ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Monday, November 24, 2008

ਬਰਿੰਦਰ ਸਿੰਘ ਢਿੱਲੋਂ - ਯਾਦਾਂ

ਬੁੱਢੀਆਂ ਦੀ ਪੰਜਾਬੀ ਬਨਾਮ ਚੀਨਣਾਂ ਦੀ ਚੀਂ ਚੀਂ
ਯਾਦਾਂ


ਸਿਆਟਲ ਤੋਂ ਉੱਡੇ ਡੈਲਟਾ ਏਅਰਲਾਇਨਜ਼ ਦੇ ਜਹਾਜ਼ ਨੇ ਦੋ ਘੰਟਿਆਂ ਵਿੱਚ ਮੈਨੂੰ ਸਾਨਫਰਾਂਸਿਸਕੋ ਦੇ ਹਵਾਈ ਅੱਡੇ ਤੇ ਜਾ ਉਤਾਰਿਆ। ਮੈਂ ਘੜੀ ਵੇਖੀ ਦੁਪਹਿਰ ਦੇ ਬਾਰਾਂ ਵੱਜੇ ਸਨ। ਇੱਥੋਂ ਅਗਾਂਹ ਤਾਈਵਾਨ ਦੀ ਰਾਜਧਾਨੀ ਤਾਈ ਪਾਈ ਲਈ ਮੇਰੀ ਉੱਡਾਨ ਰਾਤ ਦੇ ਇੱਕ ਵਜੇ ਸੀ। ਮਾਰੇ ਗਏ ।ਇਹ ਤੇਰਾਂ ਘੰਟੇ ਕਿਵੇਂ ਲੰਘਣਗੇ? ਸਮਾਂ ਗੁਜ਼ਾਰਨ ਲਈ ਮੈਂ ਬਾਹਰ ਨਿੱਕਲ ਕੇ ਸ਼ੱਟਲ ਲਈ ਤੇ ਸਾਨਫਰਾਂਸਿਸਕੋ ਦੇ ਅਤਿ ਖ਼ੂਬਸੂਰਤ ਬਜਾਰ ‘ਚ ਘੁੰਮਣ ਚਲਾ ਗਿਆ।ਇਹ ਕੈਲੇਫੋਰਨੀਆਂ ਦਾ ਚੌਥਾ ਵੱਡਾ ਸ਼ਹਿਰ ਹੈ। ਅੱਸੂ ਦੇ ਮਹੀਨੇ ਸਾਨਫਰਾਂਸਿਸਕੋ ਠੰਡਾ ਲੱਗ ਰਿਹਾ ਸੀ। ਦੋ ਘੰਟੇ ਤੋਂ ਵੱਧ ਮੈਂ ਦੁਨੀਆਂ ਦੇ ਅਤਿ ਖੂਬਸੂਰਤ ਗੋਲਡਨ ਗੇਟ ਬਰਿੱਜ ਦੀ ਖੂਬਸਰਤੀ ਦਾ ਅਨੰਦ ਮਾਣਕੇ ਸ਼ਹਿਰ ਦੇ ਚੱਕਰ ਲਾਉਂਦੀ ਸ਼ੱਟਲ ਰਾਹੀਂ ਵਾਪਸ ਹਵਾਈ ਅੱਡੇ ਤੇ ਆ ਗਿਆ।
ਏਅਰਪੋਰਟ ਤੇ ਚੱਕਰ ਕੱਟਦਾ ਮੈਂ ਕਦੀ ਕਿਸੇ ਕੁਰਸੀ ਤੇ ਬੈਠ ਜਾਂਦਾ ਤੇ ਕਦੀ ਦੁਕਾਨਾਂ ਵੇਖਦਾ ਸਮਾਂ ਗੁਜ਼ਾਰ ਰਿਹਾ ਸੀ। ਸਾਰੇ ਪਾਸੇ ਗੋਰੇ ਤੇ ਚੀਨੇ ਹੀ ਦਿੱਸਦੇ ਸਨ। ਉੱਤੋਂ ਪੱਗ ਵਾਲਾ ਮੈਂ ਇਕੱਲਾ ਹੀ ਸੀ।ਮੈਂ ਕਿਸੇ ਪੰਜਾਬੀ ਨੂੰ ਵੇਖਣ ਤੇ ਪੰਜਾਬੀ ਸੁਨਣ ਲਈ ਤਰਸ ਰਿਹਾ ਸੀ। ਵਕਤ ਜਿਵੇਂ ਰੁਕ ਗਿਆ ਸੀ। ਅਚਾਨਕ ਇੱਕ ਕੌਫੀ ਦੀ ਦੁਕਾਨ ਤੇ ਮੈਂ ਸਲਵਾਰਾਂ, ਕਮੀਜ਼ਾਂ ਤੇ ਚੁੰਨੀਆਂ ਵਾਲੀਆਂ ਚਾਰ ਔਰਤਾਂ ਇੱਕ ਮੇਜ ਦਵਾਲੇ ਬੈਠੀਆਂ ਵੇਖੀਆਂ।ਉਨ੍ਹਾਂ ਕੋਲ ਪੈਰ ਮਲਦਿਆਂ ਮੈਂ ਮੁਸਕਰਾ ਕੇ ਹੈਲੋ ਕਹੀ।ਪਰ ਅੰਗਰੇਜਾਂ ਵਾਂਗ ਮੁਸਕਰਾ ਕੇ ਹੈਲੋ ਕਹਿਣਾ ਸਾਡੇ ਪੰਜਾਬੀ ਲੋਕਾਂ ਦਾ ਸੱਭਿਆਚਾਰ ਨਹੀਂ।ਅਸੀਂ ਧਰਤੀ ਦੇ ਦੂਜੇ ਪਾਸੇ ਜਾ ਕੇ ਵੀ ਆਪਣੀ ਪੰਜਾਬੀ ਬਿਮਾਰ ਮਾਨਸਿਕਤਾ ਨਹੀਂ ਛੱਡਦੇ। ਉਹ ਅੱਗੋਂ ਖੁਸ਼ ਹੋਣ ਦੀ ਥਾਂ ਰੋਣੀਆਂ ਸੂਰਤਾਂ ਨਾਲ ਚੁੱਪ ਬੈਠੀਆਂ ਰਹੀਆਂ। ਸ਼ਾਇਦ ਇੰਝ ਓਪਰੇ ਮਰਦ ਵੱਲੋਂ ਹੈਲੋ ਕਹਿਣਾ ਉਸ ਅਣਪੜ੍ਹ ਟੋਲੇ ਨੂੰ ਲੁੱਚੀ ਗੱਲ ਲੱਗੀ ਸੀ, ਕਿ ਜੇ ਉਨ੍ਹਾਂ ਦੇ ਆਦਮੀਆਂ ਨੂੰ ਪਤਾ ਚੱਲ ਗਿਆ ਤਾਂ ਘਰੇ ਜਾ ਕਿ ਕੁੱਟਣਗੇ।
ਹਨੇਰਾ ਹੋ ਗਿਆ ਸੀ। ਠੀਕ ਨੌਂ ਵਜੇ ਟਿਕਟ ਖਿੜਕੀ ਖੁੱਲ੍ਹੀ।ਇੱਥੇ ਤਿੰਨ ਪੰਜਾਬੀ ਮੁੰਡੇ ਮਿਲੇ ਜੋ ਅਮਰੀਕਾ ‘ਚ ਇੰਜਨੀਅਰ ਕਰ ਰਹੇ ਸਨ।ਜਦੋਂ ਮੈਂ ਉਨ੍ਹਾਂ ਨੂੰ ਆਪਣੇ ਇਕੱਲੇ ਬੈਠੇ ਬੋਰ ਹੋਣ ਬਾਰੇ ਦੱਸਿਆ ਤਾਂ ਉਹ ਮੈਨੂੰ ਬਾਹਰ ਪਾਰਕਿੰਗ ਵਿੱਚ ਖੜ੍ਹੀ ਆਪਣੀ ਕਾਰ ਦੀ ਡਿੱਕੀ ਦਾ ਗੇੜਾ ਲਵਾਉਂਣ ਲੈ ਗਏ।ਪਹਿਲਾਂ ਵੇਖੀਆਂ ਅਣਪੜ੍ਹ ਔਰਤਾਂ ਦੇ ਮੁਕਾਬਲੇ ਉਹ ਹਵਾਈ ਅੱਡੇ ਤੇ ਮੇਲੇ ਵਾਂਗ ਫਿਰ ਰਹੇ ਸਨ।ਉਨ੍ਹਾਂ ਮੇਰਾ ਬੈਗ ਵੀ ਚੁੱਕ ਲਿਆ ਤੇ ਪਲਾਂ ਵਿੱਚ ਹੀ ਮੇਰੇ ਨਾਲ ਘੁਲ-ਮਿਲ ਵੀ ਗਏ। ਅਸੀਂ ਬੋਰਡਿੰਗ ਪਾਸ ਲੈ ਕੇ ਅੰਦਰ ਲੰਘ ਗਏ।ਸਕਿਉਰਟੀ ਚੈੱਕ ਵੇਲੇ ਗੋਰੀ ਨੇ ਮੇਰਾ ਪੇਸਟ ਵੇਖਦਿਆਂ ਇਸ ਨੂੰ ਸੁੱਟ ਦੇਣ ਲਈ ਕਿਹਾ ਕਿ ਇਹ ਜਹਾਜ ‘ਚ ਨਹੀਂ ਜਾ ਸਕਦਾ।ਮੇਰੇ ਦਿਲ ‘ਚ ਆਈ , ਬੱਚੂ ਜਦੋਂ ਬਗਾਨੇ ਘਰੀਂ ਜਾ ਕੇ ਬੰਬ ਸੁੱਟਦੇ ਹੋ ਓਦੋਂ ਸੋਚਣਾ ਸੀ।ਹੁਣ ਆਪਣੀ ਵਾਰੀ ਪੇਸਟਾਂ ਤੋਂ ਵੀ ਡਰ ਲੱਗਣ ਲੱਗ ਪਿਆ।
ਰਾਤੀਂ ਡੇਢ ਵਜੇ ਦਿਉ ਜਿੱਡੇ ਚੀਨੀ ਏਅਰ ਲਾਇਨਜ਼ ਦੇ ਜਹਾਜ਼ ਨੇ ਦਹਾੜ ਮਾਰੀ ਤੇ ਬੱਦਲਾਂ ਨੂੰ ਚੀਰਦਾ ਅਸਮਾਂਨ ‘ਚ ਤੈਰਨ ਲੱਗਾ। ਇੱਥੋਂ ਹੀ ਮੇਰੇ ਅੱਜ ਵਾਲੇ ਲੇਖ ਦੀ ਕਹਾਣੀ ਸ਼ੁਰੂ ਹੁੰਦੀ ਹੈ। ਹੁਣ ਤੱਕ ਜਹਾਜ ਵਿੱਚ ਕਈ ਪੰਜਾਬੀ ਹੋ ਗਏ ਸਨ ਪਰ ਸੱਭ ਮੋਨੇਂ ਹੋਣ ਕਾਰਨ ਪਤਾ ਨਹੀਂ ਸੀ ਲੱਗ ਰਿਹਾ।ਚੀਨੀ ਏਅਰ ਹੋਸਟੈੱਸਾਂ ਟਰਾਲੀਆਂ ਲੈ ਕੇ ਖਾਣਾ ਵਰਤਾ ਰਹੀਆਂ ਸਨ। ਮੇਰੇ ਨੇੜੇ ਹੀ ਤਿੰਨ ਦੇਸੀ ਬੁੱਢੀਆਂ ਬੈਠੀਆਂ ਸਨ। ਅਚਾਨਕ ਇੱਕ ਭਾਰੀ ਜਿਹੀ ਬੁੱਢੀ ਸੀਟ ਤੋਂ ਉੱਠਕੇ ਬੋਲਣ ਲੱਗੀ, “ਭਾਈ ਕੁੜੀਓ ਮੇਰੀ ਦਵਾਈ ਵਾਲੀ ਸ਼ੀਸ਼ੀ ਡਿੱਗ ਪਈ।” ਇੱਕ ਚੀਨੀ ਕੁੜੀ ਉਸ ਕੋਲ ਆ ਕੇ ਪੁੱਛਣ ਲੱਗੀ ਕਿ ਕੀ ਸਮੱਸਿਆ ਹੈ? ਮਾਈ ਫਿਰ ਦੱਸਣ ਲੱਗੀ ਕਿ , “ਆਹ ਮੇਰੇ ਹੱਥ ਵਿਚਲੀ ਸ਼ੀਸ਼ੀ ਵਰਗੀ ਸ਼ੀਸ਼ੀ ਕਿੱਤੇ ਡਿੱਗ ਪਈ.......।” ਏਅਰ ਹੋਸਟੈੱਸ ਜੋ ਉਹਦੀ ਹਿੱਕ ਤੱਕ ਆਉਂਦੀ ਸੀ,ਸਿਰ ਹਲਾਕੇ ਅੱਖਾਂ ਝਪਕਦੀ ਸਮਝਣ ਦੀ ਕੋਸ਼ਿਸ਼ ਕਰਦੀ ਮਰੀਅਲ ਜਿਹੀ ਅਵਾਜ ਵਿੱਚ ਚੀਂ,ਸ਼ੀਂ ਫੀਂ ਕਰ ਰਹੀ ਸੀ। ਪਰ ਓਹਦੇ ਪੱਲੇ ਕੁੱਝ ਨਹੀਂ ਸੀ ਪੈ ਰਿਹਾ ਤੇ ਮਾਈ ਚੀਨੀਂਜਹਾਜ ਨੂੰ ਪੰਜਾਬ ਦੀ ਸਭਾਤ ਸਮਝਕੇ ਗਰਜ ਰਹੀ ਸੀ, “ ਜਮਾਂ ਇਹਦੇ ਵਰਗੀ, ਮੇਰੇ ਬਲੱਡ ਵਧਦੇ ਦੀ ਦਵਾਈ......।” ਮਸਲਾ ਸੁਲਝਦਾ ਨਾ ਵੇਖਕੇ,ਓਦੋਂ ਹੀ ਇੱਕ ਹੋਰ ਏਅਰ ਹੋਸਟੈੱਸ ਆਈ ਤੇ ਉਸਨੇ ਮਾਈ ਦੀ ਸ਼ੀਸ਼ੀ ਸੀਟ ਹੇਠੋਂ ਲੱਭਕੇ ਦੇ ਦਿੱਤੀ। ਮੈਂ ਉਸ ਕੁੜੀ ਨੂੰ ਪੁੱਛਿਆ ਕਿ ਤੂੰ ਪੰਜਾਬੀ ਜਾਣਦੀ ਹੈਂ?ਉਹ ਖੁਸ਼ ਹੋ ਕਿ ਬੋਲੀ , “ਅੰਕਲ ਮੈਂ ਦੇਹਰਾਦੂਨ ਦੀ ਹਾਂ ਪੱਕੀ ਇੰਡੀਅਨ।” “ਫੇਰ ਤਾਂ ਤੂੰ ਸਾਡੀ ਕੁੜੀ ਹੈਂ, ਇੱਕ ਬੀਅਰ ਹੀ ਦੇ ਜਾਹ।” ਹੁਣੇ ਲਉ ਅੰਕਲ ਕਹਿੰਦਿਆਂ ਉਹ ਹੱਸ ਪਈ।ਬਾਅਦ ਵਿੱਚ ਮੈਨੂੰ ਪਤਾ ਲੱਗਾ ਕਿ ਕਨੇਡਾ ਨੂੰ ਜਾਣ ਵਾਲੇ ਅਣਪੜ੍ਹ ਪੰਜਾਬੀਆਂ ਨਾਲ ਨਿਪਟਣ ਲਈ ਚੀਂਨੀ ਏਅਰਲਾਇਨਜ਼ ਨੇ ਹਰੇਕ ਜਹਾਜ ਵਿੱਚ ਇੱਕ ਦੋ ਭਾਰਤੀ ਕੁੜੀਆਂ ਨੂੰ ਲਾਇਆ ਹੁੰਦਾ। ਖਾਣਾ ਖਾਣ ਦੌਰਾਨ ਮੇਰੇ ਨਾਲ ਦੀ ਸੀਟ ਤੇ ਬੈਠੇ ਮੋਨੇਂ ਭਾਈ ਨੇ ਸੀਟਾਂ ਵਿੱਚ ਝੁਕ ਕੇ ਆਸਾ ਪਾਸਾ ਵੇਖਦਿਆਂ ਬੈਗ ‘ਚੋਂ ਬੋਤਲ ਕੱਢੀ ਤੇ ਇੱਕੋ ਸਾਹ ਗਲਾਸ ਭਰਕੇ ਪੀ ਗਿਆ। ਤੇ ਖਾਣਾ ਖਾਣ ਲੱਗ ਪਿਆ। ਉਹਦੀ ਕਲਾਕਾਰੀ ਵੇਖਕੇ ਮੈਂ ਮਨ ‘ਚ ਹੀ ਕਿਹਾ। ਅੱਛਾ ਤੂੰ ਵੀ ਪੰਜਾਬੀ ਹੈਂ? ਗੁੱਝੀ ਰਹੇ ਨਾ ਹੀਰ ਹਜ਼ਾਰ ਵਿੱਚੋਂ।
ਹੁਣ ਸਵਾਰੀਆਂ ਸੌਂ ਰਹੀਆਂ ਸਨ ਤੇ ਕਈ ਸਾਹਮਣੇ ਟੀ.ਵੀ.ਵੇਖ ਰਹੇ ਸਨ।ਬਹੁਤੇ ਗੋਰੇ ਕੰਨਾਂ ਤੇ ਲੱਗੇ ਏਅਰ ਫੋਨਾਂ ਰਾਹੀਂ ਗਾਣੇ ਸੁਣ ਰਹੇ ਸਨ। ਅੰਦਰ ਬੈਠਿਆਂ ਨੂੰ ਜਹਾਜ ਇੱਕੋ ਥਾਂ ਖਲੋਤਾ ਲੱਗਦਾ ਸੀ। ਮੈਂ ਆਪਣੀ ਸਾਹਮਣੀ ਸੀਟ ਦੇ ਪਿੱਛੇ ਲੱਗੇ ਛੋਟੇ ਟੀ.ਵੀ. ਦਾ ਚੈੱਨਲ ਬਦਲਕੇ ਜਹਾਜ ਦਾ ਜੁਗਰਾਫੀਆ ਪੜ੍ਹਿਆ। ਸਪੀਡ 1100 ਕਿਲੋ ਮੀਟਰ ਤੇ ਧਰਤੀ ਤੋਂ ਉੱਚਾਈ 11 ਕਿਲੋ ਮੀਟਰ। ਚੀਨਾ ਡਰਾਇਵਰ ਚਾਰ ਸੌ ਸਵਾਰੀਆਂ ਵਾਲੇ ਬੋਇੰਗ ਜਹਾਜ ਨੂੰ ਮਰੁਤੀ ਕਾਰ ਬਣਾਈ ਜਾ ਰਿਹਾ ਸੀ। ਜਹਾਜ ਨੀਲੇ ਸਮੁੰਦਰ ਤੇ ਉੱਡ ਰਿਹਾ ਸੀ।ਸਵੇਰ ਹੋ ਰਹੀ ਸੀ ਜਦੋਂ ਜਹਾਜ ਦੀਆਂ ਬੱਤੀਆਂ ਜਗ ਪਈਆਂ। ਸਵਾਰੀਆਂ ਵਾਰੋ ਵਾਰੀ ਬਾਥਰੂਮ ਜਾ ਰਹੀਆਂ ਸਨ। ਮੇਰੇ ਅੱਗੇ ਵਾਲੀਆਂ ਸੀਟਾਂ ਤੇ ਬਾਰੀ ਵੱਲ ਬੈਠੀ ਗੋਰੀ ਜਾਣ ਲਈ ਖੜ੍ਹੀ ਹੋਈ। ਕਾਨੂੰਨ ਅਨੁਸਾਰ ਉਹਦੇ ਸੱਜੇ ਪਾਸੇ ਬੈਠੀਆਂ ਦੋਵਾਂ ਸਵਾਰੀਆਂ ਨੇ ਸੀਟਾਂ ਤੋਂ ਖੜ੍ਹੇ ਹੋ ਕੇ ਉਸ ਨੂੰ ਲਾਂਘਾ ਦੇਣਾ ਸੀ।ਸੋ ਉਸ ਨਾਲ ਦੀ ਤੀਜੀ ਸੀਟ ਤੇ ਬੈਠਾ ਗੋਰਾ ਵੀ ਸੀਟ ਛੱਡਕੇ ਖੜ੍ਹਾ ਹੋ ਗਿਆ।ਪਰ ਗੋਰੀ ਦੀ ਨਾਲ ਵਾਲੀ ਦੂਜੀ ਸੀਟ ਤੇ ਇੱਕ ਪੰਜਾਬੀ ਬੁੱਢੀ ਬੈਠੀ ਸੀ। ਉਹ ਲੱਤਾਂ ਇਕੱਠੀਆਂ ਕਰਕੇ ਗੋਡੇ ਹਿੱਕ ਨਾਲ ਲਾ ਕੇ ਸੀਟ ਤੇ ਹੀ ਸੂੰਗੜ ਕੇ ਬਹਿ ਗਈ। ਗੋਰੀ ਚੁੱਪ ਕਰਕੇ ਉਹਦੇ ਉੱਠਣ ਦੀ ਉਡੀਕ ਕਰ ਰਹੀ ਸੀ। ਉਹਨੂੰ ਖਲੋਤੀ ਵੇਖਕੇ ਮਾਈ ਹੱਥ ਦਾ ਇਸ਼ਾਰਾ ਕਰਦੀ ਬੋਲੀ, “ ਤੁਸੀਂ ਲੰਘ ਜਾਉ ਜੀ।” ਪਰ ਗੋਰੀ ਸਮਝ ਨਹੀਂ ਸੀ ਰਹੀ।ਮਾਈ ਜਹਾਜ ਨੂੰ ਰੋਡਵੇਜ ਦੀ ਬੱਸ ਹੀ ਸਮਝ ਰਹੀ ਸੀ। ਉਸਨੇ ਫੇਰ ਕਿਹਾ, “ਤੁਸੀਂ ਲੰਘ ਜਾਉ ਜੀ ।” ਗੋਰੀ ਕੁੱਝ ਵੀ ਸਮਝ ਨਹੀਂ ਸੀ ਰਹੀ। ਪਰ ਮਾਈ ਦੇ ਬਾਰ ਬਾਰ ਹੱਥ ਦੇ ਕੀਤੇ ਜਾ ਰਹੇ ਇਸ਼ਾਰੇ ਤੋਂ ਸਮਝਕੇ,ਉਹ ਪਾਸਾ ਵੱਟਕੇ ਉਸਦੀ ਸੀਟ ਅੱਗੋਂ ਲੰਘ ਗਈ।
ਜਹਾਜ਼ ਉੱਡਦਾ ਰਿਹਾ। ਸੂਰਜ ਉਚਾ ਚੜ੍ਹ ਆਇਆ ਸੀ। ਅਖੀਰ ਤਾਈ ਪਾਈ ਦਾ ਹਵਾਈ ਅੱਡਾ ਆ ਗਿਆ। ਪੱਛਮੀਂ ਮੁਲਕਾਂ ਵਿੱਚ ਲਾਇਨ ਬਣਾਕੇ ਆਪਣੀ ਵਾਰੀ ਸਿਰ ਲੰਘਣ ਦਾ ਰਿਵਾਜ ਹੈ।ਸਾਡੇ ਮੁਲਕ ਵਿੱਚ ਅਗਾਂਹ ਵਾਲੇ ਨੂੰ ਧੱਕਾ ਮਾਰਕੇ ਪਹਿਲਾਂ ਲੰਘਣ ਦਾ ਰਿਵਾਜ ਹੈ। ਉਹ ਕਤਾਰ ਵੀ ਖਿੜਕੀ ਤੋਂ ਦੋ ਕਦਮਾਂ ਪਿਛਾਂਹ ਬਣਾਉਂਦੇ ਹਨ, ਤੇ ਅਸੀਂ ਖਿੜਕੀ ‘ਚ ਚਾਰ ਹੱਥ ਇਕੱਠੇ ਪਾਉਂਦੇ ਹਾਂ। ਜਹਾਜ ਰੁਕੇ ਤੋਂ ਸਵਾਰੀਆਂ ਪਹਿਲਾਂ ਆਪਣੇ ਤੋਂ ਅੱਗੇ ਵਾਲੀਆਂ ਸੀਟਾਂ ਤੇ ਬੈਠੇ ਲੋਕਾਂ ਨੂੰ ਲੰਘ ਜਾਣ ਤੱਕ ੳਡੀਕਦੀਆਂ ਹਨ। ਮੇਰੇ ਤੋਂ ਪਿਛਾਂਹ ਬੈਠੀ ਇੱਕ ਹੋਰ ਤਕੜੀ ਬੁੱਢੀ, ਦੋ ਤਿੰਨ ਸਵਾਰੀਆਂ ਵਿੱਚੋਂ ਧੁੱਸ ਦੇਂਦੀ ਮੇਰੇ ਬਰਾਬਰ ਆ ਕਿ ਉੱਪਰੋਂ ਆਪਣਾ ਬੈਗ ਚੁੱਕਣ ਲੱਗੀ।ਪਰ ਉਸ ਸੀਟ ਅੱਗੇ ਇੱਕ ਗੋਰੀ ਖੜ੍ਹੀ ਸੀ।ਉਹਨੇ ਗੋਰੀ ਨੂੰ ਮੋਢੇ ਤੋਂ ਹੱਥ ਲਾ ਕੇ ਪਾਸੇ ਕਰਦਿਆਂ ਕਿਹਾ, “ ਭਾਈ ਪਰ੍ਹੇ ਹੋਈਂ ਮੈਂ ਆਪਣਾ ਬੈਗ ਲਾਹੁਣਾ ਹੈ।” ਗੋਰੀ ਹੈਰਾਨ ਹੋ ਗਈ।ਉਹ ਇੱਕ ਦਮ ਚੀਖਦੀ (ਪਰ ਹੌਲੀ ਅਵਾਜ ਵਿੱਚ) ਅੰਗਰੇਜ਼ੀ ਵਿੱਚ ਬੋਲੀ, “ ਇਹ ਔਰਤ ਕਿੰਨੀ ਰੁੱਖੀ ਹੈ।” ਮੈਂ ਮਾਈ ਵੱਲੋਂ ਉਸ ਤੋਂ ਮੁਆਫੀ ਮੰਗਦਿਆਂ ਕਿਹਾ ਕਿ ਇਹ ਅੰਗਰੇਜੀ ਨਹੀਂ ਜਾਣਦੀ।ਇਸਦਾ ਕਸੂਰ ਨਹੀਂ ਹੈ। ਪਰ ਗੋਰੀ ਮੈਂਨੂੰ ਕਹਿਣ ਲੱਗੀ, “ ਦੈਟਸ ਓ.ਕੇ. ਪਰ ਇਹ ਇੰਨੀ ਰੂਡ ਕਿਉਂ ਹੈ?” ਮੈਂ ਗੱਲ ਨੂੰ ਆਈ ਗਈ ਕਰਕੇ ਰੋਲਦਿਆਂ ਮਨ ਵਿੱਚ ਕਿਹਾ ਮੇਮ ਜੀ ਇਹ ਤਾ ਇਹਦੀ ਮਿੱਠੀ ਬੋਲੀ ਹੈ। ਜੇ ਤੂੰ ਪੰਜਾਬ ‘ਚ ਹੁੰਦੀ ਤਾਂ ਇਹਨੇ ਤੈਨੂੰ ਕਹਿਣਾ ਸੀ, “ ਤੈਨੂੰ ਦਿੱਸਦਾ ਨਹੀਂ ਮੈਂ ਬੈਗ ਚੁੱਕਣਾ ਹੈ: ਤੂੰ ਮੂੰਹ ਚੱਕੀ ਮੂਹਰੇ ਖੜ੍ਹੀ ਹੈਂ।ਬੈਤਲ ਨਾ ਹੋਵੇ ਕਿਸੇ ਥਾਂ ਦੀ।”
ਜਦੋਂ ਮੈਂ ਇਹ ਸਤਰਾਂ ਲਿਖ ਰਿਹਾ ਸਾਂ ਤਾਂ ਮੇਰੇ ਮਿੱਤਰ ਬਲਦੇਵ ਦਾ ਜਰਮਨ ਤੋਂ ਫੋਨ ਆ ਗਿਆ।ਮੈਂ ਉਹਨੂੰ ਇਸ ਲਿਖੇ ਜਾ ਰਹੇ ਲੇਖ ਬਾਰੇ ਦੱਸਿਆ।ਉਸ ਮੈਨੂੰ ਇੱਕ ਸੱਚੀ ਘਟਣਾ ਸੁਣਾਈ ਤੇ ਸੁਝਾਅ ਦੇਣ ਲੱਗਾ ਕਿ ਪੰਜਾਬੀ ਮਾਨਸਕਤਾ ਦਰਸਾਉਂਦੀ, ਮੈਂ ਇਹ ਘਟਣਾਂ ਜਰੂਰ ਲਿਖਾਂ।‘ਵਾਰਸਸ਼ਾਹ ਫਰਮਾਇਆ ਪਿਆਰਿਆਂ ਦਾ ਅਸਾਂ ਮੰਨਿਆ ਮੂਲ ਨਾ ਮੋੜਿਆ ਈ।’ਮੈਂ ਹੂ-ਬ-ਹੂ ਲਿਖ ਰਿਹਾਂ । “ ਜਰਮਨ ਦੇ ਸ਼ਹਿਰ ਮਿਉਨਿਖ ਵਿੱਚ ਜਦੋਂ ਉਹ ਆਪਣੇ ਘਰ ਮੇਜ ਤੇ ਰੋਟੀ ਖਾਣ ਲੱਗਦੇ ਹਨ ਤਾਂ ਉਸਦੀ ਜਰਮਨ ਪਤਨੀ ਜਰਮਨਾਂ ਦੇ ਸੁਭਾਅ ਅਨੁਸਾਰ ਬੱਚਿਆਂ ਸਮੇਤ ਅਰਦਾਸ ਕਰਦੀ ਹੈ ਕਿ, “ਰੱਬਾ ਜਿਹੋ ਜਿਹਾ ਖਾਣਾਂ ਸਾਨੂੰ ਦਿੱਤਾ ਹੈ,ਸੱਭ ਨੂੰ ਦੇਵੀਂ; ਤੇਰਾ ਬਹੁਤ ਬਹੁਤ ਧੰਨਵਾਦ।”ਇੱਕ ਦਿਨ ਉਸਦੀ ਚਾਰ ਸਾਲ ਦੀ ਬੇਟੀ ਪੁੱਛਣ ਲੱਗੀ ਕਿ ਪੰਜਾਬ ਵਿੱਚ ਲੋਕ ਖਾਣਾ ਖਾਣ ਵੇਲੇ ਕੀ ਕਹਿੰਦੇ ਹਨ? ਬਲਦੇਵ ਦਾ ਜਵਾਬ ਸੀ ਕਿ, “ਭਲੇ ਵੇਲਿਆਂ ‘ਚ ਤਾਂ ਓਥੇ ਵੀ ਲੋਕ ਇੰਜ ਹੀ ਸੋਚਦੇ ਸਨ । ਪਰ ਅੱਜ ਕੱਲ੍ਹ ਕਹਿੰਦੇ ਹਨ, “ਰੱਬਾ ਮੈਨੂੰ ਤਾਂ ਦੇ ‘ਤਾਂ, ਵੇਖੀਂ ਕਿਤੇ ਕਿਸੇ ਹੋਰ ਨੂੰ ਦੇ ਦੇਵੇ।”
ਗੋਰੇ ਲੋਕ ਸਾਡੇ ਵਰਗੀ “ਪਿਆਰੀ” ਬੋਲੀ ਦੇ ਆਦੀ ਨਹੀਂ ਹਨ। ਇੰਜ ਕਿਸੇ ਨੂੰ ਹੱਥ ਲਾ ਕੇ ਪਾਸੇ ਹੋਣ ਲਈ ਕਹਿਣਾ ਤਾਂ ਸਿਰੇ ਦੀ ਬਦਤਮੀਜ਼ੀ ਹੈ। ਉਹ ਗੱਲ ਗੱਲ ਤੇ ਮੁਸਕਰਾਉਂਦੇ, ਥੈਂਕ ਯੂ.,ਵੈੱਲਕਮ ਤੇ ਪਲੀਜ ਕਹਿੰਦੇ ਹਨ। ਅਸੀਂ ਪੱਛਮ ਤੋਂ ਤਹਿਜੀਬ ਸਿੱਖਣ ਦੀ ਥਾਂ ਖੂਹ ਦੇ ਡੱਡੂ ਬਣਕੇ ਆਪਣੀਆਂ ਹੀ ਸਿਫਤਾਂ ਕਰਨਾ ਗਿੱਝ ਗਏ ਹਾਂ। ਆਪਣੀਆਂ ਬੁਰਾਈਆਂ ਨੂੰ ਵੀ ਗੁਣ ਕਹਿ ਕੇ ਸਟੇਜਾਂ ਤੋਂ ਪ੍ਰਚਾਰਦੇ ਹਾਂ। ਪੰਜਾਬੀ ਸਾਡੀ ਮਾਂ ਬੋਲੀ ਹੈ।ਕਿਸੇ ਵੀ ਮਾਂ ਬੋਲੀ ਦੀ ਥਾਂ ਕੋਈ ਹੋਰ ਬੋਲੀ ਨਹੀਂ ਲੈ ਸਕਦੀ।ਪਰ ਸਨਕ ਦੀ ਹੱਦ ਤੱਕ ਕੌਮਾਤਰੀ ਬੋਲੀ ਅੰਗਰੇਜ਼ੀ ਨੂੰ ਨਕਾਰਨਾਂ ਪੰਜਾਬ ਵਿੱਚ ਤਾਂ ਠੀਕ ਹੋ ਸਕਦਾ; ਪਰ ਵਿਦੇਸ਼ਾਂ ‘ਚ ਨਹੀਂ । ਵਿਦੇਸ਼ਾਂ ‘ਚ ਜਾਣ ਲਈ ਅੰਗਰੇਜੀ ਜਰੂਰੀ ਹੈ।ਉੱਥੇ ਅਣਪੜ੍ਹ ਗੂੰਗਿਆਂ ਵਰਗੇ ਹੀ ਹਨ।ਇਸੇ ਲਈ ਹੁਣ ਅੰਗਰੇਜ਼ਾਂ ਨੇ ਬਾਹਰ ਜਾਣ ਵਾਲੇ ਲੋਕਾਂ ਲਈ ਅੰਗਰੇਜ਼ੀ ਦਾ ਇਮਤਿਹਾਨ ਪਾਸ ਕਰਨਾ (ਆਇਲੈਟਸ) ਜਰੂਰੀ ਕਰ ਦਿੱਤਾ ਹੈ। ਵਿਦੇਸ਼ ਜਾਣ ਲਈ ਅਣਖ,ਇੱਜਤ ਦਾਅ ਤੇ ਲਾ ਦੇਣ ਲਈ ਤਿਆਰ, ਪੰਜਾਬੀ ਲੋਕ ਅਖਬਾਰਾਂ ਵਿੱਚ ਇਸ਼ਤਿਹਾਰ ਦੇਣ ਲੱਗੇ ਹਨ, “ਆਇਲੈਟਸ ਪਾਸ ਇੱਕ ਲੜਕੀ ਚਾਹੀਏ; ਵਿਆਹ ਅਤੇ ਜਾਣ ਦਾ ਸਾਰਾ ਖਰਚਾ ਲੜਕੇ ਵਾਲੇ ਕਰਨਗੇ।” ਇਸੇ ਲਈ ਤਾਂ ਪੰਜਾਬੀ ਦੇ ਪੱਤਰਕਾਰ,ਸੰਪਾਦਕ ਤੇ ਸਰਕਾਰੀ ਅਧਿਆਪਕ, ਆਪਣੇ ਬੱਚਿਆਂ ਨੂੰ ਅੰਗਰੇਜੀ ਸਕੂਲਾਂ ਵਿੱਚ ਪੜ੍ਹਾਉਂਦੇ ਹਨ। ਪੰਜਾਬੀ ਬੋਲੀ ਲਾਗੂ ਕਰਾਉਣ ਲਈ ਚੰਡੀਗੜ੍ਹ ਦੇ ਮਟਕਾ ਚੌਂਕ ਵਿੱਚ ਧਰਨਾਂ ਦੇਣ ਵਾਲੇ ਪੰਜਾਬੀ ਲੇਖਕ ਵੀ ਆਪਣੇ ਬੱਚਿਆਂ ਨੂੰ ਆਇਲੈਟਸ ਦੇ ਇਮਤਿਹਾਨ ਦੀ ਤਿਆਰੀ ਕਰਾਉਣ ਲਈ ਕੋਚਿੰਗ ਸੈਂਟਰਾਂ ‘ਚ ਛੱਡਣ ਜਾਂਦੇ ਹਨ।

1 comment:

ਤਨਦੀਪ 'ਤਮੰਨਾ' said...

Respected Dhillon saheb...thanks for sening this article. Badi patey di gall hundi hai tuhadey vaing de andaaz vich..

ਪੰਜਾਬੀ ਸਾਡੀ ਮਾਂ ਬੋਲੀ ਹੈ।ਕਿਸੇ ਵੀ ਮਾਂ ਬੋਲੀ ਦੀ ਥਾਂ ਕੋਈ ਹੋਰ ਬੋਲੀ ਨਹੀਂ ਲੈ ਸਕਦੀ।ਪਰ ਸਨਕ ਦੀ ਹੱਦ ਤੱਕ ਕੌਮਾਤਰੀ ਬੋਲੀ ਅੰਗਰੇਜ਼ੀ ਨੂੰ ਨਕਾਰਨਾਂ ਪੰਜਾਬ ਵਿੱਚ ਤਾਂ ਠੀਕ ਹੋ ਸਕਦਾ; ਪਰ ਵਿਦੇਸ਼ਾਂ ‘ਚ ਨਹੀਂ । ਵਿਦੇਸ਼ਾਂ ‘ਚ ਜਾਣ ਲਈ ਅੰਗਰੇਜੀ ਜਰੂਰੀ ਹੈ।ਉੱਥੇ ਅਣਪੜ੍ਹ ਗੂੰਗਿਆਂ ਵਰਗੇ ਹੀ ਹਨ।ਇਸੇ ਲਈ ਹੁਣ ਅੰਗਰੇਜ਼ਾਂ ਨੇ ਬਾਹਰ ਜਾਣ ਵਾਲੇ ਲੋਕਾਂ ਲਈ ਅੰਗਰੇਜ਼ੀ ਦਾ ਇਮਤਿਹਾਨ ਪਾਸ ਕਰਨਾ (ਆਇਲੈਟਸ) ਜਰੂਰੀ ਕਰ ਦਿੱਤਾ ਹੈ। ਵਿਦੇਸ਼ ਜਾਣ ਲਈ ਅਣਖ,ਇੱਜਤ ਦਾਅ ਤੇ ਲਾ ਦੇਣ ਲਈ ਤਿਆਰ, ਪੰਜਾਬੀ ਲੋਕ ਅਖਬਾਰਾਂ ਵਿੱਚ ਇਸ਼ਤਿਹਾਰ ਦੇਣ ਲੱਗੇ ਹਨ, “ਆਇਲੈਟਸ ਪਾਸ ਇੱਕ ਲੜਕੀ ਚਾਹੀਏ; ਵਿਆਹ ਅਤੇ ਜਾਣ ਦਾ ਸਾਰਾ ਖਰਚਾ ਲੜਕੇ ਵਾਲੇ ਕਰਨਗੇ।” ਇਸੇ ਲਈ ਤਾਂ ਪੰਜਾਬੀ ਦੇ ਪੱਤਰਕਾਰ,ਸੰਪਾਦਕ ਤੇ ਸਰਕਾਰੀ ਅਧਿਆਪਕ, ਆਪਣੇ ਬੱਚਿਆਂ ਨੂੰ ਅੰਗਰੇਜੀ ਸਕੂਲਾਂ ਵਿੱਚ ਪੜ੍ਹਾਉਂਦੇ ਹਨ। ਪੰਜਾਬੀ ਬੋਲੀ ਲਾਗੂ ਕਰਾਉਣ ਲਈ ਚੰਡੀਗੜ੍ਹ ਦੇ ਮਟਕਾ ਚੌਂਕ ਵਿੱਚ ਧਰਨਾਂ ਦੇਣ ਵਾਲੇ ਪੰਜਾਬੀ ਲੇਖਕ ਵੀ ਆਪਣੇ ਬੱਚਿਆਂ ਨੂੰ ਆਇਲੈਟਸ ਦੇ ਇਮਤਿਹਾਨ ਦੀ ਤਿਆਰੀ ਕਰਾਉਣ ਲਈ ਕੋਚਿੰਗ ਸੈਂਟਰਾਂ ‘ਚ ਛੱਡਣ ਜਾਂਦੇ ਹਨ।

Eh bimari saadey samaj nu ghun vaang khaayee jaa rahi hai...kujh na kujh tan karna pavega...ghattoghatt lekhak nu apniaan likhtan ch ehna galat rujhana nu bhandna zaroor chahida hai. Thanks

Tamanna