ਦੋਸਤੋ! ਮੈਨੂੰ ਇਹ ਸੂਚਨਾ ਸਾਂਝੀ ਕਰਦਿਆਂ ਬੜੀ ਖ਼ੁਸ਼ੀ ਹੋ ਰਹੀ ਹੈ ਕਿ ਹਾਲ ਵਿੱਚ ਮੈਨੂੰ ਕੈਨੇਡਾ ਦੀ ਰਾਜਧਾਨੀ ਔਟਵਾ 'ਚ ਵੱਸਦੇ ਸਤਿਕਾਰਤ ਅਮਰਜੀਤ ਸਾਥੀ ਜੀ ਵੱਲੋਂ ਭੇਜੀ ਕਿਤਾਬ ‘ਨਿਮਖ’ ਪੜ੍ਹਨ ਮੌਕਾ ਮਿਲ਼ਿਆ। ਇਸ ਵਿੱਚ ਸਾਥੀ ਜੀ ਦੀ ਅਣਥੱਕ ਸਾਹਿਤਕ ਘਾਲਣਾ ਅਤੇ ਅਧਿਆਤਮਕ ਸੋਚਾਂ ਨਾਲ਼ ਲਿਖੇ ਬੇਹੱਦ ਖ਼ੂਬਸੂਰਤ ‘ਹਾਇਕੂ’ ਸ਼ਾਮਿਲ ਹਨ। ‘ਹਾਇਕੂ’ ਦੁਨੀਆਂ ਦੀ ਸਭ ਤੋਂ ਛੋਟੀ ਪਰ ਬੇਹੱਦ ਪ੍ਰਭਾਵਸਾਲੀ ਨਜ਼ਮ ਹੈ...ਥੋੜ੍ਹੇ ਸ਼ਬਦਾਂ ‘ਚ ਬਹੁਤ ਕੁੱਝ ਸਮਝਾ ਜਾਣ ਵਾਲ਼ੀ ਇਹ ਸਿਨਫ਼ ਜਾਪਾਨ ਦੇ ਬੋਧੀਆਂ ਦੀ ਕਲਮ ਤੋਂ ਪ੍ਰਵਾਨ ਚੜ੍ਹ ਕੇ ਅੱਜ ਵੱਖਰੀਆਂ-ਵੱਖਰੀਆਂ ਭਾਸ਼ਾਵਾਂ ‘ਚ ਆਪਣਾ ਮੁਕਾਮ ਬਣਾ ਰਹੀ ਹੈ। ਜਾਪਾਨ ਵੱਸਦੇ ਲੇਖਕ ਸਤਿਕਾਰਤ ਪਰਮਿੰਦਰ ਸੋਢੀ ਜੀ ਨਾਲ਼ ਇਸ ਬਾਬਤ ਕੈਲਗਰੀ ‘ਚ ਉਹਨਾਂ ਦੀ ਪਿਛਲੀ ਫੇਰੀ ਦੌਰਾਨ ਸੰਖੇਪ ਜਿਹਾ ਵਾਰਤਾਲਾਪ ਕਰਨ ਦਾ ਮੌਕਾ ਮਿਲ਼ਿਆ ਸੀ। ਇੰਝ ਸਮਝ ਲਓ ਕਿ ਇੱਕ ਛੋਟਾ ਜਿਹਾ ਹਾਇਕੂ...ਜਿਸ ਵਿੱਚ ਹੀਰਿਆਂ ਵਰਗੇ ਸਿਰਫ਼ ਸਤਾਰਾਂ ਧੁਨੀ ਚਿੰਨ੍ਹ (syllables) ਹੁੰਦੇ ਹਨ...ਜਿਹੜੇ 5-7-5 ਕਰਕੇ ਤਿੰਨ ਸਤਰਾਂ ‘ਚ ਪਿਰੋਏ ਹੁੰਦੇ ਹਨ...ਜੇ ਸੋਚਾਂ ਦੀ ਤਲ਼ੀ ‘ਤੇ ਰੱਖ ਸੋਚੀਏ...ਤਾਂ ਰੂਹਾਨੀ ਸੋਚਾਂ ਦਾ ਬ੍ਰਹਿਮੰਡ ਖੁੱਲ੍ਹ ਜਾਂਦਾ ਹੈ...ਏਸੇ ਕਰਕੇ ਇਹਨੂੰ ‘ਚੁੱਪ ਦੀ ਕਵਿਤਾ’ ( Poetry of Silence ) ਵੀ ਕਿਹਾ ਜਾਂਦਾ ਹੈ...ਕਿਉਂਕਿ ਇਸ ਸਿਨਫ਼ ਦਾ ਸਿੱਧਾ ਸਬੰਧ ਸਾਧਨਾ ਤੇ ਚਿੰਤਨ ਨਾਲ਼ ਹੈ। ਹਾਇਕੂ ਲੇਖਕ, ਬੋਧੀ ਭਿਕਸ਼ੂ ਦੀ ਤਰ੍ਹਾਂ ਸ਼ਾਤ-ਚਿੱਤ ਰਹਿ ਕੇ ਤਪੱਸਿਆ ਕਰਦਾ ਹੈ...ਤੇ ਉਸਦੀ ਸੋਚ ਜਿਨ੍ਹਾਂ ਨਾਯਾਬ ਲਫ਼ਜ਼ਾਂ ‘ਚ ਢਲ਼ਦੀ ਹੈ...ਓਹੀ ਹਾਇਕੂ ਹੈ। ਮੈਨੂੰ ਇਸ ਗੱਲ ਦੀ ਬੇਹੱਦ ਖ਼ੁਸ਼ੀ ਹੋਈ ਹੈ ਕਿ ਸਾਥੀ ਸਾਹਿਬ ਨੇ ਹਾਇਕੂ ਪੰਜਾਬੀ ‘ਚ ਲਿਖ ਕੇ, ਪੰਜਾਬੀ ਸੱਭਿਆਚਾਰ ਦੇ ਜਿਹੜੇ ਰੰਗ ਇਸ ਕਿਤਾਬ ‘ਨਿਮਖ’ ਵਿੱਚ ਪੇਸ਼ ਕੀਤੇ ਹਨ, ਉਸ ਨੇ ਕਲਾਸਿਕ ਹਾਇਕੂ ਨੂੰ ਨਵੀਆਂ ਦਿਸ਼ਾਵਾਂ ਪ੍ਰਦਾਨ ਕੀਤੀਆਂ ਹਨ। ਨਿਮਖ ਪੜ੍ਹਕੇ....ਜਿਹੜੇ ਅਨੁਭਵ ਹੋਏ...ਓਹ ਸ਼ਬਦਾਂ 'ਚ ਬਿਆਨ ਕਰਨੇ ਔਖੇ ਹੀ ਨਹੀਂ...ਅਸੰਭਵ ਵੀ ਨੇ, ਕਿਉਂਕਿ ਜੇ ਮੈਂ ਇਹ ਕਿਤਾਬ ਨਾ ਪੜ੍ਹਦੀ ਤਾਂ ਉਹਨਾਂ ਰੂਹਾਨੀ ਅਨੁਭਵਾਂ ਤੋਂ ਮਹਿਰੂਮ ਰਹਿ ਜਾਣਾ ਸੀ...ਜੋ ਮੈਨੂੰ ਕਿਤਾਬ ਪੜ੍ਹ ਕੇ ਹੋਏ ਨੇ। ‘ਨਿਮਖ’ ਇੱਕ ਵਡਮੁੱਲਾ ਖ਼ਜ਼ਾਨਾ ਹੈ ..ਸਭ ਨੂੰ ਇਹ ਕਿਤਾਬ ਖ਼ਰੀਦ ਕੇ ਜ਼ਰੂਰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਂਣੀ ਚਾਹੀਦੀ ਹੈ। ਸਾਥੀ ਜੀ ਪੰਜਾਬੀ ਵਿੱਚ ਹਾਇਕੂ ਦਾ ਬਲੌਗ ਪੰਜਾਬੀ ਹਾਇਕੂ ਚਲਾਉਂਦੇ ਹਨ। ਇਸ ਸਾਈਟ ਤੇ ਵੀ ਜ਼ਰੂਰ ਫ਼ੇਰੀ ਪਾਇਆ ਕਰੋ ਤੇ ਹਾਇਕੂ ਸਬੰਧੀ ਵਿਚਾਰ-ਵਟਾਂਦਰੇ ‘ਚ ਆਪਣੇ ਵਡਮੁੱਲੇ ਸੁਝਾਵਾਂ ਨਾਲ਼ ਨਿਵਾਜਿਆ ਕਰੋ। ਅੱਜ ‘ਨਿਮਖ’ ਵਿੱਚੋਂ ਕੁੱਝ ਹਾਇਕੂ ਆਰਸੀ ਤੇ ਪੋਸਟ ਕਰਨ ਦਾ ਮਾਣ ਹਾਸਿਲ ਕਰ ਰਹੀ ਹਾਂ। ਸਾਥੀ ਸਾਹਿਬ ਨੂੰ ਏਨੀ ਖ਼ੂਬਸੂਰਤ ਕਿਤਾਬ ਲਿਖਣ ਤੇ ਆਰਸੀ ਦੇ ਸਮੂਹ ਪਾਠਕ / ਲੇਖਕਾਂ ਵੱਲੋਂ ਬਹੁਤ-ਬਹੁਤ ਮੁਬਾਰਕਾਂ! ਰੱਬ ਕਰੇ ਤੁਹਾਡੇ ਹਾਇਕੂ ਪਾਠਕਾਂ ਦੀ ਚੁੱਪ ਨਾਲ਼ ਸੋਹਣੇ ਸੰਵਾਦ ਰਚਾਉਂਦੇ, ਜ਼ਿਹਨ 'ਚ ਚਿੰਤਨ ਦੇ ਨਵੇਂ ਦੁਆਰ ਖੋਲ੍ਹਦੇ ਰਹਿਣ...ਆਮੀਨ!! ਸਾਥੀ ਜੀ ਨਾਲ਼ ਸੰਪਰਕ ਕਾਇਮ ਕਰਨ ਲਈ ਈਮੇਲ ਐਡਰੈਸ ਹੈ..sathi@sathitiwana.com, sathitiwana@gmail.com.
‘ਨਿਮਖ’ ਚੋਂ ਕੁੱਝ ਖ਼ੂਬਸੂਰਤ ਹਾਇਕੂ
ਉਲ਼ਝੇ ਤਾਣੇ ਬਾਣੇ
ਡੇ-ਕੇਅਰ ਵਿੱਚ ਬੱਚੇ
ਬਿਰਧਘਰਾਂ ‘ਚ ਸਿਆਣੇ
====
ਪੱਤਝੜ ਆਈ
ਬੇਬੇ ਦੀ ਫੁਲਕਾਰੀ
ਧੁੱਪੇ ਸੁੱਕਣੀ ਪਾਈ
=====
ਨੇਤਰਹੀਣ
ਪਛਾਣੇ ਕਿਕੂੰ
ਮਹਿਕ ਵਿਹੂਣੇ ਫੁੱਲ
=====
ਬੈਠੀ ਵਾਲ਼ ਕਟਾਣ
ਸੁਪਨੇ ਗੁੰਦੇ ਮਾਂ ਦੇ
ਭੁੰਜੇ ਕਿਰਦੇ ਜਾਣ
=====
ਪਿਆਸੀ ਰੂਹ
ਪਾਣੀ ਲੱਭੇ
ਸੁੱਕੇ ਖੂਹ
=====
ਗਰਦ ਫੋਟੋ ਤੋਂ ਝਾੜੀ
ਬੱਚੇ ਹੱਸ ਹੱਸ ਦੂਹਰੇ
ਬਾਬਾ ਜੀ ਅਣਦਾੜ੍ਹੀ
=====
ਪੱਤਝੜ ਦੀ ਸ਼ਾਮ
ਬਿਰਧ-ਘਰ ਦੀ ਸੜਕ
ਖੜ੍ਹੇ ਨਿਪੱਤਰੇ ਰੁੱਖ
=====
ਅੰਬਰੀਂ ਧੂੰਆਂ
ਜਲ ਵਿਚ ਵਿਹੁ
‘ਵਾ ਵਿਚ ਰਾਖ
=====
ਸੀਤ ਹਵਾ ਦੇ ਬੁੱਲੇ
ਪਾਰਕ ਵਾਲ਼ੀ ਪੀਂਘ
‘ਕੱਲਮ-‘ਕੱਲੀ ਝੁੱਲੇ
====
ਲਈ ਮੰਜਿਓਂ ਲਾਹ
ਟੱਬਰ ਖੜ੍ਹਾ ਸਿਰ੍ਹਾਣੇ
ਬੇਬੇ ਅੰਤਮ ਸਾਹ
=====
ਬੰਦਾ ਕਰੇ ਸ਼ਿਕਾਰ
ਬੱਤਖ ਬੋਲੀ ਬੋਲਕੇ
ਰਿਹਾ ਬੱਤਖਾਂ ਮਾਰ
=====
ਵਧ ਰਹੇ ਬਹੁ-ਮੰਜ਼ਲੇ
ਆਸ-ਪਾਸ ਦੇ ਘਰਾਂ ਵਲ
ਸਰਕ ਰਿਹਾ ਪਰਛਾਵਾਂ
=====
ਟੁੱਟ ਗਿਆ ਫੁੱਲਦਾਨ
ਖਿੱਲਰ ਕੇ ਵੀ ਖਿੜੀ ਰਹੀ
ਫੁੱਲਾਂ ਦੀ ਮੁਸਕਾਨ
=====
ਤੁਰਿਆ ਪੱਤੇ ਖੜਕੇ
ਸਾਹ ਲੈਣ ਨੂੰ ਬੈਠਾ ਬਾਪੂ
ਉੱਠਿਆ ਗੋਡੇ ਫੜਕੇ
=====
ਪਿੰਡ ਘਲਾੜੀ ਚੱਲਦੀ
ਦੇਸ ਦੇਸਾਂਤਰ ਉੜ ਰਹੀ
ਤੱਤੇ ਗੁੜ ਦੀ ਮਹਿਕ
=====
2 comments:
Respected Sathi saheb...bahut bahuy shukriya ikk vaar pher kitaab Nimakh bhejan da...saare haiku kamaal de hann...coz they are a result of years' observation, reading, exloration, dialogues with self and meditation. Tuhadi kalam nu salaam!!
Sathi saheb...Tussi koi vi subject untouched nahin chhaddeya...pind ton lai ke modern western world takk...bahut khoob!! Rabb karey eh sinf bahut maqbool hovey...Amen!!
Tamanna
ਤਮੰਨਾ ਜੀ
ਅੱਜ ਧਿਆਨ ਨਾਲ਼ ਬਹਿ ਕੇ ਸਾਰੇ ਹਾਇਕੂ ਪੜ੍ਹੇ, ਬਹੁਤ ਵਧੀਆ ਲੱਗੇ। ਸਾਥੀ ਜੀ ਨੂੰ ਵਧਾਈਆਂ!
ਜਸਜੀਤ ਸਿੰਘ ਸੰਧੂ
ਯੂ.ਐੱਸ.ਏ.
========
Shukriya Jasjit ji..sathi saheb de blog te zaroor visit karna.
Tamanna
Post a Comment