ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Wednesday, November 5, 2008

ਦਰਸ਼ਨ ਦਰਵੇਸ਼ - ਨਜ਼ਮ

ਕੁੜੀ,ਨਦੀ ਤੇ ਪੌਣ
ਨਜ਼ਮ


ਰਿਸ਼ਤਾ ਜੇ ਸਿਰਫ ਨਜ਼ਮ ਦਾ ਹੀ ਹੁੰਦਾ
ਤਾਂ ਉਹ ਕੁੜੀ
ਸਾਡੀਆਂ ਸੋਚਾਂ ਦੀ ਨਜ਼ਰ ‘ਚ
ਚਿੰਤਨ ਬਣਕੇ ਨਾ ਵਹਿੰਦੀ
ਜਿਸ ਵਿੱਚ ਡੁੱਬਕੇ
ਮੈਂ ਹਰ ਵਾਰ
ਸਿੱਪ ਤੇ ਮੋਤੀ ਚੋਰੀ ਕਰ ਲਿਆਉਂਦਾ ਹਾਂ
ਜਿਸਨੂੰ ਮੈਂ
-ਬਹੁਤਾ ਨਹੀਂ ਮਿਲ਼ਿਆ
ਪਰ- ਕਿਤੇ ਜ਼ਿਆਦਾ ਮਿਲ਼ ਲਿਆ ਹਾਂ
ਉਹ ਨਿਰੀ ਕੁੜੀ ਨਹੀਂ
ਸੋਚਾਂ,ਅਮਲਾਂ
ਅਤੇ
-ਤਹਿਜ਼ੀਬ ਦੀ ਨੀਲੀ ਪੁਸਤਕ ਹੈ
ਜੋ ਵਕਤ ਕਿਨਾਰੇ ਭਟਕਦੇ
ਰਾਹਗੀਰਾਂ ਦਾ
ਜ਼ਹਿਰ ਚੂਸਦੀ ਹੈ
ਤੇ ਫਿਰ ਤੋਂ
ਜਿੰਦਗੀ ਵੱਲ ਤੱਕਣ ਵਾਲਿਆਂ ਲਈ
ਸਮੁੰਦਰ ਦਾ ਮੰਥਨ ਕਰਦੀ ਹੈ
ਸੂਰਜ ਜਦ ਅੱਧ-ਅੰਬਰ ਤੇ ਪਹੁੰਚਦਾ ਹੈ
ਤਾਂ ਉਹ
ਜਿਨ੍ਹਾਂ ਦੇ ਸਿਰ ਤੇ ਹੱਥ ਧਰਦੀ ਹੈ
ਉਹ ਮੌਸਮ ਨਾਲ
ਵਫ਼ਾ ਕਰਨ ਲੱਗ ਪੈਂਦੇ ਨੇ
ਤੇ ਜਿਹਨਾਂ ਦੇ
ਸਵਾਰਥ ਲਈ ਕੱਢੇ ਹੱਥ ਦੀ
ਉਹ ਭਾਸ਼ਾ ਸਮਝ ਲੈਂਦੀ ਹੈ
ਉਹ ਝੋਲੀਆਂ ‘ਚ
ਪੱਥਰ ਭਰ ਲੈਂਦੇ ਨੇ
ਉਹ ਕੋਈ ਅਜਿਹਾ
ਅਣਸੀਤਾ ਕੱਪੜਾ ਨਹੀਂ
ਜਿਸਨੂੰ
ਆਪਣੇ ਸ਼ੌਕ ਲਈ
ਪਹਿਨਿਆ ਜਾ ਸਕਦਾ ਹੈ
ਤੇ ਨਾ ਹੀ
ਕੱਲਰਾਂ ਦੀ ਅਜਿਹੀ ਮਿੱਟੀ ਹੈ
ਜੋ ਬਾਰਿਸ਼ ਪਿਆਂ
ਹਰ ਕਿਸੇ ਲਈ
ਤਿਲਕਣ ਬਣ ਜਾਂਦੀ ਹੈ
ਚੂੜੀਆਂ ਦੇ ਸੋਗ ਦੀ ਗੱਲ ਹੋਈ
ਤਾਂ ਰੁੱਸੀ ਕਹਾਣੀ ਦਾ
ਰੋਸਾ ਦੂਰ ਹੋ ਗਿਆ
ਤੇ ਹੁੰਗਾਰਿਆਂ ਦੇ ਰਿਸ਼ਤੇ ਨੂੰ
ਕਵਿਤਾ ਦੀ ਗੁੜ੍ਹਤੀ ਮਿਲ ਗਈ
ਬੜਾ ਕੁੱਝ ਬੀਜਿਆ ਹੈ
ਉਸਨੇ ਆਪਣੀ ਧਰਤ ਤੇ
ਜੋ ਵੀ ਉਗਿਆ
ਕਈਆਂ ਦੀ ਅੱਖ
ਉਸ ਲਈ ਨਫ਼ਰਤ ਹੋ ਗਈ
ਤੇ ਕਈਆਂ ਨੇ ਉਸ ਵਿੱਚੋਂ
ਫ਼ਕੀਰੀ ਦਾ ਚੋਲ਼ਾ ਪਹਿਨ ਲਿਆ
ਉਹ ਵਹਿੰਦੀ ਹੈ
ਤਾਂ ਮਾਣਮੱਤੀ ਨਦੀ ਦੇ ਵਾਂਗ
ਵਗਦੀ ਹੈ
ਤਾਂ ਬਾਵਰੀ ਪੌਣ ਦੇ ਵਾਂਗ
ਮੇਰੇ ਘਰ ਆਉਂਦੀ ਹੈ ਤਾਂ
ਚਿੰਤਨ ਦੀ ਪਟਾਰੀ ਬਣਕੇ
ਦਰਦ ਦੀ ਝੋਲ਼ੀ ਭਰਕੇ
ਸੱਚੀਂ ਉਹਦਾ ਦਰਦ
ਖੋਹ ਲੈਣ ਨੂੰ ਦਿਲ ਕਰਦੈ
ਉਦਾਸੀਆਂ ਪਾਲਣ ਦਾ ਸ਼ੌਕ ਵੀ ਤਾਂ
ਓਸੇ ਨੇ ਕਮਾ ਕੇ ਦਿੱਤੈ
ਮੈਂ ਪਿੰਜਰੇ ਦਾ ਬੂਹਾ ਨਹੀਂ ਖੋਲ੍ਹ ਸਕਦਾ।

3 comments:

ਤਨਦੀਪ 'ਤਮੰਨਾ' said...

ਸਤਿਕਾਰਤ ਦਰਵੇਸ਼ ਜੀ...ਸੱਚ ਜਾਣਿਓ!!ਤੁਹਾਡੀ ਬੇਹੱਦ ਖ਼ੂਬਸੂਰਤ ਨਜ਼ਮ ਪੋਸਟ ਕਰਨ ਤੋਂ ਬਾਅਦ, ਅੱਜ ਆਪਣੀ ਕੋਈ ਵੀ ਨਜ਼ਮ 'ਆਰਸੀ' ਤੇ ਲਾਉਂਣ ਦਾ ਹੌਸਲਾ ਨਹੀਂ ਸੀ ਪੈਂਦਾ।
ਰਿਸ਼ਤਾ ਜੇ ਸਿਰਫ ਨਜ਼ਮ ਦਾ ਹੀ ਹੁੰਦਾ
ਤਾਂ ਉਹ ਕੁੜੀ
ਸਾਡੀਆਂ ਸੋਚਾਂ ਦੀ ਨਜ਼ਰ ‘ਚ
ਚਿੰਤਨ ਬਣਕੇ ਨਾ ਵਹਿੰਦੀ
ਬਹੁਤ ਦਾਰਸ਼ਨਿਕ ਖ਼ਿਆਲ ਹੈ...
----
ਸੂਰਜ ਜਦ ਅੱਧ-ਅੰਬਰ ਤੇ ਪਹੁੰਚਦਾ ਹੈ
ਤਾਂ ਉਹ
ਜਿਨ੍ਹਾਂ ਦੇ ਸਿਰ ਤੇ ਹੱਥ ਧਰਦੀ ਹੈ
ਉਹ ਮੌਸਮ ਨਾਲ
ਵਫ਼ਾ ਕਰਨ ਲੱਗ ਪੈਂਦੇ ਨੇ
I must say..WAO!!
ਦਰਵੇਸ਼ ਜੀ..ਇਹ ਉਹਨਾਂ ਨਜ਼ਮਾਂ 'ਚੋਂ ਇੱਕ ਹੈ..ਜਿਨ੍ਹਾਂ ਦਾ ਮੈਂ ਅੱਖਰ-ਅੱਖਰ ਮਾਣਿਆ ਹੈ।
ਤੁਹਾਨੂੰ ਤੇ ਤੁਹਾਡੀ ਕਲਮ ਨੂੰ ਸਲਾਮ!! ਜਲਦ ਹੀ ਹੋਰ ਨਜ਼ਮਾਂ ਮਿਲ਼ਣ ਦੀ ਆਸ ਨਾਲ਼....

ਤਮੰਨਾ

ਤਨਦੀਪ 'ਤਮੰਨਾ' said...

Tandeep jee,
Hun tan mainu injh lagan lag gaya hai ke kudi nadi te paun meri nahi balke tuhadi nazam hai. Sukria aakhan vaste shabad nahi hun mere kol.....Main tan kavita ton bahuat door chala gaya si apne filmi rujheveaan karke.Tuhadi shidat shayad maithon dobara zaroor kujh na kujh likhva lavegi ....Fer Dhanvad....

With Regards
Darvesh

ਤਨਦੀਪ 'ਤਮੰਨਾ' said...

ਬਾਈ ਦਰਵੇਸ਼ ਜੀ ਤੁਹਾਨੂੰ ਤੇ ਤੁਹਾਡੇ ਚਿੰਤਨ ਦਾ ਹਿੱਸਾ ਬਣਦੀ ਕੁੜੀ ਨੂੰ ਸਲਾਮ! ਅੱਜ ਬਹਿ ਕੇ ਸਾਰੀਆਂ ਨਜ਼ਮਾਂ ਪੜ੍ਹੀਆਂ,ਬਹੁਤ ਸਵਾਲਾਂ ਦੇ ਜਵਾਬ ਮਿਲ਼ ਗਏ!
ਉਹ ਨਿਰੀ ਕੁੜੀ ਨਹੀਂ
ਸੋਚਾਂ,ਅਮਲਾਂ
ਅਤੇ
-ਤਹਿਜ਼ੀਬ ਦੀ ਨੀਲੀ ਪੁਸਤਕ ਹੈ
ਜੋ ਵਕਤ ਕਿਨਾਰੇ ਭਟਕਦੇ
ਰਾਹਗੀਰਾਂ ਦਾ
ਜ਼ਹਿਰ ਚੂਸਦੀ ਹੈ
ਤੇ ਫਿਰ ਤੋਂ
ਜਿੰਦਗੀ ਵੱਲ ਤੱਕਣ ਵਾਲਿਆਂ ਲਈ
ਸਮੁੰਦਰ ਦਾ ਮੰਥਨ ਕਰਦੀ ਹੈ
ਸੂਰਜ ਜਦ ਅੱਧ-ਅੰਬਰ ਤੇ ਪਹੁੰਚਦਾ ਹੈ
ਤਾਂ ਉਹ
ਜਿਨ੍ਹਾਂ ਦੇ ਸਿਰ ਤੇ ਹੱਥ ਧਰਦੀ ਹੈ
ਉਹ ਮੌਸਮ ਨਾਲ
ਵਫ਼ਾ ਕਰਨ ਲੱਗ ਪੈਂਦੇ ਨੇ
ਤੇ ਜਿਹਨਾਂ ਦੇ
ਸਵਾਰਥ ਲਈ ਕੱਢੇ ਹੱਥ ਦੀ
ਉਹ ਭਾਸ਼ਾ ਸਮਝ ਲੈਂਦੀ ਹੈ
ਉਹ ਝੋਲੀਆਂ ‘ਚ
ਪੱਥਰ ਭਰ ਲੈਂਦੇ ਨੇ
ਬਾਈ ਦਰਵੇਸ਼! ਮੈਂ ਇਹ ਲਾਈਨਾਂ ਪੜ੍ਹਕੇ ਹੰਝੂ ਨਹੀਂ ਰੋਕ ਸਕਿਆ।

ਮਨਧੀਰ ਭੁੱਲਰ
ਕੈਨੇਡਾ
=======
ਬਹੁਤ-ਬਹੁਤ ਸ਼ੁਕਰੀਆ ਮਨਧੀਰ ਜੀ...ਚਲੋ ਹੁਣ ਤੁਸੀਂ ਸ਼ਿਕਵਾ ਨਹੀਂ ਕਰੋਗੇ ਕਿ ਤਮੰਨਾ ਆਪਣੀਆਂ ਨਜ਼ਮਾਂ ਨਹੀਂ ਲਾਉਂਦੀ!

ਤਮੰਨਾ