ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾSaturday, September 8, 2012

ਅਮਰੀਕ ਗ਼ਾਫ਼ਿਲ - ਨਜ਼ਮਾਂ

 ਰੁੱ
ਨਜ਼ਮ
ਤੂੰ ਆਪ ਹੀ ਤਾਂ ਦੱਸਿਆ ਸੀ
ਰੁੱਤਾਂ ਚਾਰ ਹੁੰਦੀਆਂ ਨੇ
ਚਾਰੋਂ ਹੀ ਅਲੱਗ ਅਲੱਗ
ਹਾਂ ! ਹਾਂ !! ਬਰਸਾਤ ਵੀ ਹੁੰਦੀ ਹੈ
ਸਿਰਫ਼ ਦੋ ਮਹੀਨੇ ਸਾਉਣ ਭਾਦੋਂ
ਬੰਦ ਕਰ ਦੇ ਹੁਣ ਰੋਣਾ..
ਜੇ ਤੈਨੂੰ ਯਾਦ ਨਾ ਹੋਵੇ ਤਾਂ ਦੱਸਾਂ
ਬਹਾਰ ਆਉਣ ਤੇ ਨਵੀਆਂ ਕਰੂੰਬਲਾਂ ਫੁੱਟਦੀਆਂ ਨੇ
ਫੇਰ...ਫੇਰ ਕੀ
ਉੱਠ ਦੇਖ ਨਵੇਂ ਸੁਪਨੇ ਨਵੀਆਂ ਉਮੀਦਾਂ ਦੇ
ਨਾ ਰੋ ਝੜੇ ਪੱਤਿਆਂ ਦੇ ਵਿਯੋਗ ਵਿਚ
ਤੇ ਹਾਂ.... ਚੇਤੇ ਕਰ 
ਕਿ ਬੇਦਾਵਿਆਂ ਦੀ ਕੋਈ ਰੁੱਤ ਨਹੀਂ ਹੁੰਦੀ
ਚਲ ਹੁਣੇ ਹੀ ਲਿਖ ਬੇਦਾਵਾ
ਸਰਾਪੇ ਮੌਸਮਾਂ ਦੇ ਨਾਂ
=====
ਦਰਦ
ਨਜ਼ਮ

ਜਦ ਉਹ ਪਿਛਲੀ ਵਾਰ ਮਿਲ਼ੀ ਸੀ
ਚਾਣਚੱਕ ਹੀ ਕੋਲ਼ੋਂ ਦੀ ਲੰਘਦੀ ਨੂੰ
ਜਿਵੇਂ ਮੇਰੇ ਹਾਉਕਿਆਂ ਦਾ ਸੇਕ ਲੱਗਾ ਹੋਵੇ
ਜਿਵੇਂ ਮੇਰੀਆਂ ਪਲਕਾਂ ਤੇ ਟਿਕੇ ਹੰਝੂ
ਜਾ ਗਿਰੇ ਹੋਣ ਉਹਦੇ ਦੁਪੱਟੇ ਤੇ
ਜਿਵੇਂ ਮੇਰੇ ਜ਼ਖ਼ਮਾਂ ਦੀ ਅਜੀਬ ਜਿਹੀ ਹਵਾੜ
ਉਹਦੇ ਸਾਹਾਂ ਚ ਖਲਬਲੀ ਮਚਾ ਗਈ ਹੋਵੇ
ਉਹ ਮੇਰੇ ਜ਼ਖ਼ਮ ਪਲ਼ੋਸਦੀ,
ਮਿੱਠੇ ਬੋਲਾਂ ਦੀ ਮਰਹਮ ਲਾਉਂਦੀ ਰਹੀ
ਤੇ ਆਪਣੇ ਕੌੜੇ ਤਜਰਬੇ ਦੇ 
ਕੁਸੈਲੇ ਪਾਣੀ ਨੂੰ ਕਸ਼ੀਦ ਕੇ
ਹਮਦਰਦੀਨੁਮਾ ਆਬੇ-ਹਯਾਤ ਪਿਲਾਉਂਦੀ
ਹਾਰੀ ਹੋਈ ਬਾਜ਼ੀ ਨੂੰ 
ਨਵੇਂ ਸਿਰਿਓ ਲੜਨ ਲਈ ਪਰੇਰਦੀ ਰਹੀ
ਧਰਵਾਸ ਦੀ ਬੈਸਾਖੀ ਮੇਰੇ ਹਵਾਲੇ ਕਰਕੇ
ਕਹਿ ਗਈ ....
......................
ਇੰਝ ਹੀ ਚਲਦੇ ਚਲਦੇ ਫਿਰ ਮਿਲ਼ਾਂਗੇ
ਕਿਉਂਕਿ ਦਰਦ ਨੂੰ ਦਰਦ ਨਾਲ਼ ਰਾਹ ਹੁੰਦਾ ਹੈ ਸ਼ਾਇਦ ...

1 comment:

ਦਰਸ਼ਨ ਦਰਵੇਸ਼ said...

ਹਰ ਥਾਂ ਕਾਵਿ ਚੇਤਨਾ ਦੇ ਜਾਗਣ ਸੌਣ ਦੀ ਅਵਸਥਾ ਨਾਲ ਸੁਚੇਤ ਹੋ ਕੇ ਜੁੜੇ ਮਨ ਦੀ ਪੀੜ ਝਲਕਦੀ ਹੈ..