ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Saturday, March 11, 2017

ਜਗਜੀਤ ਸੰਧੂ - ਨਜ਼ਮ



ਦੋਸਤੋ! ਐਬਟਸਫ਼ੋਰਡ ਵਸਦੇ ਸ਼ਾਇਰ ਦੋਸਤ ਜਗਜੀਤ ਸੰਧੂ ਦੀ ਇਹ ਕਿਤਾਬ
ਚੁੰਨੀ ਲੈ ਆਵਾਜ਼ਾਂ ਦੀ 2014 ਚ ਪ੍ਰਕਾਸ਼ਿਤ ਹੋਈ ਸੀ ... ਤੇ ਤਕਰੀਬਨ ਢਾਈ-ਤਿੰਨ ਕੁ ਸਾਲਾਂ ਤੋਂ ਮੇਰੀ ਪੜ੍ਹਨ-ਮੇਜ਼ ਤੇ ਪਈ ਰਹੀ ਹੈ। ਇਹਨਾਂ ਵਰ੍ਹਿਆਂ ਦੌਰਾਨ ਮੈਂ ਆਪਣੇ ਹੀ ਆਨੰਦ ਵਿਚ ਤੁਰੀ ਫਿਰਦੀ ਸੀ। ਇਹ ਉਹ ਸਮਾਂ ਸੀ ਜਦੋਂ ਨਾ ਕੁਝ ਲਿਖਿਆ ਤੇ ਨਾ ਕੁਝ ਪੜ੍ਹਿਆ.... ਫ਼ੋਨ, ਸੋਸ਼ਲ ਮੀਡੀਆ, ਦੋਸਤਾਂ.... ਸਭ ਤੋਂ ਦੂਰ ਰਹੀ। ਹੁਣ ਕੁਝ ਦਿਨਾਂ ਤੋਂ ਪੜ੍ਹਨ ਵਾਲ਼ੀਆਂ ਕਿਤਾਬਾਂ ਤੇ ਨਜ਼ਰ ਪਈ ਤਾਂ ਜਗਜੀਤ ਦੀ ਕਿਤਾਬ ਨੇ ਮੇਰੇ ਵੱਲ ਸਵਾਲੀਆ ਨਜ਼ਰਾਂ ਨਾਲ਼ ਵੇਖਿਆ। ਕੱਲ੍ਹ ਬਹਿ ਕੇ ਇਸ ਕਿਤਾਬ ਨੂੰ ਮਾਣਿਆ ਹੈ। ਸ਼ਾਇਰ ਜਗਜੀਤ ਬਾਰੇ ਬਹੁਤ ਕੁਝ ਕਿਹਾ ਜਾ ਸਕਦੈ.....ਉਹ ਸਾਰਾ ਕੁਝ ਪਰਫ਼ੈਕਸ਼ਨ ਦੇ ਪੈਮਾਨੇ ਨਾਲ਼ ਮੇਚ ਕੇ ਫੇਰ ਕਵਿਤਾ ਪਾਠਕਾਂ ਮੂਹਰੇ ਪਰੋਸਣ ਦੀ ਕੋਸ਼ਿਸ਼ ਚ ਰਹਿੰਦਾ ਹੈ। ਉਸ ਦੀ ਕਵਿਤਾ... ਜਲ ਤੇ ਮੁਹਾਰਤ ਨਾਲ਼ ਤੈਰ ਵੀ ਸਕਦੀ ਹੈ..... ਵਾਸ਼ਪ ਬਣ ਕੇ ਬੱਦਲਾਂ ਸੰਗ ਰਲ਼ ਕੇ ਵਰ੍ਹ ਵੀ ਸਕਦੀ ਹੈ ਤੇ  ਲੋੜ ਪੈਣ ਤੇ ਕਿਸੇ ਪਹਾੜੀ ਤੇ ਬਰਫ਼ ਬਣ ਕੇ ਸਥਿਰ ਵੀ ਹੋ ਸਕਦੀ ਹੈ। ਕਿਤਾਬ ਚੋਂ ਬਹੁਤ ਹਵਾਲੇ ਦਿੱਤੇ ਜਾ ਸਕਦੇ ਹਨ.. ਪਰ ਅੱਜ ਤੁਹਾਡੇ ਨਾਲ਼ ...... ਇਕ ਨਿਵੇਕਲ਼ੇ ਹੀ ਰੰਗ ਦੀ ਨਜ਼ਮ ਸਾਂਝੀ ਕਰਕੇ.... ਜਗਜੀਤ ਨੂੰ ਇਸ ਖ਼ੂਬਸੂਰਤ ਕਿਤਾਬ ਲਈ ਮੁਬਾਰਕਾਬਦ ਪੇਸ਼ ਕਰਦੀ ਹਾਂ।
=======
ਅੱਛਾ...!
( ਨਜ਼ਮ )
ਅੱਛਾ...!
ਤਾਂ ਇਸ ਤਰ੍ਹਾਂ ਕੁੱਟਦੇ ਨੇ ਫਾਲ਼ੇ
ਤੇ ਇਸ ਤਰ੍ਹਾਂ ਉਹ ਭੋਂ ਸੀੜਦੇ ਨੇ

ਅੱਛਾ...!
ਤਾਂ ਇਸ ਤਰ੍ਹਾਂ ਕਿਰਦਾ ਹੈ ਬੀਜ ਪੋਰੇ
ਚੋਂ
ਤੇ ਇਸ ਤਰ੍ਹਾਂ ਫਿਰ ਪਾਣੀ ਜੀਰਦੇ ਨੇ

ਮਿੱਟੀ ਤੋਂ ਟੁੱਟਿਆਂ ਅਰਸਾ ਹੋ ਚੱਲਿਐ
ਸਧਾਰਨ ਗੱਲਾਂ ਅਲੋਕਾਰ ਲੱਗਦੀਆਂ ਨੇ
ਵਾ-ਵਰੋਲ਼ੇ ਅੰਦਰ ਆਜ਼ਾਦ ਪੱਤੀਆਂ
ਖੌਰੇ ਕਿਸ ਦੀ ਪ੍ਰਕਰਮਾ
ਚ ਵਗਦੀਆਂ ਨੇ

ਅੱਛਾ...!
ਇਸ ਤਰ੍ਹਾਂ ਹੋ ਜਾਂਦਾ ਹੈ ਚਾਨਣ ਗ਼ਾਇਬ
ਅਤੇ ਇਸ ਤਰ੍ਹਾਂ ਨ੍ਹੇਰ ਦਿਸਦਾ ਹੈ

ਅੱਛਾ...!
ਇਸ ਤਰ੍ਹਾਂ ਪਹਿਨਦਾ ਹੈ ਅੰਬਰ ਘਟਾਵਾਂ ਨੂੰ
ਫਿਰ ਇਸ ਤਰ੍ਹਾਂ ਰੇਤ ਪੁਰ ਪਾਣੀ ਵਿਛਦਾ ਹੈ

ਮੇਰੇ ਅੱਧੇ ਯਕੀਨ
ਤੇ ਹੱਸਦੀ
ਤੂੰ ਆਪਣੇ ਜੇਰੇ
ਤੇ ਗ਼ਰੂਰਦੀ ਵੀ ਹੁੰਦੀ ਸੀ
ਇਹਦਾ ਮਤਲਬ ਤੂੰ ਮੈਨੂੰ ਪਿਆਰਦੀ ਨਹੀ ਨਹੀਂ
ਆਪ ਖੁਰ-ਖੁਰ ਕੇ ਪੂਰਦੀ ਵੀ ਹੁੰਦੀ ਸੀ

ਅੱਛਾ...!
ਏਨੇ ਸੁਰਖ਼ ਹੁੰਦੇ ਹਨ ਰੋ ਰੋ ਕੇ ਤੇਰੇ ਕੋਏ
ਤੇ ਏਸ ਤਰ੍ਹਾਂ ਤੇਰਾ ਹੇਠਲਾ ਬੁੱਲ੍ਹ ਫਰਕਦਾ ਹੈ

ਅੱਛਾ...!
ਤਾਂ ਇਸ ਤਰ੍ਹਾਂ ਤਿਲ੍ਹਕਦੇ ਹਨ ਹੱਥ ਤੇਰੇ ਚਿਹਰੇ ਤੋਂ
ਇਸ ਤਰ੍ਹਾਂ ਪੋਟਿਆਂ
ਚੋਂ ਰੇਸ਼ਮ ਸਰਕਦਾ ਹੈ

ਦਿਨ ਵੇਲ਼ੇ ਆਲ੍ਹਣੇ ਸਣੇ ਰੁੱਖ ਚਿਤਰਿਆ ਜਾਂਦਾ ਹੈ
ਰਾਤ ਵੇਲ਼ੇ ਇਸ ਖਿੜਕੀ
ਤੇ ਲੁੱਕ ਪੁਤ ਜਾਂਦੀ ਹੈ
ਸੌਣ ਮਹੀਨੇ ਪੁਰਾਣੇ ਫਾਲ਼ੇ ਦੀ ਚੌਅ
ਚੱਪਾ ਕੁ  ਧਰਤੀ
ਚ ਆਪੇ ਖੁੱਭ ਜਾਂਦੀ ਹੈ

ਅੱਛਾ...!
ਮੈਨੂੰ ਹਰ ਸ਼ੈਅ ਦੂਸਰੀ ਵਾਰ ਦੇਖਣੀ ਪੈਂਦੀ ਹੈ
ਤੇ ਦੂਜੀ ਵਾਰ ਆਉਂਦੀ ਹੈ ਮੇਰੀ ਸੁਰਤ
ਚ ਮਹੀਨੀ

ਅੱਛਾ...!
ਪਹਿਲੀ ਵਾਰ ਤੇ ਮੇਰਾ ਪਿਆਰ ਸੀ ਅੰਨ੍ਹਾ
ਹੁਣ ਜਾ ਕੇ ਹੋਈ ਹੈ ਛੋਹ ਖੁਰਦਬੀਨੀ
ਅੱਛਾ...!

No comments: