ਗ਼ਜ਼ਲ
ਤੂੰ ਨਦੀ ਹੈਂ, ਇਕ ਸਮੁੰਦਰ ਵਾਸਤੇ ਵਹਿਣਾ ਹੈ ਤੂੰ।
ਮੇਰੀ ਮਿੱਟੀ ਤਾਂ ਅਕਾਰਨ, ਖੋਰਦੇ ਰਹਿਣਾ ਹੈ ਤੂੰ।
----
ਰੋ ਲਿਆ ਅੱਖਾਂ ਤੋਂ ਚੋਰੀ, ਹੋ ਲਿਆ ਛੁਪ ਕੇ ਉਦਾਸ,
ਉਮਰ ਭਰ ਇਸ ਦੁਖਮਈ ਅਭਿਆਸ ਵਿਚ ਰਹਿਣਾ ਹੈ ਤੂੰ।
----
ਖ਼ੁਦ ਲਈ ਤਾਂ ਨਾ ਸਹੀ ਪਰ ਘਰ ਦੇ ਚਾਨਣ ਵਾਸਤੇ,
ਰੋਜ਼ ਤਿਰਕਾਲਾਂ ਨੂੰ ਦੀਵਾ ਬਾਲ਼ਦੇ ਰਹਿਣਾ ਹੈ ਤੂੰ।
----
ਮੇਰੇ ਵਿਚ ਪੂਰਬ ਨਾ ਪੱਛਮ, ਉੱਚੀਆਂ ਕੰਧਾਂ ਨੇ ਚਾਰ,
ਕਿਸ ਤਰ੍ਹਾਂ ਜਾਣਾਂਗਾ ਕਿੱਧਰ ਉਗਮਣਾ, ਲਹਿਣਾ ਹੈ ਤੂੰ।
----
ਤੇਰੇ ਪੈਰਾਂ ਕੋਲ਼ ਤੜਫ਼ੇਗੀ ਨਦੀ ਵਿਰਲਾਪ ਦੀ,
ਇਕ ਜਜ਼ੀਰੇ ਵਾਂਗ, ਸਭ ਕੁਝ ਵੇਖਣਾ, ਸਹਿਣਾ ਹੈ ਤੂੰ।
----
ਉਸ ਚੁਰਸਤੇ ਦਾ ਵੀ ਕੋਈ ਨਾਮ ਧਰ ਲਈਏ ਤਾਂ ਠੀਕ,
ਜਿੱਥੇ ਮੈਂ ਤੈਨੂੰ, ਤੇ ਮੈਨੂੰ ਅਲਵਿਦਾ ਕਹਿਣਾ ਹੈ ਤੂੰ।
No comments:
Post a Comment