
ਨਜ਼ਮਾਂ ਆਉਂਦੀਆਂ
ਨਜ਼ਮ
ਨਜ਼ਮਾਂ ਆਉਂਦੀਆਂ
ਪੰਛੀ ਬਣਦੀਆਂ
ਪੋਟਿਆਂ ’ਤੇ ਬਹਿੰਦੀਆਂ
ਕਲਮਾਂ ’ਚ ਲਹਿੰਦੀਆਂ
ਮਨ ਦੇ ਬਨੇਰੇ ਤੋਂ
ਕਦੇ ਫੁਰਰ ਉੱਡ ਜਾਂਦੀਆਂ...
ਨਜ਼ਮਾਂ ਆਉਂਦੀਆਂ
ਸਾਜ਼ ਬਣਦੀਆਂ
ਉਂਗਲਾਂ ਹਿੱਲਦੀਆਂ
ਤਾਰਾਂ ਛਿੜਦੀਆਂ
ਡੂੰਘੇ ਪਾਣੀ ਹਿੱਲਦੇ
ਤਰੰਗਾਂ ਬਣਦੀਆਂ
ਸਮੁੰਦਰਾਂ ਤੀਕ ਫੈਲ ਜਾਂਦੀਆਂ...
ਨਜ਼ਮਾਂ ਆਉਂਦੀਆਂ
ਹੋਠਾਂ ’ਤੇ ਨੱਚਦੀਆਂ
ਜ਼ਹਿਨ ’ਚ ਥਿੜਕਦੀਆਂ
ਧੜਕਣਾਂ ਰਿੜਕਦੀਆਂ
ਲੋਕ ਬੋਲ ਬਣਦੀਆਂ
ਮਨਾਂ ’ਚ ਲਹਿ ਜਾਂਦੀਆਂ
ਬੜਾ ਕੁਝ ਕਹਿ ਜਾਂਦੀਆਂ...
ਨਜ਼ਮਾਂ ਆਉਂਦੀਆਂ
ਸੁੱਚ ਦਿੰਦੀਆਂ
ਮੁਹੱਬਤਾਂ ਵੰਡਦੀਆਂ
ਮਹਿਕਾਂ ਖਿੰਡਦੀਆਂ
ਕੋਲੋਂ ਲੰਘਦੀਆਂ
ਕਾਇਨਾਤ ’ਚ ਸਮਾ ਜਾਂਦੀਆਂ
ਇਹ ਪੂਰੀ ਕੁਦਰਤ ਹੀ ਹੋ ਜਾਂਦੀਆਂ...
ਨਜ਼ਮਾਂ ਜਦ ਵੀ ਆਉਂਦੀਆਂ
ਇਹ ਜਿੰਦਗੀ ਬਣ ਜਾਂਦੀਆਂ
ਇਹ ਜਿੰਦਗੀ ਬਣ ਜਾਂਦੀਆਂ।
ਨਜ਼ਮਾਂ ਜਦ ਵੀ ਆਉਂਦੀਆਂ।
============
ਖੜਾਵਾਂ
ਨਜ਼ਮ
ਅਸੀਂ ਬੱਝੇ ਹਾਂ
ਆਪਣੇ ਹੀ ਦੁੱਖਾਂ ’ਚ
ਭਾਲਦੇ ਫਿਰਦੇ
ਸੁੱਖਾਂ ਦੇ ਸਿਰਨਾਵੇਂ
ਦੌੜਦੇ ਹਾਂ
ਮ੍ਰਿਗਤ੍ਰਿਸ਼ਨਾ ਦੇ ਛਲਾਵਿਆਂ ਮਗਰ
ਇਕ ਦੂਜੇ ਨੂੰ ਕੋਸਦੇ
ਦੁੱਖ ਦਾ ਕਾਰਨ ਆਖਦੇ
ਬੜੇ ਹੀ
ਅਜੀਬ ਫਲਸਫ਼ੇ ਰਚਦੇ
ਤੁਰ ਰਹੇ ਹਾਂ
ਇਸ਼ਕ ਨੂੰ ਸਜ਼ਾ ਦੱਸਦੇ...
ਹੇ ਬੁੱਧ!
ਕਿੰਨਾ ਨਾਜ਼ੁਕ, ਕਿੰਨਾ ਕੋਮਲ
ਕਿੰਨਾ ਸੂਖ਼ਮ ਹਿਰਦਾ ਤੇਰਾ
ਜੋ ਦੁੱਖ ਦੇਖ ਦੁਨੀਆ ਦਾ
ਕੁਰਲਾਅ ਉੱਠਿਆ
ਤੜਪਿਆ ਏਨਾ
ਕਿ ਮਹਿਲਾਂ ਦਾ ਸੁੱਖ ਵੀ
ਦੁੱਖ ਬਣ ਗਿਆ
ਤੁਰ ਪਿਆ ਘਰੋਂ ਦੂਰ
ਬਹੁਤ ਦੂਰ...
ਮੋਕਸ਼ ਦੀ ਤਲਾਸ਼ ’ਚ
ਸੱਚ ਦੀ ਖੋਜ ’ਚ
ਭਿਕਸ਼ੂ ਬੜ ਘੁੰਮਿਆ ਵਣ ਵਣ
ਤੇ ਕੀਤਾ ਆਤਮ ਮੰਥਨ...
….............................
ਤੇਰੇ ਮੌਨ ’ਚ
ਹੈ ਜੋ ਚਿੰਤਨ
ਫਲਸਫ਼ਾ, ਦਰਸ਼ਨ
ਉਹ ਕਈ ਵਾਰ
ਮੇਰੇ ਕੰਨਾਂ ’ਚ
ਇੰਝ ਗੂੰ...ਜ...ਦਾ
ਕਿ ਮੇਰੇ ਪੈਰ ਵੀ
ਖੜਾਵਾਂ ਪਾਉਣ ਨੂੰ ਕਰਦੇ ਨੇ
ਹੇ ਗੌਤਮ...!
1 comment:
Dear Inderjit ji...I enjoyed reading both nazaman a lot. Thanks for sharing them with Aarsi.
ਨਜ਼ਮਾਂ ਆਉਂਦੀਆਂ
ਪੰਛੀ ਬਣਦੀਆਂ
ਪੋਟਿਆਂ ’ਤੇ ਬਹਿੰਦੀਆਂ
ਕਲਮਾਂ ’ਚ ਲਹਿੰਦੀਆਂ
ਮਨ ਦੇ ਬਨੇਰੇ ਤੋਂ
ਕਦੇ ਫੁਰਰ ਉੱਡ ਜਾਂਦੀਆਂ...
-------
ਤੇਰੇ ਮੌਨ ’ਚ
ਹੈ ਜੋ ਚਿੰਤਨ
ਫਲਸਫ਼ਾ, ਦਰਸ਼ਨ
ਉਹ ਕਈ ਵਾਰ
ਮੇਰੇ ਕੰਨਾਂ ’ਚ
ਇੰਝ ਗੂੰ...ਜ...ਦਾ
ਕਿ ਮੇਰੇ ਪੈਰ ਵੀ
ਖੜਾਵਾਂ ਪਾਉਣ ਨੂੰ ਕਰਦੇ ਨੇ
ਹੇ ਗੌਤਮ...!
Bahut khoob!! Ehna satraan ne mere kavi mann te gehra parbhav chhaddeya. Keep up the good work and we hope to receive more great poems from you soon.
Tamanna
Post a Comment