ਗ਼ਜ਼ਲ
ਦਿਲਕਸ਼ ਵੈਰਾਗ ਸਾਨੂੰ, ਜੀਣਾ ਸਿਖਾ ਰਿਹਾ ਹੈ ।
ਜੀਵਨ ਦਾ ਸਫ਼ਰ ਐਪਰ, ਮੁਕਦਾ ਹੀ ਜਾ ਰਿਹਾ ਹੈ ।
ਅੰਬਰ ਜਿਉਂ ਸਿਰਫ਼ ਨਾਂ ਹੈ, ਕੋਈ ਹੋਂਦ ਛੋਹ ਸਕੇ ਨਾ,
ਲਗਦੈ ਮੇਰਾ ਹਸ਼ਰ ਵੀ, ਗ਼ਮ ਇਉਂ ਬਣਾ ਰਿਹਾ ਹੈ ।
ਬੜੀ ਸਖ਼ਤ ਸਜ਼ਾ ਭੁਗਤੇ, ਅੱਥਰੂ ਵਗਣ ਦੇ ਮਗਰੋਂ,
ਜੋ ਬਸ਼ਰ ਲਾਜ ਖਾਤਿਰ, ਫਿਰ ਗੀਤ ਗਾ ਰਿਹਾ ਹੈ ।
ਮਿਲਦਾ ਹੈ ਜਦੋਂ ਸਾਨੂੰ, ਫਿਰ ਜਾਪਦੈ ਉਹ ਏਦਾਂ,
ਜਿਵੇਂ ਕਬਰ ਕੋਲੇ ਖੜ੍ਹਕੇ, ਫੋਟੋ ਖਿਚਾ ਰਿਹਾ ਹੈ ।
ਬਚਪਨ ਦੇ ਵਾਂਗ ਹੀ ਦਿਲ, ਹੁਣ ਵੀ ਕਈ ਸੁਪਨਿਆਂ ਦੇ,
ਅੱਖਰ ਲਿਖਣ ਦੇ ਮਗਰੋਂ, ਲੀਕਾਂ ਮਿਟਾ ਰਿਹਾ ਹੈ ।
ਨਾ ਸਫ਼ਰ ਹੈ ਸੁਖਾਵਾਂ,ਨਾ ਕੋਈ ਹਮਸਫ਼ਰ ਹੈ,
ਮੋਇਆ ਖਿ਼ਆਲ ਫਿਰ ਵੀ, 'ਸ਼ੇਖਰ' ਸਜਾ ਰਿਹਾ ਹੈ ।
1 comment:
Shekhar ji..ikk hor khoobsurat ghazal bhejan layee behadd shukriya..
Mainu aah sheyer bahut pasand aayea..Laggeya jivein eh sheyer mere layee hi likheya geya hovey.
ਦਿਲਕਸ਼ ਵੈਰਾਗ ਸਾਨੂੰ, ਜੀਣਾ ਸਿਖਾ ਰਿਹਾ ਹੈ ।
ਜੀਵਨ ਦਾ ਸਫ਼ਰ ਐਪਰ, ਮੁਕਦਾ ਹੀ ਜਾ ਰਿਹਾ ਹੈ ।
Tamanna
Post a Comment