ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Friday, March 19, 2010

ਸੁਖਦੇਵ - ਨਜ਼ਮ

ਕਵਿਤਾ

ਨਜ਼ਮ

ਨਿੱਕਾ ਜਿਹਾ ਰੰਗ-ਸੁਰੰਗਾ ਪੰਛੀ

ਹੱਥਾਂ ਵਿਚ ਆ ਕੇ ਖੇਡਦਾ ਹੈ

ਨਿੱਕੀ ਜਿਹੀ ਬਾਲੜੀ ਧੀ ਅੰਬਰ ਨੂੰ

ਟਾਕੀ ਲਾ ਕੇ ਮੁੜਦੀ ਹੈ

=====

ਵਿਦਾਇਗੀ

ਨਜ਼ਮ

ਇਕ ਦਿਨ ਤੂੰ ਵਿਦਾ ਹੋ ਗਿਆ

ਤੇ ਮੈਂ ਬਾਕੀ ਰਹਿ ਗਿਆ......

ਇਕ ਅੰਤਹੀਣ ਉਦਾਸੀ

ਨਾ ਕੰਢਾ.....ਨਾ ਕਿਨਾਰਾ.....

ਫਿਰ ਇਕ ਦਿਨ ਮੈਂ ਵੀ ਵਿਦਾ ਹੋ ਗਿਆ

ਤੇ ਨਾਲ਼ ਹੀ ਤੂੰ ਵੀ

ਬਚ ਰਿਹਾ ਬਸ ਇਕ ਦੀਵਾ

ਜੋ ਅਜੇ ਵੀ ਜਗ ਰਿਹਾ ਹੈ

=====

ਅਲਵਿਦਾ

ਨਜ਼ਮ

ਹੇ ਮੇਰੇ ਪੁਰਖਿਓ !

ਪਾਲਣਹਾਰ ਪਿਤਾ !

ਪਵਿੱਤਰ ਪੁਸਤਕ ਤੇ ਪੂਜਨੀਕ ਪੁਰੋਹਿਤੋ !

ਜਾਣ ਤੋਂ ਪਹਿਲਾਂ ਦਾ

ਨਮਨ ਸਵੀਕਾਰ ਹੋਵੇ

ਖ਼ਿਮਾ ਕਰਨਾ,

ਮੈਂ ਜਾ ਰਿਹਾ ਹਾਂ

ਕਾਲ਼ੀ ਨਦੀ ਦੀ ਹਿੱਕ ਤੇ

ਜਗਦੇ ਹੋਏ ਦੀਵੇ ਲੱਭਣ

ਤੇ ਉਸ ਅੱਖ ਦੀ ਤਲਾਸ਼ ਵਿਚ ਵੀ

ਜੋ ਇਹਨਾਂ ਨੂੰ ਤੱਕ ਸਕੇ

=====

ਅੰਤਰ

ਨਜ਼ਮ

ਰਿਸ਼ਤੇ

ਮੋਹ

ਮਾਇਆ

ਭਟਕਣ

ਕੋਈ ਸਭ ਕੁਝ ਹਾਰ ਕੇ

ਆਪਣੇ ਆਪ ਨਾਲ਼ ਵੀ ਰੁੱਸ ਜਾਂਦਾ ਹੈ

ਰਿਸ਼ਤੇ

ਮੋਹ

ਮਾਇਆ

ਭਟਕਣ

ਕੋਈ ਸਭ ਕੁਝ ਹਾਰ ਕੇ

ਆਪਣੇ ਆਪ ਕੋਲ਼ ਪਰਤ ਆਉਂਦਾ ਹੈ

ਬੰਦੇ ਤੇ ਬੁੱਧ ਵਿਚ

ਬਸ ਏਨਾ ਕੁ ਹੀ ਅੰਤਰ ਹੈ

=====

ਚਿੰਤਨ

ਨਜ਼ਮ

ਬੱਚੇ ਦੇ ਹੱਥ ਵਿੱਚ
ਜਗਦਾ ਹੋਇਆ ਦੀਵਾ ਵੇਖ
ਫ਼ਕੀਰ ਨੇ ਪੁੱਛਿਆ -
ਚਾਨਣ ਕਿੱਥੋਂ ਆਇਆ ?
.........
ਬੱਚੇ ਨੇ ਫੂਕ ਮਾਰ
ਦੀਵਾ ਬੁਝਾ ਕੇ ਆਖਿਆ -
ਜਿੱਧਰ ਇਹ ਚਲਾ ਗਿਆ
.........
ਫ਼ਕੀਰ ਸਮਝ ਗਿਆ
ਕਿ ਹਰ ਇੱਕ ਸਵਾਲ ਦਾ ਜਵਾਬ
ਬਹਿਸ ਵਿੱਚੋਂ ਹੀ ਜਨਮ ਨਹੀਂ ਲੈਂਦਾ

1 comment:

Unknown said...

ਵਧੀਆ ਨਜ਼ਮਾਂ ਨੇ ਸੁਖਦੇਵ ਸਾਹਬ। ਖਾਸ ਕਰਕੇ ਚਿੰਤਨ
-ਜਗਜੀਤ ਸੰਧੂ