ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾFriday, June 4, 2010

ਸੁਰਿੰਦਰ ਸੋਹਲ - ਗ਼ਜ਼ਲ

ਗ਼ਜ਼ਲ

ਤਿਤਲੀ ਜਦੋਂ ਦੀ ਕਹਿ ਗਈ ਹੈ ਇਸ ਨੂੰ ਅਲਵਿਦਾ।

ਪਤਝੜ ਨੂੰ ਸੱਦੇ ਭੇਜਦਾ ਰਹਿੰਦਾ ਹੈ ਮੋਤੀਆ।

-----

ਲੀਡਰ ਦਾ ਭਾਸ਼ਣ ਮੈਂ ਨਹੀਂ ਕਿ ਹੋ ਜਵਾਂ ਹਵਾ।

ਮੈਂ ਸੱਚ ਹਾਂ ਜੋ ਅੱਖ ਵਿਚ ਰਹਿਣਾ ਹੈ ਰੜਕਦਾ।

-----

ਸਿਰਨਾਵਿਓਂ ਬਿਨ ਔੜ ਮੇਰੇ ਘਰ ਚ ਆ ਗਈ,

ਬਦਲ਼ੀ ਨੂੰ ਘਰ ਲਭਿਆ ਨਾ ਜਿਸ ਦੇ ਕੋਲ਼ ਸੀ ਪਤਾ।

-----

ਜੁਗਨੂੰ, ਸਿਤਾਰੇ, ਚੰਦ ਤੂੰ ਵਾਹੇ ਨਾ ਰੀਝ ਨਾਲ਼,

ਤਾਂ ਹੀ ਸਫ਼ੈਦ ਵਰਕਿਆਂ ਤੇ ਨ੍ਹੇਰ ਪੈ ਗਿਆ।

-----

ਨਿਸ ਦਿਨ ਭੁਲੇਖੇ ਖਾਣ ਨੂੰ ਦਿਲ ਤਰਸਦਾ ਰਹੇ,

ਹੁਣ ਤਾਂ ਹਵਾ ਦੇ ਨਾਲ਼ ਵੀ ਖੜਕੇ ਨਾ ਦਰ ਮਿਰਾ।

-----

ਰਖਿਆ ਉਨ੍ਹਾਂ ਵੀ ਦਿਲ ਤੇ ਨਾਂਹ ਸਾਥੋਂ ਵੀ ਨਾ ਹੋਈ,

ਪਾਣੀ ਤੇ ਲਿਖਿਆ ਹਾਂ ਅਸਾਂ ਸਵੀਕਾਰ ਕਰ ਲਿਆ।

-----

ਛੱਤਾਂ ਤੋਂ ਲਾਹ ਕੇ, ਓਸ ਨੇ ਚਿੜੀਆਂ ਦੇ ਆਲ੍ਹਣੇ,

ਕਾਗ਼ਜ਼ ਦੇ ਤੋਤੇ ਸ਼ੈਲਫ਼ ਤੇ ਰੱਖੇ ਨੇ ਹੁਣ ਸਜਾ।

-----

ਦਿਲ ਦੇ ਸਫ਼ੇ ਤੇ ਵ੍ਹਾ ਗਿਓਂ ਤੂੰ ਅੱਗ ਦੀ ਨਦੀ,

ਕੀਤਾ ਸੀ ਵਾਅਦਾ ਸੰਦਲੀ ਚਸ਼ਮਾ ਬਣਾਣ ਦਾ।

2 comments:

shamsher said...

ਤਿਤਲੀ ਜਦੋਂ ਦੀ ਕਹਿ ਗਈ ਹੈ ਇਸ ਨੂੰ ਅਲਵਿਦਾ।
ਪਤਝੜ ਨੂੰ ਸੱਦੇ ਭੇਜਦਾ ਰਹਿੰਦਾ ਹੈ ਮੋਤੀਆ।

ਸਿਰਨਾਵਿਓਂ ਬਿਨ ਔੜ ਮੇਰੇ ਘਰ 'ਚ ਆ ਗਈ,
ਬੱਦਲੀ ਨੂੰ ਘਰ ਲੱਭਿਆ ਨਾ ਜਿਸਦੇ ਕੋਲ਼ ਸੀ ਪਤਾ।

ਕਿਆ ਬਾਤ ਹੈ !ਬਹੁਤ ਖ਼ੂਬ!

Dr. Shamsher Mohi
Ropar (punjab)

rup said...

ਤਿਤਲੀ ਜਦੋਂ ਦੀ ਕਹਿ ਗਈ ਹੈ ਇਸ ਨੂੰ ਅਲਵਿਦਾ।
ਪਤਝੜ ਨੂੰ ਸੱਦੇ ਭੇਜਦਾ ਰਹਿੰਦਾ ਹੈ ਮੋਤੀਆ।
Sohal Sahib,kamaal.....Rup Daburji