ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾFriday, November 7, 2008

ਗਿਆਨ ਸਿੰਘ ਕੋਟਲੀ - ਗ਼ਜ਼ਲ

ਧਾਰਮਿਕ ਗ਼ਜ਼ਲ

ਜਦ ਵੀ ਮੈਂ ਖਾਲਸੇ ਨੂੰ, ਸਾਕਾਰ ਦੇਖਦਾ ਹਾਂ ।
ਤੇਰਾ ਹੀ ਰੂਪ ਸੁਹਣਾ, ਦਾਤਾਰ ਦੇਖਦਾ ਹਾਂ ।
ਕਲਗੀ ਦੀ ਸ਼ਾਨ ਦੇਖਾਂ, ਉਡਦਾ ਹੈ ਬਾਜ ਅੱਗੇ,
ਨੀਲੇ ਤੇ ਨੂਰ ਤੇਰਾ, ਅਸਵਾਰ ਦੇਖਦਾ ਹਾਂ ।
ਸਿਰ ਤੇ ਮਨੁੱਖਤਾ ਦੇ, ਧਰਿਆ ਮੈਂ ਤਾਜ ਦੇਖਾਂ
ਤੇਰਾ ਜਾਂ ਕੇਸਗੜ੍ਹ ‘ਚ, ਦਰਬਾਰ ਦੇਖਦਾ ਹਾਂ ।
ਪੰਜਾਂ ਤੋਂ ਸੀਸ ਲੈ ਕੇ, ਲੱਖਾਂ ਨੂੰ ਅਮਰ ਕੀਤਾ,
ਤਲਵਾਰ ਦਾ ਉਹ ਤੇਰਾ, ਸ਼ਾਹਕਾਰ ਦੇਖਦਾ ਹਾਂ ।
ਖਾਲਿਸ ਹਯਾਤ ਬਖਸ਼ੀ, ਬਖਸ਼ੇ ਤੈਂ ਪੰਜ ਕੱਕੇ,
ਪੰਜਾਂ ਦੀ ਸ਼ਾਨ ਸਿਰ ਤੇ, ਦਸਤਾਰ ਦੇਖਦਾ ਹਾਂ ।
ਨੀਵੇਂ ਨਿਮਾਣਿਆਂ ਨੂੰ, ਬਖਸ਼ੀ ਤੈਂ ਸ਼ਹਿਨਸ਼ਾਹੀ,
ਹਰ ਥਾਂ ਦਾਤਾਰ ਤੇਰਾ, ਉਪਕਾਰ ਦੇਖਦਾਂ ਹਾਂ ।
‘ਅਜੀਤ' ਟੁਰ ਗਿਆ ਹੈ, ‘ਜੁਝਾਰ' ਵੀ ਟੁਰੇਗਾ,
ਚਮਕੌਰ ਦਾ ਉਹ ਸਾਕਾ, ਖੂੰਨਖਾਰ ਦੇਖਦਾ ਹਾਂ ।
ਤੇਰੇ ਦੋ ਜਿਗਰ ਟੋਟੇ, ਖਾ ਗਈ ਜੋ ਡੈਣ ਬਣ ਕੇ,
ਸਰਹੰਦ ਦੀ ਉਹ ਖੂਨੀ, ਦੀਵਾਰ ਦੇਖਦਾ ਹਾਂ ।
ਜੰਜੂ ਤਿਲਕ ਦੀ ਖਾਤਿਰ, ਇਸ ਦੇਸ਼ ਕੌਮ ਖਾਤਿਰ,
ਤੇਰਾ ਤੀਲ੍ਹ ਤੀਲ੍ਹ ਹੋਇਆ, ਘਰਬਾਰ ਦੇਖਦਾ ਹਾਂ ।
ਜ਼ਿੰਦਗੀ ਨੂੰ ਵਾਰ ਜੰਮੇ, ਜਿੰਦਗੀ ਨੂੰ ਪਾਉਣ ਵਾਲੇ,
ਤੇਰੇ ਖਾਲਸੇ ਨੂੰ ਹਰ ਥਾਂ, ਸਰਦਾਰ ਦੇਖਦਾ ਹਾਂ ।
ਉਰਵਾਰ ਦੇਖਦਾ ਹਾਂ, ਜਾਂ ਪਾਰ ਦੇਖਦਾ ਹਾਂ ,
ਤੇਰਾ ਹੀ ਨੂਰ ਦਾਤਾ, ਹਰ ਵਾਰ ਦੇਖ ਦਾ ਹਾਂ ।

1 comment:

ਤਨਦੀਪ 'ਤਮੰਨਾ' said...

Respected uncle ji...dharmik ghazal bahut vadhiya laggi..Keep it up!!

ਨੀਵੇਂ ਨਿਮਾਣਿਆਂ ਨੂੰ, ਬਖਸ਼ੀ ਤੈਂ ਸ਼ਹਿਨਸ਼ਾਹੀ,
ਹਰ ਥਾਂ ਦਾਤਾਰ ਤੇਰਾ, ਉਪਕਾਰ ਦੇਖਦਾਂ ਹਾਂ ।
Eh sheyer mainu bahut pasand aayea.

Thanks
Tamanna