ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Tuesday, May 25, 2010

ਦਵਿੰਦਰ ਸਿੰਘ ਪੂਨੀਆ - ਤਾਨਕਾ ਕਵਿਤਾਵਾਂ

ਤਾਨਕਾ ਕਵਿਤਾ - ਇਹ ਵਿਧਾ ਪੰਜ ਸਤਰਾਂ ਵਾਲੀ ਜਾਪਾਨੀ ਵਿਧਾ ਹੈ ਜੋ ਹਾਇਕੂ ਤੋਂ ਦੋ ਸਤਰਾਂ ਲੰਬੀ ਹੈ ਅਤੇ ਇਮੇਜ ਦੀ ਥਾਂ ਜਜ਼ਬਾਤ ਭਰਪੂਰ ਹੁੰਦੀ ਹੈ। ਪਰ ਇਹ ਕੋਈ ਆਮ ਅੰਦਾਜ਼ ਦੀ ਪੰਜ ਸਤਰੀ ਨਜ਼ਮ ਨਹੀਂ ਹੁੰਦੀ। ਇਸ ਦਾ ਸੁਭਾਅ ਇਸ ਦਾ ਆਪਣਾ ਹੀ ਹੁੰਦਾ ਹੈ। ਅੰਗਰੇਜ਼ੀ ਅਤੇ ਹੋਰ ਕਈ ਭਾਸ਼ਾਵਾਂ ਵਿਚ ਦੇਰ ਤੋਂ ਲਿਖੀ ਜਾ ਰਹੀ ਹੈ। ਸ਼ਬਦ-ਸੰਜਮ ਹਾਇਕੂ ਵਾਂਗ ਹੀ ਲਾਜ਼ਮੀ ਹੈ।

*****

*****

ਤਾਨਕਾ ਕਵਿਤਾਵਾਂ

1)

ਸੰਘਣੀ ਹੋ ਰਹੀ

ਗਰਮੀ ਦੀ ਸ਼ਾਮ

ਖ਼ਾਲੀ ਹੋ ਰਹੀ ਪਾਰਕਿੰਗ

ਉੱਤਰ ਰਹੀਆਂ ਝੀਲ ਤੇ

ਹੰਸਾਂ ਦੀਆਂ ਡਾਰਾਂ

=====

2)

ਲੱਗੀ ਬਹੁਤ ਪਿਆਸ

ਕਾਰ ਚਲਾਵਾਂ ਤੇਜ਼

ਦਰਿਆ ਦਾ ਪੁਲ

ਉੱਪਰੋਂ ਲੰਘ ਰਹੇ

ਕਾਲ਼ੇ ਮੇਘ

=====

3)

ਮਹਿਮਾਨ ਦੀ ਉਡੀਕ

ਕਮਰੇ ਦੀ ਸਫ਼ਾਈ

ਉਤਾਰੇ ਜਾਲ਼ੇ

ਬਾਹਰ ਸੁੱਟ ਦਿੱਤੀਆਂ

ਮੱਕੜੀਆਂ

=====

4)

ਬੈਠਕ ਦਾ ਕੰਸ (ਸ਼ੈਲਫ)

ਨਾਨਕ ਦੀ ਤਸਵੀਰ

"ਸਤਿਗੁਰ ਤੇਰੀ ਓਟ"

ਉਸਦੇ ਪਿੱਛੇ

ਚਿੜੀ ਦਾ ਆਲ੍ਹਣਾ

=====

5)

ਧੁੱਪ ਚ ਬਜ਼ੁਰਗ

ਲੱਤਾਂ ਬਾਹਾਂ ਨੂੰ ਮਲ਼ੇ

ਸਰ੍ਹੋਂ ਦਾ ਤੇਲ

ਲੰਘ ਗਿਆ ਸਿਆਲ਼

ਖਿੜ ਗਈ ਸਰ੍ਹੋਂ

Monday, May 24, 2010

ਰਾਜਿੰਦਰਜੀਤ - ਗ਼ਜ਼ਲ

ਗ਼ਜ਼ਲ

ਹਜ਼ਾਰ ਲੋਚਿਆ ਜੋ ਉਹ ਨਹੀਂ ਮੈਂ ਕਰ ਸਕਿਆ,

ਹਮੇਸ਼ਾ ਸਾਹਮਣੇ ਹੈ ਆਈ ਬੇਵਸੀ ਮੇਰੀ

ਉਲਾਂਭਾ ਤਪਦੇ ਥਲਾਂ ਦਾ ਹੈ ਮੈਨੂੰ ਸਿਰ ਮੱਥੇ,

ਜੇ ਵਰ੍ਹਿਆ ਸਾਗਰਾਂ 'ਤੇ, ਕੀ ਪ੍ਰਾਪਤੀ ਮੇਰੀ

-----

-----

ਹਵਾ ਨੇ ਮੈਨੂੰ ਕਦੇ ਵੀ ਨਾ ਸਮਝਿਆ ਗੁਲਸ਼ਨ,

ਕਲੀ-ਕਲੀ ਮੇਰੀ ਨੇ ਝੱਲਿਆ ਬੇਗਾਨਾਪਣ,

ਬਦਲਦੇ ਮੌਸਮਾਂ ਤੋਂ ਮੈਨੂੰ ਕੁਝ ਵੀ ਆਸ ਨਹੀਂ,

ਹੋਏਗੀ ਖ਼ੁਦ ਬਹਾਰ ਬਣਕੇ ਵਾਪਸੀ ਮੇਰੀ

-----

ਮੈਂ ਵਕ਼ਤ ਹਾਂ,ਮਿਰਾ ਗਿਲਾ ਕਰੋਗੇ ਕਿਸ ਕੋਲੇ,

ਮੇਰੇ ਸਿਤਮ ਦੀ ਸ਼ਿਕਾਇਤ ਕਰੋਗੇ ਕਿਸ ਕੋਲ਼ੇ,

ਹਰੇਕ ਪਲ, ਹਰੇਕ ਦਿਨ, ਹਰਿਕ ਮਹੀਨਾ ਵੀ,

ਹਰੇਕ ਸਾਲ ਮੇਰਾ ਤੇ ਹਰਿਕ ਸਦੀ ਮੇਰੀ

-----

ਹਰੇਕ ਵਾਰ ਹੀ ਮੈਂ ਭੇਖ ਬਦਲ ਆਉਂਦਾ ਹਾਂ,

ਹਰੇਕ ਵਾਰ ਹੀ ਮੈਂ ਹੁਕਮਰਾਂ ਕਹਾਉਂਦਾ ਹਾਂ,

ਹਯਾ, ਜਾਂ ਫ਼ਰਜ਼ ਜਾਂ ਈਮਾਨ ਦੇ ਕਿਸੇ ਪਰਦੇ,

ਹਮੇਸ਼ਾ ਛੁਪ ਕੇ ਰਹੀ ਹੈ ਦਰਿੰਦਗੀ ਮੇਰੀ

-----

ਕਦੇ ਵੀ ਨਾਲ ਮੇਰੇ ਇਸ ਤਰ੍ਹਾਂ ਨ ਹੋਈ ਸੀ,

ਕਿਸੇ ਵੀ ਮੋੜ 'ਤੇ ਮੈਥੋਂ ਪਰ੍ਹਾਂ ਨ ਹੋਈ ਸੀ,

ਮਿਰੇ ਖ਼ਾਬੀਦਾ ਪਲਾਂ ਨੂੰ ਤਿਲਾਂਜਲੀ ਦੇ ਕੇ,

ਕਿਸੇ ਪਰਾਏ ਘਰ ਹੈ ਨੀਂਦ ਸੌਂ ਰਹੀ ਮੇਰੀ

Sunday, May 23, 2010

ਕੁਲਵਿੰਦਰ ਕੁੱਲਾ - ਗ਼ਜ਼ਲ

ਗ਼ਜ਼ਲ

ਸੜੇ ਕਿੰਝ ਆਲ੍ਹਣੇ, ਪੰਛੀ ਮਰੇ ਕਿੰਝ ਅੰਬਰਾਂ ਥੱਲੇ

ਇਹ ਗਾਥਾ ਦਫ਼ਨ ਹੋ ਕੇ ਰਹਿ ਗਈ ਚੰਦ ਅੱਖਰਾਂ ਥੱਲੇ

-----

ਇਹ ਕਿਸਦੇ ਹਰਫ਼ ਹਰਫ਼ ਉੱਤੇ ਸਮੇਂ ਦੀ ਧੂੜ ਜੰਮੀ ਹੈ,

ਇਹ ਕਿਸਦੀ ਪੈੜ ਦੱਬੀ ਹੈ ਚਿਰਾਂ ਤੋਂ ਪੱਥਰਾਂ ਥੱਲੇ

-----

ਇਨ੍ਹਾਂ ਵਿੱਚੋਂ ਤਦੇ ਜਜ਼ਬਾਤ ਸਾਰੇ ਕਰ ਗਏ ਹਿਜਰਤ,

ਛੁਪਾ ਕੇ ਤੁਰ ਗਿਆ ਸੀ ਤੂੰ ਮੇਰੇ ਖ਼ਤ ਸਸ਼ਤਰਾਂ ਥੱਲੇ

-----

ਉਜਾੜੀ ਜਾ ਰਹੇ ਘੁੱਗ ਵਸ ਰਹੀ ਉਤਲੀ ਵਸੋਂ ਸਾਰੀ,

ਕੋਈ ਸੱਭਿਅਤਾ ਉਹ ਖੋਜੀ ਜਾ ਰਹੇ ਮੇਰੇ ਗਰਾਂ ਥੱਲੇ

-----

ਤੂੰ ਉੱਚਾ ਉਡ ਰਿਹੈਂ ਤੇ ਮਾਪਦੈਂ ਪਰ ਖੋਲ੍ਹ ਕੇ ਜਿਸਨੂੰ,

ਇਹ ਸਾਰੀ ਧਰਤ ਨਾ ਆਉਣੀ ਕਦੇ ਤੇਰੇ ਪਰਾਂ ਥੱਲੇ

Saturday, May 22, 2010

ਆਜ਼ਾਦ ਹੁਸ਼ਿਆਰਪੁਰੀ - ਗ਼ਜ਼ਲ

ਨਾਮ: ਰਾਕੇਸ਼ ਕੁਮਾਰ ਆਜ਼ਾਦ

ਸਾਹਿਤਕ ਨਾਮ: ਆਜ਼ਾਦ ਹੁਸ਼ਿਆਰਪੁਰੀ

ਅਜੋਕਾ ਨਿਵਾਸ: ਹੁਸ਼ਿਆਰਪੁਰ, ਪੰਜਾਬ

ਪ੍ਰਕਾਸ਼ਿਤ ਕਿਤਾਬਾਂ: ਰਚਨਾਵਾਂ ਅਜੇ ਕਿਤਾਬੀ ਰੂਪ ਵਿਚ ਪ੍ਰਕਾਸ਼ਿਤ ਨਹੀਂ ਹੋਈਆਂ।

******

ਦੋਸਤੋ! ਹੁਸ਼ਿਆਰਪੁਰ ਵਸਦੇ ਗ਼ਜ਼ਲਗੋ ਇਕਵਿੰਦਰ ਜੀ ਨੇ ਆਜ਼ਾਦ ਹੁਸ਼ਿਆਰਪੁਰੀ ਜੀ ਦੀਆਂ ਲਿਖੀਆਂ ਗ਼ਜ਼ਲਾਂ ਦਾ ਭੇਜ ਕੇ ਉਹਨਾਂ ਦੀ ਆਰਸੀ ਪਰਿਵਾਰ ਨਾਲ਼ ਪਹਿਲੀ ਸਾਹਿਤਕ ਸਾਂਝ ਪਵਾਈ ਹੈ। ਮੈਂ ਇਕਵਿੰਦਰ ਜੀ ਦੀ ਤਹਿ-ਦਿਲੋਂ ਸ਼ੁਕਰਗੁਜ਼ਾਰ ਹਾਂ। ਆਜ਼ਾਦ ਸਾਹਿਬ ਨੂੰ ਆਰਸੀ ਪਰਿਵਾਰ ਵੱਲੋਂ ਖ਼ੁਸ਼ਆਮਦੀਦ ਆਖਦਿਆਂ, ਇਹਨਾਂ ਦੋਵਾਂ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਨੂੰ ਅੱਜ ਦੀ ਪੋਸਟ ਚ ਸ਼ਾਮਿਲ ਕਰਨ ਦਾ ਮਾਣ ਹਾਸਿਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

*****

ਗ਼ਜ਼ਲ

ਜੇ ਮੈਨੂੰ ਇਹ ਜੀਵਨ ਦੁਬਾਰਾ ਮਿਲ਼ੇ

ਇਹ ਇੱਛਾ ਹੈ ਮੇਰਾ ਹੀ ਪਿਆਰਾ ਮਿਲ਼ੇ

-----

ਜੋ ਟੁੱਟਿਆ ਹੈ ਫੁੱਲ, ਫੁੱਲ ਦੀ ਸ਼ਾਖ਼ ਤੋਂ,

ਇਹ ਮੁਸ਼ਕਿਲ ਹੈ ਉਸਨੂੰ ਦੁਬਾਰਾ ਮਿਲ਼ੇ

-----

ਅਸਾਡੇ ਮੁਕੱਦਰ ਭਟਕਣ ਲਿਖੀ,

ਨਾ ਡੁੱਬਦੇ ਪਏ ਨਾ ਕਿਨਾਰਾ ਮਿਲ਼ੇ

-----

ਤੇਰੇ ਵਾਸਤੇ ਜਾਨ ਹਾਜ਼ਰ ਕਰਾਂ ,

ਤੇਰਾ ਸ਼ੋਖ਼ ਜੇਕਰ ਇਸ਼ਾਰਾ ਮਿਲ਼ੇ

-----

ਉਦਾਸੇ, ਪਿਆਸੇ ਮੇਰੇ ਦੋਸਤੋ !

ਕਰੋ ਹੌਸਲਾ ਫਲ਼ ਨਿਆਰਾ ਮਿਲ਼ੇ

=====

ਗ਼ਜ਼ਲ

ਮੇਰੇ ਸੀ ਅਰਮਾਨ ਬੜੇ ਪਰ ਘੱਟ ਨਿੱਕਲ਼ੇ

ਦਿਲ ਦੇ ਚੱਪੇਚੱਪੇ ਉੱਤੇ ਫ਼ੱਟ ਨਿੱਕਲ਼ੇ

-----

ਜਦ ਵੀ ਤੈਨੂੰ ਚੇਤੇ ਕੀਤਾ ਬੇ ਦਰਦਾ !

ਹੰਝੂ ਮੇਰੀਆਂ ਅੱਖੀਆਂ ਵਿਚੋਂ ਝੱਟ ਨਿੱਕਲ਼ੇ

-----

ਜਿਹੜਾ ਜਿਹੜਾ ਵੀ ਮੈਂ ਬੂਹਾ ਖੜਕਾਵਾਂ,

ਉੱਥੇ ਉੱਥੇ ਹੀ ਦੁੱਖਾਂ ਦਾ ਹੱਟ ਨਿੱਕਲ਼ੇ

-----

ਤੇਰੀਆਂ ਯਾਦਾਂ ਨੇ ਏਨਾ ਤੜਫ਼ਾਇਆ ਹੈ,

ਏਹੋ ਸੋਚਦਿਆਂ ਹੀ ਮੇਰੇ ਵੱਟ ਨਿੱਕਲ਼ੇ

-----

ਜਿਹਨਾਂ ਤੇ ਵਿਸ਼ਵਾਸ ਸੀ ਮੈਨੂੰ ਰੱਬ ਜਿਹਾ,

ਉਹ ਵੀ ਕਿਹੜੇ ਗ਼ੈਰਾਂ ਨਾਲੋਂ ਘੱਟ ਨਿੱਕਲ਼ੇ

-----

ਜਿਹਨਾਂ ਨੂੰ ਆਜ਼ਾਦਅਸੀਂ ਕਰਵਾਇਆ ਸੀ,

ਮੌਕਾ ਮਿਲ਼ਿਆ ਤਾਂ ਉਹ ਸਾਨੂੰ ਕੱਟ ਨਿੱਕਲ਼ੇ

Friday, May 21, 2010

ਗੁਰਦਰਸ਼ਨ ਬੱਲ - ਗ਼ਜ਼ਲ

ਸਾਹਿਤਕ ਨਾਮ: ਗੁਰਦਰਸ਼ਨ ਬੱਲ

ਅਜੋਕਾ ਨਿਵਾਸ: ਯੂ.ਐੱਸ.ਏ

ਪ੍ਰਕਾਸ਼ਿਤ ਕਿਤਾਬਾਂ: ਹਿੰਦੀ ਕਾਵਿ-ਸੰਗ੍ਰਹਿ: ਆਦਾਬ ਅਰਜ਼ ਹੈ ਪ੍ਰਕਾਸ਼ਿਤ ਹੋ ਚੁੱਕਾ ਹੈ। ਇਸ ਤੋਂ ਇਲਾਵਾ ਏਸੇ ਕਾਵਿ-ਸੰਗ੍ਰਹਿ ਚੋਂ ਸੱਤ ਗ਼ਜ਼ਲਾਂ ਪ੍ਰਸਿੱਧ ਗ਼ਜ਼ਲ ਗਾਇਕ ਦੇਵਕੀ ਨੰਦਨ ਜੀ ਦੀ ਆਵਾਜ਼ ਚ ਰਿਕਾਰਡ ਹੋ ਕੇ ਖ਼ੂਬਸੂਰਤ ਨਾਂ ਦੀ ਸੀ.ਡੀ. ਵੀ ਜਲਦੀ ਰਿਲੀਜ਼ ਹੋ ਰਹੀ ਹੈ।

-----

ਇਨਾਮ-ਸਨਮਾਨ: 1994 ਵਿਚ ਹਿੰਦੀ-ਪੰਜਾਬੀ ਗ਼ਜ਼ਲਾਂ ਲਈ ਵਿਜੇ ਨਿਰਬਾਧ ਐਵਾਰਡ ਨਾਲ਼ ਸਨਮਾਨਿਤ ਕੀਤਾ ਜਾ ਚੁੱਕਾ ਹੈ। ਕੱਟ-ਗਲਾਸ ਆਰਟ ਵਿਚ ਉਹਨਾਂ ਨੂੰ ਤਿੰਨ ਵਾਰ ਪੰਜਾਬ ਸਟੇਟ ਐਵਾਰਡ ਅਤੇ ਲਲਿਤ ਕਲਾ ਅਕੈਡਮੀ ਵੱਲੋਂ ਵੀ ਐਵਾਰਡ ਮਿਲ਼ ਚੁੱਕਿਆ ਹੈ। 1988 ਵਿਚ ਪੰਜਾਬ ਸਰਕਾਰ ਵੱਲੋਂ ਗੋਲਡ ਮੈਡਲ ਅਤੇ ਪ੍ਰਮਾਣ-ਪੱਤਰ ਦੇ ਕੇ ਸਮਾਨਿਆ ਗਿਆ। 1983 ਵਿਚ ਬੱਲ ਸਾਹਿਬ ਨੂੰ ਉਹਨਾਂ ਦੀ ਕੱਟ-ਗਲਾਸ ਆਰਟ ਦੇ ਹੁਨਰ ਕਰਕੇ ਉਸ ਵੇਲ਼ੇ ਦੇ ਭਾਰਤ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਜੀ ਨੇ ਵੀ ਸਨਮਾਨਿਆ।

-----

ਦੋਸਤੋ! ਆਰਸੀ ਦੀ ਅੱਜ ਦੀ ਪੋਸਟ ਚ ਨਿਊ ਜਰਸੀ, ਯੂ.ਐੱਸ.ਏ. ਵਸਦੇ ਗ਼ਜ਼ਲਗੋ ਗੁਰਦਰਸ਼ਨ ਬੱਲ ਜੀ ਦੀਆਂ ਤਿੰਨ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਅਤੇ ਇਕ ਨਜ਼ਮ ਆਰਸੀ ਚ ਸਾਮਿਲ ਕਰਨ ਦਾ ਮਾਣ ਹਾਸਿਲ ਕਰ ਰਹੀ ਹਾਂ। ਦਦਰਅਸਲ, ਉਹਨਾਂ ਨੇ ਆਪਣੀਆਂ ਰਚਨਾਵਾਂ ਕੋਈ ਮਹੀਨਾ ਕੁ ਪਹਿਲਾਂ ਘੱਲੀਆਂ ਸਨ, ਮੈਂ ਜ਼ਿਆਦਾ ਰੁੱਝੀ ਹੋਣ ਕਰਕੇ ਉਹਨਾਂ ਦੀ ਹਾਜ਼ਰੀ ਲਵਾਉਣ ਚ ਦੇਰੀ ਹੋ ਗਈ ਹੈ, ਇਸ ਲਈ ਖ਼ਿਮਾ ਦੀ ਜਾਚਕ ਹਾਂ। ਮੈਂ ਏਥੇ ਇਹ ਦੱਸਣਾ ਜ਼ਰੂਰੀ ਸਮਝਦੀ ਹਾਂ ਕਿ ਬੱਲ ਸਾਹਿਬ ਸ਼ਾਇਰ ਹੋਣ ਦੇ ਨਾਲ਼-ਨਾਲ਼ ਕਹਾਣੀਕਾਰ ਵੀ ਨੇ ਤੇ ਲਲਿਤ ਕਲਾਵਾਂ ਚੋਂ ਕੱਟ ਗਲਾਸ ਆਰਟ ਦੇ ਵੀ ਮਾਹਿਰ ਹਨ। ਬੱਲ ਸਾਹਿਬ ਮੇਰੇ ਡੈਡੀ ਬਾਦਲ ਸਾਹਿਬ ਦੇ ਸਾਹਿਤਕ ਦੋਸਤ ਹਨ, ਹੈ ਨਾ ਕਿੰਨੇ ਮਿਲ਼ਦੇ-ਜੁਲ਼ਦੇ ਨਾਮ? ਕਈ ਅਖ਼ਬਾਰਾਂ ਚ ਮੈਂ ਉਹਨਾਂ ਦੀਆਂ ਗ਼ਜ਼ਲਾਂ/ ਸ਼ਿਅਰ ਪੜ੍ਹ ਕੇ ਡੈਡੀ ਜੀ ਨੂੰ ਆਖਦੀ ਹੁੰਦੀ ਸੀ ਕਿ ਵੇਖੋ! ਤੁਹਾਡਾ ਨਾਮ ਅਖ਼ਬਾਰ ਵਿਚ ਗ਼ਲਤ ਛਪ ਗਿਆ ਹੈ। ਫੇਰ ਉਹਨਾਂ ਨੇ ਦੱਸਿਆ ਕਿ ਗੁਰਦਰਸ਼ਨ ਬੱਲ ਜੀ ਵੀ ਇਕ ਗ਼ਜ਼ਲਗੋ ਹਨ। ਸੋ ਹੁਣ ਮੈਂ ਬੱਲ ਸਾਹਿਬ ਨੂੰ ਡੈਡੀ ਜੀ ਦੇ ਹਮ-ਨਾਮ ਸ਼ਾਇਰ ਆਖਦੀ ਹੁੰਦੀ ਹਾਂ। ਸਮੂਹ ਆਰਸੀ ਪਰਿਵਾਰ ਵੱਲੋਂ ਬੱਲ ਸਾਹਿਬ ਨੂੰ ਖ਼ੁਸ਼ਆਮਦੀਦ। ਰਚਨਾਵਾਂ ਭੇਜ ਕੇ ਹਾਜ਼ਰੀ ਲਵਾਉਣ ਲਈ ਉਹਨਾਂ ਦਾ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

********

ਗ਼ਜ਼ਲ

ਕਈ ਰੂਪ ਘੁਲ਼ਦੇ ਹਨੇਰੇ-ਹਨੇਰੇ।

ਕਈ ਚੰਨ ਚੜ੍ਹਦੇ ਸਵੇਰੇ-ਸਵੇਰੇ।

-----

ਖ਼ੁਦਾ ਦਾ ਬਸੇਰਾ ਹੈ ਤੇਰੇ ਚੁਫ਼ੇਰੇ।

ਗੁਨਾਹ ਫਿਰ ਕਰੇਂ ਕਿਉਂ ਹਨੇਰੇ-ਹਨੇਰੇ?

----

ਐਂ ਲਗਦੈ ਕਿ ਦਿਲਬਰ ਮਿਰਾ ਆ ਰਿਹਾ ਹੈ,

ਕਈ ਕਾਗ ਬੋਲੇ ਨੇ ਮੇਰੇ ਬਨੇਰੇ।

-----

ਮੁਹੱਬਤ ਬਿਨਾ ਜ਼ਿੰਦਗੀ ਹੈ ਸਰਾਪੀ,

ਮੁਹੱਬਤ ਜੇ ਹੈ ਜ਼ਿੰਦਗਾਨੀ ਉਚੇਰੇ।

-----

ਇਸ ਆਦਮ ਦੀ ਮੰਜ਼ਿਲ ਇਹ ਚੰਨ ਤਾਂ ਨਹੀਂ ਹੈ,

ਹੈ ਇਸ ਦੀ ਤਾਂ ਮੰਜ਼ਿਲ ਅਗੇਰੇ-ਅਗੇਰੇ।

-----

ਵਤਨ ਦੇ ਲਈ ਜੋ ਕਫ਼ਨ ਬੰਨ੍ਹ ਕੇ ਨਿਕਲ਼ੇ,

ਉਹ ਜਿਉਣਾ ਚੰਗੇਰੇ, ਉਹ ਮਰਨਾ ਚੰਗੇਰੇ।

-----

ਓ ਬੰਦੇ! ਜਨਮ ਵਿਚ ਤੂੰ ਚੰਗੇ ਕਰਮ ਕਰ,

ਕਿ ਏਥੇ ਤਿਰੇ ਚਾਰ ਦਿਨ ਦੇ ਹੀ ਡੇਰੇ।

----

ਕਈ ਲੋਕ ਆਖਣ ਹੈ ਬੰਦਾ ਬੁਰਾ ਬੱਲ,

ਕਈ ਲੋਕ ਆਖਣ ਇਹ ਚੰਗਾ ਵਧੇਰੇ।

=====

ਗ਼ਜ਼ਲ

ਇਸ ਜ਼ਿੰਦਗੀ ਦੀ ਸਾਰੀ, ਹੀ ਹਸਰਤ ਬਿਖ਼ਰ ਹਈ।

ਜੋ ਮੀਤ ਸੰਗ ਬੀਤੀ, ਉਹ ਵਧੀਆ ਗੁਜ਼ਰ ਗਈ।

-----

ਦੁਨੀਆ ਨੇ ਮੇਰੀ ਪ੍ਰੀਤ ਦਾ, ਕੀਤਾ ਮਜ਼ਾਕ ਹੈ,

ਕਿਸਮਤ ਵੀ ਸਾਥ ਛਡ ਗਈ, ਚਾਹਤ ਵੀ ਮਰ ਗਈ।

-----

ਮੈਨੂੰ ਮਿਰੇ ਨਸੀਬ ਨੇ, ਹੀ ਮਾਰ ਸੁੱਟਿਆ,

ਮੰਝਧਾਰ ਵਿਚ ਡੁਬੋ ਕੇ, ਕਿਨਾਰੇ ਲਹਿਰ ਗਈ।

-----

ਜਦ ਜੋਸ਼ ਨੇ ਹੈ ਮਾਰਿਆ, ਤਾਂ ਹੋਸ਼ ਨੇ ਕਿਹਾ,

ਕਿੱਥੇ ਨੇ ਵਲਵਲੇ ਤਿਰੇ, ਕਿੱਥੇ ਉਮਰ ਗਈ?

-----

ਮਸਤੀ ਕਿਸੇ ਸ਼ਰਾਬ ਦੀ ਨਾ ਗ਼ਮ ਭੁਲਾ ਸਕੀ,

ਜਦ ਯਾਦ ਬੱਲ ਦੀ ਆਈ, ਹੈ ਪੀਤੀ ਉਤਰ ਗਈ।

=====

ਗ਼ਜ਼ਲ

ਮਿਰੇ ਦਰਦੇ-ਦਿਲ ਦੀ ਦਵਾ ਵੀ ਨਹੀਂ ਹੈ।

ਮਿਹਰ ਵੀ ਨਹੀਂ ਹੈ, ਦੁਆ ਵੀ ਨਹੀਂ ਹੈ।

-----

ਮੈਂ ਜਿਸਦੇ ਲਈ ਸਿਰ ਤਲ਼ੀ ਤੇ ਟਿਕਾਇਆ,

ਕਹਿਰ ਹੈ ਕਿ ਉਸਨੂੰ ਪਤਾ ਵੀ ਨਹੀਂ ਹੈ।

-----

ਮਿਰੇ ਯਾਰ ਨੇ ਦਿਲ ਦੇ ਦਰਵਾਜ਼ੇ ਢੋਏ,

ਕਿ ਇਸਤੋਂ ਤਾਂ ਵਧ ਕੇ ਸਜ਼ਾ ਵੀ ਨਹੀਂ ਹੈ।

-----

ਸ਼ਮ੍ਹਾ! ਇਸ਼ਕ਼ ਖ਼ਾਤਿਰ ਤੂੰ ਬੇਸ਼ਕ ਜਲ਼ਾ ਦੇ,

ਬਿਨਾ ਮੌਤ ਦੇ ਹੁਣ ਮਜ਼ਾ ਵੀ ਨਹੀਂ ਹੈ।

-----

ਬਹੁਤ ਢੂੰਡਿਆ ਬੱਲ ਨੇ ਮਿਲ਼ਿਆ ਨਾ ਬੰਦਾ,

ਖ਼ੁਦਾ ਭਾਲ਼ਿਆ ਤਾਂ ਖ਼ੁਦਾ ਵੀ ਨਹੀਂ ਹੈ।

=====

ਇਹ ਜੀਵਨ ਚਾਰ ਦਿਨ ਹੀ ਹੈ

ਨਜ਼ਮ

ਇਹ ਸੱਚ ਹੈ ਕਿ ਚਲੇ ਜਾਣਾ ਹੈ ਸਭ ਨੇ

ਇਸ ਜਹਾਂ ਵਿੱਚੋਂ।

ਮਗਰ ਜਾਵੋ ਜਦੋਂ ਯਾਰੋ!

ਕੋਈ ਇਤਿਹਾਸ ਰਚ ਜਾਵੋ।

..........

ਸਫ਼ਰ ਜੀਵਨ ਦਾ ਲੰਬਾ ਨਹੀਂ

ਇਹ ਜੀਵਨ ਚਾਰ ਦਿਨ ਹੀ ਹੈ

ਕਿ ਫੁੱਲ ਵਰਗੀ ਸੋਹਣੀ ਜਹੀ

ਖ਼ੁਸ਼ਬੂ ਛੱਡ ਜਾਵੋ।

ਸਮੇਂ ਦੇ ਨਾਲ਼ ਜੋ ਗੂੰਜੇ

ਪਿਆਰ ਦਾ ਗੀਤ ਗਾ ਜਾਵੋ।

ਜੋ ਠੰਡੀ ਪੌਣ ਸਿਉਂ ਰੁਮਕੇ

ਦਿਲਾਂ ਨੂੰ ਠੰਡ ਵਰਤਾਏ

ਮਧੁਰ ਸੰਗੀਤ ਛੱਡ ਜਾਵੋ।

...............

ਦਿਲਾਂ ਵਿਚ ਪ੍ਰੀਤ ਬਣ ਉਮਡੇ

ਮੁਹੱਬਤ ਨੈਣਾਂ ਚੋਂ ਛਲਕੇ

ਲਬਾਂ ਚੋਂ ਪਿਆਰ ਬਣ ਨਿਕਲ਼ੇ

ਕਲ਼ਾਵੇ ਵਿੱਚ ਲਵੋ ਦੁਨੀਆ

ਕੋਈ ਇਤਿਹਾਸ ਰਚ ਜਾਵੋ

ਇਹ ਜੀਵਨ ਚਾਰ ਦਿਨ ਹੀ ਹੈ।

Thursday, May 20, 2010

ਗੁਰਦਰਸ਼ਨ ਬਾਦਲ - ਗ਼ਜ਼ਲ

ਗ਼ਜ਼ਲ

ਪਿਤਾ ਦੀ ਪੱਗ, ਅਪਣੀ ਲਾਜ ਲੈ ਕੇ

ਦੁਲ੍ਹਨ ਆਈ ਹੈ ਕਿੰਨਾ ਦਾਜ ਲੈ ਕੇ

-----

ਹਰਿਕ ਕਾਰੂੰ ਦੇ ਜਾਂਦੇ ਹੱਥ ਖ਼ਾਲੀ,

ਮੁਹੱਬਤ ਹੀ ਗਈ ਹੈ ਤਾਜ ਲੈ ਕੇ

-----

ਘੜੇ ਦੇ ਕੋਲ਼ ਜਾਂਦਾ ਹੈ ਪਿਆਸਾ,

ਕਦੇ ਮੋਤੀ, ਕਦੇ ਪੁਖ਼ਰਾਜ ਲੈ ਕੇ

----

ਗ਼ਜ਼ਲ ਤਰਲੋਕਦੀ ਗਾਉਂਦਾ ਹੈ ਵੇਖੋ,

ਕਿਵੇਂ ਨਾਂ ਆਪਣਾ ਸਰਤਾਜਲੈ ਕੇ

-----

ਤਿਰੀ ਆਸੀਸ ਲੈ ਕੇ ਚੱਲਿਆ ਹਾਂ,

ਮੁੜਾਂਗਾ ਮਾਂ ਕੁਈ ਕੰਮ-ਕਾਜ ਲੈ ਕੇ

-----

ਸਹੀ ਖ਼ਾਰਾਂ ਦੀ ਜਿੰਨ੍ਹਾਂ ਚੋਭ ਹਰ ਦਮ,

ਉਹ ਮੁੜਦੇ ਝੋਲ਼ ਵਿਚ ਅਨਾਜ ਲੈ ਕੇ

----

ਕਰੋ ਮਿਹਨਤ ਤਾਂ ਮਿਲ਼ਦਾ ਫਲ਼ ਹੈ ਬਾਦਲ’,

ਹਰਿਕ ਜੰਮਦਾ ਨਾ ਪੇਟੋਂ ਰਾਜ ਲੈ ਕੇ

ਹਰਦਮ ਸਿੰਘ ਮਾਨ - ਗ਼ਜ਼ਲ

ਗ਼ਜ਼ਲ

ਰੜਕ ਪੈਂਦੀ ਰਹਿੰਦੀ ਅਕਸਰ ਇਸ ਸਮੇਂ ਦੀ ਅੱਖ ਵਿਚ

ਬੀਜ ਦਿੱਤੇ ਕਿਸ ਨੇ ਕੰਕਰ ਇਸ ਸਮੇਂ ਦੀ ਅੱਖ ਵਿਚ

----

ਮੋਤੀਆਂ ਦੇ ਢੇਰ ਉਤੇ ਕਾਵਾਂ ਰੌਲ਼ੀ ਪੈ ਰਹੀ,

ਚੁਗ ਰਹੇ ਨੇ ਹੰਸ ਪੱਥਰ ਇਸ ਸਮੇਂ ਦੀ ਅੱਖ ਵਿਚ

-----

ਕਿਸ ਹਵਾ ਨੇ ਡਸ ਲਿਆ ਹੈ ਇਹਨਾਂ ਦਾ ਅਣਖੀ ਜਲੌਅ,

ਸ਼ਾਂਤ ਕਿਉਂ ਨੇ ਸਭ ਇਹ ਅੱਖਰ ਇਸ ਸਮੇਂ ਦੀ ਅੱਖ ਵਿਚ

----

ਹੁਣ ਤਾਂ ਚਿਹਰੇ ਨਿਕਲਦੇ ਨੇ ਪਹਿਨ ਕੇ ਹਰ ਪਲ ਨਕ਼ਾਬ,

ਗ਼ੈਰ ਵੀ ਲਗਦੇ ਨੇ ਮਿੱਤਰ ਇਸ ਸਮੇਂ ਦੀ ਅੱਖ ਵਿਚ

-----

ਉਹ ਮਨਾਉਂਦੇ ਨੇ ਜਸ਼ਨ, ਕਹਿੰਦੇ ਨਵਾਂ ਇਹ ਦੌਰ ਹੈ,

ਵਿਛ ਰਹੇ ਨੇ ਥਾਂ ਥਾਂ ਸੱਥਰ ਇਸ ਸਮੇਂ ਦੀ ਅੱਖ ਵਿਚ

-----

ਆਓ ਰਲ਼ ਮਿਲ਼ ਡੀਕ ਜਾਈਏ ਇਸ ਦਾ ਕ਼ਤਰਾ ਕ਼ਤਰਾ 'ਮਾਨ',

ਦਰਦ ਦਾ ਵਗਦਾ ਸਮੁੰਦਰ ਇਸ ਸਮੇਂ ਦੀ ਅੱਖ ਵਿਚ

Wednesday, May 19, 2010

ਗੁਰਨਾਮ ਗਿੱਲ - ਗ਼ਜ਼ਲ

ਗ਼ਜ਼ਲ

ਰਾਤੀਂ ਲੰਘੀ ਪੌਣ ਨਦੀ ਚੋਂ ਦਾਗ਼ ਲਹੂ ਦੇ ਧੋ ਕੇ

ਡਰ ਦੇ ਮਾਰੇ ਪਾਰ ਕੀਤੀਆਂ ਸੜਕਾਂ ਜ਼ਖ਼ਮੀ ਹੋ ਕੇ

-----

ਪਿੰਜ ਸੁੱਟੀ ਏ ਧੁੱਪ ਵਿਚਾਰੀ ਜਦ ਵੀ ਲੰਘੀਆਂ ਏਦਾਂ,

ਸਾਜ਼ਿਸ਼ ਭਰੀਆਂ ਜ਼ਾਲਿਮ ਨਜ਼ਰਾਂ ਰਿਸ਼ਮਾਂ ਵਿੱਚੀਂ ਹੋ ਕੇ

-----

ਨ੍ਹੇਰੇ ਵਿੱਚ ਜਦ ਆਸ ਨਿਮਾਣੀ ਭੁੱਲੀ ਰਾਹ ਖ਼ੁਸ਼ੀਆਂ ਦਾ,

ਸੌਂ ਗਈਆਂ ਫਿਰ ਥੱਕੀਆਂ ਸਧਰਾਂ ਦਰ ਪਲਕਾਂ ਦੇ ਢੋ ਕੇ।

-----

ਹੰਝੂਆਂ ਨੂੰ ਜਦ ਮੋਤੀ ਬਣਨਾ ਆਇਆ, ਫੇਰ ਅਸਾਂ ਨੇ,

ਮਾਲ਼ਾ ਇੱਕ ਬਣਾਈ ਦਿਲ ਦੇ ਸਾਰੇ ਦਰਦ ਪਰੋ ਕੇ

-----

ਬਾਰ ਜਦੋਂ ਨਾ ਖੋਲ੍ਹੇ ਤਾਂ ਫਿਰ ਘਰ ਨੂੰ ਪਰਤੇ ਆਖਰ,

ਥੱਕੇ-ਹਾਰੇ ਸੁਪਨੇ ਉਸ ਦੀ ਸਰਦਲ ਉੱਪਰ ਰੋ ਕੇ

-----

ਝੱਲ ਸਕੇ ਨਾ ਜਦ ਉਹ ਮੇਰੀ ਭਟਕਣ ਤਾਂ ਫਿਰ ਆਪੇ,

ਮੇਰੇ ਨਾਲ਼ ਤੁਰੇ ਸਨ ਰਸਤੇ ਮੇਰੀ ਮੰਜ਼ਿਲ ਹੋ ਕੇ।


Tuesday, May 18, 2010

ਅਲਮਾਸ ਸ਼ਬੀ - ਨਜ਼ਮ

ਸਾਹਿਤਕ ਨਾਮ: ਅਲਮਾਸ ਸ਼ਬੀ

ਜਨਮ: ਗੁਜਰਾਤ (ਪਾਕਿਸਤਾਨ)

ਅਜੋਕਾ ਨਿਵਾਸ: ਪਾਕਿਸਤਾਨ

ਪ੍ਰਕਾਸ਼ਿਤ ਕਿਤਾਬਾਂ: ਮੁਹੱਬਤ ਅਜ਼ਾਬ (ਪੰਜਾਬੀ ਨਜ਼ਮਾਂ), ਅਭੀ ਹਮ ਤੁਮਾਰੇ ਹੈਂ (ਉਰਦੂ ਵਾਰਤਕ), ਦੇਰ ਸਵੇਰ ਹੋ ਜਾਤੀ ਹੈ (ਉਰਦੂ ਸ਼ਾਇਰੀ ਦੀ ਕਿਤਾਬ ਪ੍ਰੈਸ ਵਿਚ)

******

ਦੋਸਤੋ! ਯੂ.ਐੱਸ.ਏ. ਵਸਦੇ ਗ਼ਜ਼ਲਗੋ ਸੁਰਿੰਦਰ ਸੋਹਲ ਜੀ ਨੇ ਪਾਕਿਸਤਾਨ ਵਸਦੀ ਸ਼ਾਇਰਾ ਅਲਮਾਸ ਸ਼ਬੀ ਜੀ ਦੀਆਂ ਨਜ਼ਮਾਂ ਦਾ ਗੁਰਮੁਖੀ ਲਿਪੀਅੰਤਰ ਭੇਜ ਕੇ ਉਹਨਾਂ ਦੀ ਆਰਸੀ ਪਰਿਵਾਰ ਨਾਲ਼ ਪਹਿਲੀ ਸਾਹਿਤਕ ਸਾਂਝ ਪਵਾਈ ਹੈ। ਮੈਂ ਸੋਹਲ ਸਾਹਿਬ ਦੀ ਤਹਿ-ਦਿਲੋਂ ਧੰਨਵਾਦੀ ਹਾਂ। ਸ਼ਬੀ ਸਾਹਿਬਾ ਨੂੰ ਆਰਸੀ ਪਰਿਵਾਰ ਵੱਲੋਂ ਖ਼ੁਸ਼ਆਮਦੀਦ ਆਖਦਿਆਂ, ਇਹਨਾਂ ਬੇਹੱਦ ਖ਼ੂਬਸੂਰਤ ਨਜ਼ਮਾਂ ਨੂੰ ਅੱਜ ਦੀ ਪੋਸਟ ਚ ਸ਼ਾਮਿਲ ਕਰਨ ਦਾ ਮਾਣ ਹਾਸਿਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

*****

ਐਨਗੇਜਡ ਟੋਨ (Engaged Tone)

ਨਜ਼ਮ

ਦਿਲ ਮਰ ਜਾਣਾ ਡਰਦਾ ਏ

ਤੇਰੇ ਫੋਨ ਤੇ ਐਨੀ ਦੇਰ

ਗੱਲਾਂ ਕਿਹੜਾ ਕਰਦਾ ਏ?

=====

ਅਸੀਂ ਸਾਦਮ-ਸਾਦੇ ਬੰਦੇ

ਨਜ਼ਮ

ਅਸੀਂ ਸਾਦਮ-ਸਾਦੇ ਬੰਦੇ

ਵੰਨ-ਸਵੰਨੀ ਇਸ ਦੁਨੀਆਂ ਦੇ

ਹੋਰ ਤਰ੍ਹਾਂ ਦੇ ਧੰਦੇ

ਚਿੱਟਾ ਦੁੱਧ

ਦੁਪੱਟਾ ਮੇਰਾ

ਹੱਥ ਦੁਨੀਆਂ ਦੇ ਗੰਦੇ

=====

ਪਿਉ ਤੇ ਮਾਂ

ਨਜ਼ਮ

ਛਾਵੇਂ ਬਹਿ ਕੇ ਸੇਕਾਂ ਧੁੱਪ

ਧੁੱਪੇ ਬਹਿ ਕੇ ਛਾਂ

ਉਤੇ ਮੇਰਾ ਰੱਬ ਏ ਸੋਹਣਾ

ਹੇਠਾਂ ਪਿਉ ਤੇ ਮਾਂ

=====

ਕਦੀ ਉਹ ਆ ਜਾਵੇ ਤੇ

ਨਜ਼ਮ

ਕਦੀ ਉਹ ਆ ਜਾਵੇ ਤੇ

ਥਾਂ ਨਹੀਂ ਲੱਭਦੀ

ਉਸ ਦੇ ਬਿਠਾਣੇ ਨੂੰ

ਉਂਝ ਤੇ ਮੈਂ ਲੱਗੀ ਰਹਿਨੀ ਆਂ

ਸਜਾਉਣ ਸਾਰੇ ਜ਼ਮਾਨੇ ਨੂੰ

*******

ਲਿੱਪੀ ਪਰਤਾਈ: ਸੁਰਿੰਦਰ ਸੋਹਲ


Monday, May 17, 2010

ਤਰਸੇਮ ਨੂਰ - ਗ਼ਜ਼ਲ

ਸਾਹਿਤਕ ਨਾਮ: ਤਰਸੇਮ ਨੂਰ

ਜਨਮ : 1955 ਮੁਕੇਰੀਆਂ (ਜ਼ਿਲ੍ਹਾ ਹੁਸ਼ਿਆਰਪੁਰ) ਪੰਜਾਬ

ਪ੍ਰਕਾਸ਼ਿਤ ਕਿਤਾਬਾਂ: ਰਚਨਾਵਾਂ ਅਜੇ ਕਿਤਾਬੀ ਰੂਪ ਵਿਚ ਪ੍ਰਕਾਸ਼ਿਤ ਨਹੀਂ ਹੋਈਆਂ।

******

ਦੋਸਤੋ! ਹੁਸ਼ਿਆਰਪੁਰ ਵਸਦੇ ਗ਼ਜ਼ਲਗੋ ਇਕਵਿੰਦਰ ਜੀ ਨੇ ਤਰਸੇਮ ਨੂਰ ਜੀ ਦੀਆਂ ਲਿਖੀਆਂ ਗ਼ਜ਼ਲਾਂ ਦਾ ਭੇਜ ਕੇ ਉਹਨਾਂ ਦੀ ਆਰਸੀ ਪਰਿਵਾਰ ਨਾਲ਼ ਪਹਿਲੀ ਸਾਹਿਤਕ ਸਾਂਝ ਪਵਾਈ ਹੈ। ਮੈਂ ਇਕਵਿੰਦਰ ਜੀ ਦੀ ਤਹਿ-ਦਿਲੋਂ ਸ਼ੁਕਰਗੁਜ਼ਾਰ ਹਾਂ। ਨੂਰ ਸਾਹਿਬ ਨੂੰ ਆਰਸੀ ਪਰਿਵਾਰ ਵੱਲੋਂ ਖ਼ੁਸ਼ਆਮਦੀਦ ਆਖਦਿਆਂ, ਇਹਨਾਂ ਤਿੰਨੇ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਨੂੰ ਅੱਜ ਦੀ ਪੋਸਟ ਚ ਸ਼ਾਮਿਲ ਕਰਨ ਦਾ ਮਾਣ ਹਾਸਿਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

*****

ਗ਼ਜ਼ਲ

ਖ਼ਸਤਾ ਹਾਲ ਮਕਾਨਾਂ ਵਰਗੇ

ਆਪਾਂ ਹਾਂ ਮਹਿਮਾਨਾਂ ਵਰਗੇ

-----

ਹਰ ਗੱਲ ਅੰਦਰ ਸੌਦੇ-ਬਾਜ਼ੀ,

ਹੁਣ ਨੇ ਲੋਕ ਦੁਕਾਨਾਂ ਵਰਗੇ

-----

ਦਾਨ ਵੀ ਦੇਵੇ ਨਾਂ ਲਿਖਵਾ ਕੇ,

ਪੁੰਨ ਕਰੇ ਅਹਿਸਾਨਾਂ ਵਰਗੇ

-----

ਨੱਚ ਪਈਂ ਨਾਂ ਦੇਖਦਿਆਂ ਹੀ,

ਸੁਖ ਹੁੰਦੇ ਮਹਿਮਾਨਾਂ ਵਰਗੇ

-----

ਹਾਲੇ ਵੀ ਨੇ ਕਿਧਰੇ-ਕਿਧਰੇ,

ਕੁਝ ਬੰਦੇ ਇਨਸਾਨਾਂ ਵਰਗੇ

-----

ਫ਼ਰਜ਼ਾਂ ਦੀ ਅੱਗ ਬਲ਼ਦੀ ਰਹਿੰਦੀ,

ਕੁਝ ਰਿਸ਼ਤੇ ਸ਼ਮਸ਼ਾਨਾਂ ਵਰਗੇ

-----

ਜੀਵਨ ਦੇ ਕੁਝ ਰਸਤੇ ਸੋਹਣੇ,

ਕੁਝ ਕੋਲੇ ਦੀਆਂ ਖਾਨਾਂ ਵਰਗੇ

-----

ਦਾਨੇ ਬਣ ਕੇ ਨੂਰਕੀ ਖੱਟਿਆ,

ਚੰਗੇ ਸੀ ਨਾਦਾਨਾਂ ਵਰਗੇ

=====

ਗ਼ਜ਼ਲ

ਕੀ ਹੋਇਆ ਜੇ ਪਾਣੀ ਨਹੀਓਂ

ਦਿਲ ਦੀ ਅੱਗ ਬੁਝਾਣੀ ਨਹੀਓਂ

-----

ਤੇਰੀ ਜ਼ੁਲਫ਼ ਦੀ ਖ਼ੁਸ਼ਬੂ ਅੱਗੇ,

ਕੁਝ ਵੀ ਰਾਤ ਦੀ ਰਾਣੀ ਨਹੀਓਂ

-----

ਕੀ ਹੈ ਦਿਲ ਵਿਚ ਅੱਜ ਮਲਾਹਾ!

ਬੇੜੀ ਕੰਢੇ ਲਾਣੀ ਨਹੀਓਂ

-----

ਮੈਂ ਵੀ ਠੂਠੇ ਤੋਂ ਕੀ ਲੈਣਾ,

ਉਸ ਨੇ ਖ਼ੈਰ ਜੇ ਪਾਣੀ ਨਹੀਓਂ

-----

ਧੂੜ ਗ਼ਮਾਂ ਦੀ ਹੈ ਇਸ ਉੱਤੇ,

ਇਹ ਤਸਵੀਰ ਪੁਰਾਣੀ ਨਹੀਓਂ

-----

ਐਸੇ ਖੂਹ ਨੂੰ ਖੂਹ ਵਿਚ ਸੁੱਟੋ,

ਜਿਸ ਨੇ ਪਿਆਸ ਬੁਝਾਣੀ ਨਹੀਓਂ

-----

ਸੋਚ-ਸਮਝ ਕੇ ਤੁਰਨਾ ਪੈਣਾ,

ਜੇਕਰ ਠੋਕਰ ਖਾਣੀ ਨਹੀਓਂ

-----

ਏਦਾਂ ਲਗਦਾ ਨੂਰਦਾ ਏਥੇ,

ਹੁਣ ਤਾਂ ਦਾਣਾ-ਪਾਣੀ ਨਹੀਓਂ

=====

ਗ਼ਜ਼ਲ

ਭਾਵੇਂ ਜਾਨ ਗਵਾ ਕੇ ਨਿਕਲ਼ੇ

ਅਪਣੀ ਗੱਲ ਸੁਣਾ ਕੇ ਨਿਕਲ਼ੇ

-----

ਸੋਹਣੇ ਕਪੜੇ ਪਾ ਕੇ ਨਿਕਲ਼ੇ,

ਲਗਦਾ ਈਦ ਮਨਾ ਕੇ ਨਿਕਲ਼ੇ

-----

ਅਪਣੇ ਘਰ ਵਿਚ ਮਾਰੀ ਚੁੱਭੀ,

ਦੂਜੇ ਘਰ ਵਿਚ ਜਾ ਕੇ ਨਿਕਲ਼ੇ

-----

ਮੇਰੀਆਂ ਅੱਖਾਂ ਵਿੱਚੋਂ ਹੰਝੂ,

ਮੇਰੀ ਅੱਖ ਬਚਾ ਕੇ ਨਿਕਲ਼ੇ

-----

ਅਪਣੇ-ਅਪਣੇ ਘਰ ਚੋਂ ਲੋਕੀਂ,

ਖ਼ਬਰੇ ਕਿਓਂ ਘਬਰਾ ਕੇ ਨਿਕਲ਼ੇ

-----

ਹੋਰ ਵੀ ਚੰਗਾ ਲੱਗੇ ਜੇਕਰ,

ਚੰਨ ਜ਼ਰਾ ਸ਼ਰਮਾ ਕੇ ਨਿਕਲ਼ੇ

-----

ਨੂਰਭਰੋਸੇ ਦੇ ਘਰ ਵਿੱਚੋਂ,

ਸਾਰੇ ਧੋਖਾ ਖਾ ਕੇ ਨਿਕਲ਼ੇ

Sunday, May 16, 2010

ਪ੍ਰੋ: ਮੋਹਨ ਸਿੰਘ ਔਜਲਾ - ਗ਼ਜ਼ਲ

ਦੋਸਤੋ! ਕੈਲਗਰੀ, ਕੈਨੇਡਾ ਵਸਦੇ ਗ਼ਜ਼ਲਗੋ ਪ੍ਰੋ: ਮੋਹਨ ਸਿੰਘ ਔਜਲਾ ਸਾਹਿਬ ਨੇ ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ ਵੱਲੋਂ ਪ੍ਰਕਾਸ਼ਿਤ ਆਪਣੀਆਂ ਸੱਤ ਕਿਤਾਬਾਂ ਆਰਸੀ ਲਈ ਘੱਲੀਆਂ ਹਨ, ਜਿਨ੍ਹਾਂ ਦਾ ਵੇਰਵਾ ਆਰਸੀ ਸੂਚਨਾਵਾਂ ਅਧੀਨ ਪੋਸਟ ਕੀਤਾ ਗਿਆ ਹੈ। ਕੈਲਗਰੀ ਤੋਂ ਹੀ ਸ਼ਮਸ਼ੇਰ ਸਿੰਘ ਸੰਧੂ ਸਾਹਿਬ ਨੇ ਪ੍ਰੋ: ਔਜਲਾ ਸਾਹਿਬ ਦੀਆਂ ਚੰਦ ਗ਼ਜ਼ਲਾਂ ਅਤੇ ਉਹਨਾਂ ਬਾਰੇ ਲਿਖਿਆ ਇਕ ਲੇਖ ਆਰਸੀ ਪਰਿਵਾਰ ਨਾਲ਼ ਸਾਂਝਾ ਕਰਨ ਲਈ ਘੱਲਿਆ ਹੈ। ਮੈਂ ਸੰਧੂ ਸਾਹਿਬ ਦੀ ਮਸ਼ਕੂਰ ਹਾਂ।

-----

ਪ੍ਰੋ: ਔਜਲਾ ਸਾਹਿਬ ਨਾਲ਼ ਬਾਦਲ ਸਾਹਿਬ ਦੀ ਪਰਸੋਂ ਫ਼ੋਨ ਤੇ ਗੱਲ ਵੀ ਹੋਈ ਸੀ। ਇਹ ਸੁਣ ਕੇ ਬਹੁਤ ਅਫ਼ਸੋਸ ਹੋਇਆ ਕਿ ਉਹ ਜਿਸ ਵਕ਼ਤ ਆਪਣੀਆਂ ਸੱਤੇ ਕਿਤਾਬਾਂ ਛਪਵਾ ਕੇ ਕੈਨੇਡਾ ਵਾਪਿਸ ਆਏ, ਤਾਂ ਉਹਨਾਂ ਦੀ ਤਬੀਅਤ ਕਾਫ਼ੀ ਨਾਸਾਜ਼ ਹੋ ਗਈ। ਬਹੁਤ ਸਾਰੇ ਟੈਸਟਾਂ ਤੋਂ ਬਾਅਦ ਪਤਾ ਲੱਗਿਆ ਕਿ ਪ੍ਰੋ: ਔਜਲਾ ਸਾਹਿਬ ਨੂੰ ਪੈਨਕ੍ਰੀਆਜ਼ ਦਾ ਕੈਂਸਰ ਹੋ ਗਿਆ ਹੈ। ਅੱਜ ਕਲ੍ਹ ਉਹ ਜ਼ੇਰੇ ਇਲਾਜ ਨੇ ਤੇ ਉਹਨਾਂ ਦੀ ਕੀਮੋਥੈਰੇਪੀ ਚੱਲ ਰਹੀ ਹੈ।

-----

ਅਸੀਂ ਆਰਸੀ ਪਰਿਵਾਰ ਵੱਲੋਂ ਉਹਨਾਂ ਦੀ ਸਿਹਤਯਾਬੀ ਲਈ ਦੁਆਗੋ ਹਾਂ। ਰੱਬ ਕਰੇ ਉਹ ਜਲਦੀ ਸਿਹਤਯਾਬ ਹੋ ਕੇ ਆਪਣੀਆਂ ਬਾਕੀ ਲਿਖਤਾਂ ਵੀ ਪੁਸਤਕ ਰੂਪ ਵਿਚ ਆਪਣੇ ਪਾਠਕਾਂ ਨੂੰ ਦੇਣ....ਆਮੀਨ! ਅੱਜ ਏਸੇ ਦੁਆ ਨਾਲ਼ ਉਹਨਾਂ ਦੀਆਂ ਤਿੰਨ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਆਰਸੀ ਚ ਸ਼ਾਮਿਲ ਕਰ ਰਹੀ ਹਾਂ। ਕਿਤਾਬਾਂ ਭੇਜਣ ਲਈ ਔਜਲਾ ਸਾਹਿਬ ਅਤੇ ਸਾਡੇ ਤੱਕ ਪਹੁੰਚਾਉਣ ਲਈ ਉਹਨਾਂ ਦੀ ਸਰੀ ਵਸਦੀ ਸਪੁੱਤਰੀ ਸੁਖਰਾਜ ਜੀ ਦਾ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

******

ਗ਼ਜ਼ਲ

ਹੈ ਸਾਹ-ਘੋਟੂ ਮੌਸਮ ਧੁਆਂਖੀ ਫ਼ਿਜ਼ਾ ਹੈ

ਤੇ ਵਹਿਸ਼ਤ ਤੇ ਦਹਿਸ਼ਤ ਦੀ ਛਾਈ ਘਟਾ ਹੈ

------

ਨੱਚੇ ਮੌਤ ਤਾਂਡਵ ਤੇ ਖ਼ਲਕਤ ਹੈ ਸਹਿਮੀ,

ਕੋਈ ਨੀਰੋ ਧਰਤੀ ਤੇ ਫਿਰ ਜਨਮਿਆ ਹੈ

-----

ਕਹੋ ਜੰਗਬਾਜ਼ਾਂ ਨੂੰ ਸਾਰੀ ਲੁਕਾਈ,

ਬੁਰੇ ਦਾ ਸਦਾ ਅੰਤ ਹੁੰਦਾ ਬੁਰਾ ਹੈ

-----

ਇਹ ਤਾਕਤ ਦੇ ਸਿਰ ਤੇ ਜੋ ਸ਼ੋਸ਼ਣ ਨੇ ਕਰਦੇ,

ਨਾ ਬਖ਼ਸ਼ਣ ਦੇ ਕਾਬਿਲ ਇਹਨਾਂ ਦੀ ਖ਼ਤਾ ਹੈ

-----

ਇਹ ਬੰਬਾਂ ਦੇ ਤਾਜਰ ਕਦੇ ਬਣ ਨਾ ਸਕਦੇ,

ਅਮਨ ਦੇ ਮਸੀਹਾ ਸਮਾਂ ਕਹਿ ਰਿਹਾ ਹੈ

-----

ਇਹ ਖ਼ੂਨੀ ਦਰਿੰਦੇ ਇਹ ਹਿਟਲਰ ਦੇ ਵਾਰਿਸ,

ਇਨ੍ਹਾ ਸਨਕੀਆਂ ਦੇਣੀ ਦੁਨੀਆਂ ਜਲ਼ਾ ਹੈ

-----

ਅਮਨ ਲਹਿਰ ਸਿਰਜੋ ਬਚਾਵੋ ਲੁਕਾਈ,

ਕਿ ਖ਼ਤਰਾ ਤਬਾਹੀ ਦਾ ਸਿਰ ਤੇ ਖੜ੍ਹਾ ਹੈ

-----

ਜੋ ਕੁੰਭਕਰਨ ਦੀ ਨੀਂਦ ਸੁੱਤੇ ਜਗਾਵੋ,

ਕਰੋ ਏਕਤਾ ਇਸ ਸਭ ਦਾ ਭਲਾ ਹੈ

------

ਸਦਾ ਬੀਜ ਬੀਜੇ ਜੋ ਹਰ ਥਾਂ ਕਲਾ ਦੇ,

ਰਹੋ ਇਸ ਤੋਂ ਬਚਕੇ ਬਚਾ ਵਿਚ ਬਚਾ ਹੈ

=====

ਗ਼ਜ਼ਲ

ਸੁਪਨੇ ਵਿਚ ਹੀ ਆ ਜਾਇਆ ਕਰ ਕਦੇ ਕਦੇ

ਨੂਰੀ ਝਲਕ ਦਿਖਾ ਜਾਇਆ ਕਰ ਕਦੇ ਕਦੇ

-----

ਪਿਆਰ- ਪਿਆਸੇ ਹੀ ਨਾ ਜਗ ਤੋਂ ਟੁਰ ਜਾਈਏ,

ਧਾ ਗਲਵਕਤੀ ਪਾ ਜਾਇਆ ਕਰ ਕਦੇ ਕਦੇ

-----

ਦੀਦ ਦਾ ਰੋਜ਼ਾ ਖੁੱਲ੍ਹੇ ਕਿੰਝ ਦੀਦਾਰ ਬਿਨਾ,

ਇਹ ਤਾਂ ਕਰਮ ਕਮਾ ਜਾਇਆ ਕਰ ਕਦੇ ਕਦੇ

-----

ਦਿਲ ਤੇਰੇ ਬਿਨ ਬੁਝਿਆ ਬੁਝਿਆ ਰਹਿੰਦਾ ਹੈ,

ਆ ਇਸ ਨੂੰ ਬਹਿਲਾ ਜਾਇਆ ਕਰ ਕਦੇ ਕਦੇ

-----

ਸਾਕੀ ਜਾਮ ਸੁਰਾਹੀਆਂ ਦੀ ਕੋਈ ਲੋੜ ਨਹੀਂ,

ਨੈਣ ਮਿਲਾ ਨਸ਼ਿਆ ਜਾਇਆ ਕਰ ਕਦੇ ਕਦੇ

-----

ਚਰਨ ਮੁਬਾਰਕ ਪਾ ਕੇ ਉੱਜੜੇ ਵਿਹੜੇ ਦੇ,

ਸੁੱਤੇ ਭਾਗ ਜਗਾ ਜਾਇਆ ਕਰ ਕਦੇ ਕਦੇ

-----

ਰੱਬ ਦੀਆਂ ਕਸਮਾਂ ਖਾ ਖਾ ਕੇ ਜੋ ਕੀਤੇ ਸਨ,

ਉਹ ਤਾਂ ਕੌਲ ਨਿਭਾ ਜਾਇਆ ਕਰ ਕਦੇ ਕਦੇ

-----

ਜਾਨ ਨਾ ਲੈ ਲਏ ਔਤ ਕਿਤੇ ਇਹ ਵਸਲਾਂ ਦੀ,

ਮਿਹਰ ਦਾ ਮੀਂਹ ਵਰਸਾ ਜਾਇਆ ਕਰ ਕਦੇ ਕਦੇ

-----

ਕੁੱਲ ਮਾਜ਼ੀ ਭੁੱਲ ਜਾਣਾ ਅਪਣਾ ਠੀਕ ਨਹੀਂ,

ਰੰਗਲੇ ਪਲ ਦੁਹਰਾ ਜਾਇਆ ਕਰ ਕਦੇ ਰਦੇ

=====

ਗ਼ਜ਼ਲ

ਮਿਲਾਏ ਖ਼ਾਕ ਵਿਚ ਸੁਪਨੇ ਤੇ ਜ਼ਿੰਦਗੀ ਰੋਲ ਦਿੱਤੀ ਏ

ਮਿਰੇ ਜੀਵਨ ਚ ਕੈਸੀ ਜ਼ਹਿਰ ਮਾਰੂ ਘੋਲ ਦਿੱਤੀ ਏ

-----

ਸਦੀਵੀ ਦਰਦ, ਚੀਸਾਂ, ਗ਼ਮ ਤੇ ਸਾਰੀ ਉਮਰ ਦਾ ਝੋਰਾ,

ਨਿਸ਼ਾਨੀ ਪਿਆਰ ਦੀ ਮਿਤਵਾ ਬੜੀ ਅਨਮੋਲ ਦਿੱਤੀ ਏ

-----

ਭੁਲਾ ਦੇਵੀਂ ਤੂੰ ਹੁਣ ਮੈਨੂੰ ਕਿਹਾ ਤੇ ਹੋ ਗਇਉਂ ਰੁਖ਼ਸਤ,

ਕਿਵੇਂ ਰੂਹਾਂ ਦੀ ਗਲਵਕੜੀ ਤੂੰ ਸਹਿਵਨ ਖੋਲ੍ਹ ਦਿੱਤੀ ਏ

-----

ਭਲਾ ਕੀ ਹੈ ਗੁਨਾਹ ਮੇਰਾ ਕਿ ਸਭ ਮੂੰਹ ਮੋੜ ਬੈਠੇ ਨੇ,

ਹਮੇਸ਼ਾ ਕਰਨ ਲਈ ਮੇਰੇ ਕਠਨ ਪੜਚੋਲ ਦਿੱਤੀ ਏ

-----

ਮਿਰੇ ਵਾਂਗੂੰ ਹੀ ਮਹਿਲਾਂ ਨੂੰ ਤੂੰ ਕਰਦਾ ਸੀ ਸਦਾ ਨਫ਼ਰਤ,

ਕਿਵੇਂ ਸੋਨੇ ਦੀ ਤੱਕੜੀ ਫਿਰ ਹਿਯਾਤੀ ਤੋਲ ਦਿੱਤੀ ਏ

-----

ਵਿਛਾਏ ਰਾਹ ਤੇਰੀ ਫੁੱਲ ਮੈਂ ਸ਼ੁਭ-ਕਾਮਨਾਵਾਂ ਦੇ,

ਤੂੰ ਪਾ ਕੇ ਖ਼ੈਰ ਖ਼ਾਰਾਂ ਦੀ ਮਿਰੀ ਭਰ ਝੋਲ ਦਿੱਤੀ ਏ

-----

ਤਿਰੀ ਖ਼ਾਤਿਰ ਸੁਣੇ ਮੈਂ ਉਮਰ ਭਰ ਤਾਹਨੇ ਜ਼ਮਾਨੇ ਦੇ,

ਹੰਢਾਈ ਪੀੜ ਦੀ ਵਿਥਿਆ ਗ਼ਜ਼ਲ ਵਿਚ ਫੋਲ ਦਿੱਤੀ ਏ