ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Saturday, November 15, 2008

ਹਰਜਿੰਦਰ ਕੰਗ - ਗ਼ਜ਼ਲ

ਦੋਸਤੋ ! ਮੈਂ ਬੇਹੱਦ ਖ਼ੁਸ਼ੀ ਨਾਲ਼ ਇਹ ਗੱਲ ਸਭ ਨਾਲ਼ ਸਾਂਝੀ ਕਰਨ ਜਾ ਰਹੀ ਹਾਂ ਕਿ ਸਾਹਿਤਕ ਗੀਤਾਂ ਨਾਲ਼ ਪੰਜਾਬੀ ਸਾਹਿਤ ਤੇ ਉੱਚ-ਪੱਧਰੀ ਗਾਇਕੀ ਨੂੰ ਮੁਹੱਬਤ ਕਰਨ ਵਾਲ਼ਿਆਂ ਦੇ ਦਿਲਾਂ ਚ ਵੱਖਰੀ ਥਾਂ ਬਣਾਉਂਣ ਵਾਲ਼ੇ ਲੇਖਕ ਸਤਿਕਾਰਤ ਜਨਾਬ ਹਰਜਿੰਦਰ ਕੰਗ ਜੀ ਨੇ ਆਪਣੀ ਪਹਿਲੀ ਖ਼ੂਬਸੂਰਤ ਗ਼ਜ਼ਲ ਨਾਲ਼ 'ਆਰਸੀ ਨੂੰ ਨੂਰੋ-ਨੂਰ ਕਰਕੇ ਸਾਡਾ ਸਭ ਦਾ ਮਾਣ ਵਧਾਇਆ ਹੈ।ਕੰਗ ਸਾਹਿਬ ਦੇ ਹੁਣ ਤੱਕ ਕੁੱਲ ਦੋ ਗ਼ਜ਼ਲ ਸੰਗ੍ਰਹਿ ਅਤੇ ਇਕ ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ ! ਜਿਨ੍ਹਾਂ ਦਾ ਵੇਰਵਾ ਇਸ ਤਰ੍ਹਾਂ ਹੈ – ‘ਸਵਾਂਤੀ ਬੂੰਦ’ ( ਗਜ਼ਲ )’ਠੀਕਰੀ ਪਹਿਰਾ’ ( ਗਜ਼ਲ ) ‘ਚੁੱਪ ਦੇ ਟੁੱਕੜੇ’ ( ਕਵਿਤਾ ਅਤੇ ਗਜ਼ਲ ) ਇਸ ਤੋਂ ਇਲਾਵਾ ਉਹਨਾ ਦੇ ਬਹੁਤ ਸਾਰੇ ਗੀਤ ਵੱਖ-ਵੱਖ ਗਾਇਕਾਂ ਨੇ ਗਾਏ ਅਤੇ ਬੜੇ ਮਕਬੂਲ ਹੋਏ ਹਨ, ਜਿਵੇ ਕਿ ‘ ਆਪਾਂ ਦੋਵੇ ਰੁੱਸ ਬੈਠੇ ਤਾਂ ਮਨਾਊ ਕੌਣ ਵੇ ’ ( ਹੰਸ ਰਾਜ ਹੰਸ ਅਤੇ ਪਕਿਸਤਾਨ ਵਿੱਚ ਨਸੀਬੋ ਲਾਲ ਨੇ ਗਾਇਆ ) ‘ ਮੇਰੇ ਨਾਅ ਦਾ ਫੁੱਲ ਨਾ ਪਾਵੀਂ ਹੁਣ ਆਪਣੀ ਫੁਲਕਾਰੀ ‘ਤੇ ’ ! ( ਹੰਸ ਰਾਜ ਹੰਸ ) ' ਮੁੱਖੜਾ ਤੁਹਾਡਾ ਸਾਨੂੰ ਯਾਦ ਜਿਹਾ ਹੋ ਗਿਆ ' ( ਹੰਸ ਰਾਜ ਹੰਸ ) ' ਤੇਰੀ ਯਾਦ ਨੀ ਚੰਦਰੀਏ ਆਈ ਛੰਮ ਛੰਮ ਰੌਣ ਅੱਖੀਆਂ ’ ( ਹੰਸ ਰਾਜ ਹੰਸ )ਅਤੇ ਇਹ ਗੀਤ ਗੀਤ ਸਾਬਰ ਕੋਟੀ ਨੇ ਗਾਏ- ‘ ਵੇ ਵਣਜਾਰਿਆ ਸਾਡੀ ਗਲੀ ਵੀ ਗੇੜਾ ਮਾਰ ’, ‘ ਸਾਡੀ ਐਤਕੀਂ ਵਿਸਾਖੀ ਵਾਲੇ ਮੇਲੇ ਵਿਚ ਸੱਜਣਾਂ ਨਾ' ਗੱਲ ਹੋ ਗਈ ’ ‘ ਜੇ ਤੂੰ ਅੱਜ ਵੀ ਨੀ ਨੱਚਣਾ ਤਾਂ ਕਦੋਂ ਨੱਚਣਾ,’ ‘ ਨਿੱਤ ਚਿਹਰਿਆਂ ਦੀ ਭੀੜ ਨੂੰ ਫਰੋਲਦੇ ਰਹਾਂਗੇ , ਦੂਰ ਜਾਣ ਵਾਲਿਆ ਵੇ ਤੈਨੂੰ ਟੋਲ਼ਦੇ ਰਹਾਂਗੇ ' ‘,ਇਸ ਤੋਂ ਇਲਾਵਾ ਗਿੱਲ ਹਰਦੀਪ ਦੇ ਗਾਏ ਗੀਤਾਂ ‘ਚ- ‘ ਨਿੱਘੀ-ਨਿੱਘੀ ਯਾਦ ’, ‘ ਚਿਰ ਪਿਛੋਂ ਖ਼ਤ ਲਿਖਿਆ ਤੈਨੂੰ ’ ‘ ਵੇਖਿਓ ਪੰਜਾਬੀਓ ਪੰਜਾਬੀ ਨਾ ਭੁਲਾ ਦਿਓ '....ਆਰਸੀ ਦੇ ਸਮੂਹ ਸੂਝਵਾਨ ਲੇਖਕਾਂ ਤੇ ਪਾਠਕਾਂ ਵੱਲੋਂ ਮੈਂ ਹਰਜਿੰਦਰ ਕੰਗ ਜੀ ਨੂੰ ਖ਼ੁਸ਼ਆਮਦੀਦ ਆਖਦੀ ਹਾਂ। ਸ਼ਾਲਾ ! ਤੁਹਾਡੀ ਕਲਮ ਚ ਹਰ ਰੋਜ਼ ਨਵੀਂ ਤੇ ਸੁਨਹਿਰੀ ਸਿਆਹੀ ਭਰਦੀ ਰਹੇ ਤੇ ਤੁਸੀਂ ਸਾਹਿਤਕ ਲਿਖਤਾਂ ਨਾਲ਼ ਨਵੀਆਂ ਪਿਰਤਾਂ ਪਾਉਂਦੇ ਰਹੋ...ਆਮੀਨ!!

ਗ਼ਜ਼ਲ

ਆਪਣੀ ਮਿੱਟੀ ਹੇਠ ਨਾ ਦੱਬ ਗੁਨਾਹਾਂ ਨੂੰ।

ਜ਼ਹਿਰ ਚੜ੍ਹੇਗੀ ਤੇਰੇ ਆਪਣੇ ਸਾਹਾਂ ਨੂੰ।

-----

ਟੁੱਟੇ ਸੁਪਨੇ ਦੀ ਸਿਸਕੀ ਨੂੰ ਕੌਣ ਸੁਣੇ,

ਲੋਕ ਤਾਂ ਅਣਸੁਣੀਆਂ ਕਰ ਦਿੰਦੇ ਧਾਹਾਂ ਨੂੰ।

------

ਮਿੱਟੀ ਹੇਠ ਦਬਾ ਚੱਲਿਆਂ, ਪਰ ਯਾਦ ਰਹੇ

ਉੱਗ ਪਵਾਂਗੇ ਰੁੱਖਾਂ ਵਾਂਗ ਉਤਾਹਾਂ ਨੂੰ।

------

ਸੋਚ ਰਿਹਾਂ ਕਿ ਕਿਸ਼ਤੀ ਪਾਰ ਮਲਾਹ ਲਾਉਂਦੇ,

ਜਾਂ ਕਿਸ਼ਤੀ ਲਾਉਂਦੀ ਹੈ ਪਾਰ ਮਲਾਹਾਂ ਨੂੰ।

------

ਬਾਹਾਂ ਬਿਨ ਬੇਅਰਥ ਛਣਕ ਹੈ ਵੰਗਾਂ ਦੀ,

ਵੰਗਾਂ ਬਿਨ ਆਵਾਜ਼ ਮਿਲ਼ੇ ਨਾ ਬਾਹਾਂ ਨੂੰ।

------

ਆਪੇ ਘਰ-ਘਰ ਪੂਜਣ ਲੋਕੀਂ ਮੂਰਤੀਆਂ,

ਅੱਗੇ ਝੁਕ-ਝੁਕ ਕੇ ਬਖ਼ਸ਼ਾਉਂਣ ਗੁਨਾਹਾਂ ਨੂੰ।

6 comments:

ਤਨਦੀਪ 'ਤਮੰਨਾ' said...

ਡੀਅਰ ਤਮੰਨਾ
ਬਹੁਤ ਬਹੁਤ ਪਿਆਰ ਤੇ ਆਸ਼ੀਰਵਾਦ!! ਤੇਰੀਆਂ ਸ਼ੁੱਭ ਕਾਮਨਾਵਾਂ ਲਈ ਸ਼ੁਕਰੀਆ। ਸ਼ਬਦਾਂ ਦੀ ਸੰਗਤ ਨਾਲ਼ ਰੂਹ ਰੌਸ਼ਨ ਹੋ ਜਾਂਦੀ ਹੈ..ਜ਼ਿੰਦਗੀ ਦੇ ਅਰਥਾਂ ਨੂੰ ਵਿਸ਼ਾਲਤਾ ਤੇ ਗਹਿਰਾਈ ਮਿਲ਼ਦੀ ਹੈ। ਤੇਰੀ ਸਫ਼ਲਤਾ ਲਈ ਦੁਆਵਾਂ ....

ਸ਼ੁਕਰੀਆ
ਹਰਜਿੰਦਰ ਕੰਗ
ਯੂ.ਐੱਸ.ਏ.

ਕਾਵਿ-ਕਣੀਆਂ said...

ਸਵਾਗਤ ਹੈ ਜਨਾਬ, ਤੁਹਾਡੀ ਇਹ ਗ਼ਜ਼ਲ 'ਚੁੱਪ ਦੇ ਟੁਕੜੇ' ਕਿਤਾਬ 'ਚ ਪੜ੍ਹੀ ਸੀ, ਹੁਣ ਦੋਬਾਰਾ ਪੜ੍ਹ ਕੇ ਹੋਰ ਵੀ ਅਨੰਦ ਆਇਆ, ਬਹੁਤ ਖੂਬ....

ਤਨਦੀਪ 'ਤਮੰਨਾ' said...

ਸਤਿਕਾਰਤ ਹਰਜਿੰਦਰ ਕੰਗ ਜੀ..

ਮੇਲ ਕਰਕੇ ਗ਼ਜ਼ਲ ਅਤੇ ਸ਼ੁੱਭ ਇੱਛਾਵਾਂ ਭੇਜਣ ਲਈ ਬੇਹੱਦ ਸ਼ੁਕਰੀਆ। ਤੁਹਾਡੀ ਹਾਜ਼ਰੀ ਨਾਲ਼ 'ਆਰਸੀ' ਸੱਚਮੁੱਚ ਮਹਿਕ ਉੱਠੀ ਹੈ। ਸਾਰੀ ਗ਼ਜ਼ਲ 'ਚ ਖ਼ਿਆਲ ਬਹੁਤ ਹੀ ਖ਼ੂਬਸੂਰਤ ਹਨ। ਤੁਹਾਡੇ ਲਿਖੇ ਸਾਰੇ ਗੀਤ ਮੈਨੂੰ ਬਹੁਤ ਪਸੰਦ ਹਨ, ਪਰ ਤੁਹਾਡੀ ਲਿਖੀ ਗ਼ਜ਼ਲ ਪੜ੍ਹਨ ਦਾ ਇਹ ਮੇਰਾ ਪਹਿਲਾ ਮੌਕਾ ਸੀ। ਇਹ ਸ਼ਿਅਰ ਮੈਨੂੰ ਬਹੁਤ ਜ਼ਿਆਦਾ ਖ਼ੂਬਸੂਰਤ ਲੱਗੇ...
ਆਪਣੀ ਮਿੱਟੀ ਹੇਠ ਨਾ ਦੱਬ ਗੁਨਾਹਾਂ ਨੂੰ।
ਜ਼ਹਿਰ ਚੜ੍ਹੇਗੀ ਤੇਰੇ ਆਪਣੇ ਸਾਹਾਂ ਨੂੰ।
---------
ਟੁੱਟੇ ਸੁਪਨੇ ਦੀ ਸਿਸਕੀ ਨੂੰ ਕੌਣ ਸੁਣੇ,
ਲੋਕ ਤਾਂ ਅਣਸੁਣੀਆਂ ਕਰ ਦਿੰਦੇ ਧਾਹਾਂ ਨੂੰ।
---------
ਸੋਚ ਰਿਹਾਂ ਕਿ ਕਿਸ਼ਤੀ ਪਾਰ ਮਲਾਹ ਲਾਉਂਦੇ,
ਜਾਂ ਕਿਸ਼ਤੀ ਲਾਉਂਦੀ ਹੈ ਪਾਰ ਮਲਾਹਾਂ ਨੂੰ।
---------
ਤੇ ਮੈਨੂੰ ਡੂੰਘੀਆਂ ਸੋਚਾਂ 'ਚ ਪਾ ਗਏ। ਬੱਸ ਏਸੇ ਤਰ੍ਹਾਂ ਆਪਣੀਆਂ ਲਿਖਤਾਂ 'ਚੋਂ ਮੁੱਠੀ ਭਰ ਰਿਸ਼ਮਾਂ ਰੁਝੇਵਿਆਂ 'ਚੋਂ ਵਕਤ ਕੱਢ ਕੇ ਭੇਜਦੇ ਰਹਿਓ....ਤਹਿ ਦਿਲੋਂ ਮਸ਼ਕੂਰ ਹੋਵਾਂਗੀ।
ਅਦਬ ਸਹਿਤ
ਤਨਦੀਪ 'ਤਮੰਨਾ'

Azeem Shekhar said...

Harjinder Kang di gazal khoobsoorat c... bahut pasand aie
Azeem Shekhar

ਗੁਰਦਰਸ਼ਨ 'ਬਾਦਲ' said...

ਕੰਗ ਸਾਹਿਬ!ਬਹੁਤ ਖ਼ੂਬ ਜਨਾਬ!ਕਮਾਲ ਦੀ ਗ਼ਜ਼ਲ ਹੈ।
ਗੁਰਦਰਸ਼ਨ 'ਬਾਦਲ'

ਤਨਦੀਪ 'ਤਮੰਨਾ' said...

ਤਮੰਨਾ ਜੀ
ਸਤਿ ਸ੍ਰੀ ਅਕਾਲ

ਹਰਜਿੰਦਰ ਕੰਗ ਜੀ ਦੀ ਗ਼ਜ਼ਲ ਵੀ ਬਹੁਤ ਵਧੀਆ ਲੱਗੀ। ਕਿਰਪਾ ਕਰਕੇ ਇਹਨਾਂ ਦੀਆਂ ਹੋਰ ਲਿਖਤਾਂ ਆਰਸੀ ਤੇ ਲਾਓ।

ਤੁਹਾਡਾ ਇੱਕ ਪਾਠਕ
ਇੰਦਰਜੀਤ ਸਿੰਘ
ਕੈਨੇਡਾ
=====================
Respected S. Inderjit Singh ji..mail karke vichar bhejan layee bahut dhanwaad!! Kang saheb nu request pehlan vi keeti si...ohna ne vaada keeta si ke rachnawa post karke bhejangey...intezaar kar rahey haan ohna di mail da. Tuhada suneha vi ohna takk pahunch jaavega. Tussi waqt kadh ke mail kardey hon...ikk vaar pher shukriya.
Tamanna