ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Tuesday, November 4, 2008

ਗਿਆਨ ਸਿੰਘ ਕੋਟਲੀ - ਗ਼ਜ਼ਲ

ਸ਼ਾਨਦਾਰ ਕੈਨੇਡਾ!
ਗ਼ਜ਼ਲ
ਸੁਹਣਾ ਸੁਹਣਾ ਸੁਰਗਾਂ ਜੇਹਾ, ਸੁਹਜਾਂ ਦਾ ਭੰਡਾਰ ਕਨੇਡਾ ।
ਰੰਗ ਬਰੰਗੇ ਭਾਂਤ ਭਾਂਤ ਦੇ , ‘ਫੁੱਲਾਂ’ ਦੀ ਗੁਲਜ਼ਾਰ ਕਨੇਡਾ ।
ਬੋਲੀ, ਕਿੱਤਾ, ਦੇਸ਼, ਧਰਮ, ਰੰਗ ਨਸਲ ਦਾ ਭੇਦ ਨਾ ਕੋਈ,
ਬੰਦੇ ਦਾ ਤਾਂ ਬੰਦਿਆਂ ਵਾਂਗੂੰ, ਹੁੰਦਾ ਹੈ ਸਤਿਕਾਰ ਕਨੇਡਾ ।
ਦੀਨ ਧਰਮ ਤੇ ਸੋਚ ਅਕੀਦੇ, ਆਪਣੇ ਰੰਗੀਂ ਰੰਗੇ ਬੈਠੇ,
ਆਪਣੇ ਰੰਗੀਂ ਵਸਦੇ ਰਸਦੇ, ਸਾਰੇ ਸਭਿਆਚਾਰ ਕਨੇਡਾ ।
ਸੁਹਣੀ-ਸੁਹਣੀ ਸੂਰਤ ਏਥੇ, ਪਰੀਆਂ ਵਰਗੀ ਮੂਰਤ ਏਥੇ,
ਨੰਨ੍ਹੇ -ਮੁੰਨੇ ਮੁਸਕਣ ਬੱਚੇ, ਲੱਗਦੇ ਫੁੱਲ ਬਹਾਰ ਕਨੇਡਾ ।
ਰਹਿਣ ਸਹਿਣ ਦੀ ਜਾਚ ਸੁਚੇਰੀ, ਲੋਕੀਂ ਸਾਊ ਸ਼ਿਸ਼ਟਾਚਾਰੀ,
ਸਾਰੀ ਦੁਨੀਆਂ ਨੇ ਹੈ ਮੰਨਿਆ, ਦੇਸ਼ਾਂ ਦਾ ਸਰਦਾਰ ਕਨੇਡਾ ।
ਜ਼ੁਲਮ ਤਸ਼ੱਦਦ ਬੇਇਨਸਾਫ਼ੀ, ਰਿਸ਼ਵਤ ਦੀ ਕਨਸੋ ਨਾ ਏਥੇ,
ਲੋਕਾਂ ਦੀ ਸੁਣਵਾਈ ਕਰਦੀ, ਸੁਹਣੀ ਹੈ ਸਰਕਾਰ ਕਨੇਡਾ ।
ਪਸ਼ੂਆਂ ਵਾਗੂੰ ਬੰਦੇ ਏਥੇ, ਨਾ ਕੁੱਟੇ ਕੋਹੇ ਮਾਰੇ ਜਾਂਦੇ,
ਦੋਸ਼ੀ ਨਾਲ ਵੀ ਪੁਲਸ ਚੰਗੇਰਾ, ਕਰਦੀ ਹੈ ਵਿਓਹਾਰ ਕਨੇਡਾ ।
ਜੁਰਮਾਂ ਤੇ ਕਾਨੂੰਨ ਦੇ ਏਥੇ , ਫਿਰਦੇ ਨਾ ਫਰਮਾਨ ਵਿਕਾਊ,
ਸੱਚ ਨਿਆਂ ਦੀ ਤੱਕੜੀ ਉੱਤੇ, ਹੁੰਦਾ ਹੱਕ ਨਿਤਾਰ ਕਨੇਡਾ ।
ਖੁਲ੍ਹੀ ਧਰਤੀ ਜੰਗਲ ਜੂਹਾਂ, ਕੁਦਰਤ ਦਾ ਅਨਮੋਲ ਖਜ਼ਾਨਾ,
ਸੋਨੇ ਨੂੰ ਵੀ ਮਾਤ ਪਾ ਗਿਆ, ਲੱਕੜੀ ਦਾ ਵਾਪਾਰ ਕਨੇਡਾ ।
ਕੁੱਲ ਦੁਨੀਆਂ ਦੇ ਸੁੰਦਰ ਸੁਪਨੇ, ਕੁੱਲ ਦੁਨੀਆਂ ਦੀਆਂ ਸੁੰਦਰ ਰੀਝਾਂ,
ਕੁਲ ਦੁਨੀਆਂ ਦੇ ਰੰਗਾਂ ਰਲ ਕੇ, ਰਚਿਆ ਹੈ ਸ਼ਾਹਕਾਰ ਕਨੇਡਾ ।
ਸਿਹਤ ਚੰਗੇਰੀ ਉਮਰ ਲੰਬੇਰੀ, ਗਈ ਜੁਆਨੀ ਦਾ ਨਾ ਝੋਰਾ,
ਥਾਂ-ਥਾਂ ਬੈਠ ਕਲੋਲਾਂ ਕਰਦੇ , ਬੁੱਢੇ ਪੈਨਸ਼ਨਦਾਰ ਕਨੇਡਾ ।
ਛੋਟਾ ਵੱਡਾ ਕੰਮ ਨਾ ਕੋਈ, ਰਾਣਾ ਰੰਕ ਦਾ ਭੇਦ ਨਾ ਕੋਈ,
ਕੀਤੇ ਦਾ ਮੁੱਲ ਪੈਂਦਾ ਯਾਰੋ, ਵਧੀਆ ਹੈ ਕੰਮ ਕਾਰ ਕਨੇਡਾ ।

2 comments:

ਤਨਦੀਪ 'ਤਮੰਨਾ' said...

'ਆਰਸੀ’ ਲਈ ਰਚਨਾਵਾਂ ਭੇਜਣ ਲਈ ਤੁਹਾਡਾ ਬੇਹੱਦ ਸ਼ੁਕਰੀਆ। ਅੱਗੇ ਤੋਂ ਵੀ ਭਰਵੇਂ ਸਹਿਯੋਗ ਦੀ ਆਸ ਨਾਲ਼...
ਤਨਦੀਪ ‘ਤਮੰਨਾ’

ਤਨਦੀਪ 'ਤਮੰਨਾ' said...

ਸਤਿਕਾਰਤ ਅੰਕਲ ਜੀ...ਤੁਸੀਂ ਤਾਂ ਕਮਾਲ ਕਰ ਦਿੱਤੀ ਕੈਨੇਡਾ ਬਾਰੇ ਗ਼ਜ਼ਲ ਲਿਖ ਕੇ। ਸਭ ਸੱਚ ਹੈ। ਵਧਾਈ ਕਬੂਲ ਕਰੋ!!ਕੋਈ ਪੱਖ ਛੋਹਣ ਵੱਲੋਂ ਛੱਡਿਆ ਨਹੀਂ...
ਖੁਲ੍ਹੀ ਧਰਤੀ ਜੰਗਲ ਜੂਹਾਂ, ਕੁਦਰਤ ਦਾ ਅਨਮੋਲ ਖਜ਼ਾਨਾ,
ਸੋਨੇ ਨੂੰ ਵੀ ਮਾਤ ਪਾ ਗਿਆ, ਲੱਕੜੀ ਦਾ ਵਾਪਾਰ ਕਨੇਡਾ
-------------------
ਬੋਲੀ, ਕਿੱਤਾ, ਦੇਸ਼, ਧਰਮ, ਰੰਗ ਨਸਲ ਦਾ ਭੇਦ ਨਾ ਕੋਈ,
ਬੰਦੇ ਦਾ ਤਾਂ ਬੰਦਿਆਂ ਵਾਂਗੂੰ, ਹੁੰਦਾ ਹੈ ਸਤਿਕਾਰ ਕਨੇਡਾ ।
--------------
ਜੁਰਮਾਂ ਤੇ ਕਾਨੂੰਨ ਦੇ ਏਥੇ , ਫਿਰਦੇ ਨਾ ਫਰਮਾਨ ਵਿਕਾਊ,
ਸੱਚ ਨਿਆਂ ਦੀ ਤੱਕੜੀ ਉੱਤੇ, ਹੁੰਦਾ ਹੱਕ ਨਿਤਾਰ ਕਨੇਡਾ ।
ਬੱਸ ਇਕੱਲੇ ਲਹਿੰਬਰ ਸਿੰਘ ਨਾਲ਼ ਹੀ ਅਨਿਆਂ ਕਰ ਗਈ...ਸਰਕਾਰ..:(..ਕੀ ਖਿਆਲ ਹੈ?

ਤਮੰਨਾ