ਸਾਹਿਤਕ ਨਾਮ: ਅਜੀਤ ਸਿੰਘ ਹਿਰਖੀ
ਅਜੋਕਾ ਨਿਵਾਸ: ਓਨਟਾਰੀਓ, ਕੈਨੇਡਾ
ਪ੍ਰਕਾਸ਼ਿਤ ਕਿਤਾਬਾਂ: ਰਚਨਾਵਾਂ ਹਾਲੇ ਕਿਤਾਬੀ ਰੂਪ ਵਿਚ ਪ੍ਰਕਾਸ਼ਿਤ ਨਹੀਂ ਹੋਈਆਂ।
*****
ਗ਼ਜ਼ਲ
ਦਿਲ ਮਿਰਾ ਹੈ ਪਾਕ, ਦਿਲਬਰ ਦੇਖ ਲੈ।
ਦਿਲ ਦੇ ਅੰਦਰ ਝਾਕ, ਦਿਲਬਰ ਦੇਖ ਲੈ।
-----
ਕੀ ਮਜ਼ਾ ਹੈ ਜੀਣ ਦਾ, ਤੇਰੇ ਬਿਨਾ,
ਹੋ ਗਿਆ ਹਾਂ ਖ਼ਾਕ , ਦਿਲਬਰ ਦੇਖ ਲੈ।
------
ਪਿਆਰ ਦਾ ਹੈ ਵਾਸਤਾ ਤੂੰ ਪਿਆਰ ਕਰ,
ਪਿਆਰ ਹੁੰਦੈ ਪਾਕ, ਦਿਲਬਰ ਦੇਖ ਲੈ ॥
-----
ਰੋਜ਼ ਵਾਜਾਂ ਮਾਰਦਾਂ, ਤੂੰ ਆ ਕਦੀ,
ਸੁਣ ਲਿਆ ਕਰ ਹਾਕ, ਦਿਲਬਰ ਦੇਖ ਲੈ ॥
-----
ਦਿਲ ਤੋਂ ਦਿਲ ਦਾ ਫ਼ਾਸਲਾ ਘਟਦਾ ਗਿਆ,
ਖ਼ੂਬ ਹੈ ਇਤਫ਼ਾਕ, ਦਿਲਬਰ ਦੇਖ ਲੈ ॥
------
ਪਿਆਰ ਮੰਗੇ ਜੇ ਕੁਈ ਪਿਆਰਾ ਬਣੇ,
ਝਟ ਕਬੂਲਾਂ ਸਾਕ, ਦਿਲਬਰ ਦੇਖ ਲੈ ॥
------
ਦਿਲ ਚ ਵਸਦੈ ਉਹ, ਕਿਤੇ ਬਾਹਰ ਨਹੀਂ,
ਦਿਲ ਚ ‘ਹਿਰਖੀ’ ਝਾਕ, ਦਿਲਬਰ ਦੇਖ ਲੈ ॥
=====
ਗ਼ਜ਼ਲ
ਦੋਸਤਾਂ ਦੀ ਬੇਰੁਖ਼ੀ ‘ਤੇ ਕੀ ਗਿਲਾ
ਆਪਣਾ ਹੀ ਦਿਲ ਨਹੀਂ ਜਦ ਆਪਣਾ।
-----
ਵਧ ਗਿਆ ਹੈ ਨੇੜ ਭਾਵੇਂ ਆਪਣਾ।
ਚੈਨ ਤਾਂ ਜਾਂਦਾ ਰਿਹਾ ਹੈ ਦੋਸਤਾ।
-----
ਠੀਕ ਹੈ ਮੈਨੂੰ ਤੂੰ ਗ਼ਮ ਦਿੱਤੇ ਬੜੇ,
ਖ਼ੁਸ਼ ਰਹੋ, ਤਾਂ ਵੀ ਮੈਂ ਏਹੀ ਆਖਿਆ।
-----
ਤੂੰ ਬੁਝਾਰਤ ਇਸ ਤਰ੍ਹਾਂ ਦੀ ਪਾ ਗਿਐਂ,
ਬੁੱਝਣਾ ਮੁਸ਼ਕਿਲ ਬੜਾ ਹੈ ਏਸਦਾ।
------
ਇਸ਼ਕ਼ ਦਾ ਦਸਤੂਰ ਕੁਝ ਐਹੋ ਜਿਹੈ,
ਮਰਨ ਮੁਸ਼ਕਿਲ ਜੀਣ ਵੀ ਔਖੈ ਬੜਾ।
-----
ਦੇ ਨਹੀਂ ਸਕਦੇ ਕੁਈ ਛਿਟ ਪਿਆਰ ਦੀ,
ਜ਼ਾਲਮੋਂ ! ਚੰਗਾ ਨਹੀਂ ਦਿਲ ਜਾਲ਼ਣਾ।
------
ਧੁਖ਼ ਰਹੀ ਹੈ ਦਿਲ ‘ਚ ‘ਹਿਰਖੀ’ ਆਸ ਪਰ,
ਕੀ ਪਤੈ ਪਰ ਸੁਹਣਿਆਂ ਦੇ ਆਉਣ ਦਾ ?
=====
ਗ਼ਜ਼ਲ
ਜੰਗਲ ਦੇ ਵਿਚ ਸ਼ੇਰ ਇਕੱਲਾ ਬੁਕਦਾ ਹੈ।
ਉਸ ਤੋਂ ਡਰ ਕੇ ਗਊਆਂ ਦਾ ਝੁੰਡ ਲੁਕਦਾ ਹੈ।
-----
ਹਿੰਸਾ ਨਾਲ਼ ਤਾਂ ਮਸਲਾ ਹੋਰ ਵੀ ਉਲਝੇਗਾ,
ਆਹਮੋਂ ਸਾਹਵੇਂ ਬਹਿ ਕੇ ਝਗੜਾ ਮੁਕਦਾ ਹੈ।
-----
ਮੈਂ ਉਸਤੋਂ ਕਿੰਝ ਆਸ ਕਰਾਂ ਹਮਦਰਦੀ ਦੀ,
ਜ਼ਖ਼ਮਾਂ ਤੇ ਜੋ ਲੂਣ ਹਮੇਸ਼ਾਂ ਭੁਕਦਾ ਹੈ।
-----
ਚਮਚੇ ਕੋਲ਼ੋਂ ਓਨਾ ਜ਼ਿਆਦਾ ਬਚਕੇ ਰਹੁ,
ਜਿੰਨਾ ਜ਼ਿਆਦਾ ਤੇਰੇ ਸਾਹਵੇਂ ਝੁਕਦਾ ਹੈ।
-----
ਅਪਣਾ ਸਾਥ ਨਹੀਂ ਉਹ ਜਰਦਾ, ਤਾਂ ਹੀ ਉਹ,
ਗੱਲੀਂ ਬਾਤੀਂ ਤੈਨੂੰ ਮੈਨੂੰ ਚੁਕਦਾ ਹੈ।
-----
ਦਿਲ ਦਾ ਤੂੰਬਾ ਵੱਜ ਉਠਦਾ ਹੈ ਓਸੇ ਪਲ,
ਜਿਸ ਪਲ ਸਾਕੀ ਮਿਲਣੇ ਖ਼ਾਤਰ ਢੁਕਦਾ ਹੈ।
-----
ਬਾਕੀ ਸਭ ਨੂੰ ਜਾਮ ਪਿਲਾਉਂਦੈ ਭਰ ਭਰ ਕੇ,
ਮੇਰੀ ਵਾਰੀ ਤੇ ਹੀ ਸਾਕੀ ਉਕਦਾ ਹੈ।
-----
ਦਿਲ ਦੀ ਗੱਲ ਕਹੀ ਹੈ ਜਦ ਤੋਂ ਉਸਨੂੰ ਮੈਂ,
ਮੂੰਹ ਵਿਚ ਪਾ ਕੇ ਚੁੰਨੀ ਉਹ ਕਿਉਂ ਟੁਕਦਾ ਹੈ।
------
ਤੂੰ ਆਵੇਂ ਤਾਂ ਹਰਿਆ ਭਰਿਆ ਹੋ ਜਾਵੇ,
ਤੇਰੇ ਹਿਜਰ ‘ਚ ਤੇਰਾ ‘ਹਿਰਖੀ’ ਸੁਕਦਾ ਹੈ।
1 comment:
Bahut khoob ran hai Ajit Singh Hirkhi de Ghazalan da.Tesri ghazal ajj ton 14-15 sal pehlan Jag Bani vich padi c.
Post a Comment