ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾWednesday, November 5, 2008

ਸੁਰਿੰਦਰ ਸਿੰਘ ਸੁੱਨੜ - ਗੀਤ

ਮੁਟਿਆਰ
ਗੀਤ
ਹਰ ਗਲੀ, ਹਰ ਜਗ੍ਹਾ, ਮੇਰੇ ਯਾਰ ਭਾਲ਼ਿਓ।
ਇੱਕ ਲੱਭਦੀ ਨਹੀਂ, ਮੁਟਿਆਰ ਭਾਲ਼ਿਓ ।
ਜਿਹੜੀ ਹੇਕਾਂ ਲਾਅ ਤ੍ਰਿੰਜਣਾਂ ਚ, ਗਾਉਂਦੀ ਹੁੰਦੀ ਸੀ ।
ਜਿਹੜੀ ਪੀਂਘ ਅਸਮਾਨਾਂ ਨੂੰ ਚੜ੍ਹਾਉਂਦੀ ਹੁੰਦੀ ਸੀ ।
ਜਿਹੜੀ ਗਿੱਧਿਆਂ ਦੇ ਵਿੱਚ ਅੱਗ ਲਾਉਂਦੀ ਹੁੰਦੀ ਸੀ ।
ਜਿਹੜੀ ਤੋਰ ਪਾਣੀਆਂ ਨੂੰ ਮਾਤ ਪਾਉਂਦੀ ਹੁੰਦੀ ਸੀ ।
ਜਿਹੜੀ ਸ਼ਾਹ ਵੇਲਾ ਖੇਤਾਂ ਚ, ਲਿਆਉਂਦੀ ਹੁੰਦੀ ਸੀ ।
ਜਿਹੜੀ ਹੱਥ ਛੱਡ ਟੋਕਰੀ ਉਠਾਉਂਦੀ ਹੁੰਦੀ ਸੀ ।
ਗੁੰਮ ਹੋ ਗਈ ਉਹ ਭੱਤੇ ਵਾਲੀ ਨਾਰ ਭਾਲ਼ਿਓ –
ਇੱਕ ਲੱਭਦੀ ਨਹੀਂ, ਮੁਟਿਆਰ ਭਾਲ਼ਿਓ ॥
ਜੀਹਦੀ ਸੱਥਾਂ ਵਿੱਚ ਬਹਿਕੇ ਲੋਕੀਂ ਗੱਲ ਕਰਦੇ ।
ਜੀਹਦੀ ਚੁੱਪ ਦੇ ਵੀ ਗੱਭਰੂ ਹੁੰਘਾਰੇ ਭਰਦੇ ।
ਜੀਹਦੀ ਅੱਖ ਦੀ ਅਦਾ ਤੇ ਵੱਢੇ-ਵੱਢੇ ਮਰਦੇ ।
ਜੀਹਤੇ ਚੰਗੇ-ਚੰਗੇ ਚੋਬਰਾਂ ਦੇ ਦਿਲ ਹਰਦੇ ।
ਜੀਹਦੇ ਗੇਸੂਆਂ ਦੇ ਨਾਗ ਸੀਨਿਆਂ ਤੇ ਲੜਦੇ ।
ਜੀਹਦੇ ਲੱਕ ਦੇ ਇਸ਼ਾਰੇ ਵੀ ਸਵਾਲ ਕਰਦੇ ।
ਜੀਹਦੇ ਹਾਸਿਆਂ ਚੋਂ ਖਿੜਦੀ ਬਹਾਰ ਭਾਲ਼ਿਓ –
ਇੱਕ ਲੱਭਦੀ ਨਹੀਂ, ਮੁਟਿਆਰ ਭਾਲ਼ਿਓ ॥
ਜੀਹਦੀ ਸਾਦਗੀ ਤੇ ਸਾਰੇ ਲੋਕੀਂ ਡੁੱਲ੍ਹ-ਡੁੱਲ੍ਹ ਜਾਂਦੇ ।
ਜੀਹਨੂੰ ਦੇਖ ਹਟਵਾਣੀਏਂ ਵੀ ਸੌਦਾ ਭੁੱਲ ਜਾਂਦੇ ।
ਜਿਸ ਮੇਲੇ ਜਾਵੇ, ਮੇਲੇ ਦੇ ਨਸੀਬ ਖੁੱਲ੍ਹ ਜਾਂਦੇ ।
ਜੀਹਦੇ ਲੌਂਗ ਦੀ ਲਿਸ਼ਕ ਨਾਲ ਸਾਰੇ ਹਿੱਲ ਜਾਂਦੇ ।
ਜੀਹਨੂੰ ਦੇਖ ਜਿੰਦਗੀ ਦੇ ਸਾਰੇ ਸੁਖ ਮਿਲ਼ ਜਾਂਦੇ ।
ਜੀਹਦਾ ਰੂਪ ਤੱਕ ਤਾਜ ਤੇ ਤਖ਼ਤ ਹਿੱਲ ਜਾਂਦੇ ।
ਕਿੱਥੇ ਗਈ ਹੁਸਨਾਂ ਦੀ ਸਰਕਾਰ ਭਾਲ਼ਿਓ –
ਇੱਕ ਲੱਭਦੀ ਨਹੀਂ, ਮੁਟਿਆਰ ਭਾਲ਼ਿਓ ॥

1 comment:

ਤਨਦੀਪ 'ਤਮੰਨਾ' said...

ਸਤਿਕਾਰਤ ਅੰਕਲ ਜੀ ਸੁੱਨੜ ਸਾਹਿਬ....'ਆਰਸੀ' ਤੇ ਤੁਹਾਡਾ ਸਵਾਗਤ ਹੈ॥ ਬਹੁਤ ਵਧੀਆ ਸ਼ਬਦਾਂ 'ਚ ਬਿਆਨ ਕੀਤਾ ਹੈ ਤੁਸੀਂ..ਗੁੰਮ ਹੋਈ ਪੰਜਾਬਣ ਮੁਟਿਆਰ ਦਾ ਪੰਜਾਬੀ ਅਕਸ।
ਜਿਹੜੀ ਹੇਕਾਂ ਲਾਅ ਤ੍ਰਿੰਜਣਾਂ ਚ,ਗਾਉਂਦੀ ਹੁੰਦੀ ਸੀ ।
ਜਿਹੜੀ ਪੀਂਘ ਅਸਮਾਨਾਂ ਨੂੰ ਚੜ੍ਹਾਉਂਦੀ ਹੁੰਦੀ ਸੀ ।
ਜਿਹੜੀ ਗਿੱਧਿਆਂ ਦੇ ਵਿੱਚ ਅੱਗ ਲਾਉਂਦੀ ਹੁੰਦੀ ਸੀ
----
ਜੀਹਨੂੰ ਦੇਖ ਹਟਵਾਣੀਏਂ ਵੀ ਸੌਦਾ ਭੁੱਲ ਜਾਂਦੇ ।
ਜਿਸ ਮੇਲੇ ਜਾਵੇ, ਮੇਲੇ ਦੇ ਨਸੀਬ ਖੁੱਲ੍ਹ ਜਾਂਦੇ ।
ਬਹੁਤ ਖ਼ੂਬ!! ਆਰਸੀ ਨੂੰ ਏਦਾਂ ਹੀ ਸਹਿਯੋਗ ਦਿੰਦੇ ਰਹਿਣਾ...
ਅਦਬ ਸਹਿਤ
ਤਮੰਨਾ