੀ ਹੋਈ ਇਕੱਲਤਾ ਦੀ ਆਰੀ


ਲੰਘ ਜਾਵੇ ਬ੍ਰਹਿਮੰਡ ਤੋਂ ਪਾਰ


ਕਾਫ਼ਿਲੇ ਦੀ ਘੋੜ ਦੌੜ


ਕਰ ਦਵੇ ਅਸਹਿਜ


ਮੇਰਾ ਸਹਿਜ2 comments:

AMRIK GHAFIL said...

ਬਹੁਤ ਖ਼ੂਬ ਨਜ਼ਮਾਂ ਹਨ...ਜਸਵਿੰਦਰ ਮਾਨ ਦੀਆਂ.... ਤਨਦੀਪ ਜੀ ਇਸ ਪੋਸਟ ਲਈ ਬਹੁਤ ਮੁਬਾਰਕਾਂ ਅਤੇ ਸ਼ੁਕਰੀਆ...

Rajinderjeet said...

Bahut achhian nazman.. dhanvad.