ਮਾਰਤੇ ਓਏ ਇੰਗਲੈਂਡ ਵਾਲੇ ਫੁੱਫੜ ਜੀ ਦੀ "ਓ ਕੇ" ਨੇ!
ਵਿਅੰਗ
ਸਾਡੇ ਸਾਰਿਆਂ ਦੇ ਪੈਰ ਧਰਤੀ ਤੇ ਨਹੀਂ ਸੀ ਲੱਗ ਰਹੇ ਕਿਉਂਕਿ ਸਾਡੀ ਭੂਆ ਅਤੇ ਫੁੱਫੜ ਜੀ ਇੰਗਲੈਂਡ ਤੋਂ ਜੋ ਆ ਰਹੇ ਸਨ। ਮੇਰੀ ਸੁਰਤ ਸੰਭਲਣ ਤੋਂ ਤਕਰੀਬਨ 12-13 ਸਾਲਾਂ ਮਗਰੋਂ ਆ ਰਹੇ ਸਨ ਭੂਆ-ਫੁੱਫੜ। ਕਈ ਵਾਰ ਉਹਨਾਂ ਨੇ ਆਪਣੀਆਂ ਫੋਟੋਆਂ ਜ਼ਰੂਰ ਭੇਜੀਆਂ ਸਨ। ਗੋਰੇ ਨਿਛੋਹ ਭੂਆ ਫੁੱਫੜ ਦੀਆਂ ਖਿੜ-ਖਿੜ ਹੱਸਦਿਆਂ ਦੀਆਂ ਫੋਟੋਆਂ ਦੇਖਕੇ ਇੰਝ ਲਗਦਾ ਜਿਵੇਂ ਮੈਨੂੰ ਇਹੀ ਕਹਿ ਰਹੇ ਹੋਣ, "ਪੁੱਤ ਦੀਪ, ਤੂੰ ਵੀ ਖੁਸ਼ ਰਿਹਾ ਕਰ, ਐਤਕੀਂ ਦੀ ਵਾਰੀ ਤੈਨੂੰ ਵੀ ਇੰਗਲੈਂਡ ਵਾਲੇ ਜਹਾਜ ਚੜ੍ਹਾ ਕੇ ਲੈ ਈ ਜਾਣੈ।" ਇਹ ਗੱਲ ਮੇਰੇ ਦਿਮਾਗ 'ਚ ਤਾਂ ਆਉਂਦੀ ਹੀ, ਮੇਰੇ ਚਾਚੇ ਤੇ ਤਾਏ ਨੂੰ ਵੀ ਸ਼ਾਇਦ ਇਹੀ ਆਸ ਬੱਝੀ ਰਹਿੰਦੀ ਕਿ ਉਹਨਾਂ ਦੇ ਸਾਹਿਬਜ਼ਾਦਿਆਂ 'ਚੋਂ ਵੀ ਭੂਆ ਕਿਸੇ ਨਾ ਕਿਸੇ ਨੂੰ ਲੈ ਹੀ ਜਾਵੇ।
ਚੱਲੋ ਛੱਡੋ ਇਹ ਗੱਲਾਂ! ਆਪਾਂ ਗੱਲ ਕਰ ਰਹੇ ਸੀ ਕਿ ਭੂਆ- ਫੁੱਫੜ ਜੀ ਆ ਰਹੇ ਹਨ। ਜਿਸ ਤਰ੍ਹਾਂ ਇੱਕੋ ਪਾਰਟੀ ਦੇ ਅਤੇ ਮੂੰਹ-ਬੋਲੇ ਭੈਣ ਭਰਾ ਬਣਕੇ ਵੀ ਕੈਪਟਨ ਤੇ ਭੱਠਲ ਦੀ ਨਹੀਂ ਬਣੀ ਓਵੇਂ ਕਿਵੇਂ ਹੀ ਮੇਰੇ ਚਾਚੇ ਤੇ ਤਾਏ ਦੀ ਵੀ ਸਾਡੇ ਨਾਲ ਨਹੀਂ ਬਣੀ। ਪਰ ਜਿਸ ਦਿਨ ਭੂਆ ਜੀ ਆਏ ਉਸ ਦਿਨ ਭੂਆ ਨੂੰ 'ਇੰਪ੍ਰੈਸ" ਕਰਨ ਲਈ ਸਭ ਸਾਡੇ ਘਰ ਗਿਰਝਾਂ ਵਾਂਗ ਇਕੱਠੇ ਹੋ ਗਏ, ਕਿਉਂਕਿ ਭੂਆ ਫੁੱਫੜ ਦਾ ਉਤਾਰਾ ਸਾਡੇ ਘਰ ਸੀ। ਉਹ ਇਸ ਕਰਕੇ ਕਿ ਭੂਆ ਜੀ ਦੀ ਮਾਤਾ ਭਾਵ ਸਾਡੀ ਦਾਦੀ ਦੀ ਸੇਵਾ ਸੰਭਾਲ ਅਸੀਂ ਜੋ ਕਰ ਰਹੇ ਸਾਂ। ਇਸ ਤੋਂ ਅੱਗੇ ਜੋ ਕੁਝ ਹੋਇਆ, ਜੇ ਨਾ ਪੁੱਛੋਂ ਤਾਂ ਹੀ ਬਿਹਤਰ ਹੈ। ਕਦੇ ਕਦੇ ਹਾਸਾ ਵੀ ਆਉਂਦੈ ਆਪਣੀ ਬੇਵਕੂਫੀ ਤੇ, ਕਦੇ ਕਦੇ ਆਪਣੇ ਵੱਲੋਂ ਕੀਤੀ ਲੋਹੜਿਆਂ ਦੀ ਖਾਤਿਰਦਾਰੀ ਤੇ ਗੁੱਸਾ ਵੀ ਆਉਂਦੈ।
ਜਦੋਂ ਭੂਆ ਜੀ ਆਏ ਤਾਂ ਉਹਨਾਂ ਦੱਸਿਆ ਕਿ, "ਤੁਹਾਡੇ ਫੁੱਫੜ ਜੀ ਘੁੰਮਣ ਫਿਰਨ ਅਤੇ 'ਚਿਕਨ' ਦੇ ਬੇਹੱਦ ਸ਼ੌਕੀਨ ਹਨ। ਦੇਖਿਓ ਕਿਤੇ ਮੇਰੀ ਹੱਤਕ ਨਾ ਹੋ ਜਾਏ?" ਫੇਰ ਕੀ ਸੀ ਫੁੱਫੜ ਜੀ ਅੱਗੇ ਭੂਆ ਦੇ 'ਨੰਬਰ' ਬਣਾਉਣ ਲਈ ਚੁੱਲ੍ਹੇ ਉੱਪਰ ਮੁਰਗੇ ਰਿੱਝਣ ਲੱਗੇ। ਸ਼ਾਮ ਨੂੰ ਮਹਿਫਲ ਜੁੜਦੀ ਤਾਂ ਚਾਚੇ ਤਾਏ ਜੇਬ 'ਚੋਂ ਦੁੱਕੀ ਕੱਢਣ ਦੀ ਬਜਾਏ ਮੁਰਗੇ ਉੱਪਰ ਹੱਲਾ ਬੋਲ ਕੇ ਆਪੋ ਆਪਣੇ ਘਰੀਂ ਜਾ ਸੌਂਦੇ। ਪੈੱਗ-ਪ੍ਰੇਡ ਤੋਂ ਬਾਦ ਖਾਲੀ ਹੋਈਆਂ ਬੋਤਲਾਂ ਤੇ ਡਮ-ਡਮ ਖਾਲੀ ਵਜਦੇ ਪਤੀਲੇ ਸਾਡੇ ਪੱਲੇ ਪੈ ਜਾਂਦੇ। ਖਾਣ ਪੀਣ ਦਾ ਦੌਰ ਹਰ ਰੋਜ ਚਲਦਾ। ਤੀਜੇ ਕੁ ਦਿਨ ਭੂਆ ਜੀ ਨੇ ਕਿਹਾ, "ਬੇਟਾ ਦੀਪ, ਤੇਰੇ ਫੁੱਫੜ ਜੀ 'ਫੇਮਸ ਪਲੇਸਜ' (ਪ੍ਰਸਿੱਧ ਥਾਵਾਂ) ਤੇ ਘੁੰਮਣਾ 'ਮੰਗਦੇ' ਨੇ। ਇਸ ਕਰਕੇ ਕਿਸੇ ਗੱਡੀ ਦਾ ਬੰਦੋਬਸਤ ਕਰ ਲੈ।" ਮੇਰੇ ਦਿਮਾਗ ਵਿੱਚ ਇਹ ਗੱਲ ਆ ਰਹੀ ਸੀ ਕਿ ਭੂਆ ਜਿਹੜਾ ਖੁੱਲ੍ਹਾ ਖਰਚਾ ਕਰਵਾ ਰਹੀ ਹੈ, ਜਾਂਦੀ ਹੋਈ ਜਰੂਰ ਮਾੜੀ ਮੋਟੀ ਮਦਦ ਕਰ ਕੇ ਜਾਊ। ਮੈਂ ਆਪ ਹੀ ਬੁਣਤੀਆਂ ਬੁਣੀ ਜਾ ਰਿਹਾ ਸੀ ਕਿ ਜਦੋਂ ਭੂਆ ਪੌਂਡ ਫੜਾਉਣ ਲੱਗੀ ਤਾਂ ਇੱਕ ਵਾਰ ਜਰੂਰ 'ਨਾਂਹ' ਕਹੂੰ ਪਰ ਦੂਜੀ ਵਾਰ ਚੁੱਪ-ਚਾਪ ਫੜ੍ਹਲਾਂਗੇ। ਇਸ ਗੱਲ ਦੀ ਮੈਨੂੰ ਆਸ ਵੀ ਸੀ ਤੇ ਯਕੀਨ ਵੀ ਸੀ ਕਿਉਂਕਿ ਪਿਤਾ ਜੀ ਕਿਹਾ ਕਰਦੇ ਸਨ ਕਿ ਭੂਆ ਉਹਨਾਂ ਦਾ ਬਹੁਤ 'ਤਿਓਹ' ਕਰਦੀ ਹੁੰਦੀ ਸੀ।
ਮੈਂ ਦਿਹਾੜੀ ਦੇ ਹਿਸਾਬ ਨਾਲ ਗੱਡੀ ਕਿਰਾਏ ਤੇ ਲੈ ਲਈ। ਗੱਡੀ ਦਾ ਖਰਚਾ ਵੀ ਮੇਰੀ ਜੇਬੋਂ ਹੋਣ ਲੱਗਾ। ਇੱਥੋਂ ਹੀ ਸ਼ੁਰੂ ਹੋਈ ਹਾਦਸਿਆਂ ਭਰੀ ਦਰਦਨਾਕ ਕਹਾਣੀ। ਫੁੱਫੜ ਜੀ ਨੂੰ ਘਮਾਉਣ ਲਈ ਅਸੀਂ ਗੱਡੀ ਵਿੱਚ ਸਵਾਰ ਹੋ ਗਏ। ਭੂਆ-ਫੁੱਫੜ, ਚਾਚਾ-ਚਾਚੀ, ਤਾਇਆ-ਤਾਈ ਸਮੇਤ ਅਸੀਂ ਦਸ ਕੁ ਜਣੇ ਮਸਾਂ ਫਸ ਕੇ ਗੱਡੀ 'ਚ ਬੈਠੇ। ਜਦੋਂ ਕੋਈ ਖਰਚਾ ਕਰਨਾ ਹੁੰਦਾ ਤਾਂ ਚਾਚਾ-ਤਾਇਆ ਜਾਣ ਕੇ ਫੁੱਫੜ ਨਾਲ ਗੱਲੀਂ ਰੁੱਝ ਜਾਂਦੇ। ਅਸੀਂ ਯਾਤਰਾ ਦਾ ਪਹਿਲਾ ਪੜਾਅ ਗੁਰਦੁਆਰਾ ਮਹਿਦੇਆਣਾ ਸਾਹਿਬ ਰੱਖਿਆ। ਰਸਤੇ ਵਿੱਚ ਜੂਸ ਦੀ ਦੁਕਾਨ ਦੇਖ ਕੇ ਫੁੱਫੜ ਜੀ ਨੇ ਗੱਡੀ ਰੋਕ ਲਈ ਤਾਂ ਸਭ ਦੇ ਕੰਨ ਜਿਹੇ ਖੜ੍ਹੇ ਹੋ ਗਏ। ਜੂਸ ਪੀਣ ਉਪਰੰਤ ਬਿਲ ਦੇਣ ਲਈ ਭੂਆ ਜੀ ਨੇ ਫੁਰਮਾਨ ਜਾਰੀ ਕਰਦਿਆਂ ਕਿਹਾ, "ਬੇਟਾ ਦੀਪ, ਬਿਲ ਦੇ ਕੇ ਜਲਦੀ ਆ ਜਾਵੀਂ, ਅਸੀਂ ਗੱਡੀ ਕੋਲ ਚਲਦੇ ਆਂ।" ਮੈਂ ਝਾਕ ਰਿਹਾ ਸੀ ਕਿ ਸ਼ਾਇਦ ਭੂਆ 'ਟੁੱਟੇ' ਪੈਸੇ ਦੇ ਰਹੀ ਹੈ ਪਰ ਐਸਾ ਕੁਝ ਵੀ ਨਾ ਵਾਪਰਿਆ। ਮੈਂ ਬੜੇ ਦੁਖੀ ਹਿਰਦੇ ਨਾਲ ਗਾਂਧੀ ਜੀ ਦੀ ਫੋਟੋ ਵਾਲੇ ਦੋ ਨੋਟ 'ਪੁੰਨ' ਕਰ ਆਇਆ। ਸਫਰ ਬੇਸੁਆਦ ਜਿਹਾ ਲੱਗ ਰਿਹਾ ਸੀ। ਸਾਰੇ ਹੱਸ ਹੱਸ ਗੱਲਾਂ ਕਰ ਰਹੇ ਸਨ ਪਰ ਮੇਰਾ ਦਿਲ ਉੱਚੀ ਉੱਚੀ ਚੰਘਿਆੜਾਂ ਮਾਰ ਕੇ ਰੋਣ ਨੂੰ ਕਰ ਰਿਹਾ ਸੀ।
ਉਸ ਤੋਂ ਬਾਦ ਫੁੱਫੜ ਜੀ ਨੇ ਪੈਂਦੀ ਸੱਟੇ ਹੀ ਚੰਡੀਗੜ੍ਹ ਜਾਣ ਦੀ ਇੱਛਾ ਜਾਹਿਰ ਕੀਤੀ। 'ਫਸੀ ਕੀ ਤਾਂ ਫਟਕਣ ਕੀ' ਤੇ ਅਮਲ ਕਰਦਿਆਂ ਆਪਾਂ 'ਸੱਤ ਬਚਨ' ਕਿਹਾ ਤੇ ਗੱਡੀ ਚੰਡੀਗੜ੍ਹ ਵੱਲ ਨੂੰ ਸਿੱਧੀ ਕਰਵਾ ਦਿੱਤੀ। ਪੈਟਰੋਲ ਪੰਪ ਤੋਂ ਤੇਲ ਪਵਾਉਣ ਲਈ ਜਿਉਂ ਹੀ ਡਰਾਈਵਰ ਨੇ ਬ੍ਰੇਕਾਂ ਮਾਰੀਆਂ ਤਾਂ ਮੇਰਾ ਦਿਲ ਵਿਚਾਰਾ ਚੰਡੀਗੜ੍ਹੋਂ ਹੋ ਹੋ ਮੁੜਨ ਲੱਗਾ। ਤੇਲ ਦਾ ਬਿੱਲ ਦੇਣ ਲਈ ਜਦ ਡਰਾਈਵਰ ਨੇ ਮੇਰਾ ਮੋਢਾ ਹਲੂਣਿਆ ਤਾਂ ਗੱਡੀ ਵਿੱਚ ਕਿਸੇ ਖੰਡਰ ਮਕਾਨ ਵਾਂਗ ਚੁੱਪ ਪਸਰ ਗਈ। ਭੂਆ ਦੇ ਪਰਸ ਦੀ ਜਿੱਪ ਫਿਰ ਨਾ ਖੁੱਲ੍ਹੀ ਤਾਂ ਸ਼ਰਮੋ-ਸ਼ਰਮੀ ਮੈਨੂੰ ਫਿਰ ਬਲੀ ਦਾ ਬੱਕਰਾ ਬਨਣਾ ਪਿਆ। ਵਾਰ ਵਾਰ ਭੂਆ ਦੀ ਹੱਤਕ ਦਾ ਖਿਆਲ ਸਤਾਉਂਦਾ। ਬਿਲ ਦੇ ਕੇ ਮੈਂ ਗੱਡੀ 'ਚ ਬੈਠੇ ਫੁੱਫੜ ਜੀ ਨੂੰ ਸੁਣਾਉਂਦਿਆਂ ਕਿਹਾ, "ਫੁੱਫੜ ਜੀ ਮੈਂ ਤੇਲ ਦਾ ਬਿੱਲ ਦੇ ਦਿੱਤੈ।" ਫੁੱਫੜ ਜੀ ਨੇ ਕੁਝ ਹੋਰ ਨਾ ਬੋਲਦਿਆਂ ਸਿਰਫ 'ਓ ਕੇ' ਕਿਹਾ ਤੇ ਫਿਰ ਚੁੱਪ। ਚੰਡੀਗੜ੍ਹ ਪਹੁੰਚੇ ਤਾਂ ਮਹਿੰਗੇ ਸ਼ਹਿਰ 'ਚ ਖਾਣ ਪੀਣ ਦੇ ਖਰਚਿਆਂ ਨੇ ਮੇਰੀ ਜੀਭ ਕਢਾ ਦਿੱਤੀ। ਜਿੱਥੇ ਵੀ ਬਿਲ ਦੇਣਾ ਹੁੰਦਾ ਤਾਂ ਮੈਂ ਦਿੰਦਾ ਤੇ ਫੁੱਫੜ ਦੀ 'ਓ ਕੇ' ਸੁਣਕੇ ਠੰਢਾ ਸੀਲਾ ਹੋ ਜਾਂਦਾ। ਦਸਾਂ ਕੁ ਦਿਨਾਂ 'ਚ ਮੇਰੇ ਕੋਲ ਜਿਹੜੇ ਚਾਰ ਧੇਲੇ ਸਨ ਓਹ ਫੁੱਫੜ ਜੀ ਦੀ 'ਓ ਕੇ' ਦੀ ਭੇਂਟ ਚੜ੍ਹ ਗਏ।
ਮੈਂ ਭੂਆ ਨੂੰ ਹੱਤਕ ਤੋਂ ਬਚਾਉਣ ਲਈ ਕਿਸੇ ਤੋਂ ਤੀਹ ਕੁ ਹਜਾਰ ਰੁਪਏ ਵਿਆਜੂ ਫੜ੍ਹ ਲਏ। ਫੇਰ ਚਲ ਸੋ ਚਲ। ਨਿੱਤ ਘੁੰਮਣਾ-ਘੁਮਾਉਣਾ ਸਾਰਿਆਂ ਦਾ ਪਰ ਬਿਲ ਦੇਣ ਦੀ ਡਿਊਟੀ ਮੇਰੀ 'ਕੱਲੇ ਦੀ। ਇਸ ਸਭ ਕੁਝ ਦੇ ਬਾਵਜੂਦ ਵੀ ਮੇਰਾ ਦਿਲ ਭੂਆ ਦੀਆਂ ਬੰਦ ਅਟੈਚੀਆਂ ਸਹਾਰੇ ਖੜ੍ਹਾ ਰਹਿੰਦਾ। ਪਤਾ ਨਹੀਂ ਕੀ ਕੀ ਹੋਵੇਗਾ ਉਹਨਾਂ ਵਿੱਚ? ਇੰਝ ਲਗਦਾ ਕਿ ਜਿਹੜਾ ਭੂਆ ਨੇ ਆਉਂਦਿਆਂ ਸਾਨੂੰ ਕੁਝ ਨਹੀਂ ਦਿੱਤਾ ਸ਼ਾਇਦ ਜਾਂਦੀ ਹੋਈ ਜਰੂਰ 'ਸਰਪ੍ਰਾਈਜ' ਦੇ ਕੇ ਜਾਊ। ਬੋਤੇ ਦੇ ਬੁੱਲ੍ਹ ਦੇ ਡਿੱਗਣ ਦੀ ਉਡੀਕ ਵਾਂਗ ਮੈਂ ਭੂਆ ਦੀਆਂ ਬੰਦ ਅਟੈਚੀਆਂ ਦੇ ਖੁੱਲ੍ਹਣ ਦੀ ਉਡੀਕ 'ਚ ਹੀ ਫੁੱਫੜ ਦੀ 'ਓ ਕੇ' ਸੁਣਦਾ ਰਿਹਾ ਤੇ ਮਜ਼ਬੂਰ ਜਿਹਾ ਹੋਇਆ ਖਰਚਾ ਕਰਦਾ ਰਿਹਾ।
ਹੁਣ ਭੂਆ ਫੁੱਫੜ ਦੇ ਵਾਪਸ ਜਾਣ 'ਚ ਤਿੰਨ ਦਿਨ ਬਾਕੀ ਰਹਿ ਗਏ ਸਨ। ਭੂਆ ਮੈਨੂੰ ਉਪਦੇਸ਼ ਦੇਣ ਲੱਗੀ, "ਬੇਟਾ ਦੀਪ, ਜਿ਼ੰਦਗੀ ਤਾਂ ਏਧਰ ਈ ਆ, ਓਧਰ ਤਾਂ ਆਦਮੀ ਮਸ਼ੀਨ ਬਣ ਜਾਂਦੈ। ਦੇਖ ਆਪਾਂ ਕਿੰਨਾ 'ਇਜੁਆਏ' ਕੀਤਾ, ਕਿੰਨੇ 'ਹੈਪੀ' ਰਹੇ। ਓਧਰ ਤਾਂ ਪੂਰੀ 'ਵੀਕ' ਕੰਮ ਤੋਂ ਈ ਵਿਹਲ ਨਹੀਂ ਮਿਲਦੀ।" ਭੂਆ ਦੀ ਇਹ ਗੱਲ ਸੁਣਕੇ ਮੇਰਾ ਇਹ ਭਰਮ ਤਾਂ ਟੁੱਟ ਗਿਆ ਕਿ ਭੂਆ ਮੈਨੂੰ ਇੰਗਲੈਂਡ ਲਿਜਾਣ ਲਈ ਕੋਈ ਚਾਰਾਜੋਈ ਕਰੇਗੀ, ਕਿਉਂਕਿ ਓਹ ਤਾਂ ਮੈਨੂੰ ਇਧਰ ਹੀ 'ਰਾਜਾ' ਬਣਕੇ ਰਹਿਣ ਦੀਆਂ ਸਲਾਹਾਂ ਦੇ ਰਹੀ ਸੀ।
ਭੂਆ ਦੇ ਦਿੱਲੀ ਏਅਰਪੋਰਟ ਵਾਸਤੇ ਜਾਣ ਲਈ ਦੋ ਘੰਟੇ ਬਾਕੀ ਸਨ। ਗੱਡੀ ਵਾਲੇ ਨਾਲ 4 ਹਜਾਰ ਰੁਪਏ 'ਚ ਗੱਲ ਹੋਈ। ਤੁਰਨ ਤੋਂ ਪਹਿਲਾਂ ਭੂਆ ਨੇ ਚਾਚੇ ਤਾਏ ਸਮੇਤ ਸਾਨੂੰ ਸਾਰਿਆਂ ਨੂੰ ਇਕੱਠੇ ਬਿਠਾ ਕੇ ਕਿਹਾ, "ਤੁਹਾਨੂੰ ਸਾਰਿਆਂ ਨੂੰ ਮਿਲ ਜੁਲ ਕੇ ਰਹਿੰਦਿਆਂ ਦੇਖਕੇ ਬਹੁਤ ਖੁਸ਼ ਹੋਈ ਹਾਂ। ਇਸ ਤਰ੍ਹਾਂ ਹੀ ਪਿਆਰ ਮੁਹੱਬਤ ਨਾਲ ਹੀ ਰਹਿਓ।" ਉਸਤੋਂ ਬਾਦ ਰੋਂਦੇ ਜੁਆਕ ਨੂੰ ਖਿਡੌਣਾ ਦੇ ਕੇ ਵਿਰਾਉਣ ਵਾਂਗ ਸਾਨੂੰ ਸਭ ਨੂੰ ਥੋਕ ਦੇ ਭਾਅ ਲਿਆਂਦੀਆਂ 'ਨੰਬਰਾਂ' ਵਾਲੀਆਂ ਘੜੀਆਂ ਵੰਡ ਦਿੱਤੀਆਂ। ਮੇਰੀ ਸੇਵਾ ਤੋਂ 'ਖੁਸ਼' ਹੋ ਕੇ ਭੂਆ ਨੇ 'ਓਧਰੋਂ' ਲਿਆਂਦੀ ਇੱਕ ਪੈਂਟ ਵੀ ਮੇਰੀ ਝੋਲੀ ਪਾ ਦਿੱਤੀ।
ਅਸੀਂ ਦਿੱਲੀ ਨੂੰ ਚਾਲੇ ਪਾ ਦਿੱਤੇ। ਏਅਰਪੋਰਟ ਪਹੁੰਚੇ। ਭੂਆ ਦੇ ਅੰਦਰ ਜਾਣ ਤੋਂ ਪਹਿਲਾਂ ਅਜੇ ਵੀ ਬੜੀ ਆਸ ਸੀ ਕਿ ਭੂਆ ਹੁਣ ਤਾਂ ਜਾਣ ਲੱਗੀ ਹੀ ਕੁਝ ਨਾ ਕੁਝ ਦੇ ਕੇ ਜਾਵੇਗੀ। ਬੋਤੇ ਦਾ ਬੁੱਲ੍ਹ ਤਾਂ ਨਾ ਡਿੱਗਿਆ ਪਰ ਫੁੱਫੜ ਦੇ ਮੁੱਲ ਦੇ ਦੰਦਾਂ ਵਾਲੇ ਮੂੰਹ 'ਚੋਂ ਆਖਰੀ ਵਾਰ 'ਓ ਕੇ' ਜ਼ਰੂਰ ਨਿੱਕਲੀ। ਦੁਬਾਰਾ ਮਿਲਣ ਦਾ ਵਾਅਦਾ ਕਰਕੇ ਇੰਗਲੈਂਡ ਵਾਲੇ ਭੂਆ-ਫੁੱਫੜ ਜੀ ਔਹ ਗਏ- ਔਹ ਗਏ। ਗੱਡੀ ਵਾਲੇ ਦਾ ਕਿਰਾਇਆ ਵੀ ਮੈਨੂੰ ਹੀ ਦੇਣਾ ਪਿਆ। ਉੱਪਰੋਂ ਵਿਆਜੂ ਫੜ੍ਹੇ ਪੈਸੇ ਅਜੇ ਵੀ ਬਕਾਇਆ ਖੜ੍ਹੇ ਹਨ। ਜੇ ਕੁਝ ਪੱਲੇ ਹੈ ਤਾਂ ਉਹ ਹੈ ਇੱਕ ਪੈਂਟ, ਇੱਕ ਨੰਬਰਾਂ ਵਾਲੀ ਘੜੀ ਤੇ ਫੁੱਫੜ ਜੀ ਦੀ 'ਓ ਕੇ' ।
ਨੋਟ:- ਪਿਆਰੇ ਪਾਠਕੋ! ਜੇ ਤੁਸੀਂ ਵੀ ਕਿਸੇ 'ਭਤੀਜੇ' ਦੇ ਭੂਆ-ਫੁੱਫੜ ਹੋ ਤਾਂ ਅਜਿਹੀ ਨੌਬਤ ਨਾ ਆਵੇ ਕਿ ਵਿਚਾਰਾ 'ਭਤੀਜਾ' ਕਹਿੰਦਾ ਫਿਰੇ ਕਿ "ਮਾਰਤੇ ਓਏ ਇੰਗਲੈਂਡ ਵਾਲੇ ਫੁੱਫੜ ਜੀ ਦੀ 'ਓ ਕੇ' ਨੇ।"
1 comment:
Respected Mandeep ji...kamaal karti iss viang ch tan...mainu saadey UK wale rishtedaar chetey karwa dittey..:) Bilkull sahi likheya tussi aahi haal sadey India rehandey kaye relatives da hunda reha hai..jo tuhada..bhua ji te Fuffar ji kar gaye..Viang ton bahut vaddi sikheya mildi hai ke je vacation karn jaaeiye..tan apna kharcha aap chukkna chahida hai..:)
ਬੇਟਾ ਦੀਪ, ਜ਼ਿੰਦਗੀ ਤਾਂ ਏਧਰ ਈ ਆ, ਓਧਰ ਤਾਂ ਆਦਮੀ ਮਸ਼ੀਨ ਬਣ ਜਾਂਦੈ। ਦੇਖ ਆਪਾਂ ਕਿੰਨਾ 'ਇਜੁਆਏ' ਕੀਤਾ, ਕਿੰਨੇ 'ਹੈਪੀ' ਰਹੇ। ਓਧਰ ਤਾਂ ਪੂਰੀ 'ਵੀਕ' ਕੰਮ ਤੋਂ ਈ ਵਿਹਲ ਨਹੀਂ ਮਿਲਦੀ।" ਭੂਆ ਦੀ ਇਹ ਗੱਲ ਸੁਣਕੇ ਮੇਰਾ ਇਹ ਭਰਮ ਤਾਂ ਟੁੱਟ ਗਿਆ ਕਿ ਭੂਆ ਮੈਨੂੰ ਇੰਗਲੈਂਡ ਲਿਜਾਣ ਲਈ ਕੋਈ ਚਾਰਾਜੋਈ ਕਰੇਗੀ, ਕਿਉਂਕਿ ਓਹ ਤਾਂ ਮੈਨੂੰ ਇਧਰ ਹੀ 'ਰਾਜਾ' ਬਣਕੇ ਰਹਿਣ ਦੀਆਂ ਸਲਾਹਾਂ ਦੇ ਰਹੀ ਸੀ।
Bass aahi jhep maar laindi hai Indian waleyaan nu tan..
Marvellous!!
Tamanna
Post a Comment