ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Tuesday, November 11, 2008

ਤਨਦੀਪ 'ਤਮੰਨਾ' - ਨਜ਼ਮ

ਪਾਦਰੇ ਆਈਲੈਂਡਜ਼
ਨਜ਼ਮ

ਅਮੈਰਿਕਾ ਦੇ ਟੈਕਸਸ ਸੂਬੇ ਦਾ
ਖ਼ੂਬਸੂਰਤ ਪਾਦਰੇ ਆਈਲੈਂਡਜ਼
ਮੀਲਾਂ ਤੱਕ ਫੈਲਿਆ
ਦੁਧੀਆ ਚਿੱਟਾ ਰੇਤਾ
ਜਿਵੇਂ ਕੈਨੇਡਾ ‘ਚ ਸਨੋਅ ਪਈ ਹੋਵੇ !
ਦੂਰ-ਦੂਰ ਅਬਾਦੀ
ਟਾਵੇਂ-ਟਾਵੇਂ ਹਰੇ-ਭਰੇ ਰੁੱਖ
ਸ਼ੱਫ਼ਾਫ਼ ਨੀਲੇ ਅਸਮਾਨ ਦੀ ਹਿੱਕ ਤੇ
ਮਘਦਾ ਸੂਰਜ
ਕੱਕੇ ਰੇਤੇ ਨਾਲ਼
ਅਠਖੇਲੀਆਂ ਕਰਦੀ ਹਵਾ
ਲਹਿਰਾਂ ਦੇ ਸ਼ੋਰ ਨਾਲ਼ ਤਾਲ ਮਿਲ਼ਾ
ਘੁੰਗਰਾਲੇ ਵਾਲ਼ਾਂ ਨੂੰ ਜਾਣ-ਜਾਣ ਛੇੜਦੀ !
ਸਮੁੰਦਰ ‘ਚੋਂ ਉੱਠਦੀ
ਵੀਡਜ਼ ਦੀ ਤੇਜ਼ ਹਵਾੜ
ਮੌਸਮ ਨੂੰ ਹੋਰ ਸਲੂਣਾ ਕਰਦੀ !
ਉਸ ..“ਤੂੰ ਚੁੱਪ ਐਂ !”
ਕਹਿ ਚੁੱਪ ਤੋੜੀ।
ਓਪਰੀ ਜਿਹੀ ਮੁਸਕਾਨ ਨਾਲ਼
“…ਹਾਂ ! .. ਪਰ ਤੇਰੇ ਕਰਕੇ ਨਹੀਂ..”
ਕਹਿ ਅਚਾਨਕ ਮਨ
ਕਿਨਾਰੇ ਆ ਲੱਗੇ
ਘੋਗੇ ਸਿੱਪੀਆਂ ਦੇਖ
ਪਰਚਣ ਲੱਗਾ
“ਘੋਗੇ ਸਿੱਪੀਆਂ ਚੁਗਦੀ ਐਂ?.....”
“…ਹਾਂ !..ਪਰ ਤੇਰੇ ਲਈ ਨਹੀਂ….”
ਖ਼ੁਸ਼ਕ ਮੌਸਮ ਨਾਲ਼ ਰਲ਼
ਜਵਾਬ ਹੋਰ ਵੀ ਰੁੱਖਾ ਜਿਹਾ ਹੋ ਗਿਆ
ਬਦਾਮੀ ਪੈਰਾਂ ਤੇ ਲੱਗੇ
ਸਿਲਵਰ ਨੇਲ ਪੇਂਟ ਨੂੰ ਨਿਹਾਰ
ਤਾਜ਼ਾ ਲਹਿਰ ਦੇ
ਕੂਲ਼ੇ ਕੀਤੇ ਰੇਤੇ ‘ਚ
ਦੋਵੇਂ ਪੈਰ ਖੁਭੋਅ ਦਿੱਤੇ
“ਨਿਸ਼ਾਨ ਛੱਡ ਕੇ ਜਾ ਰਹੀ ਹੈਂ?”
“ਹਾਂ !..ਪਰ ਪਰਤਣ ਲਈ ਨਹੀਂ..”
ਅੱਖੋਂ ਦੂਰ ਹੁੰਦੀ ਕਿਸ਼ਤੀ ਨੂੰ ਤੱਕਦੀ...
ਸਿੱਪ-ਸਿੱਪ ਕਰਕੇ
ਕੋਕ ਨੂੰ ਸਜ਼ਾ ਦੇ ਰਹੀ ਸੀ।
ਕਵੀ-ਮਨ ਤੇ
ਚਿੱਤਰਕਾਰ ਹੱਥ
ਜਾਣਦੇ ਸਨ ਕਿ
ਸੋਚਾਂ ‘ਚ ਖਿੜਿਆ
ਸੂਰਜਮੁਖੀ ‘ਓਹ’ ਨਹੀਂ ਸੀ !

1 comment:

Writer-Director said...

Beautiful visual. A corner of life sketch. Andron chheddi hai eh nazam. tali uppar digan vaste tarpade athroo da hashar ki hunda hai shyad tusi nahi jande tuhadi eh nazam jandihai...