ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Monday, November 3, 2008

ਕਮਲ ਕੰਗ - ਮਿੰਨੀ ਕਹਾਣੀ

ਘਿਰਣਾ
ਮਿੰਨੀ ਕਹਾਣੀ

ਮੰਦਰ ਦੀਆਂ ਸੰਗਮਰਮਰੀ ਪੌੜੀਆਂ ਤੇ ਬੁੱਢੀ ਮਾਈ ਬੈਠੀ ਹੈ। ਰੰਗ ਸਾਂਵਲਾ, ਹੱਠੀਆਂ ਦੀ ਮੁੱਠ ਜਿਹਾ ਸਰੀਰ, ਮੈਲ਼ੇ ਕੁਚੈਲ਼ੇ ਕੱਪੜੇ, ਅੱਖਾਂ ਤੇ ਘਸਮੈਲ਼ੇ ਸ਼ੀਸ਼ਿਆਂ ਵਾਲ਼ੀ ਐਨਕ। ਐਨਕ ਦੀਆਂ ਦੋਵੇਂ ਡੰਡੀਆਂ ਧਾਗੇ ਨਾਲ਼ ਬੰਨ੍ਹੀਆਂ ਹੋਈਆਂ ਨੇ ਜਿਵੇਂ ਮਾਈ ਦੇ ਸਰੀਰ ਨਾਲ਼ ਕੁਝ ਸਾਹ ਅਜੇ ਵੀ ਬੰਨ੍ਹੇ ਹੋਏ ਹੋਣ। ਮੰਦਰ ਦੀਆਂ ਪੌੜੀਆਂ ਤੇ ਅੱਜ ਬੜੀ ਭੀੜ ਹੈ, ਲੋਕ ਵਾਹੋ-ਦਾਹੀ ਭਗਵਾਨ ਦੇ ਦਰਸ਼ਨਾਂ ਲਈ ਮੰਦਰ ਦੇ ਦਰਵਾਜੇ ਵੱਲ ਇਕ ਦੂਜੇ ਤੋਂ ਅੱਗੇ ਵਧਦੇ ਹੋਏ, ਰਾਮ-ਰਾਮ ਕਰਦੇ ਹੋਏ ਪੌੜੀਆਂ ਚੜ੍ਹੀ ਜਾ ਰਹੇ ਹਨ। ਬੁੱਢੀ ਮਾਈ ਮੰਦਰ ਦੀਆਂ ਪੌੜੀਆਂ ਚੜ੍ਹਦੇ ਹਰ ਸ਼ਰਧਾਲੂ ਵੱਲ ਤਰਸ ਭਰੀਆਂ ਅੱਖਾਂ ਨਾਲ਼ ਵੇਖਦੀ ਹੈ, ਨਾਲ਼ ਹੀ ਨਾਲ਼ ਆਪਣੇ ਅੱਗੇ ਪਈ ਥਾਂ-ਥਾਂ ਤੋਂ ਉਸ ਵਾਂਗ ਚਿੱਬੀ ਹੋਈ ਪਈ ਸਿਲਵਰ ਦੀ ਕੌਲੀ ਵੱਲ ਵੇਖਦੀ ਹੈ। ਕੌਲੀ ਵੱਲ ਵੇਖ ਕੇ ਲੱਗਦਾ ਹੈ ਜਿਵੇਂ ਮਾਈ ਵਾਂਗ ਉਹ ਵੀ ਸਦੀਆਂ ਤੋਂ ਭੁੱਖੀ ਹੋਵੇ। ਬੁੱਢੀ ਮਾਈ ਕੌਲੀ ਨੂੰ ਹਰ ਲੰਘਦੇ ਹੋਏ ਦੇ ਹੱਥਾਂ ਵੱਲ ਵੇਖ ਕੇ ਅੱਗੇ ਨੂੰ ਕਰਦੀ ਹੈ ਪਰ ਅੱਜ ਲੋਕਾਂ ਦਾ ਧਿਆਨ ਖਿੱਚਣ ਵਿੱਚ ਮਾਈ ਅਸਮਰੱਥ ਲੱਗਦੀ ਹੈ।
ਅੱਜ ਦੀ ਹਰ ਅਖ਼ਬਾਰ ਵਿੱਚ ਮੁੱਖ ਸੁਰਖ਼ੀ ਏਹੀ ਸੀ ਕਿ ਹਰ ਮੰਦਰ ਦਾ ਭਗਵਾਨ ਦੁੱਧ ਪੀ ਰਿਹਾ ਹੈ। ਟੈਲੀਵੀਜਨ ਤੇ ਵੀ ਵਾਰ- ਵਾਰ ਚੈਨਲਾਂ ਵਾਲ਼ੇ ਇਹੀ ਦੱਸ ਰਹੇ ਸਨ ਅਤੇ ਭਗਵਾਨ ਨੂੰ ਦੁੱਧ ਪੀਂਦਾ ਵਿਖਾ ਰਹੇ ਸਨ। ਦੁਨੀਆਂ ਲਈ ਇਹ ਹੈਰਾਨੀ ਭਰੀ, ਸ਼ਰਧਾ ਭਰੀ, ਪਿਆਰ ਭਰੀ ਗੱਲ ਸੀ, ਇਸ ਲਈ ਹਰ ਕੋਈ ਦੁੱਧ ਚੁੱਕੀ ਅੱਜ ਮੰਦਰ ਵੱਲ ਨੱਸਾ ਜਾ ਰਿਹਾ ਸੀ ਆਪਣੇ ਆਪਣੇ ਭਗਵਾਨ ਨੂੰ ਦੁੱਧ ਪਿਲਾਉਣ ਵਾਸਤੇ।
ਅੱਜ ਬੁੱਢੀ ਮਾਈ ਨੂੰ ਆਪਣੇ ਮਨੁੱਖ ਹੋਣ ਤੇ ਘਿਰਣਾ ਹੋ ਰਹੀ ਸੀ, ਉਹ ਸੋਚ ਰਹੀ ਸੀ ਕਿ ਕਾਸ਼ ਉਹ ਵੀ ਮਨੁੱਖ ਨਾ ਹੁੰਦੀ ਬਲਕਿ ਪੱਥਰ ਦਾ ਭਗਵਾਨ ਹੁੰਦੀ।

2 comments:

ਤਨਦੀਪ 'ਤਮੰਨਾ' said...

'ਆਰਸੀ’ ਲਈ ਰਚਨਾਵਾਂ ਭੇਜਣ ਲਈ ਤੁਹਾਡਾ ਬੇਹੱਦ ਸ਼ੁਕਰੀਆ। ਅੱਗੇ ਤੋਂ ਵੀ ਭਰਵੇਂ ਸਹਿਯੋਗ ਦੀ ਆਸ ਨਾਲ਼...
ਤਨਦੀਪ ‘ਤਮੰਨਾ’

ਤਨਦੀਪ 'ਤਮੰਨਾ' said...

Kamal ji...Mini kahani bahut hi sohni hai...samaj di soch te krari chot hai. India ton ikk dost di mail aayee si bahut saal pehlan...ohney likheya si ke ohda dost ikk mandir ch devtey de munh nu parsad laun di koshish kar reha si...bheerh chon ikk baccha hatth vadah ke parsad lain di koshish karey..par oh admi sirf devtey de munh nu hi parsad launa chhaunda si..Achanak...uss sujheya ke main uss nu parsad bhet kar reha haan..jo parsad savikaar ni kar sakda...te ussnu dutkaar reha haan..jo bhagwaan bacchey de roop ch parsad khaan nu mang reha hai. Ose waqt ussne sara mithai da dabba uss bacchey nu de ditta...eh sachi ghatna hai...south India di..

ਕੌਲੀ ਵੱਲ ਵੇਖ ਕੇ ਲੱਗਦਾ ਹੈ ਜਿਵੇਂ ਮਾਈ ਵਾਂਗ ਉਹ ਵੀ ਸਦੀਆਂ ਤੋਂ ਭੁੱਖੀ ਹੋਵੇ।
Bahut sohna likheya hai tussi..Keep it up!!

Tamanna