ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Saturday, March 12, 2011

ਸੰਸਾਰ-ਪ੍ਰਸਿੱਧ ਚਿਤਰਕਾਰ, ਲੇਖਕ ਅਤੇ ਯੋਗੀ ਸੋਹਣ ਕਾਦਰੀ ਸਾਹਿਬ ਨੂੰ ਆਰਸੀ ਪਰਿਵਾਰ ਵੱਲੋਂ ਸ਼ਰਧਾਂਜਲੀ

ਸੋਹਣ ਕਾਦਰੀ 2 ਨਵੰਬਰ, 1932 ( ਪਿੰਡ ਚਾਚੋਕੀ, ਜ਼ਿਲ੍ਹਾ ਕਪੂਰਥਲਾ ) 4 ਮਾਰਚ, 2011( ਟਰਾਂਟੋ ਕੈਨੇਡਾ )

ਪ੍ਰਕਾਸ਼ਿਤ ਕਿਤਾਬਾਂ ਕਾਵਿ-ਸੰਗ੍ਰਹਿ (ਪੰਜਾਬੀ ) ਅੰਤਰ ਝਾਤੀ, ਅੰਤਰ ਜੋਤੀ, ਬੂੰਦ ਸਮੁੰਦਰ, ਮਿੱਟੀ-ਮਿੱਟੀ, ( ਹਿੰਦੀ ) ਸਾਕਸ਼ੀ, (ਅੰਗਰੇਜ਼ੀ ) Wonderstand, The Dot & The Dot’s, The Seer ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਯੂ.ਕੇ ਵਸਦੇ ਸੁਪ੍ਰਸਿੱਧ ਲੇਖਕ ਅਮਰਜੀਤ ਚੰਦਨ ਅਤੇ ਕਾਦਰੀ ਸਾਹਿਬ ਦਰਮਿਆਨ ਹੋਈਆਂ ਗੱਲਬਾਤਾਂ ਵੀ ਕਿਤਾਬੀ ਰੂਪ ਹੁਣ-ਖਿਣ ਦੇ ਤਹਿਤ ਛਪ ਚੁੱਕੀਆਂ ਹਨ।

-----

ਦੋਸਤੋ! ਸੰਸਾਰ-ਪ੍ਰਸਿੱਧ ਚਿਤਰਕਾਰ ਅਤੇ ਲੇਖਕ ਕਾਦਰੀ ਸਾਹਿਬ ਯੋਗੀ ਵੀ ਸਨ। ਉਹਨਾਂ ਨੇ ਗੁਰੂ ਭੀਖਮ ਗਿਰੀ ਅਤੇ ਅਹਿਮਦ ਅਲੀ ਸ਼ਾਹ ਕਾਦਰੀ ਤੋਂ ਤੰਤਰ ਅਤੇ ਯੋਗ ਵਿੱਦਿਆ ਹਾਸਿਲ ਕਰਕੇ 1953-1955 ਤੱਕ ਹਿਮਾਲਯ ਅਤੇ ਤਿੱਬਤ ਦੇ ਮੰਦਿਰਾਂ ਦੀ ਯਾਤਰਾ ਅਤੇ ਕਠਿਨ ਸਾਧਨਾ ਕੀਤੀ। ਉਹਨਾਂ ਦੀਆਂ ਕਲਾ-ਕ੍ਰਿਤਾਂ ਅਤੇ ਨਜ਼ਮਾਂ ਅਧਿਆਤਮਕਤਾ ਵੱਲ ਵਿਸ਼ੇਸ਼ ਰੁਚੀ ਹੋਣ ਦਾ ਸੰਕੇਤ ਹਨ। 1955-1960 ਸ਼ਿਮਲਾ ਦੇ ਗੌਰਮਿੰਟ ਕਾਲੇਜ ਔਫ ਆਰਟਸ ਤੋਂ ਫਾਈਨ ਆਰਟਸ ਚ ਮਾਸਟਰਜ਼ ਡਿਗਰੀ ਪ੍ਰਾਪਤ ਕੀਤੀ। ਪੜ੍ਹਾਉਣ ਅਤੇ ਫਰੀਲਾਂਸ ਆਰਟਿਸਟ ਦੇ ਤੌਰ ਤੇ ਕੰਮ ਕਰਨ ਤੋਂ ਬਾਅਦ, ਕਾਦਰੀ ਸਾਹਿਬ ਨੇ 1966 ਵਿਚ ਈਸਟ ਅਫਰੀਕਾ, ਯੌਰਪ ਅਤੇ ਉੱਤਰੀ ਅਮਰੀਕਾ ਦੀ ਯਾਤਰਾ ਕੀਤੀ। 1966-1970 ਤੱਕ ਪੈਰਿਸ ਅਤੇ ਜ਼ਿਊਰਿਖ, ਉਸ ਤੋਂ ਬਾਅਦ ਕੋਪਨਹੈਗਨ ਅਤੇ ਟਰਾਂਟੋ ਚ ਵਿਚ ਰਹੇ ਅਤੇ ਕਲਾ ਸਾਧਨਾ ਕੀਤੀ। ਬਹੁਤ ਸਾਰੇ ਮਾਣ-ਸਨਮਾਨਾਂ ਦੇ ਨਾਲ਼-ਨਾਲ਼, 1968 ਚ ਲਲਿਤ ਕਲਾ ਅਕੈਡਮੀ ਵੱਲੋਂ, ਅਤੇ 1982 ਚ ਇਆਪਾ ਵੱਲੋਂ ਕਲਾ ਅਤੇ ਸਾਹਿਤ ਦੇ ਖੇਤਰ ਚ ਪਾਏ ਯੋਗਦਾਨ ਕਰਕੇ ਸਨਮਾਨਿਆ ਗਿਆ।

----

ਅੱਜ ਆਰਸੀ ਪਰਿਵਾਰ ਵੱਲੋਂ ਕਾਦਰੀ ਸਾਹਿਬ ਨੂੰ ਯਾਦ ਕਰਦੇ ਹੋਏ, ਉਹਨਾਂ ਦੀ ਕਲਾ ਅਤੇ ਸਾਹਿਤ ਸਾਧਨਾ ਨੂੰ ਸਲਾਮ ਕਰਦਿਆਂ, ਸ਼ਰਧਾਂਜਲੀ ਦੇ ਰੂਪ ਵਿਚ ਉਹਨਾਂ ਦੀ ਕਿਤਾਬ ਅੰਤਰ ਝਾਤੀ ਚੋਂ ਚੰਦ ਨਜ਼ਮਾਂ ਆਰਸੀ ਚ ਸ਼ਾਮਿਲ ਕਰ ਰਹੇ ਹਾਂ, ਜਿਹੜੀਆਂ ਟੈਰੇਸ, ਕੈਨੇਡਾ ਵਸਦੇ ਸੁਪ੍ਰਸਿੱਧ ਲੇਖਕ ਰਵਿੰਦਰ ਰਵੀ ਸਾਹਿਬ ਨੇ ਮੇਰੀ ਇਕ ਈਮੇਲ ਦਾ ਮਾਣ ਰੱਖਦਿਆਂ ਘੱਲੀਆਂ ਨੇ, ਰਵੀ ਸਾਹਿਬ ਦਾ ਬੇਹੱਦ ਸ਼ੁਕਰੀਆ। ਪ੍ਰਮਾਤਮਾ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਵੇ ਅਤੇ ਪਰਿਵਾਰ ਨੂੰ ਇਸ ਵਿਛੋੜੇ ਨੂੰ ਸਹਿਣ ਦਾ ਬਲ ਬਖ਼ਸ਼ੇ।

ਅਦਬ ਸਹਿਤ

ਤਨਦੀਪ ਤਮੰਨਾ

======

ਨਜ਼ਮਾਂ

1)ਇਹ ਅੱਖੀਆਂ ਦੇਖਣ ਦਾ ਚਾਓ

ਮੁੜ-ਮੁੜ ਵੇਖਣ ਜਗਤ ਤਮਾਸ਼ਾ

ਰੀਝ ਰਝਾਵੇ ਹਲ਼ਕਾਈ ਆਸ਼ਾ

ਉੱਚ ਨਜ਼ਾਰਾ ਦਰਸ਼ਣ ਦ੍ਰਸ਼ਟਾ

ਚੇਤਨ ਚਕਸ਼ੂ ਦੇਖਦਾ

ਹੱਦ ਦਿਸਹੱਦੋਂ ਪਾਰ

ਰੂਹ ਰੁਸ਼ਨਾਈ ਚਿਮਟਾ ਮਾਰ...

=====

2)ਮਿੱਟੀ ਨੇ ਅੰਗੜਾਈ ਲੀਤੀ

ਕਣ-ਕਣ ਹੋਸ਼ ਸੰਭਾਲ਼ੀ

ਅੰਦਰ ਬਾਹਰ ਦਮਾਮਾ ਵੱਜਿਆ

ਨਾਚੀ ਨਾਚੇ ਕਰਮਾਂ ਵਾਲ਼ੀ

ਚਿਤਵਨ ਦੋ ਧਾਰੀ ਤਲਵਾਰ

ਹੁਣ-ਖਿਣ ਮੋਖ ਦੁਆਰ...

=====

3) ਗੁਪਤ-ਗਿਆਨ ਗੁੱਝਾ ਸਾਰ

ਚੇਤਨ ਚਕਸ਼ੂ ਦੇਖਣਹਾਰ

ਮਨ ਦੀ ਮਾਇਆਂ ਸੰਸਾਰ ਹੰਢਾਇਆ

ਅੱਧ-ਉਘੜਿਆ ਅੱਧ ਛੁਪਾਇਆ

ਸ਼ਬਦਾਂ ਦੀ ਚਾਦਰ ਤਾਣ ਲੁਕਾਇਆ

ਤੁਰਾਂ ਤਾਂ ਪਿੱਛੇ ਤੁਰਦਾ ਸਾਇਆ

ਮੈਂ ਤੁਰਦਾ-ਤੁਰਦਾ ਬਹਿ ਗਿਆ

ਜੋ ਕਹਿਣਾ ਸੀ ਉਹ ਰਹਿ ਗਿਆ

ਹੁਣ ਚੁੱਪੀ ਦਾ ਸੰਚਾਰ

ਚੇਤਨ ਚਕਸ਼ੂ ਪਹਿਰੇਦਾਰ...

=====

4) ਯੋਗੀ ਉਤਰ ਪਹਾੜੋਂ ਆ ਗਿਆ

ਜਿੰਦ ਟਪਕ ਚੁਬਾਰੇ ਜਾ ਚੜ੍ਹੀ

ਅੱਖੀ ਨਾਲ਼ ਅੱਖੀ ਆ ਲੜੀ

ਮੱਧ ਮਾਹਿ ਮੇਲਾ ਹੋ ਗਿਆ

ਜੀਅ ਤੁਪਕਾ-ਤੁਪਕਾ ਚੋ ਗਿਆ

ਇਕ ਐਸਾ ਨੇੜਾ ਹੋ ਗਿਆ

ਮੇਰੇ ਚੋਂ ਮੇਰਾ ਖੋ ਗਿਆ

ਸਭ ਤੇਰਾ-ਤੇਰਾ ਹੋ ਗਿਆ...

=====

5) ਮੈਂ ਤੇਰੇ ਵਿਚ ਖੁਰ-ਖੁਰ ਜਾਵਾਂ

ਤੂੰ ਮੇਰੇ ਵਿਚ ਮਿਟ-ਮਿਟ ਜਾਵੇਂ

ਤੇਰੇ ਮੇਰੇ ਨਗਨ ਨਿੱਘ ਵਿਚ

ਘਰ ਦਾ ਘੇਰਾ ਵਧਦਾ ਜਾਵੇ

ਮਨ ਦਾ ਨ੍ਹੇਰਾ ਘਟਦਾ ਜਾਵੇ...

=====

6) ਪਰਵਾਨੇ ਸੂਰਜ ਨਿਗਲ਼ ਲਿਆ

ਨਾ ਸੂਰਜ ਰਿਹਾ, ਆਪ ਪਿਘਲ਼ ਗਿਆ

ਅੱਖਾਂ ਵਾਲ਼ੈ ਅੰਨ੍ਹੇ ਹੋ ਗਏ

ਘੱਲੂਘਾਰਾ, ਹਾਹਾਕਾਰ

ਅੰਨ੍ਹਾ ਬੀਨ ਵਜਾਈ ਜਾਂਦਾ

ਏਕੋ ਸੁਰ, ਏਕਾਸਾਰ

ਮਾਤਰਾ ਉਸਦਾ ਘਟਿਆ ਨਾ ਵਧਿਆ

ਉਸ ਨੂੰ ਕੁਝ ਨਹੀਂ ਫ਼ਰਕ ਪਿਆ

ਪਰਵਾਨੇ ਸੂਰਜ ਨਿਗਲ਼ ਲਿਆ...

=====

7) ਅੰਬਰ ਨੇ ਅੰਗੜਾਈ ਲੀਤੀ

ਭੂਤ ਭਵਿੱਖ ਦੀ ਅੱਖ ਭਰ ਆਈ

ਹਾਲ ਨੇ ਠੰਡਾ ਹੌਕਾ ਭਰਿਆ

ਗਿਆਨ, ਵਿਗਿਆਨ

ਅਰਜਨ, ਵਿਸਰਜਨ

ਖੋਹਣਾ, ਖੱਟਣਾ ਜਾਏ ਨਾ ਜਰਿਆ

ਮਨ ਜੀਵੇ, ਜਿਵੇਂ ਮਰਿਆ ਮਰਿਆ

ਪ੍ਰਗਿਆਵਾਨ, ਪ੍ਰਬੁੱਧੀਮਾਨ

ਅੰਦਰੋਂ ਬਾਹਰੋਂ ਦੇਖੀ ਜਾਵੇ

-ਬਸ! ਦੇਖੀ ਜਾਵੇ...

=====

8) ਬਿਨ ਤਾਰ ਬਿਨਾ ਟੁਣਕਾਰ

ਤੂੰਬਾ ਵਜਦਾ ਰਹੇ

ਬਿਨ ਬਾਤੀ ਤੇਲ

ਦੀਵਾ ਜਗਦਾ ਰਹੇ

ਮਨ ਸੁੰਨ ਲੱਗੀ ਲਿਵਤਾਰ

ਅਜਪਾ ਜਾਪ ਕਰੇ

ਸਮਧ੍ਵਨੀ ਸਾਰ ਨੁਹਾਰ

ਹਿਰਦੇ ਬੀਨ ਵੱਜੀ

ਯਤ ਆਰ ਮਿਲ਼ੇ ਪੁਆਰ

ਜੀਅੜਾ ਧਿਆਨ ਧਰੇ...

=====

9) ਦੂਰ-ਦੁਰਾਡੇ ਵੱਜੀ ਸ਼ਹਿਨਾਈ

ਅੰਤਰ ਤਲ ਮਾਹਿ ਜਿੰਦ ਰੁਝਾਈ

ਸਾਹੀਂ ਵੱਜੇ ਇਕਤਾਰਾ

- ਤਾਰਾ ਬਦਲ ਗਿਆ

ਬੂੰਦ ਵਸੇਂਦੀ ਮੂਲਾਧਾਰ

ਜਗਮਗ ਜੋਤੀ ਸਹੱਸਰਾਰ

ਖੁੱਲ੍ਹਿਆ ਗਗਨ ਦੁਆਰਾ

- ਤਾਰਾ ਬਦਲ ਗਿਆ

ਕੋਈ ਯੋਗੀ ਯੋਗ ਕਮਾਵੇ

ਕੋਈ ਸੂਫ਼ੀ ਟਿਕਟਿਕੀ ਲਾਵੇ

ਤੇਰੇ ਲੌਂਗ ਦਾ ਪਿਆ ਲਿਸ਼ਕਾਰਾ

- ਤਾਰਾ ਬਦਲ ਗਿਆ

ਮੇਰੀ ਤੋਰ ਤੇਰੀ ਪਰਕਰਮਾ ਹੋਵੇ

ਮੇਰੇ ਕਰਮ ਚ ਤੂੰ ਹੀ ਕਰਤਾ ਹੋਵੇਂ

ਚਿੱਤ ਚਾਨਣ ਦਾ ਮੁਨਾਰਾ

- ਤਾਰਾ ਬਦਲ ਗਿਆ

ਹੱਡੀਂ ਹਿੰਮਤ, ਅੰਗੀਂ ਜੁੰਬਿਸ਼

ਉਨਮਨੀ ਮਨਵਾ ਅੱਖੀਂ ਜਲਵਾ

ਮੈਥੁਨ ਦਾ ਵਿਸਤਾਰਾ

- ਤਾਰਾ ਬਦਲ ਗਿਆ

=====

10) ਬਿੰਦ ਬੂੰਦ ਦੇ ਅੰਤਰ ਤਲੀਂ

ਇਕ ਰਹੱਸਵਤੀ ਰਸਵਾਨ

ਹੇ ਰਹੱਸਵਤੀ ਰਸਵਾਨ!

ਤੂੰ ਮੇਰੀ ਮਹਿਮਾਨ ਕੱਲ੍ਹ ਤੂੰ ਤੁਰ ਜਾਣਾ

ਕੱਲ੍ਹ ਨੂੰ ਛੱਡ ਕੇ ਅੱਜ ਵੱਲ ਆਈਏ

ਸਾਹ ਵਿਚ ਨਿੱਘਾ ਸਾਹ ਕੋਈ ਪਾਈਏ

ਛੋਹਾਂ ਛੋਹ ਨੰਗੇ ਹੋ ਜਾਈਏ

ਯਤ ਤੇਰ ਮੇਰ ਤੋਂ ਪਾਰ

ਤੱਤ ਨਾਚ ਕਰੇ ਨਚਾਰ...

=====

11) ਮੈਂ ਭਰੀ ਭਰਾਈ ਆਈ

ਤੂੰ ਮੇਰਾ ਘੁੱਟ ਭਰ ਲੈ

ਘੁੱਟ ਭਰ ਲੈ ਮੇਰੇ ਯਾਰ

ਮੇਰੀ ਮੈਂ ਤੇਰੇ ਵਿਚ ਢਲ਼ ਜਾਵੇ

ਅਗਨੀ, ਅਗਨੀ ਵਿਚ ਜਲ਼ ਜਾਵੇ

ਸੱਧਰਾਂ ਦਾ ਤੰਬੂ ਤਣ ਜਾਵੇ

ਗੱਲ ਬਣਦੀ-ਬਣਦੀ ਰਹਿ ਜਾਵੇ

ਕਹਿ-ਕਹਿ ਕੇ ਵੀ ਕਿਹਾ ਨਾ ਜਾਏ

ਬਿਨ ਕਹਿਆਂ ਵੀ ਰਿਹਾ ਨਾ ਜਾਏ

ਪਾਰਮ-ਪਾਰ ਪਿਆਰ, ਰਸ ਦੀ ਧਾਰ

ਤੂੰ ਮੇਰਾ ਘੁੱਟ ਭਰ ਲੈ

ਘੁੱਟ ਭਰ ਲੈ ਮੇਰੇ ਯਾਰ...

*****

ਸੋਹਣ ਕਾਦਰੀ ਸਾਹਿਬ ਦੀਆਂ ਕੁਝ ਲਾਜਵਾਬ ਕਲਾ-ਕ੍ਰਿਤਾਂ











Sunday, March 6, 2011

ਸੁਪ੍ਰਸਿੱਧ ਪੰਜਾਬੀ ਸਾਹਿਤਕਾਰ ਅਜਾਇਬ ਕਮਲ ਜੀ ਨਹੀਂ ਰਹੇ – ਆਰਸੀ ਪਰਿਵਾਰ ਵੱਲੋਂ ਸ਼ਰਧਾਂਜਲੀ

ਸਾਹਿਤਕ ਨਾਮ: ਅਜਾਇਬ ਕਮਲ 5 ਅਕਤੂਬਰ, 1932 ਫਰਵਰੀ, 2011 ( ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਡਾਂਡੀਆਂ ਚ )

ਦੋਸਤੋ! ਹੁਸ਼ਿਆਰਪੁਰ, ਪੰਜਾਬ ਵਸਦੇ ਚਰਚਿਤ ਲੇਖਕ ਅਜਾਇਬ ਕਮਲ ਸਾਹਿਬ ਵੀ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ। ਜ਼ਿੰਦਗੀ ਦਾ ਬਹੁਤਾ ਸਮਾਂ ਉਹਨਾਂ ਨੇ ਨੈਰੋਬੀ, ਕੀਨੀਆ ਵਿਚ ਬਿਤਾਇਆ, ਜਿਸਦਾ ਵਿਸਤਾਰਿਤ ਜ਼ਿਕਰ ਰਵਿੰਦਰ ਰਵੀ ਸਾਹਿਬ ਨੇ ਆਪਣੇ ਲੇਖ ਵਿਚ ਕੀਤਾ ਹੈ, ਜਿਸਨੂੰ ਪੜ੍ਹਨ ਲਈ ਆਰਸੀ ਰਿਸ਼ਮਾਂ ਤੇ ਫੇਰੀ ਜ਼ਰੂਰ ਪਾਓ ਜੀ।

-----

ਦੋਸਤੋ! ਮੈਨੂੰ ਮਰਹੂਮ ਕਮਲ ਸਾਹਿਬ ਨਾਲ਼ ਬਹੁਤ ਵਰ੍ਹੇ ਪਹਿਲਾਂ ਹੋਟਲ ਹਿਲਟਨ ਤੋਂ ਇਕ ਅੰਤਰਰਾਸ਼ਟਰੀ ਕਵੀ ਦਰਬਾਰ ਚ ਇੱਕੋ ਸਟੇਜ ਤੋਂ ਹਿੱਸਾ ਲੈਣ ਦਾ ਮਾਣ ਹਾਸਿਲ ਹੈ। ਮੇਰੀ ਫੇਰੀ ਦੌਰਾਨ ਡੈਡੀ ਜੀ ਨੇ ਉਹਨਾਂ ਨੂੰ ਖ਼ਤ ਲਿਖਿਆ, ਕਮਲ ਸਾਹਿਬ ਨੇ ਸਾਲਾਨਾ ਕਵੀ ਦਰਬਾਰ ਚ ਮੈਨੂੰ ਬੜੇ ਮਾਣ ਨਾਲ਼ ਸੱਦਿਆ, ਸਟੇਜ ਤੇ ਜਾਣ-ਪਹਿਚਾਣ ਕਰਵਾਈ। ਉਸ ਵੇਲ਼ੇ ਮੇਰੀ ਉਮਰ ਕਾਫ਼ੀ ਛੋਟੀ ਸੀ, ਮੈਂ ਅੰਦਰੋ-ਅੰਦਰੀ ਡਰ ਵੀ ਰਹੀ ਸੀ। ਖਚਾ-ਖਚ ਭਰੇ ਬੈਂਕੁਇਟ ਹਾਲ ਵਿਚ, ਕਮਲ ਸਾਹਿਬ ਨੇ ਆਖਣ ਤੇ ਮੈਨੂੰ ਤਿੰਨ-ਚਾਰ ਨਜ਼ਮਾਂ ਸੁਣਾਉਣੀਆਂ ਪਈਆਂ। ਮੈਨੂੰ ਯਾਦ ਹੈ ਕਿ ਉਹਨਾਂ ਮੈਨੂੰ ਬੁੱਕਲ਼ ਵਿਚ ਲੈ ਲਿਆ ਤੇ ਜੇਬ ਚੋਂ ਦੋ ਪੰਜ-ਪੰਜ ਸੌ ਸ਼ਿਲਿੰਗ ( ਕੀਨੀਆ ਦੀ ਕਰੰਸੀ ) ਦੇ ਨੋਟ ਕੱਢੇ, ਮੇਰੇ ਹੱਥ ਫੜਾਉਂਦਿਆਂ ਆਖਿਆ, .... ਬੇਟਾ ਤਨਦੀਪ! ਮੈਨੂੰ ਬਹੁਤ ਖ਼ੁਸ਼ੀ ਹੋਈ ਹੈ ਕਿ ਤੂੰ ਕਵੀ ਦਰਬਾਰ ਚ ਆਈ ਹੈਂ, ਤੇਰੀ ਨਜ਼ਮ ਸੁਣ ਕੇ ਮੈਂ ਫ਼ਖ਼ਰ ਨਾਲ਼ ਆਖ ਸਕਦਾਂ ਕਿ ਪੰਜਾਬੀ ਚ ਨਜ਼ਮ ਦਾ ਭਵਿੱਖ ਬਹੁਤ ਉਜਲਾ ਹੈ .... ਫੇਰ ਮੈਂ ਉਹਨਾਂ ਨੇ ਮੈਨੂੰ ਆਪਣੇ ਜੂਜਾ ਰੋਡ ਵਾਲ਼ੇ ਘਰ ਸੱਦਿਆ, ਅਸੀਂ ਕਈ ਘੰਟੇ ਸਾਹਿਤ ਬਾਰੇ ਚਰਚਾ ਕੀਤੀ। ਉਹਨਾਂ ਕੋਲ਼ ਕਾਗ਼ਜ਼ ਤੇ ਲਿਖਿਆ ਕੁਝ ਪਿਆ ਸੀ, ਜਿਸ ਤੇ ਉਹਨਾਂ ਨੇ ਅਗ਼ਜ਼ਲ ਲਿਖਿਆ ਸੀ, ਮੇਰੇ ਸੁਆਲ ਕਰਨ ਤੇ ਉਹਨਾਂ ਨੇ ਹੱਸਦਿਆਂ ਕਿਹਾ, ...ਜਿਹੜੀ ਗ਼ਜ਼ਲ ਚ ਬਹਿਰ ਦੀਆਂ ਊਣਤਾਈਆਂ ਰਹਿ ਜਾਂਦੀਆਂ ਨੇ, ਉਸ ਤੇ ਮੈਂ ਅਗ਼ਜ਼ਲ ਲਿਖ ਦਿੰਦਾ ਹਾਂ....ਆਲੋਚਕਾਂ ਨੂੰ ਮੌਕਾ ਹੀ ਨਹੀਂ ਦਿੰਦਾ... ਮੇਰੀ ਵਾਪਿਸ ਆਉਣ ਵੇਲ਼ੇ ਆਖਣ ਲੱਗੇ ਕਿ ਕੋਈ ਨਜ਼ਮ ਹੋਰ ਸੁਣਾ ਕੇ ਜਾਵਾਂ। ਨਜ਼ਮ ਖ਼ਤਮ ਹੁੰਦਿਆਂ, ਉਹਨਾਂ ਫੇਰ ਹਜ਼ਾਰ ਸ਼ਿਲਿੰਗ ਜ਼ਬਰਦਸਤੀ ਮੇਰੀ ਮੁੱਠੀ ਚ ਦੇ ਦਿੱਤੇ, ਸਿਰ ਤੇ ਹੱਥ ਰੱਖ ਢੇਰ ਸਾਰੀਆਂ ਅਸੀਸਾਂ ਦਿੱਤੀਆਂ।

----

ਪਿਛਲੇ ਸਾਲ ਤ੍ਰੈ-ਮਾਸਿਕ ਸਾਹਿਤਕ ਮੈਗਜ਼ੀਨ ਸ਼ਬਦ ਵਿਚ ਸੁਪ੍ਰਸਿੱਧ ਕਹਾਣੀਕਾਰ ਜਿੰਦਰ ਜੀ ਨੇ ਮੇਰੀਆਂ ਅੱਠ-ਦਸ ਨਜ਼ਮਾਂ ਛਾਪੀਆਂ ( ਮੈਂ ਆਮ ਤੌਰ ਤੇ ਕਿਸੇ ਵੀ ਮੈਗਜ਼ੀਨ ਨੂੰ ਰਚਨਾਵਾਂ ਨਹੀਂ ਭੇਜਦੀ, ਏਸੇ ਕਰਕੇ ਸਾਹਿਤਕ ਦੋਸਤਾਂ ਦੇ ਨਾਰਾਜ਼ਗੀ ਮੇਰੇ ਸਿਰ ਰਹਿੰਦੀ ਹੈ। ਜਿੰਦਰ ਜੀ ਨੇ ਸਾਲ-ਡੇਢ ਸਾਲ ਮੇਰੇ ਮਗਰ ਪੈ ਕੇ ਇਹ ਨਜ਼ਮਾਂ ਕਿੰਝ ਛਾਪੀਆਂ, ਉਹੀ ਜਾਣਦੇ ਹਨ} ਜਿਨ੍ਹਾਂ ਨੂੰ ਪੜ੍ਹ ਕੇ ਕਮਲ ਸਾਹਿਬ ਨੇ ਜਿੰਦਰ ਜੀ ਨੂੰ ਫ਼ੋਨ ਕੀਤਾ ਤੇ ਪੁੱਛਿਆ ਕਿ ਇਹ ਤਨਦੀਪ ਤਮੰਨਾ, ਬਾਦਲ ਸਾਹਿਬ ਦੀ ਹੀ ਬੇਟੀ ਹੈ ਨਾ? ਬੜੇ ਵਰ੍ਹਿਆਂ ਬਾਅਦ ਇਸਦਾ ਲਿਖਿਆ ਕੁਝ ਪੜ੍ਹਿਆ ਹੈ, ਇਹਦਾ ਮਤਲਬ ਅਜੇ ਵੀ ਲਿਖਦੀ ਹੈ। ਮੈਂ ਅੱਜ ਬਹੁਤ ਖ਼ੁਸ਼ ਹਾਂ, ਹੋ ਸਕੇ ਤਾਂ ਅਗਲੇ ਅੰਕਾਂ ਚ ਹੋਰ ਵੀ ਛਾਪਿਓ। ਤਨਦੀਪ ਦੀਆਂ ਨਜ਼ਮਾਂ ਲਈ ਮੇਰੇ ਵੱਲੋਂ ਦਿਲੀ ਵਧਾਈ ਕਬੂਲ ਕਰੋ... ਜਿੰਦਰ ਜੀ ਨੇ ਝੱਟ ਫ਼ੋਨ ਕਰਕੇ ਮੇਰੇ ਤੀਕ ਕਮਲ ਸਾਹਿਬ ਦਾ ਸੁਨੇਹਾ ਪਹੁੰਚਾ ਦਿੱਤਾ। ਸੋਚਿਆ ਸੀ ਇਕ ਦਿਨ ਖ਼ੁਦ ਕਾਲ ਕਰਕੇ ਉਹਨਾਂ ਦਾ ਸ਼ੁਕਰੀਆ ਅਦਾ ਕਰਾਂਗੀ, ਪਰ ਉਹ ਵਕ਼ਤ ਨਹੀਂ ਆਇਆ ਤੇ ਕਮਲ ਸਾਹਿਬ ਸਾਨੂੰ ਸਾਰਿਆਂ ਨੂੰ ਅਲਵਿਦਾ ਆਖ ਗਏ। ਉਹਨਾਂ ਦਾ ਪਿਆਰ ਅਤੇ ਮਿਲਣ ਵੇਲ਼ੇ ਦੀਆਂ ਯਾਦਾਂ ਮੇਰੇ ਜ਼ਿਹਨ ਤੇ ਸਦਾ ਅੰਕਿਤ ਰਹਿਣਗੇ। ਬਹੁਤ ਹੀ ਮਿਲ਼ਣਸਾਰ ਅਤੇ ਸਾਦਾ ਤਬੀਅਤ ਦੇ ਇਨਸਾਨ ਸਨ ਅਜਾਇਬ ਕਮਲ ਸਾਹਿਬ!

-----

ਉਹ ਪੰਜਾਬੀ ਸਾਹਿਤ ਚ 1940ਵਿਆਂ ਦੇ ਕਰੀਬ ਚੱਲੀ ਪ੍ਰਗਤੀਵਾਦੀ ਲਹਿਰ ਦੇ ਮੋਢੀਆਂ ਵਿੱਚੋਂ ਇਕ ਸਨ। ਇਸ ਲਹਿਰ ਵਿਚ ਉਹ ਡਾ. ਜਸਬੀਰ ਸਿੰਘ ਆਹਲੂਵਾਲੀਆ, ਰਵਿੰਦਰ ਰਵੀ, ਸੋਹਣ ਸਿੰਘ ਮੀਸ਼ਾ, ਡਾ. ਜਗਤਾਰ, ਸੁਖਪਾਲਵੀਰ ਸਿੰਘ ਹਸਰਤ ਦੇ ਸਾਥੀ ਸਨ। ਆਰਸੀ ਪਰਿਵਾਰ ਵੱਲੋਂ ਉਹਨਾਂ ਨੂੰ ਯਾਦ ਕਰਦੇ ਹੋਏ, ਸ਼ਰਧਾਂਜਲੀ ਦੇ ਰੂਪ ਵਿਚ ਉਹਨਾਂ ਦੀ ਕਿਤਾਬ ਚੋਂ ਦੋ ਗ਼ਜ਼ਲਾਂ ਆਰਸੀ ਚ ਸ਼ਾਮਿਲ ਕਰ ਰਹੇ ਹਾਂ, ਜਿਹੜੀਆਂ ਰਵੀ ਸਾਹਿਬ ਨੇ ਘੱਲੀਆਂ ਨੇ, ਉਹਨਾਂ ਦਾ ਵੀ ਬੇਹੱਦ ਸ਼ੁਕਰੀਆ। ਪ੍ਰਮਾਤਮਾ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਵੇ ਅਤੇ ਪਰਿਵਾਰ ਨੂੰ ਇਸ ਵਿਛੋੜੇ ਨੂੰ ਸਹਿਣ ਦਾ ਬਲ ਬਖ਼ਸ਼ੇ।

ਅਦਬ ਸਹਿਤ

ਤਨਦੀਪ ਤਮੰਨਾ

*****

ਨੋਟ: ਅਜਾਇਬ ਕਮਲ ਸਾਹਿਬ ਦੀ ਇਹ ਫ਼ੋਟੋ ਲੁਧਿਆਣਾ ਵਸਦੇ ਸੁਪ੍ਰਸਿੱਧ ਲੇਖਕ ਅਤੇ ਚਿੱਤਰਕਾਰ ਸਵਰਨਜੀਤ ਸਵੀ ਜੀ ਵੱਲੋਂ ਖਿੱਚੀ ਗਈ ਸੀ। ਆਰਸੀ ਪਰਿਵਾਰ ਵੱਲੋਂ ਸਵੀ ਜੀ ਦਾ ਵੀ ਬੇਹੱਦ ਸ਼ੁਕਰੀਆ, ਜਿਨ੍ਹਾਂ ਨੇ ਇਹ ਫ਼ੋਟੋ ਆਰਸੀ ਲਈ ਈਮੇਲ ਕੀਤੀ।

-----

ਦੂਜੀ ਫ਼ੋਟੋ: ਯਾਦਾਂ: ਰਵੀ ਸਾਹਿਬ ਵੱਲੋਂ ਘੱਲੀ ਇਕ ਪੁਰਾਣੀ ਯਾਦਗਾਰੀ ਤਸਵੀਰ: ਜਿਸ ਚ ਉਹਨਾਂ ਦੇ ਨਾਲ਼ ਅਜਾਇਬ ਕਮਲ ਸਾਹਿਬ, ਅਤੇ ਮਹਿਰਮ ਯਾਰ ਸਾਹਿਬ ਨਜ਼ਮ ਆ ਰਹੇ ਹਨ। ਇਹ ਫ਼ੋਟੋ 1969 ਚ ਕੀਨੀਆ ਵਿਚ ਖਿੱਚੀ ਗਈ ਸੀ।

======

ਗ਼ਜ਼ਲ

ਜਦੋਂ ਸੁਕਰਾਤ ਵਾਲ਼ਾ ਸੱਚ ਉਸਨੇ ਪਾ ਲਿਆ ਹੋਣਾ।

ਉਦ੍ਹਾ ਜੂਠਾ ਪਿਆਲਾ ਉਸਨੇ ਮੂੰਹ ਨੂੰ ਲਾ ਲਿਆ ਹੋਣਾ।

-----

ਉਦ੍ਹਾ ਚਿਹਰਾ ਤਾਂ ਇਕ ਤਿੜਕੇ ਹੋਏ ਸ਼ੀਸ਼ੇ ਦੀ ਵਿਥਿਆ ਹੈ,

ਭੁਲੇਖੇ ਦੇਣ ਲਈ ਉਸਨੇ ਮਖੌਟਾ ਪਾ ਲਿਆ ਹੋਣਾ।

-----

ਸਵੇਰੇ ਦਾ ਉਹ ਤੁਰਿਆ ਹੈ ਅਜੇ ਤੀਕਰ ਨਹੀਂ ਪੁੱਜਾ,

ਉਹਨੂੰ ਰਸਤੇ ਦਿਆਂ ਰੁੱਖਾਂ ਨੇ ਗੱਲੀਂ ਲਾ ਲਿਆ ਹੋਣਾ।

-----

ਮੇਰੀ ਸਾਦਾ ਜਹੀ ਕਵਿਤਾ ਦੇ ਉਲਟੇ ਅਰਥ ਕੱਢਣ ਲਈ,

ਸਮੁੱਚੀ ਵਰਣਮਾਲ਼ਾ ਨੂੰ ਉਨ੍ਹੇ ਉਲਟਾ ਲਿਆ ਹੋਣਾ।

-----

ਉਹ ਅੱਜ ਕਲ ਫੇਰ ਉਠ ਕੇ ਨੀਂਦ ਦੇ ਵਿਚ ਤੁਰਨ ਲੱਗਾ ਹੈ,

ਕਿਸੇ ਤਿਤਲੀ ਨੇ ਉਸਨੂੰ ਫੇਰ ਹੈ ਭਰਮਾ ਲਿਆ ਹੋਣਾ।

-----

ਉਹ ਪਹਿਲਾਂ ਵਾਂਗ ਆਪਣੀ ਸੋਚ ਤੇ ਪਹਿਰਾ ਨਹੀਂ ਦਿੰਦਾ,

ਜ਼ਮਾਨੇ ਸਾਜ਼ ਭਾਸ਼ਾ ਨੂੰ ਉਨ੍ਹੇ ਅਪਣਾ ਲਿਆ ਹੋਣਾ।

-----

ਉਨ੍ਹੇ ਵੀ ਇਸ਼ਤਿਹਾਰੀ ਕਾਗ਼ਜ਼ਾਂ ਦੇ ਪਾ ਲਏ ਲੀੜੇ,

ਸਿਆਸਤ ਨਾਲ਼ ਉਸਨੇ ਵੀ ਯਾਰਾਨਾ ਪਾ ਲਿਆ ਹੋਣਾ।

-----

ਗਲੋਬਲ ਯੁਗ ਦੇ ਨਾਟਕ ਦਾ ਮਹਾਂਨਾਇਕ ਬਣਨ ਦੇ ਲਈ,

ਉਨ੍ਹੇ ਵੀ ਵੇਸਵਾ ਦੇ ਰੋਲ ਨੂੰ ਅਪਣਾ ਲਿਆ ਹੋਣਾ।

=====

ਗ਼ਜ਼ਲ

ਪਹਿਨ ਨੇ ਬਸਤਰ ਨਵੇਂ ਉਹ ਹੋਰ ਨੰਗਾ ਹੋ ਗਿਆ।

ਸ਼ੀਸ਼ਿਆਂ ਵਲ ਝਾਕਦਾ ਉਹ ਹੋਰ ਅੰਨ੍ਹਾ ਹੋ ਗਿਆ।

------

ਸੋਚਿਆਂ ਛਿਲ ਤੋਂ ਕੇ ਉਸ ਨੂੰ ਮੈਂ ਸਿੱਧਾ ਕਰ ਦਿਆਂ,

ਛਿੱਲ ਕੇ ਜਦ ਦੇਖਿਆ ਉਹ ਹੋਰ ਵਿੰਗਾ ਹੋ ਗਿਆ।

-----

ਸਮਝ ਕੇ ਖ਼ਾਲੀ ਘੜਾ ਮੈਂ ਜਿਸਮ ਨੂੰ ਭਰਦਾ ਰਿਹਾ,

ਸਮਝਿਆ ਜਦ ਭਰ ਗਿਆ ਉਹ ਹੋਰ ਊਣਾ ਹੋ ਗਿਆ।

-----

ਭੀੜ ਵਿਚ ਰਲ਼ਿਆ ਸਾਂ, ਤਨਹਾਈ ਨੂੰ ਮਾਰਨ ਵਾਸਤੇ,

ਸ਼ੋਰ ਵਿਚ ਗੁੰਮਿਆ ਇਵੇਂ, ਮੈਂ ਹੋਰ ਕੱਲਾ ਹੋ ਗਿਆ।

------

ਸੋਚਿਆ ਸੀ ਮਿਲ਼ਣਗੇ ਜਦ ਕਰ ਦਿਆਂਗਾ ਦਿਲ ਦੀਆਂ,

ਦਿਲ ਦੇ ਭੇਤੀ ਜਦ ਮਿਲ਼ੇ ਮੈਂ ਹੋਰ ਗੂੰਗਾ ਹੋ ਗਿਆ।

-----

ਸੋਚਿਆਂ ਸੀ ਸ਼ਹਿਰ ਹੀ ਸ਼ਾਇਦ ਮੇਰੇ ਮਨ ਦੀ ਸੁਣੇ,

ਸ਼ਹਿਰ ਦੀ ਖੜ ਖੜ ਚ ਮੈਂ ਪਰ ਹੋਰ ਬੋਲ਼ਾ ਹੋ ਗਿਆ।

------

ਬਹਿਸ ਕਰਦੇ ਲੋਕ ਇਕ ਦੂਜੇ ਦੀ ਸੁਣਦੇ ਹੀ ਨਹੀਂ,

ਘਰ ਚ ਇੰਨੀ ਭੀੜ ਹੈ, ਘਰ ਹੋਰ ਸੁੰਨਾ ਹੋ ਗਿਆ।




ਸੁਪ੍ਰਸਿੱਧ ਪੰਜਾਬੀ ਸਾਹਿਤਕਾਰ, ਆਲੋਚਕ ਡਾ: ਸੁਤਿੰਦਰ ਸਿੰਘ ਨੂਰ ਜੀ ਨਹੀਂ ਰਹੇ – ਆਰਸੀ ਪਰਿਵਾਰ ਵੱਲੋਂ ਸ਼ਰਧਾਂਜਲੀ

ਸਾਹਿਤਕ ਨਾਮ: ਡਾ: ਸੁਤਿੰਦਰ ਸਿੰਘ ਨੂਰ

ਜਨਮ: 5 ਅਕਤੂਬਰ, 1940 ( ਕੋਟਕਪੂਰਾ, ਪੰਜਾਬ ਵਿਖੇ) 9 ਫਰਵਰੀ, 2011 ( ਦਿੱਲੀ )

ਸਿੱਖਿਆ: ਅੰਗਰੇਜ਼ੀ ਅਤੇ ਪੰਜਾਬੀ ਚ ਐਮ.ਏ. ਕਰਨ ਤੋਂ ਬਾਅਦ 1976 ਚ ਪੀ.ਐੱਚ. ਡੀ ਕਰਕੇ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਚ ਅਧਿਆਪਨ ਦਾ ਕਿੱਤਾ ਅਪਣਾਇਆ। 1991 1994 ਤੱਕ ਵਿਭਾਗ ਦੇ ਮੁਖੀ ਵੀ ਰਹੇ।

-----

ਨੂਰ ਸਾਹਿਬ ਸਾਹਿਤ ਅਕੈਡਮੀ ਦੇ ਵਾਈਸ ਪ੍ਰੈਜ਼ੀਡੈਂਟ ਹੋਣ ਦੇ ਨਾਲ਼-ਨਾਲ਼ ਕਈ ਹੋਰ ਉੱਚ ਅਹੁਦਿਆਂ ਤੇ ਵੀ ਸੇਵਾਵਾਂ ਨਿਭਾਉਂਦੇ ਰਹੇ। 1981 ਤੋਂ ਲੈ ਕੇ ਹੁਣ ਤੱਕ ਵੱਖ-ਵੱਖ ਵਰਲਡ ਪੰਜਾਬੀ ਕਾਨਫਰੰਸਾਂ ਅਤੇ ਬੁੱਕ ਫੇਅਰਜ਼ ਵਿਚ ਵੀ ਸ਼ਮੂਲੀਅਤ ਕੀਤੀ। ਉਹਨਾਂ ਨੂੰ ਪੰਜਾਬੀ ਆਲੋਚਨਾ ਐਵਾਰਡ, ਸ਼੍ਰੋਮਣੀ ਪੰਜਾਬੀ ਸਾਹਿਕਾਰ ਐਵਾਰਡ, ਇਆਪਾ ਐਵਾਰਡ, ਸ਼ਫ਼ਦਰ ਹਾਸ਼ਮੀ ਐਵਾਰਡ, ਸਾਹਿਤ ਅਕੈਡਮੀ ਐਵਾਰਡ ਸਹਿਤ ਅਨੇਕਾਂ ਐਵਾਰਡਾਂ ਨਾਲ਼ ਸਾਹਿਤ ਦੇ ਖੇਤਰ ਚ ਸੇਵਾਵਾਂ ਲਈ ਸਨਮਾਨਿਆ ਗਿਆ।

-----

ਨੂਰ ਸਾਹਿਬ ਦੀਆਂ 15 ਕਵਿਤਾ-ਸੰਗ੍ਰਹਿ: ਜਿਨ੍ਹਾਂ ਚੋਂ ਪੰਜਾਬੀ ਚ ਬਿਰਖ ਨਿਪੱਤਰੇ, ਕਵਿਤਾ ਦੀ ਜਲਾਵਤਨੀ, ਸਰਦਲ ਦੇ ਆਰ-ਪਾਰ, ਮੌਲਸਰੀ, ਨਾਲ਼-ਨਾਲ਼ ਤੁਰਦਿਆਂ, ਇੱਕ ਹਿੰਦੀ ਚ, ਅਤੇ ਨੌਂ ਸੰਪਾਦਿਤ ਅਤੇ ਅਨੁਵਾਦਿਤ ਕਾਵਿ-ਸੰਗ੍ਰਹਿ ਸ਼ਾਮਿਲ ਹਨ। ਇਸ ਤੋਂ ਇਲਾਵਾ 26 ਕਿਤਾਬਾਂ ਦਾ ਆਲੋਚਨਾ ਦੇ ਖੇਤਰ ਚ ਯੋਗਦਾਨ ਪਾਇਆ। ਸਾਹਿਤਕ ਮੈਗਜ਼ੀਨਾਂ ਸਮਦਰਸ਼ੀ ਅਤੇ ਇਕੱਤੀ ਫਰਵਰੀ ਦਾ ਸੰਪਾਦਨ ਵੀ ਕੀਤਾ।

----

ਦੋਸਤੋ! ਨੂਰ ਸਾਹਿਬ ਦੇ ਜਾਣ ਨਾਲ਼ ਪੰਜਾਬੀ ਸਾਹਿਤ ਅਤੇ ਆਲੋਚਨਾ ਦੇ ਖੇਤਰ ਨੂੰ ਕਦੇ ਨਾ ਪੂਰਾ ਹੋਣ ਵਾਲ਼ਾ ਘਾਟਾ ਲਿਆ ਹੈ। ਆਰਸੀ ਪਰਿਵਾਰ ਵੱਲੋਂ ਉਹਨਾਂ ਨੂੰ ਯਾਦ ਕਰਦੇ ਹੋਏ, ਸ਼ਰਧਾਂਜਲੀ ਦੇ ਰੂਪ ਵਿਚ ਉਹਨਾਂ ਦੀ ਕਿਤਾਬ ਚੋਂ ਦੋ ਨਜ਼ਮਾਂ ਆਰਸੀ ਚ ਸ਼ਾਮਿਲ ਕਰ ਰਹੇ ਹਾਂ, ਜਿਹੜੀਆਂ ਟਰਾਂਟੋ, ਕੈਨੇਡਾ ਵਸਦੇ ਨੂਰ ਸਾਹਿਬ ਦੇ ਭਾਈ ਸਾਹਿਬ ਸੁਖਿੰਦਰ ਜੀ ਨੇ ਘੱਲੀਆਂ ਨੇ, ਉਹਨਾਂ ਦਾ ਵੀ ਬੇਹੱਦ ਸ਼ੁਕਰੀਆ। ਪ੍ਰਮਾਤਮਾ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਵੇ ਅਤੇ ਪਰਿਵਾਰ ਨੂੰ ਇਸ ਵਿਛੋੜੇ ਨੂੰ ਸਹਿਣ ਦਾ ਬਲ ਬਖ਼ਸ਼ੇ।

ਅਦਬ ਸਹਿਤ

ਤਨਦੀਪ ਤਮੰਨਾ

======

ਉਹ ਹੋਰ ਸਨ

ਨਜ਼ਮ

ਮੇਰੇ ਗੁਰੂ !

ਉਹ ਹੋਰ ਸਨ

ਜਿਨ੍ਹਾਂ ਨੇ ਬੇਦਾਵਾ ਲਿਖਿਆ ਸੀ

ਜਿਨ੍ਹਾਂ ਨੂੰ ਤੂੰ ਮਾਫ਼ ਕਰ ਦਿੱਤਾ ਸੀ

ਤੇ ਉਹ ਸਾਰੇ ਦੇ ਸਾਰੇ

ਤੇਰੇ ਲਈ ਕ਼ੁਰਬਾਨ ਹੋ ਗਏ ਸਨ

..........

ਹੁਣ ਉਹ ਹਨ

ਜਿਨ੍ਹਾ ਨੇ ਬੇਦਾਵਾ ਨਹੀਂ ਲਿਖਿਆ

ਤੇ ਤੈਨੂੰ ਕੁਰਬਾਨ ਕਰ ਚੁੱਕੇ ਹਨ

ਇਹ ਬੇਦਾਵਾ ਨਹੀਂ ਲਿਖਦੇ

ਸਗੋਂ ਦਾਅਵਾ ਲਿਖਦੇ ਹਨ

ਕੁਰਸੀਆਂ ਲਈ

ਤੇ ਅਰਦਾਸ ਕਰਦੇ ਹਨ

ਯੁੱਗੋ ਯੁਗ ਉੱਚੀਆਂ ਮੰਮਟੀਆਂ ਲਈ

..........

ਉਹ ਲਗਾਤਾਰ ਯੁੱਧ ਲੜਦੇ ਸਨ

ਪਰ ਹੁਣ ਯੁੱਧ ਹੁੰਦਾ ਹੈ

ਆਪਸ ਵਿਚ

ਆਪਣੇ ਆਪ ਨੂੰ ਹੋਰ

ਸੁਰੱਖਿਅਤ ਰੱਖਣ ਲਈ

ਆਪਣੇ ਭਵਿੱਖ ਲਈ

ਆਪਣੇ ਬਾਲਾਂ ਤੇ ਲਾਲਾਂ ਲਈ

..............

ਮੇਰੇ ਗੁਰੂ !

ਇਨ੍ਹਾਂ ਨੂੰ ਮਾਫ਼ ਕਰ ਦੇਵੀਂ

ਮਾਫ਼ ਕਰੀਂ

ਮੁਕਤਸਰ ਦੀ ਢਾਬ ਤੇ ਲੱਗੇ

ਇਨ੍ਹਾਂ ਦੇ ਸ਼ਿਲਾਲੇਖ

ਮਾਫ਼ ਕਰੀਂ

ਖੇੜਿਆਂ ਸੰਗ ਇਨ੍ਹਾਂ ਦੀ ਯਾਰੀ

ਇਹ ਨਹੀਂ ਜਾਣਦੇ

ਕੀ ਹੁੰਦਾ ਹੈ

ਸੂਲ ਸੁਰਾਹੀ ਖੰਜਰ ਪਿਆਲਾ

ਇਹ ਨਹੀਂ ਜਾਣਦੇ

ਹਾਲ ਮੁਰੀਦਾਂ ਦਾ

...........

ਮੇਰੇ ਗੁਰੂ !

ਉਹ ਹੋਰ ਸਨ

ਜਿਨ੍ਹਾਂ ਨੇ ਬੇਦਾਵਾ ਲਿਖਿਆ ਸੀ

=====

ਪੰਜਾਬ ਦੇ ਪੰਜ ਦਰਿਆ

ਨਜ਼ਮ

ਪੰਜਾਬ ਦੇ ਪੰਜ ਦਰਿਆ

ਕਦੇ ਕਦੇ ਖ਼ਾਬ ਵਿਚ ਮਿਲਦੇ

ਇਕ ਦੂਜੇ ਨੂੰ ਆਖਦੇ ਨੇ

ਵਿਛੜਣ ਤੋਂ ਬਾਅਦ

ਸਾਡਾ ਖ਼ੂਨ ਸੁੱਕ ਗਿਐ

ਹੱਡੀਆਂ ਸੁਕੜ ਗਈਆਂ ਨੇ

ਅਸੀਂ ਬੁੱਢੇ ਹੋ ਗਏ ਆਂ

ਹੁਣ ਸਾਡਾ ਪਾਣੀ

ਧਰਤ ਨੂੰ ਜ਼ਰਖ਼ੇਜ਼ ਨਹੀਂ ਕਰਦਾ

ਪੰਛੀ ਸਾਡੇ ਕੋਲ ਆ ਕੇ ਨਿਰਾਸ਼ ਮੁੜਦੇ ਨੇ

ਅਸੀਂ ਜਾਂ ਤਾਂ ਅੰਨ੍ਹੇ ਹੌਂਕੇ ਹੜ੍ਹਦੇ ਆਂ

ਜਾਂ ਪੈਲੀਆਂ ਸਾਡੇ ਲਈ ਸਹਿਕਦੀਆਂ ਨੇ

ਸਾਡਾ ਆਲ਼ ਦੁਆਲ਼ ਨਾਲ਼

ਕਿਤੇ ਰਿਸ਼ਤਾ ਤਿੜਕ ਗਿਐ

............

ਹੁਣ ਸੱਕ ਮਲ਼ਦੀਆਂ ਰਾਵੀ ਦੇ ਪੱਤਣਾਂ ਨੂੰ ਅੱਗ ਲਾਉਣ

ਲਾਹੌਰਨਾਂ ਨਹੀਂ ਆਉਂਦੀਆਂ

ਹੁਣ ਕੋਈ ਸੋਹਣੀ ਝਨਾਂ ਚ ਨਹੀਂ ਠਿਲ੍ਹਦੀ

ਹੁਣ ਸਤਲੁਜ ਨੂੰ ਲੋਕ

ਆਪੇ ਹੀ ਬੁੱਢਾ ਦਰਿਆ ਆਖਦੇ ਨੇ

ਹੁਣ ਦਰਿਆਵਾਂ ਤੇ ਮੇਲੇ ਨਹੀਂ ਲਗਦੇ

.........

ਹੁਣ ਦਰਿਆ ਦੂਰ ਪਰ੍ਹੇ ਜਾਂਦੇ

ਰਾਹੀਆਂ ਨੂੰ ਵਾਜਾਂ ਮਾਰਦੇ ਨੇ

ਪੰਜਾਬ ਦੇ ਪੰਜ ਦਰਿਆ

ਕਦੇ ਕਦੇ ਖ਼ਾਬ ਵਿਚ ਮਿਲ਼ਦੇ

ਇਕ ਦੂਜੇ ਨੂੰ ਆਖਦੇ ਨੇ

ਪ੍ਰਸਿੱਧ ਪੰਜਾਬੀ ਲੇਖਕ ਗੁਰਦੀਪ ਸਿੰਘ ਪੁਰੀ ਜੀ ਨਹੀਂ ਰਹੇ – ਆਰਸੀ ਪਰਿਵਾਰ ਵੱਲੋਂ ਸ਼ਰਧਾਂਜਲੀ

ਗੁਰਦੀਪ ਸਿੰਘ ਪੁਰੀ 28 ਜੂਨ,1957 ( ਮੋਗਾ, ਪੰਜਾਬ ) 8 ਫਰਵਰੀ, 2011 ( ਗਲਾਸਗੋ, ਯੂ.ਕੇ. )

ਪ੍ਰਕਾਸ਼ਿਤ ਕਿਤਾਬਾਂ: ਤਿੰਨ ਕਹਾਣੀ ਸੰਗ੍ਰਿਹ: ਉਦਾਸੇ ਫੁੱਲ ਬਹਾਰ ਦੇ, ਖ਼ਾਹਿਸ਼, ਇੱਕ ਰਾਤ ਦਾ ਕ਼ਤਲ, ਕਵਿਤਾ ਸੰਗ੍ਰਹਿ: ਹਾਸੇ ਵਿਲਕ ਪਏ, ਸੱਖਣੇ ਹੱਥ, ਵਾਪਸੀ ਦਾ ਸਫ਼ਰ, ਤੇਰੀ ਉਡੀਕ ਵਿਚ ਰੇਖਾ ਚਿੱਤਰ: ਬਿਨ ਤੁਸਾਂ ਅਸੀਂ ਸੱਖਣੇ ਪ੍ਰਕਾਸ਼ਿਤ ਹੋਈਆਂ। ਮੋਗੇ ਦੀ ਮੁਸਕਾਣ, ਬ੍ਰਿਜਬਾਨੋ, ਕੀ ਜਾਣਾਂ ਮੈਂ ਕੌਣ , ਦਰਦ ਨਾ ਜਾਣੇ ਕੋਇ , ਦਰਦ ਭਿੱਜੇ ਬੋਲ, ਹੰਸਨੀਆਂ ਤ੍ਰਿਹਾਈਆਂ, ਅਮਲਤਾਸ ਦੇ ਫੁੱਲ, ਪ੍ਰਦੇਸੋਂ ਪਰਿੰਦੇ ਪਰਤ ਆਏ...ਤੇ ਹੋਰ ਬਹੁਤ ਸਾਰੀਆਂ ਪੱਤ੍ਰਿਕਾਵਾਂ ਤੇ ਮੈਗਜ਼ੀਨਾਂ ਦਾ ਸੰਪਾਦਨ ਅਤੇ ਸਹਿ-ਸੰਪਾਦਨ ਕੀਤਾ।

-----

ਦੋਸਤੋ! ਗਲਾਸਗੋ, ਯੂ.ਕੇ. ਵਸਦੇ ਡੈਡੀ ਜੀ ਦੇ ਪਰਮ ਮਿੱਤਰ ਲੇਖਕ ਗੁਰਦੀਪ ਸਿੰਘ ਪੁਰੀ ਜੀ ਵੀ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ। ਉਹਨਾਂ ਦੇ ਅਕਾਲ ਚਲਾਣੇ ਦੀ ਖ਼ਬਰ ਸੁਣ ਕੇ ਯਕੀਨ ਹੀ ਨਹੀਂ ਸੀ ਆ ਰਿਹਾ ਕਿਉਂਕਿ ਕੁਝ ਦਿਨ ਪਹਿਲਾਂ ਹੀ ਉਹਨਾਂ ਦੀ ਬਾਦਲ ਸਾਹਿਬ ਨੂੰ ਚਿੱਠੀ ਅਤੇ ਇਕ ਨਵੀਂ ਕਿਤਾਬ ਤੇਰੀ ਉਡੀਕ ਵਿਚ ਡਾਕ ਵਿਚ ਆਈ ਸੀ। ਪੁਰੀ ਸਾਹਿਬ ਮਹੀਨੇ ਵਿਚ ਦੋ-ਤਿੰਨ ਖ਼ਤ ਜ਼ਰੂਰ ਲਿਖਿਆ ਕਰਦੇ ਸਨ, ਜਿਨ੍ਹਾਂ ਵਿਚ ਉਹਨਾਂ ਦੇ ਕਈ ਬੀਮਾਰੀਆਂ ਤੋਂ ਪੀੜਿਤ ਹੋਣ ਦਾ ਜ਼ਿਕਰ ਹੁੰਦਾ ਸੀ, ਪਰ ਸੋਚਿਆ ਨਹੀਂ ਸੀ ਕਿ ਉਹ ਏਨੀ ਜਲਦੀ ਸਭ ਨੂੰ ਅਲਵਿਦਾ ਆਖ ਜਾਣਗੇ। ਆਰਸੀ ਪਰਿਵਾਰ ਵੱਲੋਂ ਉਹਨਾਂ ਨੂੰ ਯਾਦ ਕਰਦੇ ਹੋਏ, ਸ਼ਰਧਾਂਜਲੀ ਦੇ ਰੂਪ ਵਿਚ ਉਹਨਾਂ ਦੀ ਕਿਤਾਬ ਤੇਰੀ ਉਡੀਕ ਵਿਚ ਚੋਂ ਇਕ ਗੀਤ ਅਤੇ ਇਕ ਨਜ਼ਮ ਆਰਸੀ ਚ ਸ਼ਾਮਿਲ ਕਰ ਰਹੇ ਹਾਂ। ਪ੍ਰਮਾਤਮਾ ਪਰਿਵਾਰ ਨੂੰ ਇਸ ਵਿਛੋੜੇ ਨੂੰ ਸਹਿਣ ਦਾ ਬਲ ਬਖ਼ਸ਼ੇ।

ਅਦਬ ਸਹਿਤ

ਤਨਦੀਪ ਤਮੰਨਾ

======

ਤਨਹਾਈ

ਨਜ਼ਮ

ਤਨਹਾਈ ਦੂਰ ਤੱਕ ਫ਼ੈਲਿਆ

ਅੱਖਾਂ ਚ ਰੇਗਿਸਤਾਨ ਹੈ

ਅਜਿਹਾ ਕਬਰਿਸਤਾਨ ਹੈ

ਜਿੱਥੇ ਮੁਹੱਬਤ ਯਾਰ ਦੇ

ਦੀਦਾਰ ਕਰਨ ਹਿੱਤ

ਮੋਮ ਵਾਂਗ ਕ਼ਤਰਾ ਕ਼ਤਰਾ ਜਲ਼ਦੀ ਹੈ

ਨਾ ਜਿਉਂਦੀ ਹੈ, ਨਾ ਮਰਦੀ ਹੈ

ਤਨਹਾਈ ਅੱਖਾਂ ਦੇ ਸਮੁੰਦਰ ਦਾ

ਟੁੱਟਿਆ ਬੰਨ੍ਹ ਹੈ

ਦਿਲ ਦੇ ਘਰ ਵਿਚ ਲੱਗੀ ਅਜਿਹੀ ਸੰਨ੍ਹ ਹੈ

ਜਿੱਥੋਂ ਖ਼ੁਸ਼ੀਆਂ....

ਘੁਣ ਵਾਂਗ ਕਿਰਦੀਆਂ ਹਨ

ਤੇ ਗ਼ਮ...

ਸੰਘਣੇ ਬੱਦਲ਼ਾਂ ਵਾਂਗ ਫ਼ੈਲ ਜਾਂਦੇ ਹਨ....

..........

ਤਨਹਾਈ ਦਿਲ ਚੋਂ ਨਿਕਲ਼ੀ

ਅਜਿਹੀ ਚੀਕ ਹੈ

ਜਿਸਨੂੰ ਮੀਲਾਂ ਤੱਕ ਕੋਈ ਨਹੀਂ ਸੁਣਦਾ

ਸ਼ਾਇਦ ਸੁਣਨ ਵਾਲ਼ਿਆਂ ਨੇ

ਕੰਨਾਂ ਚ ਰੂੰ ਦੇ ਰੱਖੀ ਹੁੰਦੀ ਹੈ

ਇਹੀ ਸਮਝੋ ਕਿ...

ਇਕ ਤਨਹਾ ਨੂੰ ਮਿਲ਼ਿਆ

ਇਹ ਤਾਂ ਇ ਸਰਾਪ ਹੈ

ਬਦਲੇ ਉਸਦੇ ਜੋ ਵੀ ਕੀਤਾ ਉਸ ਪਾਪ ਹੈ

ਪਰ ਤਨਹਾਈ ਤਾਂ ਇਕ ਵਿਰਲਾਪ ਹੈ....

...........

ਤਨਹਾਈ ਘਾਇਲ ਹੋਏ ਪੰਛੀ ਦੀ ਪਰਵਾਜ਼ ਹੈ

ਮਰ ਰਹੇ ਆਦਮੀ ਦੀ ਦਰਦ ਭਰੀ ਆਵਾਜ਼ ਹੈ

ਸਿਸਕੀਆਂ ਤੇ ਹਾਉਕਿਆਂ ਦਾ ਖ਼ਜ਼ਾਨਾ ਹੈ

ਆਪਣੀ ਹੀ ਜ਼ਿੰਦਗੀ ਦਾ

ਉਲ਼ਝਿਆ ਤਾਣਾ-ਬਾਣਾ ਹੈ

ਗ਼ਮ-ਦਰ-ਗ਼ਮ ਦਾ ਸਫ਼ਰ ਹੈ

ਜਿਸ ਤੋਂ ਹਰ ਖ਼ੁਸ਼ੀ ਬੇਖ਼ਬਰ ਹੈ....

..............

ਤਨਹਾਈ ਪਿੰਜਰੇ ਵਿਚ ਤੜੇ ਪੰਛੀ ਦੀ ਹੂਕ ਹੈ

ਬਿਨਾ ਸਿਰ ਬੰਸਰੀ ਚ ਮਾਰੀ ਫੂਕ ਹੈ

ਪਲਾਂ ਨੂੰ ਸਦੀਆਂ ਵਿਚ ਬਦਲ਼ਣ ਦੀ ਰੀਤ ਹੈ

ਜ਼ਖ਼ਮੀ ਅੱਖਰਾਂ ਦਾ ਰੋ ਰਿਹਾ ਗੀਤ ਹੈ

ਜਿਸਦਾ ਮਰ ਰਿਹਾ ਸੰਗੀਤ ਹੈ

ਤੇ ਮਰ ਰਹੀ ਪ੍ਰੀਤ ਹੈ....

.............

ਤਨਹਾਈ ਰੋਹੀ ਚ ਉੱਗਿਆ ਰੁੱਖ ਹੈ

ਜਿਸਦਾ ਦਾ ਦਮ ਤੋੜ ਚੁੱਕਿਆ ਹਰ ਸੁੱਖ ਹੈ

ਜਿਸਦਾ ਸਾਥੀ ਬਸ ਦੁੱਖ ਅਤੇ ਦੁੱਖ ਹੈ

ਜਿਸਦੀ ਹਰ ਕਹਾਣੀ ਦਾ

ਬੁਲਾਰਾ ਵੀ ਉਹ ਆਪ ਹੈ

ਤੇ ਸਰੋਤਾ ਵੀ ਆਪ

ਇਕੱਲਾ ਤਨਹਾ ਵੀ

ਤੇ ਖ਼ੁਦ ਇੱਕ ਕਾਫ਼ਿਲਾ ਵੀ....

................

ਤਨਹਾਈ, ਦਰਿਆ ਚ ਠੇਲ੍ਹਿਆ

ਕੱਚੀ ਮਿੱਟੀ ਦਾ ਘੜਾ ਹੈ

ਜਿਸਦਾ ਪੰਧ ਲੰਮੇਰਾ

ਪਰ ਵਜੂਦ ਅਕਹਿਰਾ ਹੈ

ਜਿਸਦੇ ਉੱਪਰ ਜ਼ਿੰਦਗੀ

ਅਤੇ ਥੱਲੇ ਮੌਤ ਹੈ

ਜਿਸਨੇ ਧਾਰੀ ਮਹਿਬੂਬ ਨੂੰ

ਮਿਲ਼ਣ ਦੀ ਮਨੌਤ ਹੈ....

...........

ਤਨਹਾਈ ਪੱਤਝੜ ਦੀ ਰੁੱਤੇ

ਬਾਗ਼ੀਂ ਬੋਲਦੀ

ਬੁਲਬੁਲ ਦੀ ਪੁਕਾਰ ਹੈ

ਬਹਾਰ ਨੂੰ ਲੱਭਦੀ ਪਰਵਾਜ਼ ਹੈ

ਖ਼ੁਦਾ ਨੂੰ ਕੋਸਦੀ ਆਵਾਜ਼ ਹੈ

ਦਿਲ ਚ ਨੱਪਿਆ ਇਕ ਰਾਜ਼ ਹੈ

ਅਧੂਰਾ ਪਿਆ ਅਜਿਹਾ ਕਾਜ ਹੈ

ਜੋ ਪੂਰਾ ਹੋਣ ਦੀ ਉਮੀਦ ਲੈ

ਤਿੱਖੜ ਦੁਪਹਿਰੇ

ਰੋਹੀਆਂ, ਬੀਆਬਾਨਾਂ ਵਿਚ

ਸੂਲ਼ੀ ਤੇ ਲਟਕਦਾ ਹੈ....

=====

ਗੀਤ

ਹਾਸੇ ਵਿਲਕ ਪਏ।

ਹਾਸੇ ਤਿਲ੍ਹਕ ਪਏ।

-----

ਵਾਰਿਸ ਨੂੰ ਬੁਲਾਇਆ ਜਦੋਂ

ਸ਼ਿਵ ਨੂੰ ਵੰਡਾਇਆ ਜਦੋਂ

ਸੁੱਚੇ ਜਿਹੇ ਸੱਚ ਨੂੰ

ਸੂਲ਼ੀ ਤੇ ਚੜ੍ਹਾਇਆ ਜਦੋਂ

ਹਾਸੇ ਵਿਲਕ ਪਏ....

-----

ਖਿੰਡਿਆ ਪੰਜਾਬ ਜਦੋਂ

ਮਿੱਧਿਆ ਗੁਲਾਬ ਜਦੋਂ

ਪਾਟੀ ਏ ਕਿਤਾਬ ਜਦੋਂ

ਰੁਲ਼ੇ ਨੇ ਖ਼੍ਵਾਬ ਜਦੋਂ...

ਹਾਸੇ ਵਿਲਕ ਪਏ....

-----

ਚਿੱਟਾ ਹੋਇਆ ਖ਼ੂਨ ਜਦੋਂ

ਚੜ੍ਹਿਆ ਜਨੂੰਨ ਜਦੋਂ

ਮਿੱਟੀ ਹੋਈ ਜੂਨ ਜਦੋਂ

ਵਿਕ ਗਏ ਕਾਨੂੰਨ ਜਦੋਂ...

ਹਾਸੇ ਵਿਲਕ ਪਏ....

-----

ਹਿਜਰਤ ਹੋਈ ਜਦੋਂ

ਸ਼ਰਾਫ਼ਤ ਮੋਈ ਜਦੋਂ

ਮੁਹੱਬਤ ਰੋਈ ਜਦੋਂ

ਮਿਲ਼ੀ ਨਾ ਢੋਈ ਜਦੋਂ...

ਹਾਸੇ ਵਿਲਕ ਪਏ....

-----

ਸੁਣੀ ਨਾ ਬਾਤ ਜਦੋਂ

ਮੁੱਖ ਹੋਈ ਜਾਤ ਜਦੋਂ

ਗਵਾਚਾ ਹਰ ਦਿਨ ਜਦੋਂ

ਰੁਲ਼ੀ ਹਰ ਰਾਤ ਜਦੋਂ....

ਹਾਸੇ ਵਿਲਕ ਪਏ...

-----

ਸੋਚ ਜਦ ਖੜ੍ਹ ਗਈ

ਸਾਹਾਂ ਨੂੰ ਲੜ ਗਈ

ਸਦੀਆਂ ਦੇ ਮੋਹ ਦੀ

ਪੁੱਟੀ ਗਈ ਜੜ੍ਹ ਜਦੋਂ

ਹਾਸੇ ਵਿਲਕ ਪਏ...

-----

ਰੋਵਣ ਲੱਗੇ ਹਾਸੇ ਜਦੋਂ

ਲੱਗਣ ਕਿਆਸੇ ਜਦੋਂ

ਮੁਲਖ਼ ਤਬਾਹੀ ਵੱਲ

ਮਾਰੇ ਪਾਸੇ ਜਦੋਂ

ਹਾਸੇ ਵਿਲਕ ਪਏ...


Sunday, December 5, 2010

ਗੁਰਦਰਸ਼ਨ ਬਾਦਲ - ਨਵ-ਪ੍ਰਕਾਸ਼ਿਤ ਗ਼ਜ਼ਲ-ਸੰਗ੍ਰਹਿ ‘ਕਿਰਨਾਂ’ ‘ਚੋਂ ਆਰਸੀ ਦੀ ਅੱਜ ਦੀ ਪੋਸਟ - ਗ਼ਜ਼ਲ

ਨਵ-ਪ੍ਰਕਾਸ਼ਿਤ ਗ਼ਜ਼ਲ-ਸੰਗ੍ਰਹਿ ਕਿਰਨਾਂ’ ‘ਚੋਂ ਆਰਸੀ ਦੀ ਅੱਜ ਦੀ ਪੋਸਟ

ਆਪਣੀਆਂ ਪਹਿਲੀਆਂ ਦੋ ਕਿਤਾਬਾਂ ਗੰਦਲ਼ਾਂਅਤੇ ਕਿਰਚਾਂਨਾਮੀ ਸੰਗ੍ਰਹਿਆਂ ਵਿਚ ਗ਼ਜ਼ਲ ਦੇ ਰੂਪ ਅਤੇ ਵਿਧਾਨ ਉੱਤੇ ਕਾਫ਼ੀ ਤਜਰਬੇ ਵੀ ਕੀਤੇ ਹਨ ਪਰ ਹੁਣ ਮਹਿਸੂਸ ਕਰਦਾ ਹਾਂ ਕਿ ਨਿਰੇ ਬਹਿਰਾਂ ਜਾਂ ਜ਼ਿਹਾਫ਼ਾਂ ਦੇ ਨਾਮ ਯਾਦ ਕਰ ਲੈਣੇ ਅਤੇ ਗ਼ਜ਼ਲਾਂ ਨੂੰ ਉਨ੍ਹਾਂ ਮੁਤਾਬਿਕ ਢਾਲ਼ ਲੈਣਾ ਹੀ ਕਾਫ਼ੀ ਨਹੀਂ ਹੈ ਸਗੋਂ ਹੋਰ ਵੀ ਬਹੁਤ ਸਾਰੇ ਪਹਿਲੂ ਹਨ ਜਿਨ੍ਹਾਂ ਬਾਰੇ ਜ਼ਿਆਦਾ ਧਿਆਨ ਦਿੱਤੇ ਜਾਣ ਦੀ ਜ਼ਰੂਰਤ ਹੈ। ਜਿਨ੍ਹਾਂ ਵਿਚ ਸਾਦਗੀ ਅਤੇ ਖ਼ਿਆਲ-ਉਡਾਰੀ ਪ੍ਰਮੁੱਖ ਹਨ।

ਸਾਦਗੀ ਗ਼ਜ਼ਲ ਦਾ ਉਹ ਮੀਰੀ ਗੁਣ ਹੈ ਜੋ ਕਿਸੇ ਲੇਖਕ ਵਿਚ ਲੰਮੀ ਘਾਲਣਾ ਤੋਂ ਬਾਅਦ ਆਉਂਦਾ ਹੈ ਅਤੇ ਖ਼ਿਆਲ ਦੀ ਉਡਾਰੀ ਨਾਲ਼ ਜਿੱਥੇ ਲੇਖਕ ਖ਼ੁਦ ਦਿਸਹੱਦਿਆਂ ਨੂੰ ਛੂਹਣ ਦਾ ਦਾਅਵੇਦਾਰ ਹੋ ਨਿਬੜਦਾ ਹੈ ਓਥੇ ਹੀ ਆਪਣੇ ਪਾਠਕਾਂ ਨੂੰ ਵੀ ਆਲੌਕਿਕ ਗਗਨ-ਮੰਡਲਾਂ ਦੀ ਸੈਰ ਕਰਵਾ ਦਿੰਦਾ ਹੈ। ਵੇਖਦੇ ਹਾਂ ਅਜੋਕੇ ਰਾਕਟ-ਯੁਗ ਵਿਚ ਅਣਦਿਸਦੇ ਸੌਰ-ਮੰਡਲ ਨੂੰ ਵਿਗਿਆਨੀ ਪਹਿਲਾਂ ਗਾਹੁੰਦੇ ਹਨ ਜਾਂ ਕੋਈ ਗ਼ਜ਼ਲਗੋ! ਲੇਖਕ ਦਾ ਫ਼ਰਜ਼ ਤਾਂ ਆਲ਼ੇ-ਦੁਆਲ਼ੇ ਵਿੱਚੋਂ ਕੁਝ ਖ਼ਾਸ ਲੱਭਣਾ ਅਤੇ ਸਮਾਜਿਕ ਸ਼ੀਸ਼ੇ ਦੇ ਸਾਹਮਣੇ ਰੱਖਣਾ ਹੁੰਦਾ ਹੈ ਪਰ ਇਹ ਸ਼ੀਸ਼ੇ ਦੀ ਮਰਜ਼ੀ ਹੈ ਕਿ ਉਹ ਧੁੰਦਲ਼ਾ ਹੀ ਰਹਿਣਾ ਚਾਹੁੰਦਾ ਹੈ ਜਾਂ ਸਾਫ਼ ਅਤੇ ਨੇਕ-ਦਿਲ।

ਗੁਰਦਰਸ਼ਨ ਬਾਦਲ

******

ਦੋਸਤੋ! ਅੱਜ ਦੀ ਪੋਸਟ ਚ ਡੈਡੀ ਜੀ ਗੁਰਦਰਸ਼ਨ ਬਾਦਲ ਜੀ ਦੇ ਹਾਲ ਹੀ ਵਿਚ ਪ੍ਰਕਾਸ਼ਿਤ ਗ਼ਜ਼ਲ-ਸੰਗ੍ਰਹਿ ਕਿਰਨਾਂ’ ‘ਚੋਂ ਚੰਦ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਸ਼ਾਮਿਲ ਕਰ ਰਹੀ ਹਾਂ। ਉਹਨਾਂ ਦੀਆਂ ਨਵ-ਪ੍ਰਕਾਸ਼ਿਤ ਕਿਤਾਬਾਂ ਬਾਰੇ ਵਿਸਤਾਰਤ ਜਾਣਕਾਰੀ ਟਾਈਟਲ ਡਿਜ਼ਾਈਨਾਂ ਸਹਿਤ ਕੱਲ੍ਹ ਨੂੰ ਪੋਸਟ ਕੀਤੀ ਜਾਵੇਗੀ। ਆਰਸੀ ਪਰਿਵਾਰ ਵੱਲੋਂ ਬਾਦਲ ਸਾਹਿਬ ਨੂੰ ਇਸ ਕਿਤਾਬ ਦੀ ਪ੍ਰਕਾਸ਼ਨਾ 'ਤੇ ਦਿਲੀ ਮੁਬਾਰਕਬਾਦ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

*****

ਗ਼ਜ਼ਲ

ਊਂ ਦਿਲ ਦਾ ਵਿਸਥਾਰ ਬੜਾ ਸੀ, ਵਿੱਚੋਂ ਇੰਨਾ ਨਿੱਕਲ਼ਿਆ।

ਕੰਡੇ ਉੱਤੇ ਭਾਰ ਤੋਲਿਆ, ਕੰਡੇ ਜਿੰਨਾ ਨਿੱਕਲ਼ਿਆ।

------

ਅੱਖੀਆਂ ਕੋਲ਼ ਚਰਿੱਤਰ ਕਿੰਨੇ, ਉਮਰਾਂ ਤਕ ਨਈਂ ਗਿਣ ਹੋਣੇ,

ਹੰਝੂ ਤਾਂ ਬਸ ਦੋ-ਤਿੰਨ ਹੀ ਸੀ, ਪਾਣੀ ਕਿੰਨਾ ਨਿੱਕਲ਼ਿਆ।

------

ਦੁੱਖਾਂ, ਦਰਦਾਂ, ਆਹਾਂ ਤਕ ਨੂੰ, ਲਗਦੈ ਬੰਨ੍ਹ ਲਵੇਗਾ ਉਹ,

ਜਿਸ ਰਾਹੀ ਦੇ ਬੋਝੇ ਵਿੱਚੋਂ, ਗ਼ਮ ਦਾ ਪਿੰਨਾ ਨਿੱਕਲ਼ਿਆ।

-----

ਬਾਦਲਦੀ ਤਾਸੀਰ ਦੁਤਰਫ਼ੀ, ਉਸਨੂੰ ਪਰਖ਼ਣ ਔਖਾ ਹੈ,

ਉੱਤੋਂ ਕੌੜਾ-ਕੌੜਾ, ਵਿੱਚੋਂ ਉਹ ਰਸ-ਭਿੰਨਾ ਨਿੱਕਲ਼ਿਆ।

=====

ਗ਼ਜ਼ਲ

ਲਾਰਿਆਂ ਤੇ ਹੋਰ ਵਾਅਦਾ ਟਿਕ ਗਿਆ।

ਖ਼ਾਰ ਤੇ ਸ਼ਬਨਮ ਦਾ ਕਤਰਾ ਟਿਕ ਗਿਆ।

-----

ਡੋਬ ਕੇ ਸੋਹਣੀ ਨੂੰ ਦਰਿਆ ਟਿਕ ਗਿਆ।

ਰੂਪ ਦੀ ਛੋਹ ਨਾਲ਼ ਪਾਰਾ ਟਿਕ ਗਿਆ।

-----

ਹੋਰ ਵੀ ਕੁਝ ਦੂਰ ਮੰਜ਼ਿਲ ਹੋ ਗਈ,

ਠੀਕ ਥਾਂ ਜਦ ਪੈਰ ਪਹਿਲਾ ਟਿਕ ਗਿਆ।

-----

ਤੁਰ ਗਈ ਬਰਸਾਤ, ਉਸਦੇ ਨਾਲ਼ ਹੀ,

ਦਿਲ ਦੇ ਮਚਲਣ ਦਾ ਵੀ ਖ਼ਤਰਾ ਟਿਕ ਗਿਆ।

-----

ਟਿਕ-ਟਿਕਾਅ ਵਿਚ ਝੂਮਦਾ ਸੀ ਮਸਤ ਹੋ,

ਨ੍ਹੇਰੀਆਂ ਆਈਆਂ ਤਾਂ ਪੱਤਾ ਟਿਕ ਗਿਆ।

-----

ਰੂਪ ਦੀ ਬੁੱਕਲ਼ ਚ ਹੀ ਠੰਢਕ ਮਿਲ਼ੀ,

ਰੂਪ ਦੀ ਬੁੱਕਲ਼ ਚ ਪਾਲ਼ਾ ਟਿਕ ਗਿਆ।

-----

ਮੈਂ ਇਕੱਲਾ ਹਾਂ, ਜ਼ਰਾ ਮੇਰੀ ਸੁਣੋ!

ਦੋ ਕੁ ਸਿਫ਼ਰਾਂ ਨਾਲ਼ ਏਕਾ ਟਿਕ ਗਿਆ।

-----

ਆਪਣੀ ਹੀ ਜੜ ਜਦੋਂ ਕਟਣੀ ਪਈ,

ਤੜਪਿਆ ਦਸਤਾ, ਕੁਹਾੜਾ ਟਿਕ ਗਿਆ।

-----

ਰਾਤ ਭਰ ਬਾਦਲਨਾ ਸੁੱਤਾ ਪੀੜ ਥੀਂ,

ਦਿਨ ਚੜ੍ਹਾਅ ਦੇ ਨਾਲ਼ ਕਮਲ਼ਾ ਟਿਕ ਗਿਆ।

=====

ਗ਼ਜ਼ਲ

ਪਿਸ ਰਹੇ ਨੇ ਪਰਦਿਆਂ ਅੰਦਰ, ਸਤਾਈ ਧੁੱਪ ਦੇ ਟੁਕੜੇ।

ਕਿਸ ਤਰ੍ਹਾਂ ਅਪਣੱਤ ਵੰਡਣ ਫਿਰ, ਪਰਾਈ ਧੁੱਪ ਦੇ ਟੁਕੜੇ।

------

ਕੌਣ ਰੋਕੇਗਾ? ਸਮੇਂ ਦੀ ਚਾਲ ਦਾ ਚੱਕਰ ਬੇਕਾਬੂ ਹੈ,

ਮਸਤ ਕੁਦਰਤ ਡੈਣ ਲੱਗੇ, ਤੇ ਲੁਕਾਈ ਧੁੱਪ ਦੇ ਟੁਕੜੇ।

-----

ਜਿਸ ਸਵੈਟਰ ਕੋਲ਼ ਏਨਾ ਨਿੱਘ ਤੇ ਅਪਣੱਤ ਭਰਿਆ ਹੈ,

ਉਹਨਾਂ ਮਾਹਿਰ ਉਂਗਲ਼ੀਆਂ ਦੀ ਹੈ ਬੁਣਾਈ, ਧੁੱਪ ਦੇ ਟੁਕੜੇ।

-----

ਤਨ ਢਕਣ ਦਾ ਫ਼ਿਕਰ ਕਾਹਦਾ ਹੈ, ਮਿਰੀ ਸਰਕਾਰ ਦੇ ਹੁੰਦਿਆਂ?

ਕਰ ਹੀ ਦਿੰਦੇ ਪੇਟ ਦੀ ਆਈ-ਚਲਾਈ, ਧੁੱਪ ਦੇ ਟੁਕੜੇ।

------

ਧੁੱਪ ਨੇ ਵੀ ਮੂੰਹ ਵਿਖਾਲਣ ਦੀ, ਅਨੋਖੀ ਸ਼ਰਤ ਰਖ ਦਿੱਤੀ,

ਧੁੱਪ-ਲਿਪਟੀ ਏਸ ਛਾਂ ਦੀ, ਮੂੰਹ-ਵਿਖਾਈ, ਧੁੱਪ ਦੇ ਟੁਕੜੇ।

-----

ਛਾਂ ਨਹੀਂ ਮੁਕਦੀ ਕਦੇ ਵੀ, ਕਹਿ ਰਹੀ ਹੈ ਬਾਣ ਦੀ ਮੰਜੀ,

ਵੇਖ ਸੂਰਜ ਇਕ ਹੈ, ਤੇ ਹਨ ਸਤਾਈ ਧੁੱਪ ਦੇ ਟੁਕੜੇ।

-----

ਆਸਮਾਂ ਹੋਇਐ ਵਿਰੋਧੀ, ਫੇਰ ਬਾਦਲਕੀ ਕਰੇ ਦੱਸੋ?

ਜਦ ਪਰਿੰਦੇ ਹੀ ਫਿਰਨ, ਖੰਭੀਂ ਲੁਕਾਈ ਧੁੱਪ ਦੇ ਟੁਕੜੇ।