ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Monday, February 11, 2013

ਆਰਸੀ ‘ਤੇ ਖ਼ੁਸ਼ਆਮਦੇਦ – ਜਨਾਬ ਚਰਨ ਸਿੰਘ – ਨਜ਼ਮਾਂ – ਭਾਗ ਦੂਜਾ



ਆਪਣੇ ਵਿਚਲੇ ਰੁੱਖ ਦੀ ਛਾਵੇਂ...
ਨਜ਼ਮ
ਆਪਣੇ ਵਿਚਲੇ ਰੁੱਖ ਦੀ ਛਾਵੇਂ
ਜਦ ਕਦੀ ਵੀ ਬੈਠਾ ਹਾਂ
ਤਪ ਗਿਆ ਹਾਂ

ਕਿੰਨਾ ਜੀਵਨ
ਇਸ ਦੇਹੀ ਵਿਚ ਵਸ ਰਿਹਾ ਹੈ
ਮੇਰਾ ਆਪਾ
ਵਿਚਲੇ ਪਿੱਛੇ, ਨੱਸ ਰਿਹਾ ਹੈ
ਮੇਰਾ ਵਿਚਲਾ, ਅੱਖੀਆਂ ਸਾਹਵੇਂ
ਪਰਛਾਵੇਂ ਦੀ ਅਸਲੀਅਤ
ਵਿਚ ਵਸ ਰਿਹਾ ਹੈ

ਪਰਛਾਵਾਂ ਜੇ ਮੁੱਠ
ਚ ਫੜਦਾਂ
ਆਪਣੇ ਅਸਤਿੱਤਵ ਤੋਂ ਡਰਦਾਂ
ਮੋਮ ਵਾਂਗ ਇਹ ਢਲ਼ ਨਾ ਜਾਵੇ
ਪਰਛਾਵੇਂ ਵਿਚ ਰਲ਼ ਨਾ ਜਾਵੇ
ਆਪਣੀ ਹੋਂਦ ਗੁਆ ਨਾ ਬੈਠਾਂ
ਚੇਤਨ-ਬੁੱਧ ਦੀ ਜਗਦੀ ਜੋਤੀ
ਮਨ ਚੰਚਲਤਾ ਦੇ ਭਰਮਾਇਆਂ
ਆਪਣੇ ਆਪ ਬੁਝਾ ਨਾ ਬੈਠਾਂ

ਉੱਠ ਮਨਾ!
ਤੂੰ ਜੀਵਨ ਦੀ ਅਭਟਕਣ
ਤੋਂ ਕੀ ਲੈਣਾ ਹੈ
ਛਾਵਾਂ ਦੇ ਮੋਹ
ਧੁੱਪ ਦੀ ਉਮਰੇ ਕੌਣ ਹੰਢਾਉਂਦੈ?
ਤਪਦੇ ਥਲ ਦੇ ਲੰਬੇ ਪੈਂਡੇ
ਸਾਗ਼ਰ ਤਰ ਕੇ ਕੌਣ ਮੁਕਾਉਂਦੈ?

ਕੰਪਿਊਟਰ
ਆਲਸ
ਤੇ ਥੁੱਕਦੈ
ਕੰਪਿਊਟਰ ਦਾ ਸਿਰਜਣਹਾਰਾ
ਤੱਕ ਕੇ ਛਾਵਾਂ ਨੂੰ ਕਦ ਰੁਕਦੈ?

ਕ਼ਬਰਾਂ ਦੀ ਖ਼ਾਮੋਸ਼ੀ ਅੰਦਰ
ਕਿਹੜਾ ਸੁੱਖ ਹੈ
ਕ਼ਬਰਾਂ ਦੀ ਮਿੱਟੀ ਸੰਗ
ਕਿਸ ਨੇ ਘਰ ਲਿੱਪਿਆ ਹੈ
ਜ਼ਿੰਦਗੀ ਸੋਧ-ਮਈ
ਇਕ ਵੇਗ ਦਾ ਨਾਂ ਹੈ
ਗੁੰਗੀ ਜੀਭਾ ਕੀ ਬੋਲੇਗੀ
ਮਨ ਦੇ ਘੋੜੇ
ਤੇ ਬਹਿ ਕਿਧਰੇ
ਜੀਭਾ
ਤੇ ਚੁੱਪ ਧਰ ਨਾ ਬੈਠੀਂ
ਭਟਕਣ ਹੱਥੋਂ ਛੱਡ ਨਾ ਬੈਠੀਂ
ਅਭਟਕਣ ਨੂੰ ਫੜ ਨਾ ਬੈਠੀਂ

ਹਵਾ ਹਮੇਸ਼ਾ ਵਗਦੀ ਹੈ
ਦਰਿਆ ਕਦੇ ਖੜ੍ਹਿਆ ਹੈ ਦੱਸ ਖਾਂ?
ਸੂਰਜ ਨੇ ਕਦ  ਤਲ਼ੀ
ਤੇ ਦੀਵਾ ਧਰਿਐ ਦੱਸ ਖਾਂ?
ਪਾਟੀ ਸੋਚ
ਤੇ ਟਾਕੀ ਲਾ ਕੇ
ਸ਼ੀਸ਼ਾ ਮੇਰੇ ਆਪੇ ਉੱਤੇ ਹੱਸ ਰਿਹਾ ਹੈ
ਕੁੱਲੀ, ਗੁੱਲੀ, ਜੁੱਲੀ ਦੀ ਗੱਲ ਦੱਸ ਰਿਹਾ ਹੈ

ਪੈਰਾਂ ਵਿਚਲੀ ਆਹਟ
ਤਰਲੋ-ਮੱਛੀ ਹੋ ਰਹੀ ਹੈ
ਜ਼ਿੰਦਗੀ ਦੇ ਇਕ ਮੋਏ ਪਲ
ਤੇ ਰੋ ਰਹੀ ਹੈ
ਇਸ ਰੁੱਖ ਹੇਠਾਂ
ਦੂਜਾ ਸਾਹ ਜੇ ਤੂੰ ਭਰਿਆ
ਸਮਝ ਲਵੀਂ ਫਿਰ
ਆਪਣੀ ਮੌਤੇ ਆਪੇ ਮਰਿਆ
ਉੱਠ ਮਨਾ!
ਛਾਵਾਂ ਦੇ ਮੋਹ
ਧੁੱਪ ਦੀ ਉਮਰੇ ਕੌਣ ਹੰਢਾਉਂਦੈ
ਤਪਦੇ ਥਲ ਦੇ ਲੰਬੇ ਪੈਂਡੇ
ਸਾਗ਼ਰ ਤਰ ਕੇ ਕੌਣ ਮੁਕਾਉਂਦੈ
=====
ਭਾਰਤ-ਪਾਕਿ
ਨਜ਼ਮ

ਮੇਰੇ ਮਸਤਕ

ਅਜੇ ਵੀ ਸੜ ਰਿਹਾ
ਮੇਰਾ ਲਹੂ
ਤੇਰੇ ਮਸਤਕ

ਭੁੱਲ ਗਈ ਲੱਗੇ
ਥਲਾਂ ਦੀ ਵਗਦੀ ਅੱਗ....

ਤੂੰ ਧਰ ਕੇ
ਸਾਗ਼ਰ ਤਲ਼ੀ ਮੇਰੀ
ਮੇਰੇ ਤੋਂ ਇੰਝ ਵਿਦਾ ਹੋਈ
ਸੜਦੀ ਅੱਗ ਥਲ਼ਾਂ ਦੀ ਜਿਉਂ
ਦੇਹ
ਚੋਂ ਗੁਜ਼ਰ ਗਈ

ਮੈਂ ਰੌਣਕ ਸਾਂ
ਸਿਰ ਤੋਂ ਤਲ਼ੀਆਂ ਤਕ
ਤੂੰ ਫੇਰੀ ਨਜ਼ਰ ਕੀ ਸੱਜਣ
ਉਦਾਸੀ...
ਛੱਤ ਦੇ ਰਾਹੀਂ
ਵਿਹੜੇ
ਚ ਉੱਤਰ ਗਈ

ਉਸ ਹਨੇਰੀ ਨੂੰ
ਬੜੇ ਹੀ ਔਲ਼ਿਆਂ ਦੇ
ਰੁੱਖ ਰੋਏ ਸਨ
ਫ਼ਸਲ ਕੁੱਖ ਤਕ
ਜਿਨ੍ਹਾਂ ਦੀ ਸੁਬਾਹ ਝੜ ਗਈ
ਹੁਣ ਵੀ ਜ਼ਾਮਨ ਹੈ
ਸਤਲੁਜ ਦਾ ਕੰਢਾ
ਮੌਤ ਦਾ ਸਾਗ਼ਰ ਸੀ
ਜ਼ਿੰਦਗੀ ਤਰ ਗਈ

ਲਾਲ ਸੂਹੇ ਹੋ ਗਏ ਰੁੱਖਾਂ ਦੇ ਪੱਤਰ
ਖ਼ੂਨ ਦੀ ਰੰਗਤ ਜਿੱਧਰ ਵੀ ਗਈ
ਇਕ ਫ਼ਾਸਲਾ ਸੀ
ਤਹਿ ਕਰਨਾ ਨੰਗੇ ਪੈਰੀਂ ਅਸੀਂ
ਬਗਲਿਆਂ ਦੀ ਜੁੰਡਲੀ
ਅੰਗਿਆਰ ਰਾਹਾਂ

ਨਜ਼ਰ
ਚ ਕੰਡੇ ਧਰ ਗਈ

ਆਪਣੇ ਦਰਮਿਆਨ ਅਸਾਂ
ਕਾਗ਼ਜ਼ੀ ਦੀਵਾਰ ਚਿਣ ਲਈ
ਕਿ...
ਛਾਂ ਤੇਰੇ ਪਲਕਾਂ ਦੀ
ਮੇਰੀ ਧੁੱਪ  ਦੇ ਟੋਟੇ ਨੂੰ ਤਰਸ ਗਈ
ਮਹਿਫ਼ਲਾਂ ਸਨ
ਜਿਨ੍ਹਾਂ ਪਿੱਪਲਾਂ ਹੇਠ ਮਿੱਤਰਾਂ ਦੀਆਂ
ਕੰਧ ਤੋਂ ਝਾਕਾਂ
ਇਕ ਇਕ ਪੈਰ
ਤੇ
ਬਸਤੀ ਹੈ ਚੌਂਕੀਆਂ ਦੀ ਬਣ ਗਈ

ਸਲਮਾ!
ਮੈਂ...
ਤੇਰਾ ਪਥਰਾਅ ਗਿਆ
ਉਹ ਚੰਨ ਹਾਂ
ਚਾਨਣੀ ਜਿਸ ਦੀ
ਮੁੱਦਤਾਂ ਤੋਂ ਬੁਝ ਗਈ ਹਨੇਰਾ ਕਰ ਗਈ
ਸਲਮਾ! ਤੂੰ ਸੁਣਾ...
ਤੇਰੀ ਗੱਲ੍ਹ ਦਾ ਤਿਲ ਹੈ ਕਿਹੋ ਜਿਹਾ
ਰੰਗ ਤੇਰਾ ਹੁਣ ਵੀ ਹੈ
ਕੰਧ ਪਿੱਛੇ ਉੱਗੇ
ਕਸ਼ਮੀਰੀ ਸਿਉ ਜਿਹਾ
ਸਲਮਾ! ਹੁਣ ਵੀ
ਉਸ ਅੰਬ ਦੀਆਂ ਨੇ ਖੱਟੀਆਂ ਅੰਬੀਆਂ
ਜੋ ਪੀਪਣੀ
ਚੋਂ
ਬੋਲਦਾ ਸੀ ਮਾਖਿਉਂ ਜਿਹਾ

ਸਲਮਾ! ਈਦ ਹੈ ਅੱਜ
ਆਪਣੀਆਂ ਬਾਹਾਂ

ਆਪਣੇ-ਆਪ ਨੂੰ ਮੈਂ ਘੁੱਟ ਲਿਆ ਹੈ
ਕੰਧ
ਤੇ ਆਪਣੇ ਪਰਛਾਵੇਂ ਨੂੰ
ਆਪੇ ਚੁੰਮ ਲਿਆ ਹੈ
ਜਲ ਦੇ ਛੰਨੇ
ਚ ਆਪਣੇ ਆਪ ਨੂੰ
ਈਦ ਮੁਬਾਰਕ਼ ਆਖ ਲਈ ਏ
ਤੇ ਚੁੱਲ੍ਹੇ
ਤੇ ਧੁਖ ਰਹੀ
ਗਿੱਲੀ ਲਗਰ ਤੂਤ ਦੀ
ਸੁਣ ਰਹੀ ਏਂ....
ਤੂੰ ਹੀ ਤੂੰ ਅਲਾਪ ਰਹੀ ਹੈ....
ਤੂੰ ਹੀ ਤੂੰ ਅਲਾਪ ਰਹੀ ਹੈ....
ਮੇਰੇ ਮਸਤਕ

ਅਜੇ ਵੀ ਸੜ ਰਿਹਾ ਮੇਰਾ ਲਹੂ
ਤੇਰੇ ਮਸਤਕ

ਭੁੱਲ ਗਈ ਲੱਗੇ
ਥਲਾਂ ਦੀ ਵਗਦੀ ਅੱਗ....

ਆਰਸੀ ‘ਤੇ ਖ਼ੁਸ਼ਆਮਦੇਦ – ਜਨਾਬ ਚਰਨ ਸਿੰਘ – ਨਜ਼ਮਾਂ – ਭਾਗ ਤੀਜਾ



ਤੰਦੂਆ
ਨਜ਼ਮ

ਇਕ ਤੰਦੂਆ
ਚਿੱਟੇ ਤਖ਼ਤਪੋਸ਼
ਤੇ ਬੈਠਾ
ਇਕ ਰਾਧਾ ਨੂੰ ਰੋਜ਼ ਖਾਂਦਾ ਹੈ
ਤੇ ਹਰ ਦਿਨ
ਇਕ ਨਵਾਂ ਕ੍ਰਿਸ਼ਨ ਦਫ਼ਨਾਂਦਾ ਹੈ
ਇਹ ਤੰਦੂਆ ਸੋਲ੍ਹਾਂ ਕਲਾ ਨਹੀਂ
ਅਠਾਰਾਂ ਕਲਾਂ ਸੰਪੂਰਨ ਹੈ
ਇਹ ਤੰਦੂਆ
ਇਸ ਯੁੱਗ ਦਾ ਪੂਰਨ ਹੈ

ਇਹ ਤੰਦੂਆ
ਆਪਣੀ ਵਹੀ
ਤੇ ਸਭ ਦੇ ਨਾਮ
ਚੜ੍ਹਾਈ ਜਾਂਦਾ
ਜ਼ਰਦੀ
ਚ ਪਲ਼ਦੇ ਬੋਟਾਂ ਤੱਕ ਖਾਈ ਜਾਂਦਾ
ਇਸ ਤੰਦੂਏ ਨੇ ਆਪਣੇ ਅੰਦਰ
ਕਈ ਨਦੀਆਂ ਉਤਾਰ ਲਈਆਂ ਹਨ
ਕਈ ਝੀਲਾਂ
ਆਪਣੀ ਅੱਗ
ਚ ਠਾਰ ਲਈਆਂ ਹਨ

ਇਸ ਸ਼ਹਿਰ ਦੀਆਂ ਮਾਵਾਂ ਨੇ
ਹੁਣ ਧੀਆਂ ਜੰਮਣੀਆਂ ਛੱਡ ਦਿੱਤੀਆਂ ਨੇ
ਆਪਣੇ ਪੇਟ
ਚ ਧੀਆਂ ਤੱਕ
ਪੇਟ ਦੇ ਵਿਚ ਹੀ ਮਾਰ ਦਿੰਦੀਆਂ
ਤੇ ਮੋਈਆਂ ਧੀਆਂ ਦੀਆਂ ਲਾਸ਼ਾਂ
ਤੰਦੂਏ ਦੀ ਭੇਟ ਚਾੜ੍ਹ ਦਿੰਦੀਆਂ

ਤੰਦੂਆ ਖ਼ੁਸ਼ ਹੁੰਦਾ
ਕਿ ਉਸ ਦੀ ਦਹਿਸ਼ਤ
ਮਾਂ ਦੀ ਦੇਹ ਤੋਂ ਮਾਂ ਦੀ ਕੁੱਖ
ਤੱਕ ਫੈਲ ਗਈ ਹੈ
ਉਸ ਦੀ ਸੂਰਤ
ਸ਼ਹਿਰ ਦੀ ਹਰ ਇਕ ਅੱਖ

ਠਹਿਰ ਗਈ ਹੈ

ਸੜਕਾਂ ਤੇ ਬਾਜ਼ਾਰਾਂ ਅੰਦਰ
ਨਗਨ ਯੋਨੀਆਂ ਹੋਕਾ ਦੇਵਣ
ਮਾਵਾਂ ਆਪਣੀਆਂ
ਕੁੱਖਾਂ ਨੂੰ ਰੋਵਣ
ਹੈ ਕੋਈ ਮਰਦ
ਇਸ ਸ਼ਹਿਰ

ਜੋ ਤੰਦੂਏ ਦੀਆਂ ਤੰਦਾਂ ਕੱਟੇ
ਸਾਨੂੰ ਬੇਸ਼ਕ਼ ਗਿਰਵੀ ਰੱਖ ਲਵੇ
ਆਪਣੇ ਸਿਰ ਦੇ ਵੱਟੇ
ਹੈ ਕੋਈ ਮਰਦ
ਇਸ ਸ਼ਹਿਰ

ਜੋ ਮਾਵਾਂ ਦੀ ਇੱਜ਼ਤ ਬਚਾਵੇ
ਮਾਂ ਦੇ ਦੁੱਧ ਦਾ ਮੁੱਲ ਚੁਕਾਵੇ
ਤੇ ਤੰਦੂਏ ਨੂੰ ਮਾਰ ਮੁਕਾਵੇ??

ਕੌਣ ਸੁਣੇ ਦਾਦਾਂ ਫ਼ਰਿਆਦਾਂ
ਜੱਗ ਜਨਣੀ ਮਾਂ ਮਮਤਾ ਦੀਆਂ
ਅਜ ਅਠਾਰਾਂ ਕਲਾਂ ਸੰਪੂਰਨ ਤੰਦੂਆ
ਸ਼ਹਿਰ ਦੀ ਰਗ ਰਗ
ਚ ਸਮਾਇਆ ਹੈ
ਹਰ ਮਰਦ ਦੇ ਚਿਰਹੇ
ਚੋਂ
ਤੰਦੂਆ ਹੀ ਉੱਗ ਆਇਆ ਹੈ...
======
ਰਖਵਾਲਾ
ਨਜ਼ਮ

ਮੈਂ ਇਸ ਸ਼ਹਿਰ ਦੀਆਂ ਨੀਹਾਂ ਹੇਠ ਆਏ
ਪਿੰਡ ਦਾ ਰਖਵਾਲਾ ਹਾਂ
ਮੈਂ ਰਾਤ ਨੂੰ ਕਦੀ ਨਹੀਂ ਸੁੱਤਾ
ਪਹਿਰੇ
ਤੇ ਹੀ ਰਿਹਾ ਹਾਂ
ਮੈਂ ਦਿਨੇ ਵੀ ਨਹੀਂ ਸੁੱਤਾ
ਮੈਂ ਸਾਰੀ ਉਮਰ ਜਾਗਦਾ ਹੀ ਰਿਹਾ ਹਾਂ

ਮੈਂ ਸੁੱਤਾ ਹਾਂ ਜਦੋਂ ਪਿੰਡ ਜਾਗਦਾ ਸੀ
ਆਪਣੇ ਮਾਲ-ਡੰਗਰ ਦੀ ਰਾਖੀ ਕਰਦਾ ਸੀ
ਤੇ ਸੰਭਾਲ਼ਦਾ ਸੀ

ਪਰ ਇਹ ਸ਼ਹਿਰ
ਪਤਾ ਨਹੀਂ ਕਿਸ ਤਰ੍ਹਾਂ
ਪਿੰਡ
ਚ ਘੁਸ ਆਇਆ
ਪਿੰਡ ਦੀ ਕ਼ਬਰ
ਚੋਂ ਉੱਗਿਆ
ਪਿੱਪਲ ਤੇ ਬੋਹੜ ਦੀ ਥਾਂ
ਵਾਂਗ ਛਾਅ ਗਿਆ

ਪਿੰਡ ਦੇ ਸੁੰਦਰ ਨਕਸ਼ ਰੰਗ ਰੂਪ
ਨਿਗਲ਼ ਗਿਆ
ਰੁੱਖਾਂ, ਪਸ਼ੂਆਂ, ਪੰਛੀਆਂ ਦੀਆਂ
ਜੀਭਾਂ ਟੁੱਕ ਗਿਆ
ਪਿੰਡ ਦਾ ਸੁਭਾਅ
ਤੇ ਕੁਦਰਤੀ ਹੁਸਨ ਪੀ ਗਿਆ
ਪਿੰਡ ਦੀ ਵੱਖੀ
ਚੋਂ ਵਗਦੀ ਨਦੀ
ਸੁਕਾਅ ਗਿਆ
ਖੂਹ, ਖੂਹੀਆਂ ਦਾ ਜਲ ਪੱਥਰ ਬਣਾ ਗਿਆ
ਸਵੇਰੇ ਮੰਦਰ ਦੇ ਸੰਖਾਂ ਦੀਆਂ ਧੁਨਾਂ
ਤੇ ਬਾਣੀ ਦੇ ਬੋਲਾਂ ਦੇ ਕੰਠ ਦਬਾਅ ਗਿਆ

ਪਿੱਪਲਾਂ ਹੇਠ ਲਗਦੀਆਂ
ਮਹਿਫ਼ਲਾਂ ਸੰਗ ਛਾਵਾਂ ਖਾ ਗਿਆ
ਪਿੰਡ ਦੀ ਰੌਣਕ
ਚ ਉਜਾੜਾਂ ਧਰ ਗਿਆ
ਪਿੰਡ ਦੀ ਆਬੋ-ਹਵਾ ਨੂੰ
ਬਣਵਾਸੀ ਕਰ ਗਿਆ
ਪਿੰਡ ਦੀ ਹਰਿਆਵਲ ਦੇ ਨੈਣੀਂ
ਅੰਗਿਆਰ ਧਰ ਗਿਆ
ਪਿੰਡ ਦੀ ਹਰੀ ਕਚੂਰ ਹਿੱਕ਼
ਤੇ
ਪੱਥਰਾਂ ਦਾ ਜੰਗਲ ਉਗਾ ਗਿਆ
ਮੇਰੀ ਰੋਜ਼ੀ-ਰੋਟੀ ਦਾ ਜ਼ਰੀਆ
ਸ਼ਹਿਰ....
ਮੇਰਾ ਅੰਨਦਾਤਾ...  
ਪਿੰਡ ਖਾ ਗਿਆ
ਮੇਰੀ ਨਿਗਰਾਨੀ

ਮੇਰੇ ਜਾਗਦੇ ਹੀ ਜਾਗਦੇ
ਸ਼ਹਿਰ ਪਤਾ ਨਹੀਂ
ਕਿੰਝ ਪਿੰਡ
ਚ ਸਮਾਅ ਗਿਆ

ਹਨੇਰੀ ਰਾਤ
ਚੌਂਕੀਦਾਰ ਇਕ ਹੱਡ ਨਾਲ਼ ਟਕਰਾਇਆ
ਤੇ ਡਿੱਗ ਪਿਆ
ਹੱਡੀ
ਚੋਂ ਆਵਾਜ਼ ਆਈ
ਜਿਸ ਪਿੰਡ ਦਾ ਤੂੰ ਚੌਂਕੀਦਾਰ ਹੈਂ
ਉਸ ਪਿੰਡ ਦਾ ਵਜੂਦ
ਉਸ ਪਿੰਡ ਦੇ ਅੰਦਰ ਤੋਂ ਉਤਾਰ
ਪਿੰਡ ਦੇ ਅੰਦਰ ਦਾ ਸੱਚ ਪਹਿਚਾਣ
ਆਪਣੇ ਆਪ
ਚ ਉੱਤਰ ਤੇ ਜਾਣ...
ਪਿੰਡ ਨੂੰ ਸੰਨ੍ਹ ਸ਼ਹਿਰ ਨੇ ਬਾਹਰੋਂ ਲਾਈ ਹੈ
ਜਾਂ ਸੰਨ੍ਹ ਦੀ ਸੂਹ ਪਿੰਡ ਦੇ ਅੰਦਰੋਂ ਆਈ ਹੈ

ਚੌਂਕੀਦਾਰ ਆਪਣੇ ਅੰਦਰ ਉੱਤਰਿਆ
ਤੇ ਫਿਰ ਨਹੀਂ ਪਰਤਿਆ
ਆਪਣੀ ਨਜ਼ਰ ਦੇ ਸੱਚ ਅੱਗੇ ਹਾਰ ਗਿਆ
ਆਪਣੇ ਸਵਾਸ ਤਿਆਗ ਗਿਆ
ਪਰ ਅਜੇ ਵੀ ਅੱਧੀ ਰਾਤ ਨੂੰ
ਉਸ ਦੀ ਆਵਾਜ਼
ਸ਼ਹਿਰ ਦੀ ਹਰ ਜੂਹ
ਚ ਗੂੰਜਦੀ ਹੈ
.............
...ਆਪਣਾ ਅੰਦਰ ਹੀ ਆਪਣਾ ਚੋਰ ਹੈ
ਚੋਰ ਕਿੱਥੇ ਹੋਰ ਹੈ
ਪਹਿਰੇ ਦੀ ਅੰਦਰ ਲੋੜ ਹੈ
ਪਹਿਰੇ ਦੀ ਅੰਦਰ ਲੋੜ ਹੈ....


Tuesday, February 5, 2013

ਆਰਸੀ 'ਤੇ ਖ਼ੁਸ਼ਆਮਦੇਦ - ਜਨਾਬ ਪਰਮਿੰਦਰ ਸੋਢੀ ਸਾਹਿਬ - ਨਜ਼ਮਾਂ - ਭਾਗ ਪਹਿਲਾ



ਆਰਸੀ ਤੇ ਖ਼ੁਸ਼ਆਮਦੇਦ
ਸਾਹਿਤਕ ਨਾਮ: ਪਰਮਿੰਦਰ ਸੋਢੀ
ਅਜੋਕਾ ਨਿਵਾਸ: ਓਸਾਕਾ, ਜਾਪਾਨ
ਪ੍ਰਕਾਸ਼ਿਤ ਕਿਤਾਬਾਂ: ਕਾਵਿ-ਸੰਗ੍ਰਹਿ: ਉਤਸਵ, ਤੇਰੇ ਜਾਣ ਤੋਂ ਬਾਦ, ਇਕ ਚਿੜੀ ਤੇ ਮਹਾਂਨਗਰ, ਸਾਂਝੇ ਸਾਹ ਲੈਂਦਿਆਂ, ਝੀਲ ਵਾਂਗ ਰੁਕੋ, ਪੱਤੇ ਦੀ ਮਹਾਯਾਤਰਾ ( ਸਮੁੱਚੀ ਸ਼ਾਇਰੀ ਹਿੰਦੀ ਅਤੇ ਗੁਰਮੁਖੀ ਵਿਚ ) ਅਨੁਵਾਦ: ਆਧੁਨਿਕ ਜਾਪਾਨੀ ਕਹਾਣੀਆਂ, ਸੱਚਾਈਆਂ ਦੇ ਆਰ-ਪਾਰ, ਚੀਨੀ ਦਰਸ਼ਨ
ਤਾਓਵਾਦ, ਜਾਪਾਨੀ ਹਾਇਕੂ ਸ਼ਾਇਰੀ, ਧੱਮਪਦ, ਗੀਤਾ, ਅਜੋਕੀ ਜਾਪਾਨੀ ਕਵਿਤਾ, ਸੰਪਾਦਨਾ ਸੰਸਾਰ ਪ੍ਰਸਿੱਧ ਮੁਹਾਵਰੇ,  ਵਾਰਤਕ: ਰੱਬ ਦੇ ਡਾਕੀਏ, ਅਤੇ ਅਜੋਕੀ ਜਾਪਾਨੀ ਕਵਿਤਾ ( ਮਾਸਿਕ ਅੱਖਰ ਦਾ ਵਿਸ਼ੇਸ਼ ਅੰਕ ) ਛਪ ਚੁੱਕੀਆਂ ਹਨ। ਹਾਲ ਹੀ ਵਿਚ ਸੋਢੀ ਸਾਹਿਬ ਦਾ ਨਵਾਂ ਕਾਵਿ-ਸੰਗ੍ਰਹਿ ਪਲ ਛਿਣ ਜੀਣਾ ਪ੍ਰਕਾਸ਼ਿਤ ਹੋਇਆ ਹੈ।
------
ਦੋਸਤੋ! ਕੁਝ ਮਹੀਨੇ ਪਹਿਲਾਂ ਸੋਢੀ ਸਾਹਿਬ ਦੀ ਸਮੁੱਚੀ ਸ਼ਾਇਰੀ ਦਾ ਸੰਗ੍ਰਹਿ
ਪੱਤੇ ਦੀ ਮਹਾਯਾਤਰਾ ਆਰਸੀ ਲਈ ਪਹੁੰਚਿਆ ਸੀ। ਜਿਸ ਨੂੰ ਪੜ੍ਹਨ ਅਤੇ ਹਰਫ਼-ਹਰਫ਼ ਮਾਨਣ ਉਪਰੰਤ ( ...ਤੇ ਹਾਂ.... ਇਹ ਕਿਤਾਬ ਮੈਂ ਪੂਰੇ ਤਿੰਨ ਵਾਰ ਪੜ੍ਹੀ ਹੈ ) ਮੈਂ ਇਕ ਲੇਖ ਵਿਚ ਆਪਣੇ ਵਿਚਾਰ ਕੁਝ ਇਸ ਤਰ੍ਹਾਂ ਪ੍ਰਗਟਾਏ ਸਨ....
-------
".....ਬੀਤੇ ਦਿਨੀਂ ਪਰਮਿੰਦਰ ਸੋਢੀ ਦੀ ਕਿਤਾਬ ਪੱਤੇ ਦੀ ਮਹਾਯਾਤਰਾ ਪੜ੍ਹਦਿਆਂ ਉਸਦੀ ਸ਼ਾਇਰੀ ਨੂੰ ਕ਼ਤਰੇ ਤੋਂ ਸਮੰਦਰ ਹੁੰਦਿਆਂ ਵੇਖਣ ਦਾ ਮੌਕਾ ਮਿਲ਼ਿਆ ਹੈ।  ਇਸ ਦੌਰਾਨ ਜ਼ਿਹਨ ਦੀਆਂ ਪਗਡੰਡੀਆਂ ਤੇ ਖਿੜੇ ਅਨੇਕਾਂ ਫੁੱਲਾਂ ਦੀ ਮਹਿਕ ਨੇ ਮੈਨੂੰ ਕੀਲ ਲਿਆ ਪਰਮਿੰਦਰ ਦੀ ਸ਼ਾਇਰੀ ਮਾਣਦਿਆਂ ਮੈਨੂੰ ਇੰਝ ਜਾਪਿਆ ਜਿਵੇਂ ਕਿਸੇ ਦਰਗਾਹ ਤੇ ਕੋਈ ਕੱਵਾਲ ਪੂਰੇ ਜਲਾਲ ਵਿਚ ਗਾ ਰਿਹਾ ਹੋਵੇ ਤੇ ਨੇੜੇ ਹੀ ਕੋਈ ਫ਼ਕੀਰ.. ਅੰਤਰ-ਧਿਆਨ ਹੋਇਆ....ਕਿਸੇ ਟਿਕੀ ਹੋਈ ਗਹਿਰੀ ਨੀਲੀ  ਝੀਲ ਵਿਚ...ਆਪਣੀਆਂ ਦੁਆਵਾਂ ਨਾਲ਼ ਤਰੰਗਾਂ ਛੇੜ ਰਿਹਾ ਹੋਵੇ.....ਸੰਦਲ ਦੇ ਰੁੱਖਾਂ ਤੋਂ ਹਵਾ ਨੇ ਮਹਿਕੇ-ਮਹਿਕੇ ਸਾਹ ਉਧਾਰੇ ਲਏ ਹੋਣ.... ਅਲਮਸਤ ਜਿਹੇ ਪੰਖੇਰੂਆਂ ਨੇ ਪਰਵਾਜ਼ ਰੋਕ ਕੇ ਪਰਬਤਾਂ ਦੀਆਂ ਟੀਸੀਆਂ ਤੇ ਡਿਗਦੇ..... ਸਰਦ ਰੁੱਤ ਦੇ ਪਹਿਲੇ ਬਰਫ਼ੰਬਿਆਂ ਨੂੰ ਨੀਝ ਨਾਲ਼ ਤੱਕਿਆ ਹੋਵੇ.... ਕਿਸੇ ਕੋਮਲ ਜਿਹੇ ਬੱਚੇ ਨੇ ਰੰਗ-ਬਿਰੰਗੇ ਖੰਭਾਂ ਦਾ ਕੋਲਾਜ ਬਣਾ ਕੇ ...ਭੋਲ਼ੀਆਂ-ਭਾਲ਼ੀਆਂ ਅੱਖਾਂ ਰਾਹੀਂ ਨਿੱਕੀ ਜਿਹੀ ਮੁਸਕਾਨ ਘੱਲੀ ਹੋਵੇ।
..........
ਉਸਦਾ ਸਾਰਾ ਕ਼ਲਾਮ ਪੜ੍ਹਨ ਉਪਰੰਤ ਮੈਨੂੰ ਇਝ ਜਾਪਿਐ ਕਿ ਉਸਦੀ ਨਜ਼ਮ ਨੇ ਕਿਸੇ ਅੰਤਰ-ਧਿਆਨ ਮੁਦਰਾ ਚ ਲੀਨ ਹੋ ਕੇ ਤਪ ਕੀਤਾ ਹੈ... ਕੋਲ਼ ਖੜ੍ਹੇ ਬਿਰਖ਼...ਪੈਰਾਂ ਹੇਠਲਾ ਕੂਲ਼ਾ ਘਾਹ......ਅੰਬਰ ਨਿਹਾਰਦੇ ਪਰਬਤ....ਕਿਨਾਰਿਆਂ ਨੂੰ ਪੁੱਛ ਕੇ ਵਗਦੀ ਨਦੀ.... ਫੁੱਲਾਂ ਭਰੀ ਡਾਲ ਤੇ ਮਸ਼ਵਰੇ ਕਰਦੇ ਪੰਛੀ.....ਸਭ ਇਸ ਤਪ ਦੇ ਗਵਾਹ ਹਨ....ਪਰ ਇਸ ਤਪ ਵਿਚ ਆਹੂਤੀ ਕਿਸ ਦੀ ਦਿੱਤੀ ਗਈ ਹੈ???? ਸਵੈ ਦੀ.. ਮਹੱਬਤ ਦੀ...???? ਪਰਮਿੰਦਰ ਦੀ ਮਹਿਬੂਬ, ਨਜ਼ਮ ਹੈ ਜਾਂ ਨਜ਼ਮ ਉਸਦੀ ਮਹਿਬੂਬ... ਮੈਨੂੰ ਉਸਦਾ ਸਾਦੇ ਪਰ ਰਹੱਸਮਈ ਢੰਗ ਨਾਲ਼ ਸੰਬੋਧਿਤ ਹੋਣਾ ਬਹੁਤ ਚੰਗਾ ਲੱਗਿਆ ਹੈ। ਉਸ ਦੀ ਕਿਤਾਬ ਪੱਤੇ ਦੀ ਮਹਾਯਾਤਰਾ ਦਰਅਸਲ ਸ਼ਾਇਰੀ ਦੇ ਨਾਲ਼-ਨਾਲ਼ ਉਸਦਾ ਆਪਣਾ ਬੌਧਿਕ ਅਤੇ ਅਧਿਆਤਮਕ ਸਫ਼ਰ ਹੈ..."

.......
ਪੂਰਾ ਲੇਖ ਮੈਂ ਕਦੇ ਫੇਰ ਸਾਂਝਾ ਕਰਾਂਗੀ....ਅੱਜ ਸੋਢੀ ਸਾਹਿਬ ਦੀ ਅਤਿ ਖ਼ੂਬਸੂਰਤ ਸ਼ਾਇਰੀ ਨੂੰ ਆਰਸੀ
ਚ ਸ਼ਾਮਿਲ ਕਰਦਿਆਂ ਮੈਨੂੰ ਰੂਹਾਨੀ ਖ਼ੁਸ਼ੀ ਮਹਿਸੂਸ ਹੋ ਰਹੀ ਹੈ। ਹਾਜ਼ਰੀ ਬਹੁਤ ਦੇਰ ਨਾਲ਼ ਲੱਗ ਰਹੀ ਹੈ..... ਮੁਆਫ਼ੀ ਚਾਹੁੰਦੀ ਹਾਂ ਜੀ। ਜਿਨ੍ਹੀਂ ਦਿਨੀਂ ਮੈਂ ਚੁੱਪ ਸਾਂ..... ਸੋਢੀ ਸਾਹਿਬ ਦੀ ਸਮੁੱਚੀ ਸ਼ਾਇਰੀ ਦੇ ਸੰਗ੍ਰਹਿ ਚੋਂ ਇਕ-ਇਕ, ਦੋ--ਦੋ ਕਰਕੇ ਨਜ਼ਮਾਂ ਟਾਈਪ ਕਰਕੇ ਰੱਖ ਰਹੀ ਸਾਂ.....ਅੱਜ ਮੈਂ ਸਮੂਹ ਆਰਸੀ ਪਰਿਵਾਰ ਵੱਲੋਂ ਸੋਢੀ ਸਾਹਿਬ ਨੂੰ ਖ਼ੁਸ਼ਆਮਦੇਦ ਆਖਦੀ ਹੋਈ.....ਪੱਤੇ ਦੀ ਮਹਾਯਾਤਰਾ ਚ ਸ਼ਾਮਿਲ ਹਰ ਕਾਵਿ-ਸੰਗ੍ਰਹਿ ਵਿੱਚੋਂ ਚੰਦ-ਚੰਦ ਨਜ਼ਮਾਂ ਲੈ ਕੇ ਮੈਂ ਸਮੁੱਚੀ ਪੋਸਟ ਨੂੰ ਤਿੰਨ-ਚਾਰ ਭਾਗਾਂ ਵਿਚ ਵੰਡ ਕੇ ਪੋਸਟ ਕਰਾਂਗੀ ਤਾਂ ਕਿ ਤੁਸੀਂ ਵੀ ਸੋਢੀ ਸਾਹਿਬ ਦੀ ਸ਼ਾਇਰੀ ਦੇ ਸਾਰੇ ਨਹੀਂ ਤਾਂ ਕੁਝ ਰੰਗਾਂ ਤੋਂ ਜ਼ਰੂਰ ਵਾਕਿਫ਼ ਹੋ ਸਕੋ....... ਮੇਰੇ ਵੱਲੋਂ ਇਕ ਵਾਰ ਫੇਰ ਸੋਢੀ ਸਾਹਿਬ ਦੀ ਕ਼ਲਮ ਨੂੰ ਸਲਾਮ..... ਜੀ ਆਇਆਂ ਨੂੰ ਸੋਢੀ ਸਾਹਿਬ ਜੀਓ... ਤੁਹਾਡੀ ਹਾਜ਼ਰੀ ਆਰਸੀ ਪਰਿਵਾਰ ਦਾ ਸੁਭਾਗ ਹੈ....:) ਬਾਕੀ ਨਜ਼ਮਾਂ ਵੀ ਇਕ-ਇਕ ਕਰਕੇ ਭਵਿੱਖ ਵਿਚ ਸਾਂਝੀਆਂ ਕਰਦੀ ਰਹਾਂਗੀ....ਬਹੁਤ-ਬਹੁਤ ਸ਼ੁਕਰੀਆ।
ਅਦਬ ਸਹਿਤ
ਤਨਦੀਪ

======

ਹੁਣ ਝੀਲ ਵਾਂਗ ਰੁਕੋ
ਨਜ਼ਮ

ਕਾਹਲ਼ੇ ਨਾ ਪਵੋ
ਡਰੋ ਨਾ ਪਿਆਰੇ
ਮਰ ਤਾਂ ਜਾਣਾ ਹੀ ਹੈ....

ਮੋਨਾਲੀਜ਼ਾ ਨੂੰ ਮਿਲ਼ੇ ਹੋ
ਤਾਂ ਹੁਣ ਪਲ ਦੋ ਪਲ
ਕੁਝ ਸੌਖੇ ਸਾਹ ਵੀ ਲਵੋ

ਤੇਈ ਵਾਰ ਜਿੱਤੇ ਹੋ
ਹੁਣ ਹਾਰਨ ਲੱਗੇ ਹੋ
ਤਾਂ ਸਹਿਮ ਗਏ ਹੋ

ਕਾਹਲ਼ੇ ਨਾ ਪਵੋ
ਡਰੋ ਨਾ ਪਿਆਰੇ
ਮਰ ਤਾਂ ਜਾਣਾ ਹੀ ਹੈ
ਮੋਨਾਲੀਜ਼ਾ ਨੂੰ ਮਿਲ਼ੇ ਹੋ
ਤਾਂ ਹੁਣ ਪਲ ਦੋ ਪਲ
ਪਿਆਰ ਨੂੰ ਸਵੀਕਾਰ ਕਰੋ...

ਜਿੱਥੋਂ ਆਈ ਸੀ ਪਿਆਰੇ
ਉੱਥਾ ਤਾਂ ਮੁੜਨਾ ਹੀ ਹੈ
ਪਰ ਹੁਣ ਤਾਂ ਏਥੇ ਹੀ ਹੋ ਨਾ

ਹੁਣ ਤਾਂ
ਇਸ ਪਲ ਨੂੰ
ਦਿਲ
ਚ ਖਿੜਨ ਦੇਵੋ
ਅੱਖ
ਚ ਲਿਸ਼ਕਣ ਦੇਵੋ
ਔਖਾ ਲੱਗੇ ਤਾਂ
ਬੁੱਲ੍ਹਾਂ ਤੇ ਹੀ ਉਤਰਨ ਦੇਵੋ...

ਮੋਨਾਲੀਜ਼ਾ ਨੂੰ ਵੀ
ਪਲ ਦੋ ਪਲ ਦਾ ਸੋਹਜ
ਚੰਗਾ  ਹੀ ਲੱਗਣਾ ਹੈ

ਸਾਹਾਂ ਵਿਚ ਸਹਿਜ ਹੋਵੇ
ਤਾਂ ਉਹ ਖ਼ੁਸ਼ਬੂ ਹੁੰਦੀ ਹੈ
ਮੋਹ ਵਿਚ ਸੋਹਜ ਹੋਵੇ
ਤਾਂ ਉਹ ਮਹਿਕ ਜਾਂਦੀ ਹੈ....

ਸਾਹ ਅਤੇ ਮੋਹ
ਸਹਿਜ ਅਤੇ ਸੋਹਜ
ਇਹ ਪਲ ਤੇ ਮੋਨਾਲੀਜ਼ਾ

ਅੱਜ ਦੇ ਦਿਨ
ਹੋਰ ਕੀ ਚਾਹੀਦਾ ਹੈ ਪਿਆਰੇ

ਡਰੋ ਨਾ ਪਿਆਰੇ
ਮਰ ਤਾਂ ਜਾਣਾ ਹੀ ਹੈ
ਮੀਂਹ ਵਾਂਗ
ਬੜਾ ਚਿਰ ਵਰ੍ਹੇ ਹੋ
ਹੁਣ ਝੀਲ ਵਾਂਗ ਰੁਕੋ

ਕਿੰਨੀ ਦੇਰ
ਪਹਾੜ ਚੜ੍ਹਦੇ ਰਹੋਗੇ
ਹੁਣ ਘਰਾਂ ਨੂੰ ਮੁੜੋ
ਜਿੱਤ ਦੀ ਪੰਡ ਬੋਝਲ ਹੋਈ
ਹੁਣ ਹਾਰਨ ਦਾ ਸੁਖ ਲਵੋ

ਉਮਰ ਭਰ
ਅੰਨ੍ਹੇਵਾਹ ਭੱਜੇ ਹੋ
ਹੁਣ ਚਿੱਤ ਏਕਮ ਬ੍ਰਹਮ ਕਰੋ
ਕੁਝ ਸੌਖੇ ਸਾਹ ਲਵੋ
ਥੋੜ੍ਹਾ ਪਿਆਰ ਕਰੋ...

ਆਵੋ ਪਿਆਰੇ
ਹੁਣ ਕੁਝ ਪਲ
ਮੋਨਾਲੀਜ਼ਾ ਕੋਲ਼ ਬਵ੍ਹੋ

ਡਰੋ ਨਾ ਪਿਆਰੇ
ਮਰ ਤਾਂ ਜਾਣਾ ਹੀ ਹੈ!
=====
ਤੂੰ ਇਕ ਆਦਿ-ਨਾਰੀ
ਨਜ਼ਮ

ਮਿਥਿਹਾਸ
ਚ ਵਿਛੜੇ ਸਾਂ
ਇਤਿਹਾਸ ਨੇ ਮੇਲੇ ਹਾਂ
ਆ ਹੁਣ ਗਲ਼ ਲੱਗ ਮਿਲ਼ੀਏ...

ਤੂੰ ਟਾਪੂ
ਤੇ ਖਿੜਿਆ ਫੁੱਲ
ਮੈਂ ਪਰਬਤ
ਤੇ ਬੈਠੇ
ਇਕ ਜੋਗੀ ਦਾ ਹੌਕਾ

ਤੂੰ ਨਾਰੀਅਲ ਦੀ ਮਹਿਕ
ਮੈਂ ਪੰਜ ਦਰਿਆਵਾਂ ਦੇ
ਕੰਢੇ ਉੱਗਿਆ ਘਾਹ

ਬੜਾ ਚਿਰ ਵਿਛੜੇ ਹਾਂ
ਆ ਹੁਣ ਕੋਲ਼ ਬਹੀਏ...

ਇਤਿਹਾਸ ਮਿਥਹਾਸ ਤੋਂ ਪਹਿਲਾਂ ਵੀ
ਇਕੋ ਮਘਦੀ ਧੂਣੀ ਕੋਲ਼
ਆਪਾਂ ਨੱਚਦੇ ਗਾਉਂਦੇ ਸਾਂ
ਤੂੰ ਇਕ ਆਦਿ-ਨਾਰੀ
ਮੈਂ ਕੋਈ ਆਦਿ-ਵਾਸੀ
ਬੜੀ ਦੇਰ ਤੋਂ ਭੁੱਲੇ ਹਾਂ
ਆ ਹੁਣ ਮੁੜ ਬਾਲ਼ ਲਈਏ
ਧੂਣੀ ਫਿਰ ਉਹੀ ਆਦਿ-ਜੁਗਾਦੀ

ਇਦਰ-ਗਿਰਦ ਉਸ ਦੇ ਬੈਠਾਂਗੇ
ਕੋਈ ਬਾਤ ਪੁਰਾਣੀ ਪਾਵਾਂਗੇ
ਕੁਝ ਨੱਚਾਂਗੇ ਕੁਝ ਗਾਵਾਂਗੇ

ਬੜੇ ਚਿਰ ਤੋਂ ਵਿਛੜੇ ਹਾਂ
ਆ ਹੁਣ
ਘੜੀ ਦੋ ਘੜੀ
ਕੋਲ਼ ਕੋਲ਼ ਬਹੀਏ

ਆ ਹੁਣ
ਇਕ ਦੂਜੇ ਦੇ
ਗਲ਼ ਲੱਗ ਲਈਏ...
======
ਤੂੰ ਹਵਾ ਵਾਂਗ ਉੱਤਰੀ
ਨਜ਼ਮ

ਅਸਮਾਨੀ ਰੰਗਾਂ
ਚ ਡੁੱਬੀ
ਤੂੰ ਹਵਾ ਵਾਂਗ ਉੱਤਰੀ
ਉੱਡ ਗਏ ਮੇਰੇ ਪੱਤੇ
ਦੂਰ ਤੱਕ ਪਸਰੇ ਥਲ਼ਾਂ
ਤੇ
ਸੂਖ਼ਮ ਕਾਇਆ ਮੇਰੀ
ਖੜ੍ਹੀ ਕੰਬਦੀ ਰਹੀ
ਕੱਲੀ-ਕਾਰੀ ਬੇਨਾਮ
ਅਣਦਿਸਦੇ ਰਾਹਾਂ
ਤੇ

ਝੜ ਗਏ ਮੇਰੇ
ਉਮਰਾਂ ਦੇ ਲੰਮੇ ਵਾਲ਼

ਚਕਿਤ ਹੋ ਮੈਂ ਦੇਖਣ ਲੱਗਾ
ਸੱਜਰੇ ਘਾਹ ਨੂੰ
ਪਾਰਕ
ਚ ਖੇਡਦੀਆਂ
ਚਿੜੀਆਂ ਨੂੰ

ਤੇਰੀਆਂ ਗੋਲ਼ ਅੱਖਾਂ
ਸਾਂਵਲੇ ਰੰਗ ਤੇ ਲੰਮੇ ਵਾਲ਼ਾਂ ਨੇ
ਠੰਡ
ਚ ਠੁਰਕ ਰਹੇ ਪਾਰਕ ਨੂੰ
ਮਮਤਾ ਵਰਗੇ
ਨਿੱਘ ਵਿਚ ਡੋਬ ਦਿੱਤਾ
ਮੇਰੇ ਸਿਰ ਵਿਚ ਵੱਜਦਾ
ਰੇਡਿਉ ਚੁੱਪ ਕਰ ਗਿਆ
ਮੇਰੀ ਛਾਤੀ
ਚ ਜੰਮੀ
ਬਰਫ਼ ਦੀ ਸਿੱਲ ਪਿਘਲ਼ਣ ਲੱਗੀ

ਕਈ ਸਾਲ ਪੁਰਾਣੀ
ਲੋਹੇ ਦੀ ਪੁਸ਼ਾਕ
ਚੋਂ
ਸਹਿਜੇ ਜਿਹੇ ਕੋਈ
ਬਾਹਰ ਨਿਕਲ਼ ਆਇਆ

ਤੇ ਤੇਰੀ ਗੋਦ

ਸਿਰ ਰੱਖ ਸੌਂ ਗਿਆ...
======

ਆਰਸੀ 'ਤੇ ਖ਼ੁਸ਼ਆਮਦੇਦ - ਜਨਾਬ ਪਰਮਿੰਦਰ ਸੋਢੀ ਸਾਹਿਬ - ਨਜ਼ਮਾਂ - ਭਾਗ ਦੂਜਾ



ਆਰਸੀ ਤੇ ਖ਼ੁਸ਼ਆਮਦੇਦ ਪਰਮਿੰਦਰ ਸੋਢੀ ਨਜ਼ਮਾਂ ਭਾਗ ਦੂਜਾ
======
 ਕੁੜੀ ਨੇ ਕਿਹਾ
ਨਜ਼ਮ
ਕੁੜੀ ਨੇ ਕਿਹਾ-
ਮੈਂ ਇਕ ਰੂਹ ਹਾਂ
ਇਕੱਲੀ ਤੇ ਇਕਹਿਰੀ
ਅੱਜ ਤੇਰੇ ਨਾਲ਼ ਹਾਂ
ਕੱਲ੍ਹ ਹੋਵਾਂ ਨਾ ਹੋਵਾਂ..


ਮੁੰਡੇ ਨੇ ਕਿਹਾ-
ਇਹ ਤਨ ਮੇਰਾ ਹੈ
ਇਹ ਮਨ ਤੇਰਾ
ਪਰ ਸੋਚ ਮਾਪਿਆਂ ਦੀ..


ਕੁੜੀ ਨੇ
ਕੁਝ ਦੇਰ ਬਹਿਸ ਕੀਤੀ
ਆਪਣੇ ਹੱਕ਼ ਲਈ ਬੜਾ ਕੁਝ ਬੋਲੀ

ਪਰ ਮੁੰਡਾ ਟਸ ਤੋਂ ਮਸ ਨਾ ਹੋਇਆ

ਮੁੰਡੇ ਨੂੰ ਪਤਾ ਸੀ
ਮਾਪਿਆਂ ਦਾ ਗਣਿਤ
ਉਮਰ ਭਰ ਸਾਥ ਦੇਵੇਗਾ
ਘਰ ਅਤੇ ਰਿਸ਼ਤੇ
ਪੱਕੀ ਇੱਟ ਦੇ ਸੀਮਿੰਟ ਵਾਂਗ ਹੋਣ
ਤਾਂ ਬਿਹਤਰ ਹੁੰਦੇ ਨੇ.....

ਕੁੜੀ ਨੂੰ ਪਤਾ ਸੀ
ਤਨ-ਮਨ ਤੇ ਸੋਚ
ਕੁਝ ਵੀ ਨਹੀਂ ਹੁੰਦੇ
ਜੇ ਕੁਝ ਹੁੰਦਾ ਹੈ
ਤਾਂ ਸਿਰਫ਼ ਰੂਹ ਹੁੰਦੀ ਹੈ

ਰੂਹ ਨੂੰ
ਜੀਣ-ਥੀਣ ਲਈ
ਪੱਕੀ ਇੱਟ
ਤੇ ਸੀਮਿੰਟ ਵਰਗਾ
ਕੁ ਝਨਹੀਂ ਚਾਹੀਦਾ

ਰੂਹ ਤਾਂ ਅਸਮਾਨ ਦਾ
ਇਕ ਟੋਟਾ ਹੁੰਦੀ ਹੈ
ਸੂਖ਼ਮ ਤੇ ਨਿਰਾਕਾਰ
ਜਿਵੇਂ ਸੰਗੀਤ ਹੁੰਦਾ ਹੈ
ਛੋਹ-ਕੰਪਨ ਹੁੰਦੀ ਹੈ
ਪਿਆਰ ਹੁੰਦਾ ਹੈ...

ਮਹਾਂਕਾਲ਼ ਦਾ
ਇਕ ਛਿਣ ਬਥੇਰਾ
ਕੀ ਉਮਰਾਂ ਦਾ ਜੀਣਾ..

ਕੁੜੀ ਨੇ ਕਿਹਾ-
ਤੂੰ ਮੇਰੀ ਸਿ੍ਰਸ਼ਟੀ
ਮੈਂ ਤੇਰੇ ਅੰਦਰ ਗੂੰਜਦਾ
ਤੇਰਾ ਅਨਹਦ-ਨਾਦ..


ਮੁੰਡੇ ਨੇ ਕਿਹਾ-
ਮੇਰੇ ਸਾਜ਼
ਹਾਲ਼ੇ ਥਾਂ ਸਿਰ ਨਹੀਂ ਹੋਏ
ਮੇਰਾ ਗਲ਼ਾ ਹੋਰ ਰਿਆਜ਼ ਮੰਗਦਾ ਹੈ..


ਕੁੜੀ ਨੇ ਕਿਹਾ-
ਮੈਂ ਤੇਰਾ ਸਾਜ਼
ਤੇਰੇ ਕੋਲ਼  ਹੋਵਾਂ ਤਾਂ ਇਕਸੁਰ ਇਕਤਾਰ
ਕਿਸੇ ਹੋਰ ਦੇ ਹੱਥਾਂ

ਹੋ ਜਾਵਾਂਗੀ ਬੇਸੁਰ ਤੇ ਬੇਤਾਲ..


ਇੰਨਾ ਕਹਿ ਕੇ
ਕੁੜੀ ਵਿਹੜੇ
ਚ ਉੱਗੇ
ਅਨਾਰ ਦੇ ਬੂਟੇ ਕੋਲ਼ ਆ ਬੈਠੀ

ਤੇ ਮੁੰਡਾ
ਸਫ਼ਲਤਾ ਤੇ ਸ਼ੋਹਰਤ ਦੀ
ਤਲਾਸ਼ ਵਿਚ
ਬਿਖਰੇ ਰਾਹਾਂ ਤੇ ਤੁਰ ਗਿਆ..
=====
ਆਪਣੇ ਕੋਲ਼ ਪਰਤਾਂਗਾ
ਨਜ਼ਮ

ਫੁੱਲ ਨੇ
ਮੇਰੀ ਮੁਸਕਾਨ
ਸੰਭਾਲ਼ ਲਈ ਹੈ
ਮੈਂ ਦੋ ਸਾਹ
ਸੌਖੇ ਲਵਾਂਗਾ
ਉਹ ਮੋੜ ਦੇਵੇਗਾ

ਪੰਛੀ ਨੇ ਮੇਰੀ ਪਰਵਾਜ਼
ਮੰਗ ਲਈ ਹੈ
ਮੈਂ ਅਸਮਾਨ ਵੱਲ
ਮੁੜ ਤੱਕਾਂਗਾ
ਉਹ ਮੋੜ ਦੇਵੇਗਾ...

ਜੰਗਲ ਕੋਲ
ਆਪਣਾ ਸੁਭਾਅ ਭੁੱਲ ਆਇਆ ਹਾਂ
ਕਵਿਤਾ ਲਿਖਾਂਗਾ
ਤਾਂ ਇਹ ਪਰਤ ਆਵੇਗਾ...

ਬੱਚਾ
ਮੇਰੀ ਟਪੂਸੀ ਚਾਲ
ਲੈ ਗਿਆ ਹੈ
ਨਾਲ਼ੇ ਕਹਿ ਗਿਆ ਹੈ
ਜਦੋਂ ਹਲਕਾ ਹੋਵੇਂਗਾ
ਮੋੜ ਜਾਵਾਂਗਾ...

ਸੜਕ ਕੋਲ਼
ਮੇਰਾ ਸਫ਼ਰ ਪਿਆ ਹੈ
ਬਿਰਖ਼ ਕੋਲ਼ ਰੁਣ-ਝੁਣ..
ਬਰਖਾ ਮੇਰਾ
ਚਿੱਤ ਲੈ ਗਈ ਹੈ
ਤੇ ਮਨੁੱਖ ਮੇਰੀ
ਨੇਕੀ...

ਮੈਂ ਜ਼ਰਾ ਕੁ

ਆਪਣੇ ਕੋਲ਼ ਪਰਤਾਂਗਾ
ਮੇਰੇ ਸਾਹ
ਕੋਮਲ ਹੋ ਜਾਣਗੇ

ਕੋਈ ਬੁੱਧ
ਮੇਰੇ ਸਿਰ
ਤੇ
ਹੱਥ ਰੱਖੇਗਾ....

ਫੁੱਲ ਪੰਛੀ ਅਸਮਾਨ
ਜੰਗਲ ਬੱਚਾ ਸੜਕ
ਬਿਰਖ਼ ਬਰਖਾ ਤੇ ਮਨੁੱਖ

ਇਹ ਸਾਰੇ ਦੇ ਸਾਰੇ
ਪਲ ਛਿਣ ਵਿਚ
ਮੇਰਾ ਖਿੰਡਿਆ ਆਪਾ
ਮੈਨੂੰ ਮੋੜ ਜਾਣਗੇ

ਮੈਂ ਜ਼ਰਾ ਕੁ
ਆਪਣੇ ਕੋਲ਼ ਪਰਤਾਂਗਾ....
=====
ਅੱਧਾ ਮੀਲ
ਨਜ਼ਮ

ਇਕ ਸੜਕ
ਤੇ
ਮੇਰੀ ਹਸਤੀ ਨਿੱਤ ਧੂੜ ਬਣ
ਫੈਲਦੀ ਹੈ...

ਇਕ ਸੜਕ
ਮੇਰੇ ਅੰਦਰ ਵਗਦੀ ਹੈ....

ਮੇਰੇ ਪੁਰਖੇ
ਪਿਛਾਂਹ ਕਿਤੇ ਰਹਿ ਗਏ ਹਨ
ਮੇਰਾ ਬਾਪੂ
ਹਾਲੇ ਪਿਛਲੇ ਹੀ ਮੋੜ
ਤੇ
ਓਝਲ ਹੋਇਆ ਹੈ
ਮੇਰੇ ਬੱਚੇ
ਕਿਤੇ ਅਗਾਂਹ ਨਿਕਲ਼ ਗਏ ਹਨ

ਮੈਂ ਆਪਣੇ ਹਿੱਸੇ ਦਾ
ਅੱਧਾ ਮੀਲ
ਹਾਲੇ ਤਹਿ ਕਰਨਾ ਹੈ....

ਸੜਕ ਦੇ ਖੱਬੇ ਹੱਥ
ਹਰਿਆਲੀ ਹੈ
ਜਿੱਥੇ ਰੁੱਖਾਂ ਦੀ
ਇਕ ਲੰਬੀ ਕਤਾਰ ਨਜ਼ਰ ਆਉਂਦੀ ਹੈ
ਰੁੱਖ ਵੀ
ਮੇਰੇ ਨਾਲ਼ੋ-ਨਾਲ਼ ਤੁਰਦੇ ਰਹੇ ਹਨ
ਇਹ ਮੈਨੂੰ
ਸੜਕ ਨੇ ਹੀ ਦੱਸਿਆ ਹੈ....

ਸੜਕ ਦੇ ਸੱਜੇ ਹੱਥ
ਦੇਸ਼ ਕਾਲ ਵਸਦਾ ਹੈ
ਜਿੱਥੇ ਬੋਧੀ ਮੰਦਰਾਂ ਦੀਆਂ
ਸੁਖਦ ਸਮੋਹਕ ਘੰਟੀਆਂ
ਤੋਂ ਲੈ ਕੇ
ਗ਼ੁਲਾਮਾਂ ਦੀਆਂ ਮੰਡੀਆਂ ਦਾ
ਦੁਖਦ ਸ਼ੋਰ ਹੈ....

ਮੈਂ ਆਪਣੇ ਹਿੱਸੇ ਦਾ
ਅੱਧਾ ਮੀਲ
ਹਾਲੇ ਤਹਿ ਕਰਨਾ ਹੈ....
======

ਆਰਸੀ 'ਤੇ ਖ਼ੁਸ਼ਆਮਦੇਦ - ਜਨਾਬ ਪਰਮਿੰਦਰ ਸੋਢੀ ਸਾਹਿਬ - ਨਜ਼ਮਾਂ - ਭਾਗ ਤੀਜਾ



ਆਰਸੀ ਤੇ ਖ਼ੁਸ਼ਆਮਦੇਦ ਪਰਮਿੰਦਰ ਸੋਢੀ ਨਜ਼ਮਾਂ ਭਾਗ ਤੀਜਾ
======
ਤੇਰੇ ਬਹਾਨੇ
ਨਜ਼ਮ

ਸ਼ਾਮ ਦੇ ਪਰਦੇ
ਤੇ
ਤੇਰੀ ਮੁਸਕਾਨ ਦੇ ਛਿੱਟੇ ਆਣ ਪਏ
ਮੇਰਾ ਵਜੂਦ ਵਕ਼ਤ ਦੇ ਪਰਾਂ
ਤੇ
ਧੱਬੇ ਵਾਂਗ ਫੈਲ ਗਿਆ....

ਮੋਹ ਦਾ ਇਕ ਪੱਲਾ
ਮੇਰੇ ਹੱਥਾਂ ਵਿਚ ਸੀ
ਦੂਜਾ ਤੇਰੇ ਬੁੱਲ੍ਹਾਂ ਦੇ
ਗੁਲਾਬੀ ਰੰਗ
ਤੇ....

ਸੁਪਨੇ ਦੀ ਮਹੀਨ ਚਾਦਰ ਦਾ
ਇਕ ਸਿਰਾ
ਤੇਰੀ ਕੋਮਲ ਆਵਾਜ਼
ਚ ਲਹਿਰਾਇਆ
ਦੂਜਾ ਮੇਰੀ ਛਾਤੀ ਨੇ ਸਾਂਭ ਲਿਆ....

ਤੇਰੀ ਅੱਖ
ਚੋਂ ਉੱਡਿਆ ਸੀ
ਜਿਹੜਾ ਇਕ ਉਕ਼ਾਬ
ਮੇਰੀ ਹਿੱਕੜੀ
ਚ ਡੁਬਕੀ ਮਾਰ ਗਿਆ....

ਤੇਰੀ ਤੇ ਮੇਰੀ ਛਾਤੀ ਨੂੰ
ਜੋੜ ਰਹੀ ਸੀ
ਨਿੱਘ ਦੀ ਇਕ ਅਕਾਸ਼ ਗੰਗਾ....

ਤੇਰੇ ਬਹਾਨੇ
ਮੈਂ ਅਣਡਿੱਠ ਦੇ ਉਸ ਪਾਰ
ਜਾ ਉਤਰਦਾ ਹਾਂ....

ਚੋਰਾਂ ਤੇ ਸੂਫ਼ੀਆਂ
ਠੱਗਾਂ ਤੇ ਭਿਖੂਆਂ ਸੇ
ਸਾਂਝੇ ਸ਼ਹਿਰ...
======
ਨੇੜੇ-ਦੂਰ
ਨਜ਼ਮ

ਤੂੰ ਮੇਰੇ ਇੰਨੀ ਕੋਲ਼
ਜਿੰਨਾ ਤਨ ਮਨ ਮੇਰੇ ਨੇੜੇ ਹੈ

ਮੇਰੇ ਤੇਰੇ ਤੋਂ ਇੰਨਾ ਦੂਰ
ਜਿੰਨਾ ਮਾਰੂਥਲ ਤੋਂ ਸਾਗ਼ਰ....

ਤੂੰ ਮੇਰੇ ਇੰਨੀ ਪਾਸ
ਜਿੰਨਾ ਬੱਚੇ ਨੂੰ ਮਾਂ ਦਾ ਅਹਿਸਾਸ

ਮੈਂ ਤੈਥੋਂ ਇੰਨਾ ਦੂਰ
ਜਿੰਨਾ ਪਰਦੇਸ ਗਏ ਨੂੰ ਆਪਣਾ ਦੇਸ.....

ਤੂੰ ਮੇਰੇ ਇੰਨੀ ਨਜ਼ਦੀਕ
ਜਿੰਨੀ-
ਪੰਛੀ ਕੋਲ਼ ਪਰਵਾਜ਼
ਮੀਂਹ ਕੋਲ਼ ਬੂੰਦ
ਬਿਰਖ਼ਾਂ ਕੋਲ਼ ਹਰਿਆਲੀ
ਤੇ ਬੁੱਧ ਕੋਲ਼ ਹੋਸ਼....

ਮੈਂ ਤੈਥੋਂ ਇੰਨਾ ਦੂਰ
ਜਿੰਨਾ
ਧਰਤੀ ਤੋਂ ਤਾਰੇ
ਪਾਣੀ ਤੋਂ ਪਿਆਸ
ਅਮਨਾਂ ਤੋਂ ਜੰਗ
ਤੇ ਹਓਮੈ ਤੋਂ ਹੋਸ਼....

ਤੂੰ ਮੇਰੇ ਕੋਲ਼ ਕੋਲ਼
ਮੈਂ ਤੈਥੋਂ ਦੂਰ ਦੂਰ
ਇੱਕੋ ਦਿਨ ਇੱਕੋ ਮੁਲਾਕ਼ਾਤ
ਤੇ ਇੱਕੋ ਰਿਸ਼ਤੇ ਦੀ ਧਰਤੀ
ਤੇ
ਵਾਪਰਦੇ ਨੇ ਕਈ ਵਾਰ
ਇਸ ਤਰ੍ਹਾਂ ਦੇ ਆਪਾ-ਵਿਰੋਧ....

ਤੂੰ ਮੈਂ ਨੇੜੇ ਦੂਰ
ਕੋਲ਼ ਕੋਲ਼ ਦੂਰ ਦੂਰ
=====
ਉਹ ਪਲ
ਨਜ਼ਮ

ਮਹਾਂਨਗਰ ਦੀ ਰਾਤ ਸੀ
ਪਾਲ਼ੇ ਦੀ ਵਰਖਾ ਹੇਠ
ਖੜ੍ਹੀ ਭਿੱਜ ਰਹੀ ਸੀ
ਉਹ ਸੋਹਣੀ ਕੁੜੀ

ਤੁਡੀਕ ਸੀ ਕਰ ਰਹੀ
ਉਹ ਕਿਸ ਦੀ..?

ਮੇਰੀ!

ਕੀ ਇਸ ਤੋਂ ਸੋਹਣੀ
ਘਟਨਾ ਵੀ ਹੁੰਦੀ ਹੈ ਕਿਤੇ
ਕੀ ਇਸ ਤੋਂ ਸੋਹਣੀ
ਕਵਿਤਾ ਵੀ ਹੁੰਦੀ ਹੈ ਕਿਤੇ

ਕਿਤੇ ਇਹ ਵੀ
ਉਹ ਛਿਣ ਤਾਂ ਨਹੀਂ
ਖੁੱਲ੍ਹਦਾ ਹੈ ਜੋ ਵਾਰੀ ਵਾਂਗ
ਅਕਾਲ ਵੱਲ, ਅਨੰਤ ਵੱਲ

ਲਗਦਾ ਹੈ ਮੈਨੂੰ
ਇੱਥੋਂ ਹੀ ਪੁੰਗਰਦਾ ਹੈ
ਬੋਧੀ ਬਿਰਖ਼

ਤੇ ਏਥੋਂ ਹੀ ਸ਼ੁਰੂ ਹੋਵੇਗੀ
ਇਕ ਯਾਤਰਾ
ਨਿਰਵਾਣ ਵੱਲ
======
ਤੂੰ ਮਿਲ਼ੀ ਵੀ ਤਾਂ...
ਨਜ਼ਮ

ਤੂੰ ਮਿਲ਼ੀ ਵੀ ਤਾਂ ਕਦੋਂ ਮਿਲ਼ੀ
ਜਦੋਂ ਦਰਿਆ ਠਹਿਰ ਰਹੇ ਸਨ
ਹਵਾਵਾਂ, ਚੁੱਪ ਦੀ ਸਮਾਧੀ ਵਿਚ ਉੱਤਰ ਆਈਆਂ ਸਨ

ਮੈਂ ਤੇਰੇ ਅਨੰਤ ਅਨੰਤ ਸਫ਼ਰ ਵਿਚ
ਪਲ ਦੋ ਪਲ ਲਈ
ਹਮ-ਪਰਵਾਜ਼ ਹੋਣ ਦੀ ਤਾਂਘ ਲੈ ਕੇ
ਤੇਰੇ ਕੋਲ਼ ਆ ਬੈਠਾ ਸਾਂ

ਤੂੰ ਕਿਹਾ-
ਜਾ ਮੁੜ ਜਾ!
ਮੈਥੋਂ ਮੁੜ ਵੀ ਨਾ ਹੋਇਆ

ਤੂੰ ਕਿਹਾ-
ਜਾ ਉੱਡ ਜਾ!
ਮੈਥੋਂ ਉੱਡ ਵੀ ਨਾ ਹੋਇਆ

ਫਿਰ ਪਤਾ ਨਹੀਂ
ਉਹ ਤੇਰਾ ਸਰਾਪ ਸੀ ਜਾਂ ਵਰ
ਮੈਂ ਉਸ ਛਿਣ
ਪੱਥਰ ਦੇ ਬੁੱਤ ਵਿਚ ਬਦਲ ਗਿਆ...
=====
ਸੰਵਾਦ
2
ਨਜ਼ਮ

ਮੈਂ ਕਿਹਾ-
ਜਿਉਣ ਲਈ
ਇਹ ਪਲ ਹੀ ਕਾਫ਼ੀ ਹੈ...


ਉਸ ਕਿਹਾ-
ਤੇਰੇ ਅਤੀਤ
ਜ਼ਰੂਰ ਕੁਝ ਕਾਲ਼ਾ ਹੈ..


ਮੈਂ ਕਿਹਾ-
ਮੈਨੂੰ ਤੇਰੀ
ਪਰਵਾਜ਼ ਨਾਲ਼ ਮੁਹੱਬਤ ਹੈ...


ਉਸ ਕਿਹਾ-
ਮੇਰੇ ਪਰਾਂ ਵੱਲ
ਮੈਲ਼ੀ ਨਜ਼ਰ ਨਾਲ਼ ਨਾ ਵੇਖ...


ਮੈਂ ਕਿਹਾ-
ਫੁੱਲਾਂ, ਰੰਗਾਂ
ਤਿਤਲੀਆਂ ਦਾ ਜਸ਼ਨ ਜਾਰੀ ਹੈ..


ਉਸ ਕਿਹਾ-
ਇਹ ਸਭ ਛੱਡ
ਆਉਣ ਵਾਲ਼ੀ ਪੱਤਝੜ ਦਾ ਫ਼ਿਕਰ ਕਰ...

======

ਆਰਸੀ 'ਤੇ ਖ਼ੁਸ਼ਆਮਦੇਦ - ਜਨਾਬ ਪਰਮਿੰਦਰ ਸੋਢੀ ਸਾਹਿਬ- ਨਜ਼ਮਾਂ - ਭਾਗ ਚੌਥਾ



ਆਰਸੀ ਤੇ ਖ਼ੁਸ਼ਆਮਦੇਦ ਪਰਮਿੰਦਰ ਸੋਢੀ ਨਜ਼ਮਾਂ ਭਾਗ ਚੌਥਾ
=====
ਸੂਰਜ
ਨਜ਼ਮ

ਮੈਂ ਸਫ਼ਰ
ਤੇ ਸੀ
ਮੈ ਸਫ਼ਰ
ਤੇ ਹਾਂ
ਇਕ ਸੂਰਜ ਮੇਰੇ ਨਾਲ਼ ਸੀ
ਇਕ ਸੂਰਜ ਮੇਰੇ ਨਾਲ਼ ਹੈ

ਬਚਪਨ ਮੇਰੀ ਸਵੇਰ ਸੀ
ਜਵਾਨੀ ਮੇਰੀ ਦੁਪਹਿਰ ਹੈ
ਭਵਿੱਖ ਮੇਰੀ ਸ਼ਾਮ ਹੈ
ਪਰ ਸੂਰਜ ਮੇਰੇ ਨਾਲ਼ ਹੈ....

ਨਦੀਆਂ ਦੇ ਕਿਨਾਰਿਆਂ ਕੰਢੇ
ਜੰਗਲਾਂ ਦੇ ਗੁੰਮਨਾਮ ਰਸਤਿਆਂ
ਤੇ
ਪਰਬਤਾਂ ਦੀਆਂ ਅਣਜਾਣ ਸਿਖ਼ਰਾਂ
ਤੇ
ਨਵੇਂ ਪੁਰਾਣੇ ਸ਼ਹਿਰਾਂ ਦੇ
ਭੀੜ ਭਰੇ ਬਾਜ਼ਾਰਾਂ ਵਿਚ
ਮੈਂ ਮੀਲਾਂ ਤੱਕ ਭਟਕਦਾ ਰਿਹਾ

ਮੈਂ ਵਾਰ ਵਾਰ, ਯਾਰਾਂ ਦੀ ਮਹਿਫ਼ਲ

ਕਿਸੇ ਖ਼ੁਸ਼ਨੁਮਾ ਖ਼ਬਰ ਵਾਂਗ ਗਿਆ
ਤੇ ਹਰ ਵਾਰ
ਕਿਸੇ ਅਣਚਾਹੇ ਪੀੜਤ ਹਾਦਸੇ ਸੰਗ ਮੁੜਿਆ

ਇਕ ਸੂਰਜ ਮੇਰੇ ਨਾਲ਼ ਸੀ
ਇਕ ਸੂਰਜ ਮੇਰੇ ਨਾਲ਼ ਹੈ

ਮੈਂ ਸਾਲਾਂ ਦੇ ਸਾਲ
ਖ਼ਾਲੀ ਰਾਹਾਂ
ਤੇ ਬੈਠਿਆ ਰਿਹਾ
ਮੈਂ ਮਹੀਨਿਆਂ ਦੇ ਮਹੀਨੇ
ਡਾਕਖ਼ਾਨਿਆਂ ਦੇ ਬਾਹਰ ਅੜਿਆ ਰਿਹਾ

ਦੇਰ ਰਾਤ ਤੱਕ ਪ੍ਰਦੇਸੀ
ਸੜਕਾਂ, ਗਲ਼ੀਆਂ ਤੇ ਬਾਜ਼ਾਰਾਂ

ਦਿਸ਼ਾਹੀਣ ਫਿਰਦਾ ਰਿਹਾ
ਜਿਹੜੇ ਵੀ ਦਰਵਾਜ਼ੇ ਤੱਕ ਗਿਆ
ਉੱਥੇ ਮੇਰਾ ਇੰਤਜ਼ਾਰ ਨਹੀਂ ਸੀ

ਮੈਂ ਸਫ਼ਰ
ਤੇ ਸੀ, ਮੈ ਸਫ਼ਰ ਤੇ ਹਾਂ
ਸੂਰਜ ਮੇਰੇ ਨਾਲ਼ ਸੀ
ਸੂਰਜ ਮੇਰੇ ਨਾਲ਼ ਹੈ
======
ਪਿਤਾ ਦੇ ਬੀਤਣ
ਤੇ
ਨਜ਼ਮ
ਤੇਰੇ ਮੱਥੇ ਵੱਲ
ਮੈਂ ਜਦ ਵੀ ਵੇਖਿਆ
ਇਕ ਸੂਰਜ ਦੀ ਅੱਖ
ਚ ਵੇਖਿਆ
ਤੇ ਸੂਰਜ ਦੀ ਅੱਖ
ਚ ਵੇਖਣਾ
ਏਨਾ ਸੌਖਾ ਨਹੀਂ ਹੁੰਦਾ
ਸੋ ਮੈਂ ਜਦ ਵੀ
ਸੂਰਜ ਦੀ ਅੱਖ
ਚ ਵੇਖਿਆ
ਸੂਰਜ ਦੀ ਛਾਂ ਹੇਠ ਵੇਖਿਆ

ਤੇਰਾ ਤੁਰ ਜਾਣਾ
ਤੇ ਕਦੇ ਨਾ ਪਰਤਣ ਲਈ
ਤੁਰ ਜਾਣਾ-

ਮੇਰੇ ਮੱਥੇ ਵਿਚਲਾ ਸੂਰਜ
ਤੇ ਰੂਬਰੂ ਛਾਂ ਵਿਹੂਣਾ ਮੈਂ
ਮਾਰੂਥਲ ਦੀ ਦੁਪਹਿਰ

ਇਕ ਮੋਮੀ ਵਜੂਦ
ਸ਼ਹਿਰ ਦੀ ਕਿਸੇ ਨੁੱਕਰ

ਬਸ ਉਡੀਕਦਾ
ਬਾਜ਼ਾਰ ਦੀ ਭੀੜ
ਚੋਂ
ਹਾਰੇ ਨਾਇਕ ਵਾਂਗ ਗੁਜ਼ਰਦਾ
ਨਾ ਪਰਤਣ ਵਾਲ਼ੀ
ਮੁਹੱਬਤ ਨੂੰ ਯਾਦ ਕਰਦਾ
ਆਪਣੀ ਹੋਂਦ ਦੇ ਵਾਪਰਨ-ਛਿਣ ਦੇ
ਉਰਲੇ ਕਿਨਾਰੇ ਤੋਂ ਵਾਪਸ ਪਰਤਦਾ
ਮੇਰਾ ਵਜੂਦ ਹਰ ਪਲ
ਇਕ ਸੂਰਜ ਦੀ ਦਰਸ਼ਕ ਅੱਖ ਦਾ
ਪਾਰਦਰਸ਼ੀ ਪਾਤਰ ਹੁੰਦਾ ਹੈ

ਤੇਰੇ ਮੱਥੇ ਵੱਲ
ਮੈਂ ਜਦ ਵੀ ਵੇਖਿਆ
ਇਕ ਸੂਰਜ ਦੀ ਅੱਖ
ਚ ਵੇਖਿਆ
ਇਕ ਬੇਕ਼ਾਬੂ ਅੱਗ ਨੂੰ ਵੇਖਿਆ

ਤੂੰ, ਤੇਰਾ ਮੱਥਾ ਤੇ ਸੂਰਜ ਦੀ ਅੱਖ
ਮੈਂ , ਮੇਰੀ ਅੱਖ ਤੇ ਮੇਰੀ ਸਮਝ
ਜ਼ਿੰਦਗੀ ਦੇ ਦੋ ਸਿਰੇ ਹਨ

ਮੈਂ ਆਖ਼ਿਰੀ ਵਕ਼ਤ ਤੱਕ
ਆਪਣੀ ਗੰਡੋਏ ਵਰਗੀ ਚਾਲ ਦਾ
ਆਪਣੀ ਅੱਖ ਦੇ ਟੀਰੇਪਣ ਦਾ
ਆਪਣੀ ਸਮਝ ਤੇ ਅਦਨੇਪਨ ਦਾ
ਸਰਾਪਿਆ
ਤੇਰੇ ਮੱਥੇ ਦੀ ਅਸੀਮਤਾ ਨੂੰ
ਤੇ ਸੂਰਜ ਦੀ ਅੱਖ ਦੀ ਡੂੰਘਾਈ ਨੂੰ
ਆਪਣੇ ਲਘੂ ਪੈਮਾਨਿਆਂ ਨਾਲ਼
ਨਾਪਣ ਦੀ ਕੋਸ਼ਿਸ਼ ਕਰਦਾ ਰਿਹਾ

ਮੈਂ ਆਖ਼ਰੀ ਵਕ਼ਤ ਤੱਕ....

Saturday, December 8, 2012

ਅਲਵਿਦਾ ਸੁਭਾਸ਼ ਕਲਾਕਾਰ ਸਾਹਿਬ – ਆਰਸੀ ਪਰਿਵਾਰ ਵੱਲੋਂ ਸ਼ਰਧਾਂਜਲੀ



ਅਲਵਿਦਾ ਸੁਭਾਸ਼ ਕਲਾਕਾਰ ਸਾਹਿਬ....
..ਸੁਭਾਸ਼ ਦੀਆਂ ਗ਼ਜ਼ਲਾਂ ਵਿਚ ਅਹਿਸਾਸ ਦੀ ਸ਼ਿੱਦਤ ਹੈ ....ਪਿਆਰ ਦੇ ਜਜ਼ਬੇ ਵਿਚ ਤੀਖਣਤਾ ਹੈ..... ਉਸ ਨੇ ਕਦੇ ਦਾਅਵਾ ਨਹੀਂ ਕੀਤਾ ਕਿ ਉਸ ਨੇ ਕਈ ਮੰਜ਼ਿਲਾਂ ਤੈਅ ਕਰ ਲਈਆਂ ਹਨ..ਉਹ ਤਾਂ ਪਾਂਧੀ ਹੈ ਅਜੇ ਤੀਕ ਉਸ ਰਸਤੇ ਦਾ ਜਿਸ ਉੱਤੇ ਮਹਿਬੂਬ ਦੇ ਪੈਰਾਂ ਦੇ ਨਿਸ਼ਾਨ ਹਨ... ਨਰਿੰਜਨ ਤਸਨੀਮ
................
ਦੋਸਤੋ! ਫੇਸਬੁੱਕ ਤੋਂ ਪ੍ਰਾਪਤ ਖ਼ਬਰ ਅਨੁਸਾਰ ਪੰਜਾਬੀ ਦੇ ਸਮਰੱਥ ਗ਼ਜ਼ਲਗੋ ਸੁਭਾਸ਼ ਕਲਾਕਾਰ ਸਾਹਿਬ ਕੱਲ੍ਹ ਦਿਲ ਦਾ ਦੌਰਾ ਪੈਣ ਕਾਰਣ ਲੁਧਿਆਣਾ ਵਿਖੇ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ ਸਨ। ਉਹ ਸੱਠ ਵਰ੍ਹਿਆਂ ਦੇ ਸਨ। ਉਹਨਾਂ ਦੇ ਤਿੰਨ ਗ਼ਜ਼ਲ-ਸੰਗ੍ਰਹਿ ਸ਼ਾਮ ਦੇ ਦੀਵੇ ( 1992 ), ਮੈਂ ਮੁਹਾਜਿਰ ਹਾਂ ( 2005 ) ਅਤੇ  ਸਬਜ਼ ਰੁੱਤ ਛਪ ਚੁੱਕੇ ਹਨ।  ਉਹਨਾਂ ਦਾ ਗ਼ਜ਼ਲ-ਸੰਗ੍ਰਹਿ ਮੈਂ ਮੁਹਾਜਿਰ ਹਾਂ ਦਵਿੰਦਰ ਪੂਨੀਆ ਵੀਰ ਨੇ ਮੈਨੂੰ ਪੜ੍ਹਨ ਲਈ ਦਿੱਤਾ ਸੀ, ਉਸੇ ਸੰਗ੍ਰਹਿ ਵਿਚੋਂ ਚੰਦ ਖ਼ੂਬਸੂਰਤ ਗ਼ਜ਼ਲਾ ਅੱਜ ਦੀ ਪੋਸਟ ਵਿਚ ਸ਼ਾਮਿਲ ਕਰਕੇ ਮੈਂ ਕਲਾਕਾਰ ਹੁਰਾਂ ਨੂੰ ਸਮੂਹ ਆਰਸੀ ਪਰਿਵਾਰ ਵੱਲੋਂ ਨਿੱਘੀ ਸ਼ਰਧਾਂਜਲੀ ਭੇਟ ਕਰ ਰਹੀ ਹਾਂ... ਅਲਵਿਦਾ ਕਲਾਕਾਰ ਸਾਹਿਬ ....
======

ਗ਼ਜ਼ਲ
ਰਾਤਾਂ ਕੋਲ਼ੋਂ ਕਿਉਂ ਪੁੱਛਾਂ ਮੈਂ, ਕਿੰਨੀ ਦੂਰ ਉਜਾਲੇ ਨੇ। 
ਸਿਰ ਤੇ ਆਈਆਂ ਨੇ ਤਿਰਕਾਲਾਂ, ਤਾਂ ਮੈਂ ਦੀਵੇ ਬਾਲ਼ੇ ਨੇ। 

ਸ਼ਾਇਦ ਇਹਨਾਂ ਰਾਤਾਂ ਵਿਚ ਹੀ ਸ਼ਾਮਿਲ ਹੈ ਸ਼ਬਰਾਤ ਕਿਤੇ, 
ਜਿੰਨੀ ਦੂਰ ਬਸਾਰਤ ਸਾਡੀ, ਓਨੀ ਦੂਰ ਉਜਾਲੇ ਨੇ। 

ਸ਼ਹਿਰ ਲੁਹਾਰਾਂ, ਯਾਰ ਸਰਾਫ਼ਾ ਸਭ ਪਿੱਛੇ ਛੱਡ ਆਇਆ ਤਾਂ, 
ਖੁਲ੍ਹ ਜਾ ਸਿਮ-ਸਿਮ ਆਖਦਿਆਂ ਹੀ ਬੂਹੇ ਖੁੱਲ੍ਹਣ ਵਾਲ਼ੇ ਨੇ। 

ਇਹ ਇਕ ਤਰਫ਼ਾ ਰਸਮ ਵਫ਼ਾ ਦੀ, ਉਲਫ਼ਤ ਦਾ ਦਸਤੂਰ ਨਹੀਂ, 
ਤੇਰਾ ਘਰ ਵੀ ਦੂਰ ਬੜਾ ਹੈ ਪੈਰਾਂ ਵਿਚ ਵੀ ਛਾਲੇ ਨੇ। 

ਦਹਿਲੀਜ਼ਾਂ ਤੇ ਮਹਿਰਾਬਾਂ ਦਾ ਆਪਸ ਵਿਚ ਇਹ ਰਿਸ਼ਤਾ ਹੈ, 
ਸੱਜਣ ਦੁਸ਼ਮਣ ਦੋਹਾਂ ਰਲ਼ ਕੇ ਮੇਰੇ ਐਬ ਉਛਾਲ਼ੇ ਨੇ। 
======= 
ਗ਼ਜ਼ਲ
ਚਲੋ ਇਕ ਵਾਰ ਫਿਰ ਤੋਂ ਪਿਆਰ ਕਰ ਕੇ ਵੇਖਦੇ ਹਾਂ।
ਅਗਰ ਮੰਝਧਾਰ ਹੈ ਤਾਂ ਪਾਰ ਕਰ ਕੇ ਵੇਖਦੇ ਹਾਂ।

ਮੁਹੱਬਤ ਜ਼ਿੰਦਗੀ ਹੈ ਤਾਂ ਬਜ਼ਾਹਿਰ ਜ਼ਿੰਦਗੀ ਖ਼ਾਤਿਰ,
ਤਮਾਸ਼ਾ ਇਹ ਵੀ ਆਖ਼ਿਰਕਾਰ ਕਰ ਕੇ ਵੇਖਦੇ ਹਾਂ।

ਜ਼ਮਾਨਾ-ਸਾਜ਼ ਹੈ ਤਾਂ ਸਾਹਮਣੇ ਆਏ ਜ਼ਮਾਨੇ ਦੇ,
ਜ਼ਰਾ ਉਸ ਨਾਲ਼ ਵੀ ਦੋ ਚਾਰ ਕਰ ਕੇ ਵੇਖਦੇ ਹਾਂ।

ਦਿਲਾਂ ਦੇ ਸ਼ੀਸ਼ਿਆਂ ਦੇ ਵਾਸਤੇ ਪੱਥਰ ਨਹੀਂ ਮਿਲ਼ਦਾ,
ਮਸੀਹਾ ਹੈ ਤਾਂ ਫਿਰ ਦੀਦਾਰ ਕਰ ਕੇ ਵੇਖਦੇ ਹਾਂ।

ਬਖ਼ੂਬੀ ਜਾਣਦੇ ਹਾਂ ਓਸ ਦੀ ਝੂਠੀ ਕਹਾਣੀ ਵੀ,
ਮਗਰ ਫਿਰ ਓਸ
ਤੇ ਇਤਬਾਰ ਕਰ ਕੇ ਵੇਖਦੇ ਹਾਂ।

ਭਲਾ ਪਾਣੀ
ਤੇ ਸੋਟਾ ਮਾਰਿਆਂ ਪਾਣੀ ਜੁਦਾ ਹੁੰਦੈ,
ਅਗਰ ਇਹ ਸੱਚ ਹੈ, ਤਾਂ ਵਾਰ ਕਰ ਕੇ ਵੇਖਦੇ ਹਾਂ।

ਅਗਰ ਇਹ ਨਾਗ ਹੈ ਤਾਂ ਨਾਗ ਵੀ ਤਾਂ ਦੇਵਤਾ ਹੀ ਹੈ,
ਮੁਸੀਬਤ ਨੂੰ ਗਲ਼ੇ ਦਾ ਹਾਰ ਕਰ ਕੇ ਵੇਖਦੇ ਹਾਂ।
=====
ਗ਼ਜ਼ਲ
ਮੁਸ਼ਕਲਾਂ ਦੇ ਘਰ
ਚ ਵੀ ਕੁਝ ਥਾਂ ਬਣਾ ਲੈਂਦੇ ਨੇ ਲੋਕ।
ਗ਼ਮ ਹਜ਼ਾਰਾਂ ਹੋਣ ਭਾਵੇਂ ਮੁਸਕਰਾ ਲੈਂਦੇ ਨੇ ਲੋਕ।

ਹਰ ਜਗਹ ਲਾਗੂ ਨਹੀਂ ਹੁੰਦਾ ਅਸੂਲਾਂ ਦਾ ਨਿਜ਼ਾਮ,
ਲੋੜ ਵੇਲ਼ੇ ਗ਼ੈਰ ਨੂੰ ਆਪਣਾ ਬਣਾ ਲੈਂਦੇ ਨੇ ਲੋਕ।

ਜੇ ਕਿਸੇ ਦਾ ਦਿਲ ਦੁਖਾਇਆਂ ਮਿਲ਼ ਨਹੀਂ ਸਕਦੀ ਖ਼ੁਸ਼ੀ,
ਜ਼ਖ਼ਮ ਆਪਣੇ ਹੀ ਦੁਖਾ ਕੇ ਖ਼ੁਦ ਮਜ਼ਾ ਲੈਂਦੇ ਨੇ ਲੋਕ।

ਦੋਸਤਾਂ ਦੀ ਮੌਤ, ਤੇ ਤਾਂ ਰੋ ਨਹੀਂ ਸਕਦੇ ਮਗਰ,
ਦੁਸ਼ਮਣਾਂ ਦੀ ਮੌਤ
ਤੇ ਮਾਤਮ ਮਨਾ ਲੈਂਦੇ ਨੇ ਲੋਕ।

ਲੋੜ ਵੇਲ਼ੇ ਇਹ ਬੁਰੇ ਦਾ ਲੜ ਨਹੀਂ ਛੱਡਦੇ ਮਗਰ,
ਲੋੜ ਵੇਲ਼ੇ ਇਹ ਭਲੇ ਤੋਂ ਲੜ ਛੁਡਾ ਲੈਂਦੇ ਨੇ ਲੋਕ।
======
ਗ਼ਜ਼ਲ
ਅੱਗੇ ਕ਼ਦਮ ਵਧਾਏ ਹਾਏ! ਫਿਸਲ ਗਏ।
ਰਸਤਾ ਦੱਸਣ ਵਾਲ਼ੇ ਰਸਤੇ ਬਦਲ ਗਏ।

ਘਰਾਂ ਵਾਲ਼ਿਓ! ਵੇਖੋ ਇਹ ਖ਼ਾਨਾਬਦੋਸ਼,
ਕਿੱਥੋਂ, ਕਿੱਥੇ ਆਏ, ਕਿੱਥੇ ਨਿਕਲ ਗਏ।

ਐ ਹਮਸਫ਼ਰੋ! ਏਸ ਹੁਨਰ ਦੀ ਦਾਦ ਦਿਉ,
ਥਿੜਕੇ ਵੀ ਤੇ ਡਿੱਗੇ ਵੀ ਪਰ, ਸੰਭਲ ਗਏ।

ਏਸ ਨਦੀ ਵਿਚ ਫਿਰ ਵੀ ਹਲਚਲ ਵੇਖੀ ਹੈ,
ਭਾਵੇਂ ਮਗਰਮੱਛ ਹੀ ਸਭ ਕੁਝ ਨਿਗਲ ਗਏ।

ਕਿੱਥੇ ਹੈ ਅਕਾਸ਼ ਗੰਗਾ! ਇਹ ਵੇਖਾਂਗੇ,
ਜੇ ਧਰਤੀ ਅਕਾਸ਼ ਹੀ ਧੂੰਆਂ ਉਗਲ ਗਏ।

ਵੇਖੋ ਯਾਰੋ ਬਰਫ਼ ਕਦੋਂ ਇਹ ਪਿਘਲ਼ੇਗੀ,
ਸੁਣਦੇ ਆਏ ਹਾਂ ਕਿ ਪੱਥਰ ਪਿਘਲ ਗਏ।

ਯਾਰ ਤੁਸੀਂ ਕੀ ਮਾਰਿਆਂ ਸਾਨੂੰ ਸਿਰ ਪਰਨੇ,
ਵੇਖ ਅਸੀਂ ਵੀ ਗੇਂਦ ਵਾਂਗਰਾਂ ਉਛਲ਼ ਗਏ।

Thursday, November 15, 2012

ਅਲਵਿਦਾ ਸਰੋਦ ਸੁਦੀਪ ਸਾਹਿਬ - ਆਰਸੀ ਪਰਿਵਾਰ ਵੱਲੋਂ ਸ਼ਰਧਾਂਜਲੀ



ਅਲਵਿਦਾ ਸੁਦੀਪ ਸਾਹਿਬ....
..........
ਸਾਹਿਤਕ ਨਾਮ: ਸਰੋਦ ਸੁਦੀਪ
ਅਸਲੀ ਨਾਮ: ਮੋਹਣ ਸਿੰਘ
ਜਨਮ: ਜਗਰਾਓਂ... ਬਾਅਦ ਵਿਚ ਸਮਰਾਲ਼ੇ ਰਹੇ ਤੇ ਜ਼ਿੰਦਗੀ ਦੇ ਅੰਤਿਮ ਵਰ੍ਹਿਆਂ
ਚ ਲੁਧਿਆਣਾ ਵਿਖੇ ਰਿਹਾਇਸ਼
ਉਮਰ: 69 ਸਾਲ
ਪ੍ਰਕਾਸ਼ਿਤ ਕਿਤਾਬਾਂ: ਕਾਵਿ-ਸੰਗ੍ਰਹਿ ਬੇਨਾਮ ਬਸਤੀ, ਉਸ ਨੂੰ ਕਹੋ, ਪਰਾਈ ਧਰਤੀ, ਲਓ ਇਹ ਖ਼ਤ ਪਾ ਦੇਣਾ, ਲਾ ਬੈਲੇ, ਪਰਲੇ ਪਾਰ ( ਚੋਣਵੀਂ ਕਵਿਤਾ ), ਦੇਵੀ, ਗੀਤਾਂਜਲੀ ( ਟੈਗੋਰ ਦੀਆਂ ਨਜ਼ਮਾਂ ਦਾ ਪੰਜਾਬੀ ਅਨੁਵਾਦ ) ਕਾਵਿ-ਨਕਸ਼ ( ਪੰਦਰਾਂ ਕਵੀਆਂ ਬਾਰੇ ਸੰਖੇਪ ਨਿਬੰਧ ) ਪ੍ਰਕਾਸ਼ਿਤ ਹੋ ਚੁੱਕੇ ਹਨ।
=====
ਦੋਸਤੋ! ਕੁਝ ਘੰਟੇ ਪਹਿਲਾਂ ਫੇਸਬੁੱਕ
'ਤੇ ਵੇਖੀ ਖ਼ਬਰ ਅਨੁਸਾਰ ਪ੍ਰਸਿੱਧ ਪੰਜਾਬੀ ਸ਼ਾਇਰ ਜਨਾਬ ਸੁਦੀਪ ਸਾਹਿਬ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ ਹਨਕੁਝ ਸਾਲ ਪਹਿਲਾਂ ਵੀਰ ਦਵਿੰਦਰ ਪੂਨੀਆਂ ਉਹਨਾਂ ਨੂੰ ਮਿਲ਼ ਕੇ ਆਏ ਸਨ ਤਾਂ ਉਹਨਾਂ ਨੇ ਇਕ ਆਪਣੀ ਇਕ ਕਿਤਾਬ ਦੇਵੀ  ਵੀਰੇ ਨੂੰ ਦਿੱਤੀ ਸੀ.... ਜੋ ਉਹਨਾਂ ਨੇ ਆਪਣੀ ਦੋਹਤਰੀ ਨੇ ਨਾਮ ਕੀਤੀ ਸੀਉਹ ਕਿਤਾਬ ਹੁਣ ਮੇਰੇ ਕੋਲ਼ ਆਰਸੀ ਲਾਇਬ੍ਰੇਰੀ ਵਿਚ ਹੈ। ਇਸ ਵਿਚ 64 ਨਜ਼ਮਾਂ ਹਨ...ਜੋ ਸੁਦੀਪ ਸਾਹਿਬ ਨੇ ਆਪਣੀ ਦੋਹਤਰੀ ਦੇਵੀ ਨੂੰ ਮੁਖ਼ਾਤਿਬ ਹੋ ਕੇ ਲਿਖੀਆਂ ਸਨ। ਇਹ ਦਰਅਸਲ ਇਕ ਲੰਮੀ ਕਵਿਤਾ ਹੀ ਹੈ।  ਜਿੱਥੇ ਇਸ ਕਿਤਾਬ ਵਿਚਲੀਆਂ ਨਜ਼ਮਾਂ ਬਹੁਤ ਉੱਚ-ਪੱਧਰ ਦੀਆਂ ਹਨ ਉਥੇ ਇਸਦੀ ਅੰਤਿਕਾ ਬੜੀ ਰੌਚਕ ਹੈ। ਸੁਦੀਪ ਸਾਹਿਬ ਲਿਖਦੇ ਨੇ:-
............
.....ਮੇਰਾ ਸਹੀ ਟਿਕਾਣਾ ਚੁੱਪ ਚ ਹੈ ... ਮੈਂ ਰੁੱਖਾਂ ਨਾਲ਼ ਲੱਗ ਕੇ ਗੱਲਾਂ ਕੀਤੀਆਂ ਹਨ..... ਕ਼ਬਰਾਂ ਵਿਚ ਸੁੱਤੀਆਂ ਪਈਆਂ ਰੂਹਾਂ ਨੂੰ ਮੁਖ਼ਾਤਿਬ ਹੋਇਆ ਹਾਂ... ਕਵਿਤਾਵਾਂ ਲਿਖ ਕੇ ਵੀ ਮੈਂ ਬਹੁਤ ਘੱਟ ਸੁੱਤਾ ਹਾਂ.... ਇਹ ਜਗਣ-ਬੁਝਣ ਲਗਾਤਾਰ ਜਾਰੀ ਹੈ...ਬੱਚਾ ਮਨੁੱਖ ਦਾ ਰੱਬ ਹੈ..ਇਹ ਅਹਿਸਾਸ ਮੇਰੇ ਅੰਦਰ ਉਦੋਂ ਦਾ ਪਹਿਲੀ ਵਾਰ ਉਤਰਿਆ ਹੈ ਜਦੋਂ ਦੀ ਦੇਵੀ ( ਦੋਹਤੀ ਸੂਖ਼ਮ )  ਮੇਰੇ ਸੰਪਰਕ ਵਿਚ ਆਈ ਹੈ.....
........
ਆਰਸੀ ਦੀ ਅੱਜ ਦੀ ਪੋਸਟ ਵਿਚ ਮੈਂ ਸੁਦੀਪ ਸਾਹਿਬ ਦੀ ਏਸੇ ਕਿਤਾਬ ਵਿੱਚੋਂ ਚੰਦ ਬੇਹੱਦ ਖ਼ੂਬਸੂਰਤ ਨਜ਼ਮਾਂ ਤੁਹਾਡੇ ਨਾਲ਼ ਸਾਂਝੀਆਂ ਕਰਕੇ ਉਹਨਾਂ ਨੂੰ ਨਿੱਘੀ ਸ਼ਰਧਾਂਜਲੀ ਭੇਟ ਕਰਦੀ ਹਾਂ। ਨਜ਼ਮਾਂ ਪੜ੍ਹ ਕੇ ਤੁਹਾਨੂੰ ਜ਼ਰੂਰ ਮਹਿਸੂਸ ਹੋਵੇਗਾ ਕਿ ਸੁਦੀਪ ਸਾਹਿਬ ਕਿਸ ਲੈਵਲ ਦੇ ਬੌਧਿਕ ਸ਼ਾਇਰ ਸਨ....ਪਰ ਮੁਆਫ਼ ਕਰਨਾ......ਬਹੁਤ ਦੁੱਖ ਦੀ ਗੱਲ ਹੈ ਕਿ ਸ਼ਾਇਦ ਸਾਡੇ ਪਾਠਕਾਂ ਅਤੇ ਆਲੋਚਕਾਂ ਕੋਲ਼ ਐਸੇ ਸ਼ਾਇਰਾਂ ....ਅਤੇ ਉਹਨਾਂ ਦੀ ਸ਼ਾਇਰੀ ਲਈ ਵਕ਼ਤ ਹੀ ਨਹੀਂ ਹੈ। ਅਲਵਿਦਾ ਸੁਦੀਪ ਸਾਹਿਬ.....
=======
ਨਜ਼ਮ
ਦੇਵੀ ਮੇਰੇ ਮਗਰ ਮਗਰ
ਗੇੜੇ ਤੇ ਗੇੜਾ ਰੱਖਦੀ ਹੈ
ਖੇਡਦੀ ਖੇਡਦੀ
ਮੈਨੂੰ ਦੇਖਣ
ਚ ਲੱਗੀ ਰਹਿੰਦੀ ਹੈ
ਮੌਨ ਰਹਿ ਕੇ
ਮੇਰੇ ਸਾਹਾਂ
ਆਪਣੇ ਸਾਹ ਘੋਲ਼ਦੀ
ਬਹਾਰ
ਚ ਰਹਿੰਦੀ ਹੈ

ਮੈਂ ਬੁੱਢੇ ਬਿਰਖ਼ ਵਾਂਗ
ਦੂਰ ਤਾਈਂ
ਟਹਿਣੀਆਂ ਫੈਲਾਈ
ਉਸ ਨੂੰ ਇੱਲ੍ਹ-ਬਲਾਵਾਂ ਤੋਂ
ਬਚਾਉਣ ਖ਼ਾਤਿਰ
ਉਸ ਦੇ ਪਿੱਛੇ-ਪਿੱਛੇ
ਤੁਰਿਆ ਰਹਿੰਦਾ ਹਾਂ...
======
ਨਜ਼ਮ
ਕਿਸੇ ਵੀ ਸਾਜ਼

ਏਨੀਆਂ ਸੁਰਾਂ ਨਹੀਂ

ਪਤਾ ਨਹੀਂ
ਉਹ ਕਿਹੜਾ ਗੀਤ ਹੈ
ਜੋ ਢੇਰ ਸਾਰੀਆਂ
ਕੱਠੀਆਂ ਸੁਰਾਂ ਲੈ ਕੇ
ਦੇਵੀ ਦੇ ਮੂੰਹ ਵਿਚ ਰਹਿੰਦਾ ਹੈ

ਇਹ ਇਉਂ ਗੀਤ ਗਾਉਂਦੀ ਹੈ
ਜਿਸ ਦੇ ਅਰਥ ਕਿਸੇ ਕੋਲ਼ ਨਹੀਂ

ਮੈਂ ਦੇਵੀ ਵਾਂਗ
ਕਦੀ ਵੀ
ਇਕ ਸੁਰ ਨਹੀਂ ਹੋਇਆ

ਉਸ ਪਿੱਛੇ
ਕਿਸੇ ਉੱਚੇ ਦੀ ਰਾਖੀ ਹੈ
ਰੱਬਾ!
ਉਹ ਤੇਰੇ ਬਿਨ
ਹੋਰ ਕੌਣ ਹੋ ਸਕਦਾ ਹੈ!
======
ਨਜ਼ਮ
ਨਾ ਚੰਚਲ ਪੌਣ
ਨਾ ਨੱਚਣ-ਟੱਪਣ
ਨਾ ਕਿਸੇ ਗੀਤ ਦਾ
ਸੁਰ-ਸਿਰਾ
ਦੇਵੀ ਆਰਾਮ ਨਾਲ਼
ਸੌਣ
ਤੇ ਹੈ

ਉਹ ਜਾਗੇ ਤਾਂ
ਮੈਂ ਉਸਦੀ ਤੋਤਲੀ ਜ਼ੁਬਾਨ ਸੰਗ
ਆਪਣੀ ਚੁੱਪ ਜੋੜ ਦਿਆਂਗਾ
ਹੋਈਆਂ ਭੁੱਲਾਂ ਲਈ
ਖ਼ਿਮਾ ਮੰਗਾਂਗਾ

ਮੇਰੇ ਝੁਕੇ ਸਿਰ ਹੇਠ
ਉਹ ਨੀਵੇਂ ਹੋ ਝਾਕੇਗੀ
ਦੋ ਨਿੱਕੀਆਂ ਦੰਦੀਆਂ

ਹੱਸ ਪਏਗੀ

ਉਸ ਦੇ ਜਾਗਣ ਦੀ ਉਡੀਕ

ਮੈਂ ਹੱਥ ਜੋੜੀ ਬੈਠਾ ਹਾਂ....
=====
ਨਜ਼ਮ
ਆਪ-ਮੁਹਾਰੇ
ਦੇਵੀ ਦੀਆਂ ਬਾਹਾਂ
ਉਤਾਂਹ ਉੱਠ ਜਾਂਦੀਆਂ ਨੇ
ਉਸ ਦੇ ਨਿੱਕੇ ਹੱਥ
ਸੁਤੰਤਰ ਹਵਾ

ਵਾਰ-ਵਾਰ ਲਹਿਰਦੇ ਨੇ
ਜਿਵੇਂ ਮੈਨੂੰ ਆਖਦੇ ਹੋਣ.....
ਸੁਰਤ ਰੱਖ
ਸੁਰਤਿ
ਚ ਬਹਿ ਜਾ....
======
ਨਜ਼ਮ
ਜੇ ਕਿਤੇ
ਰੱਬ ਮਿਹਰਬਾਨ ਹੋ ਜੇ
ਭੋਰਾ ਮੀਂਹ ਦੇ
ਛਿੱਟੇ ਪੈ  ਜਾਣ
ਤਾਂ ਉਸ ਦੇ
ਮੁਰਝਾਏ ਚਿਹਰੇ
ਤੇ
ਰੌਣਕ ਆ ਜਾਏ

ਉਸ ਦੀ ਰੌਣਕ
ਮੇਰੀ ਰੌਣਕ ਨਾਲ਼ ਜੁੜੀ ਹੈ....
======
ਨਜ਼ਮ
ਜਿਵੇਂ ਜਿਵੇਂ ਮੈਂ ਦਿਸਦਾ ਹਾਂ
ਤਿਵੇਂ ਤਿਵੇਂ ਮੈਂ ਹਾਂ ਨਹੀਂ
ਦੇਵੀ!
ਤੂੰ ਤਾਂ ਹਨੇਰੇ

ਦੀਵੇ ਚੁੱਕੀ ਫਿਰਦੀ ਏਂ
ਇਕ ਦੀਵਾ ਮੈਨੂੰ ਵੀ ਦੇ ਦੇ
ਮੈਂ ਤੇਰੇ ਚਾਨਣ

ਟਿਕ ਜਾਣਾ ਚਾਹੁੰਦਾ ਹਾਂ
ਹਮੇਸ਼ ਹਮੇਸ਼ ਲਈ.....
=====
ਨਜ਼ਮ
ਮੈਂ ਸੁਪਨੇ
ਚ ਦੇਖਿਆ:
ਵੰਨ-ਸੁਵੰਨੇ ਰੰਗਾਂ ਦੇ ਫੁੱਲ
ਦੇਵੀ ਨੂੰ
ਲੁਕਾਉਣ ਦੇ ਆਹਰ

ਕਦੀ ਉਸਦੇ ਸਿਰ ਨੂੰ ਛੂੰਹਦੇ
ਕਦੀ ਪਰੇ ਹਟ ਜਾਂਦੇ
ਦੇਵੀ ਉਨ੍ਹਾਂ
ਚ ਖਿੜੀ-ਪੁੜੀ
ਹੱਸਣ
ਤੇ ਸੀ
ਦੋ ਦੰਦ ਲਿਸ਼-ਲਿਸ਼ ਕਰਦੇ
ਸਿਰ ਦੇ ਵਾਲ਼ ਹਵਾ
ਚ ਉੱਡਦੇ
ਬਹਾਰ ਬਣ-ਬਣ ਬਹਿੰਦੇ

ਜਾਗਣ
ਤੇ
ਖ਼ਿਆਲਾਂ ਖ਼ਿਆਲਾਂ

ਦੇਰ ਤਾਈਂ
ਮੈਂ ਬਿਸਤਰ

ਉੱਸਲ਼ਵੱਟੇ ਲੈਂਦਾ ਰਿਹਾ
ਆਏ ਸੁਰਗ ਨੂੰ
ਸਾਂਭ-ਸਾਂਭ ਰੱਖਦਾ ਰਿਹਾ....
======
ਨਜ਼ਮ
ਦੇਵੀ ਆਪਣਾ ਤੌਲੀਆ
ਸਿਰ
ਤੇ ਟਿਕਾਈ
ਆਖਣ
ਤੇ ਹੈ-
ਇਹ ਤੌਲੀਆ ਮਾਮੂ ਦਾ
ਇਹ ਤੌਲੀਆ ਨਾਨੀ ਦਾ
ਇਹ ਤੌਲੀਆ
ਉਏ ਨਾਨੂ..
ਇਹ ਤੌਲੀਆ  - ਨਾਨੂ ਦਾ..


ਮੈਂ  ਉਸ ਦੀਆਂ ਅੱਖਾਂ

ਝਾਕੀ ਜਾਂਦਾ ਹਾਂ
ਝਾਕੀ ਜਾਂਦਾ ਹਾਂ....
ਹਾਏ! ਮੇਰਾ ਤੌਲੀਆ ਕਿੱਥੇ ਹੈ!

ਮੇਰਾ ਤੌਲੀਆ ਵੀ ਤਾਂ ਦੇਵੀ
ਤੇਰੇ ਕੋਲ਼ ਹੈ
ਜਿਸ ਨਾਲ਼ ਮੈ ਤਨ-ਮਨ ਦੀ
ਰੋਜ਼ ਮੈਲ਼ ਲਾਹੁੰਦਾ ਹਾਂ...
=====
ਨਜ਼ਮ
ਮੇਰੇ ਰੁੰਡ-ਮਰੁੰਡ ਸਿਰ
ਚੋਂ
ਹਰੇ ਪੱਤੇ ਨਿੱਕਲ਼ ਆਏ ਨੇ
ਦੇਵੀ ਉਨ੍ਹਾਂ ਵੱਲ ਦੇਖ
ਇਸ਼ਾਰੇ ਤੇ ਇਸ਼ਾਰਾ
ਕਰੀ ਹੱਸੀ ਜਾਂਦੀ ਹੈ
ਹੱਸਦੀ ਹੱਸਦੀ
ਦੂਹਰੀ ਹੋਈ ਜਾਂਦੀ ਹੈ

ਮੇਰੇ
ਚ ਉਸ ਵਰਗਾ
ਪ੍ਰਵੇਸ਼ ਹੋਣ ਲੱਗਾ ਹੈ
ਕੁਝ ਫ਼ਾਲਤੂ ਦਾ
ਨਾਲ਼ੋਂ ਲਹੀ ਜਾਂਦਾ ਹੈ
ਡਿੱਗੇ ਨੂੰ ਵੀ
ਦੇਖੀ ਜਾਂਦਾ ਹਾਂ
ਨਵੇਂ ਨੂੰ ਵੀ ਦੇਖੀ ਜਾਂਦਾ ਹਾਂ....
======
ਨਜ਼ਮ
ਕੁਝ ਘੜੀਆਂ ਹੋਰ
ਕੁਝ ਪਲ ਹੋਰ
ਚਰਚ ਦੀ ਘੰਟੀ ਵੱਜਣ ਤੋਂ ਪਹਿਲਾਂ
ਇਹ ਰੁੱਤਾਂ
ਚਾਰ ਮੌਸਮ
ਚਾਰ ਰੰਗ
ਚੇਤੇ
ਚ ਲਹਿਣ ਤੋਂ ਪਹਿਲਾਂ
ਮੈਨੂੰ
ਦੇਵੀ
ਚ ਵਿਲੀਨ ਹੋ ਲੈਣ ਦਿਉ
ਮੈਂ ਤੁਹਾਨੂੰ
ਪਿਆਰ ਨਾਲ਼ ਕਹਿੰਦਾ ਹਾਂ:
ਜਦ ਮੈਂ ਇੱਥੋਂ
ਕੂਚ ਕਰਨ ਲੱਗਾਂ
ਤਾਂ ਮੇਰੇ ਘਰ ਦੇ ਦੁਆਰ
ਖੁੱਲ੍ਹੇ ਰਹਿਣ ਦੇਣਾ.....

Monday, November 12, 2012

ਦੀਵਾਲੀ ਮੁਬਾਰਕ ਦੋਸਤੋ..:)



ਵਿਹੜਾ ਮੇਰਾ ਜਗ ਪੈਂਦਾ ਸੀ ਤੇਰੇ ਕੋਠੇ ਚੜ੍ਹਿਆਂ ਜਿਉਂ
ਕਿਸ ਦੀਵਾਲੀ ਦਾ ਚਾਨਣ ਮੈਂ ਉਸ ਲੋਅ ਉੱਤੇ ਧਰ ਸਕਾਂ

...........
ਉਂਕਾਰਪ੍ਰੀਤ ਜੀ ਦੇ ਇਸ ਖ਼ੂਬਸੂਰਤ ਸ਼ਿਅਰ ਨਾਲ਼, ਆਪ ਸਭ ਨੂੰ ਦੀਵਾਲੀ ਦਾ ਤਿਓਹਾਰ ਮੁਬਾਰਕ ਹੋਵੇ ਜੀ।