ਗ਼ਜ਼ਲ
ਇਕ ਵਿਛੋੜਾ ਹੀ ਨਹੀਂ ਹੈ, ਦੁੱਖ ਸਾਨੂੰ ਹੋਰ ਵੀ ਨੇ।
ਲੱਖ ਸੰਭਲ਼ ਕੇ ਤੁਰਾਂ ਮੈਂ, ਝਾਜਰਾਂ ਨੂੰ ਬੋਰ ਵੀ ਨੇ।
ਨਸਲ ਸੱਪਾਂ ਦੀ ਕਿਵੇਂ, ਫੁੱਲਾਂ ਦੇ ਕੋਲ਼ੇ ਵਧ ਲਵੇਗੀ?
ਸਿਰਫ਼ ਨਿਓਲ਼ੇ ਹੀ ਨਹੀਂ ਹਨ, ਬਾਗ ਦੇ ਵਿਚ ਮੋਰ ਵੀ ਨੇ।
ਪੌਣ ਜੋ ਦਿੱਤੈ ਸੁਨੇਹਾਂ, ਓਸਦਾ ਔਖੈ ਨਿਬੇੜਾ,
ਗੀਤ ਕੋਇਲ ਦੇ ਨਾ ਕੱਲੇ, ਕਾਂ ਮਚਾਉਂਦੇ ਸ਼ੋਰ ਵੀ ਨੇ।
ਕਿਊਂ ਸੁਗੰਧੀ ਲੈਣ ਖ਼ਾਤਿਰ, ਜਿੰਦ ਕੱਲੀ ਤਰੁ ਪਈ ਹੈ?
ਤਾੜ ਲਈ ਡਾਕੂਆਂ ਨੇ, ਮਾਰ ਉੱਤੇ ਚੋਰ ਵੀ ਨੇ।
ਕੁਝ ਭੰਵਰ ਏਦਾਂ ਦੇ ਵੀ ਨੇ, ਤਾਰ ਦਿੰਦੇ ਡੁਬਦਿਆਂ ਨੂੰ,
ਡੋਬ ਦਿੰਦੇ ਤਰਦਿਆਂ ਨੂੰ, ਇਸ ਤਰ੍ਹਾਂ ਦੇ ਛੋਰ ਵੀ ਨੇ।
ਠਹਿਰ ਜਾਹ ਤੂੰ, ਸਿਰ ਨਹੀਂ ਹੁੰਦੇ ਕਲਮ ਇਉਂ ਆਸ਼ਕਾਂ ਦੇ,
ਭੋਲ਼ਿਆ ਉਏ ! ਸਿਰ ਤੋਂ ਪਹਿਲਾਂ ਜੋੜ ਵੀ ਨੇ, ਪੋਰ ਵੀ ਨੇ।
ਸੋਚ ਕੇ ਜੋ ਪੈਰ ਚੁੱਕਣ,ਉਹ ਥਿੜਕ ਸਕਦੇ ਨਾ “ਬਾਦਲ”
ਸੋਚਦੇ ਹੀ ਰਹਿ ਗਏ ਜੋ,ਬੇ-ਦਿਲੇ, ਕਮਜ਼ੋਰ ਵੀ ਨੇ।
1 comment:
Dad thanks a lot for sharing this beautiful ghazal with all of us..
ਨਸਲ ਸੱਪਾਂ ਦੀ ਕਿਵੇਂ, ਫੁੱਲਾਂ ਦੇ ਕੋਲ਼ੇ ਵਧ ਲਵੇਗੀ?
ਸਿਰਫ਼ ਨਿਓਲ਼ੇ ਹੀ ਨਹੀਂ ਹਨ, ਬਾਗ ਦੇ ਵਿਚ ਮੋਰ ਵੀ ਨੇ।
-------
ਠਹਿਰ ਜਾਹ ਤੂੰ, ਸਿਰ ਨਹੀਂ ਹੁੰਦੇ ਕਲਮ ਇਉਂ ਆਸ਼ਕਾਂ ਦੇ,
ਭੋਲ਼ਿਆ ਉਏ ! ਸਿਰ ਤੋਂ ਪਹਿਲਾਂ ਜੋੜ ਵੀ ਨੇ, ਪੋਰ ਵੀ ਨੇ।
Koi jawab ni ehna sheyeran da!! Just wonderful!!
Tamanna
Post a Comment