ਦੋਸਤੋ! ਹਾਲ ਹੀ ਵਿੱਚ ਸਤਿਕਾਰਤ ਦਰਸ਼ਨ ਦਰਵੇਸ਼ ਜੀ ਦੇ ਲਿਖੇ ਗੁਲਜ਼ਾਰ ਜੀ ਦੇ ਕਾਵਿ-ਚਿੱਤਰ ‘ਚ ਉਨ੍ਹਾਂ ਨੇ ਇਹ ਸਤਰਾਂ ਲਿਖੀਆਂ ਸਨ, ਕਿ "......ਜੇਕਰ ਗੁਲਜ਼ਾਰ ਨੇ ਕ੍ਰਿਸ਼ਨ ਚੰਦਰ ਜਾਂ ਕਮਲੇਸ਼ਵਰ ਦੀਆਂ ਕਹਾਣੀਆਂ ਸੰਭਾਲ ਕੇ ਰੱਖੀਆਂ ਨੇ ਤਾਂ ਮੈਂ ਵੀ ਦਲੀਪ ਕੌਰ ਦੀਆਂ ਟਿਵਾਣਾ,ਜਸਬੀਰ ਭੁੱਲਰ ,ਗੁਰਚਰਨ ਚਾਹਲ ਭੀਖੀ ਅਤੇ ਗੁਰਪਾਲ ਲਿੱਟ ਦੀਆਂ ਕਹਾਣੀਆਂ ਸੰਭਾਲੀ ਬੈਠਾ ਹਾਂ.... ”....ਮੈਂ ਬਚਪਨ ਤੋਂ ਹੀ ਡੈਡੀ ਜੀ ‘ਬਾਦਲ ਸਾਹਿਬ’ ਨੂੰ ਆਪਣੇ ਅਜ਼ੀਜ਼ਾਂ ਦੀਆਂ ਲਿਖਤਾਂ ਸਾਂਭਦਿਆਂ ਦੇਖਿਆ ਹੈ ਤੇ ਖ਼ੁਦ ਵੀ ਕਾਲਜ ਸਮੇਂ ਛਪਦੀਆਂ ਪਿਆਰੀ ਸਹੇਲੀ ਸੁਖਜਿੰਦਰ ਬੀਟਾ ਦੀਆਂ ਕਹਾਣੀਆਂ ਤੇ ਜੋ ਮੇਰੀਆ ਨਜ਼ਮਾਂ ਦੇ ਜਵਾਬ ਨਜ਼ਮਾਂ ‘ਚ ਆਉਂਦੇ, ਉਹਨਾਂ ਦੀਆਂ ਕਟਿੰਗਾਂ ਸਾਂਭੀ ਰੱਖਦੀ ਸਾਂ।
ਮੈਨੂੰ ਤਾਂ ਦੋਸਤਾਂ / ਲੇਖਕਾਂ ਦੀਆਂ ਹੱਥ-ਲਿਖਤਾਂ ਸਾਂਭਣ ਦਾ ਵੀ ਬੜਾ ਸ਼ੌਂਕ ਹੈ... ਸਤਿਕਾਰਤ ਸ਼ਿਵਚਰਨ ਜੱਗੀ ਕੁੱਸਾ ਜੀ ਦੀਆਂ ਹੱਥ-ਲਿਖਤਾਂ ਵੀ ਮੈਂ ਖ਼ਜ਼ਾਨੇ ਵਾਂਗ ਸਾਂਭੀਆਂ ਹੋਈਆਂ ਹਨ। ਥੌੜੇ ਦਿਨ ਪਹਿਲਾਂ ਦੋਸਤ ਜੀਤ ਔਲਖ ਜੀ ਨੇ ਇੱਕ ਨਜ਼ਮ ਹੱਥ ਨਾਲ਼ ਲਿਖ ਕੇ ਸਕੈਨ ਕਰਕੇ ਭੇਜੀ ਤਾਂ ਮੈਂ ਝੱਟ ਪਰਿੰਟ ਕੱਢ ਕੇ ਸਾਂਭ ਲਿਆ। ਅੱਜ ਮੇਲ ‘ਚ ਸਤਿਕਾਰਤ ਹਰਜਿੰਦਰ ਕੰਗ ਸਾਹਿਬ ਦੀਆਂ ਹੱਥੀਂ ਲਿਖੀਆਂ ਗ਼ਜ਼ਲਾਂ ਮਿਲ਼ੀਆਂ ਤਾਂ ਮਨ ਬਹੁਤ ਜ਼ਿਆਦਾ ਖ਼ੁਸ਼ ਹੋਇਆ, ਇੱਕ ਹੋਰ ਤਮੰਨਾ ਪੂਰੀ ਹੋਈ...ਉਹਨਾਂ ਦੀ ਹੱਥ-ਲਿਖਤ ਸਾਂਭਣ ਦੀ। ਇੱਕ ਦਿਨ ਮੈਂ ਦਰਵੇਸ਼ ਸਾਹਿਬ ਨੂੰ ਕਿਹਾ ਕਿ ਜਦੋਂ ਵੀ ਵਕਤ ਲੱਗੇ, ਆਪਣੇ ਹੱਥੀਂ ਲਿਖਕੇ ਕੋਈ ਰਚਨਾ ਜ਼ਰੂਰ ਮੇਲ ਕਰਿਓ! ਉਹਨਾਂ ਹੱਸਦਿਆਂ ਜਵਾਬ ਦਿੱਤਾ ਕਿ ਤਨਦੀਪ ਦੱਸੋ! ਦੁਨੀਆਂ ਦੀ ਸਭ ਤੋਂ ਭੈੜੀ ਲਿਖਾਈ ਕਿਹੜੇ ਐਡਰੈਸ ਤੇ ਪੋਸਟ ਕਰਨੀ ਹੋਵੇਗੀ? ਸ਼ਾਇਦ ਇਹ ਗੱਲਾਂ ਦੋਸਤਾਂ ਪ੍ਰਤੀ ਸਾਡੇ ਮੋਹ, ਸਤਿਕਾਰ ਤੇ ਸ਼ਿੱਦਤ ਦੀ ਨਿਸ਼ਾਨੀ ਨੇ।
....ਖ਼ੈਰ!! ਗੱਲ ਚੱਲ ਰਹੀ ਸੀ...ਕਿਸੇ ਲੇਖਕ ਦੀਆਂ ਲਿਖਤਾਂ ਸ਼ਿੱਦਤ ਨਾਲ਼ ਸਾਂਭਣ ਦੀ। ਯੂ.ਕੇ. ਵਸਦੇ ਪ੍ਰਸਿੱਧ ਲੇਖਕ ਸਤਿਕਾਰਤ ਸੰਤੋਖ ਧਾਲੀਵਾਲ ਜੀ ਦੀ ਕਿਸੇ ਮੈਗਜ਼ੀਨ ‘ਚ ਛਪੀ ਕਹਾਣੀ ਨੇ ਇੱਕ ਹੋਰ ਪ੍ਰਸਿੱਧ ਲੇਖਕ ਦੇ ਮਨ ਤੇ ਏਨੀ ਡੂੰਘੀ ਛਾਪ ਛੱਡੀ ਕਿ ਉਹਨਾਂ ਨੇ ਇਹ ਕਹਾਣੀ ਆਪਣੇ ਖ਼ਜ਼ਾਨੇ ‘ਚ ਬਹੁਤ ਸਾਲ ਸਾਂਭ ਰੱਖੀ...ਤੇ ਧਾਲੀਵਾਲ ਸਾਹਿਬ ਪ੍ਰਤੀ ਸ਼ਰਧਾ ਦੇ ਰੂਪ ‘ਚ ਉਹਨਾਂ ਨੇ ਕੱਲ੍ਹ ਇਹ ਕਹਾਣੀ ਆਪ ਟਾਈਪ ਕਰਕੇ ‘ਆਰਸੀ’ ਲਈ ਭੇਜੀ ਤੇ ਕਿਹਾ ਕਿ ਧਾਲੀਵਾਲ ਸਾਹਿਬ ਦੀ ਆਹ ਕਹਾਣੀ ਜ਼ਰੂਰ ਲਗਾਓ! ਉਹਨਾਂ ਨੇ ਕਿਹਾ ਹੈ ਕਿ ਇਹ ਮੇਰੀ ਸ਼ਰਧਾ ਭਾਵਨਾ ਹੈ....ਤੇ ਪਲੀਜ਼ ਮੇਰਾ ਨਾਮ ਗੁਪਤ ਰੱਖਿਓ! ਮੈਥੋਂ ਰਹਿ ਨਾ ਹੋਇਆ ਤੇ ਮੈਂ ਧਾਲੀਵਾਲ ਸਾਹਿਬ ਨੂੰ ਫੇਰ ਵੀ ਈਮੇਲ ਕਰਕੇ ਉਸ ਲੇਖਕ ਦੋਸਤ ਦਾ ਨਾਮ ਦੱਸ ਦਿੱਤਾ ਹੈ!
ਧਾਲੀਵਾਲ ਸਾਹਿਬ! ਮੈਂ ਉਸ ਲੇਖਕ ਦੋਸਤ ਦੀ ਸ਼ਰਧਾ ਤੇ ਤੁਹਾਡੀ ਕਲਮ ਨੂੰ ਸਲਾਮ ਕਰਦੀ ਹਾਂ! ਅੱਜ ਤੁਹਾਡੀ ਇਜਾਜ਼ਤ ਨਾਲ਼...ਇਹ ਬੇਹੱਦ ਖ਼ੂਬਸੂਰਤ ਕਹਾਣੀ...ਤੇ ਕਾਨੂੰ ਮਰ ਗਿਆ ਸੀ.....ਆਰਸੀ ਤੇ ਪੋਸਟ ਕਰਨ ਜਾ ਰਹੀ ਹਾਂ! ਮੈਂ ਖ਼ੁਦ ਬਹੁਤ ਭਾਵੁਕ ਹੋ ਗਈ ਸੀ ਇਸ ਕਹਾਣੀ ਨੂੰ ਪੜ੍ਹਦਿਆਂ...ਏਨੀ ਸੋਹਣੀ ਕਹਾਣੀ ਲਿਖਣ ਤੇ ਬਹੁਤ-ਬਹੁਤ ਮੁਬਾਰਕਾਂ ਧਾਲੀਵਾਲ ਸਾਹਿਬ!!
… ਤੇ ਕਾਨੂੰ ਮਰ ਗਿਆ
ਕਹਾਣੀ
ਮੋਗਾਡਿਸ਼ੂ ਤੋਂ ਵੀਹ ਕੁ ਮੀਲ ਤੇ ਇਸ ਚੌਰਾਹੇ ਤੇ ਹੀ ਉਨ੍ਹਾਂ ਦਾ ਪਿੰਡ ਹੁੰਦਾ ਸੀ। ਹੁਣ ਸਿਵਾਏ ਬੱਚਿਆਂ ਦੇ ਇਸ ਕੈਂਪ ਤੋਂ ਹੋਰ ਕੁੱਝ ਨਹੀਂ ਹੈ। ਖ਼ਾਨਾਜੰਗੀ ਨੇ ਇੱਥੇ ਵਸਦੇ ਪਿੰਡ ਦਾ ਨਾਮੋ–ਨਿਸ਼ਾਨ ਵੀ ਨਹੀਂ ਛੱਡਿਆ। ਤਬਾਹੀ ਮਚਾ ਦਿੱਤੀ ਹੈ। ਘਰਾਂ ਦੇ ਘਰ ਖ਼ਾਲੀ ਹੋ ਗਏ। ਸੋਕੇ ਮਾਰੀਆਂ ਬਚੀਆਂ ਫ਼ਸਲਾਂ ਵੀ ਅੱਗ ਦੀ ਭੇਂਟ ਚੜ੍ਹ ਗਈਆਂ। ਚਾਰਾ ਨਾ ਮਿਲਣ ਤੇ ਮਰੇ ਪਸ਼ੂਆਂ ਦੇ ਕਰੰਗਾਂ ਤੇ ਗਿਰਜਾਂ ਰੋਜ਼ ਫੀਸਟ ਕਰਦੀਆਂ ਤੇ ਰੱਜ-ਪੁੱਜ ਕੇ ਲਟਬੌਰੀਆਂ ਹੋਈਆਂ ਅੰਬਰ ਦੀ ਛਾਤੀ ‘ਚ ਮੋਰੀਆਂ ਕਰਦੀਆਂ ਰਹਿੰਦੀਆਂ। ਕਾਨੂੰ ਅਜੇ ਪੂਰੇ ਦਸਾਂ ਸਾਲਾਂ ਦਾ ਨਹੀਂ ਸੀ ਹੋਇਆ। ਪਰ ਉਸਨੂੰ ਵੇਖ ਇਹ ਕੋਈ ਵੀ ਕਿਆਸ ਨਹੀਂ ਸੀ ਕਰ ਸਕਦਾ ਕਿ ਉਹ ਏਨੀ ਉਮਰ ਦਾ ਵੀ ਹੋਵੇਗਾ । ਉਹ, ਉਸਨੂੰ ਇੱਥੇ ਲੈ ਕੇ ਆਏ, ਆਪਣੇ ਬਾਬੇ ਦੇ ਗੋਡਿਆਂ ਤੇ ਸਿਰ ਰੱਖੀ ਬੈਠਾ ਸੀ। ਬਿਰਧ ਦੇ ਗੋਡਿਆਂ ਦਾ ਉਸਨੇ ਸਹਾਰਾ ਲਿਆ ਹੋਇਆ ਸੀ। ਨਹੀਂ ਤੇ ਸ਼ਾਇਦ ਉਹ ਬਹੁਤਾ ਚਿਰ ਬੈਠਾ ਨਾ ਰਹਿ ਸਕਦਾ ਤੇ ਲੰਮੇ ਪੈਣ ਨਾਲ ਉਸਨੂੰ ਗੇਟ ਖੁਲ੍ਹਦਾ ਤੇ ਬੰਦ ਹੁੰਦਾ ਦਿਸ ਨਹੀਂ ਸੀ ਸਕਣਾ।
ਮੋਗਾਡਿਸ਼ੂ ਤੋਂ ਧੂੜ ਉੜਾਉਂਦੀ, ਖ਼ਸਤਾ ਜਹੀ ਜੀਪ ਦਾ ਖੜਾਕ ਸੁਣਨ ਤੇ ਕੈਂਪ ਅੰਦਰ ਤੇ ਬਾਹਰ ਹਰ ਕਿਸੇ ਦੇ ਕੰਨ ਖੜੇ ਹੋਏ ਤੇ ਅੱਖਾਂ ਟੁੱਟੀ ਜਹੀ ਸੜਕ ਤੇ ਚਿਪਕ ਗਈਆਂ। ਕਾਨੂੰ ਵੀ ਆਪਣੀਆਂ ਅੱਖਾਂ ਪੂਰਾ ਤਾਣ ਲਾ ਕੇ ਖੋਲ੍ਹਦਾ ਹੈ ਤੇ ਹੌਲੀ ਹੌਲੀ ਸੁੱਕੀ ਛਿਟੀ ਬਣੀ ਗਰਦਣ ਤੇ ਫੁਟਬਾਲ ਵਰਗਾ ਟਿਕਿਆ ਸਿਰ ਘੁਮਾ ਕੇ ਖੜਕੇ ਨਾਲ ਜੋੜ ਲੈਂਦਾ ਹੈ। ਕੈਂਪ ਦੇ ਗੇਟ ਤੋਂ ਕੋਈ ਪੰਜਾਹਾਂ ਕੁ ਗਜ਼ਾਂ ਤੋਂ ਵਜਾਇਆ ਡਰਾਈਵਰ ਦਾ ਹਾਰਨ ਸੁਣ ਕੈਂਪ ਦਾ ਗੇਟ ਹੌਲੀ ਹੌਲੀ ਖੁੱਲ੍ਹਦਾ ਹੈ। ਦੋ ਹੱਟੇ-ਕੱਟੇ ਸਿਪਾਹੀ, ਜਿਨ੍ਹਾਂ ਤੇ ਇਸ ਮੁਲਕ ‘ਚ ਪਏ ‘ਕਾਲ਼ ਦਾ ਕੋਈ ਅਸਰ ਨਹੀਂ ਸੀ ਲੱਗਦਾ, ਜੀਪ ‘ਚੋਂ ਛਾਲਾਂ ਮਾਰ ਬਾਹਰ ਆਉਂਦੇ ਹਨ ਤੇ ਜੁੜੀ ਭੀੜ ਨੂੰ ਛਛਕਾਰ ਛਛਕਾਰ ਪਰ੍ਹੇ ਕਰਦੇ ਹੋਏ ਜੀਪ ਲਈ ਕੈਂਪ ਦੇ ਗੇਟ ਤੱਕ ਪਹੁੰਚਣ ਲਈ ਰਾਹ ਬਣਾਉਂਦੇ ਹਨ। ਉਹ ਉੱਚੀ-ਉੱਚੀ ਬੋਲ ਰਹੇ ਹਨ। ਦਬਕਾ ਰਹੇ ਹਨ। ਗਾਲ੍ਹਾਂ ਵੀ ਦੇ ਰਹੇ ਹਨ। ਜਦੋਂ ਕੋਈ ਬਹੁਤੀ ਲਾਚਾਰ ਤੇ ਉਦਾਸ ਮਾਂ ਆਪਣੇ ਬੱਚੇ ਦੀ ਸਲਾਮਤੀ ਲਈ ਵਿਲਕਦੀ ਹੋਈ ਜੀਪ ਦੇ ਨੇੜੇ ਹੋਣ ਦੀ ਕੋਸ਼ਸ਼ ਕਰਦੀ ਹੈ ਤਾਂ ਉਸਦੇ ਮੌਰਾਂ ‘ਚ ਇੱਕ ਡੰਡਾ ਵੀ ਜੜ ਦਿੰਦੇ ਹਨ। ਤੇ ਜੀਪ ਇਸ ਹਾੜੇ ਕੱਢਦੀ ਕਰਲਾਉਂਦੀ ਭੀੜ ‘ਚੋਂ ਰੀਂਘਦੀ ਹੋਈ ਕੈਂਪ ਦਾ ਗੇਟ ਲੰਘ ਜਾਂਦੀ ਹੈ। ਕੈਂਪ ਦਾ ਗੇਟ ਇੱਕ ਵਾਰ ਫੇਰ ਬੰਦ ਹੋ ਜਾਂਦਾ ਹੈ। ਭੀੜ ਦੀਆਂ ਅੱਖਾਂ ‘ਚ ਆਈ ਮਾਸਾ ਕੁ ਆਸ ਫੇਰ ਬੀਆਬਾਨੀ ਦੇ ਵਾਵਰੋਲ਼ਿਆਂ ‘ਚ ਗੁਆਚ ਜਾਂਦੀ ਹੈ। ਕਾਨੂੰ ਵੀ ਇੱਕ ਵਾਰ ਫੇਰ ਲਾਚਾਰੀ ਤੇ ਬੇ-ਬਸੀ ‘ਚ ਅੱਖਾਂ ਮੀਟ ਲੈਂਦਾ ਹੈ।
ਕਰੈਸਟੀਨਾ ਆਪਣੇ ਸਹਿਕਾਮਿਆਂ ਨਾਲ ਹੋ ਕੇ ਸਾਮਾਨ ਲੁਹਾਉਂਦੀ ਹੈ। ਡਲਿਵਰੀ ਨੋਟ ਵੇਖਦੀ ਹੈ। ਉਸਦੇ ਮੂਜਬ ਸਾਮਾਨ ਦੀ ਗਿਣਤੀ ਕਰਦੀ ਹੈ।
ਸਾਮਾਨ ਤਾਂ ਮਸਾਂ ਅੱਧਾ ਹੈ? ਕਰੈਸਟੀਨਾ ਨੇ ਆਪਣਾ ਨਰਸਿੰਗ ਦਾ ਕੋਰਸ ਮਕਾਉਂਦਿਆਂ ਹੀ ‘ਸੇਵ ਦੀ ਚਿਲਡਰਨ‘ ਨਾਂ ਦੀ ਚੈਰਿਟੀ ‘ਚ ਆਪਣਾ ਨਾਂ ਜਾ ਦਰਜ ਕਰਵਾਇਆ ਸੀ। ਉਸਨੇ ਨਰਸਿੰਗ ਕੀਤੀ ਹੀ ਇਸ ਭਾਵਨਾ ਨਾਲ ਸੀ ਕਿ ਉਹ ਗਰੀਬ,ਬੀਮਾਰ, ਮਜਬੂਰ ਲੋਕਾਂ ਦੀ ਮਦਦ ਕਰੇਗੀ। ਏਸੇ ਹੀ ਉਤਸ਼ਾਹ ਨਾਲ ਨੱਕੋ-ਨੱਕ ਹੋਈ ਨੇ ਸੁਮਾਲੀਆ ਦੀ ਖ਼ਾਨਾਜੰਗੀ ‘ਚ ਹੋਈ ਤਬਾਹੀ ਦੀਆਂ ਖ਼ਬਰਾਂ ਪੜ੍ਹੀਆਂ, ਟੈਲੀਵੀਯਨ ਤੇ ਹੋਈ ਬਰਬਾਦੀ ਨੂੰ ਵੇਖਿਆ, ਅਮਰੀਕਨ ਫੌਜਾਂ ਮਦਦ ਲਈ ਸੋਮਾਲੀਆ ਨੂੰ ਜਾਂਦੀਆਂ ਵੇਖੀਆਂ ਤੇ ਆਪਣਾ ਮਨ ਉਸ ਮੁਲਕ ‘ਚ ਜਾ ਕੇ ਭੁੱਖ ਤੇ ਬੀਮਾਰੀ ਨਾਲ ਮਰ ਰਹੇ ਬੱਚਿਆਂ ਦੀ ਸੇਵਾ ਕਰਨ ਲਈ ਬਣਾ ਲਿਆ। ਉੱਥੋਂ ਦੇ ਖ਼ਤਰਿਆਂ ਬਾਰੇ ਆਪਣੇ ਮਾਂ ਪਿਉ ਦੀ ਦਿੱਤੀ ਚਿਤਾਵਨੀ ਨੂੰ ਵੀ ਅਣਗੌਲਿਆਂ ਕਰਕੇ ਸੁਮਾਲੀਆ ਦੇ ਸ਼ਹਿਰ ਮੋਗਾਡਿਸ਼ੂ ਆਣ ਉੱਤਰੀ ਸੀ। ਲੰਦਨੋਂ ਤੁਰਨ ਤੋਂ ਪਹਿਲਾਂ ਹੀ ਉਸਨੇ ਮੋਗਾਡਿਸ਼ੂ ਤੋਂ ਕੋਈ ਵੀਹ ਕੁ ਮੀਲ ਦੂਰ ‘ਸੇਵ ਦੀ ਚਿਲਡਰਨ ਚੈਰਿਟੀ‘ ਦੇ ਇੱਕ ਕੈਂਪ ‘ਚ ਆਪਣਾ ਨਾਂ ਜਾ ਦਾਖਲ ਕਰਾਇਆ ਸੀ। ਚੈਰਿਟੀ ਵਾਲਿਆਂ ਨੂੰ ਹੋਰ ਕੀ ਚਾਹੀਦਾ ਸੀ। ਉਨ੍ਹਾਂ ਨੂੰ ਤਾਂ ਇਹੋ ਜਹੀਆਂ ਜੁਆਨ, ਖ਼ਤਰਿਆਂ ‘ਚ ਵੀ ਸੇਵਾ ਭਾਵ ਤੇ ਉਤਸ਼ਾਹ ਨਾਲ ਸਰੂਰੀਆਂ ਨਰਸਾਂ ਦੀ ਬੇਹੱਦ ਲੋੜ ਸੀ। ਉਨ੍ਹਾਂ ਖਿੜੇ ਮੱਥੇ ਉਸਦੀ ਖਾਹਸ਼ ਤੇ ਮਨਜ਼ੂਰੀ ਦਾ ਠੱਪਾ ਲਾ ਦਿੱਤਾ ਸੀ ਤੇ ਕੈਂਪ ਤੱਕ ਪਹੁੰਚਣ ਦਾ ਸਾਰਾ ਪ੍ਰਬੰਧ ਵੀ ਆਪ ਕਰਕੇ ਦਿੱਤਾ ਸੀ।
‘‘ਬਾਕੀ ਦਾ ਸਾਮਾਨ ਕਿੱਥੇ ਲਾਹ ਆਏ ਹੋ?‘‘ ਕਰੈਸਟੀਨਾ ਦਿਆ ਬੋਲਾਂ ‘ਚ ਕਿਲ੍ਹੇ ਢਾਉਣ ਵਰਗੀ ਆਕੜ ਤੇ ਅੱਖਾਂ ‘ਚ ਸਾਰਾ ਕੁੱਝ ਝੁਲਸ ਦੇਣ ਵਰਗਾ ਭਾਂਬੜ ਬਲ਼ ਤੁਰਿਆ ਸੀ।
‘‘ਸਾਨੂੰ ਤਾਂ ਜੋ ਦਿੱਤਾ ਗਿਆ ਲੈ ਆਏ ਹਾਂ”, ਡਰਾਈਵਰ ਤੇ ਸਿਪਾਹੀ ਅਣਜਾਣ ਜਹੇ ਬਣਕੇ ਆਪਣੀ ਲਾਚਾਰੀ ਦਰਸਾਉਂਦੇ ਹੋਏ ਇੱਕ ਦੂਜੇ ਨਾਲ ਨਜ਼ਰਾਂ ਮਿਲਾਉਂਦੇ ਹਨ ਤੇ ਮਿੰਨ੍ਹਾਂ-ਮਿੰਨ੍ਹਾਂ ਮੁਸਕੜੀਏਂ ਹਸਦੇ ਹਨ। ਪਰ ਕਰੈਸਟੀਨਾ ਨੂੰ ਪਤਾ ਲੱਗ ਚੁੱਕਾ ਹੈ ਕਿ ਉਸਦੇ ਕੈਂਪ ਲਈ ਦਿੱਤਾ ਸਾਮਾਨ ਕਈ ਥਾਈਂ ਉੱਥੇ ਪਹੁੰਚਣ ਤੋਂ ਪਹਿਲਾਂ ਵੰਡਿਆ ਗਿਆ ਹੋਣਾ ਹੈ। ਦੁੱਧ ਦੇ ਡੱਬੇ ਗ਼ਾਇਬ ਸਨ। ਤਾਕਤ ਵਾਲੇ ਬਿਸਕੁਟਾਂ ਦੇ ਪੈਕਟ ਖੁੱਲ੍ਹੇ ਪਏ ਸਨ। ਪਾਣੀ ਦੀ ਬੋਤਲਾਂ ਦੀ ਗਿਣਤੀ ਘੱਟ ਸੀ। ਸਾਰੇ ਸਾਮਾਨ ‘ਚੋਂ ਬਹੁਤ ਕੁੱਝ ਗ਼ਾਇਬ ਸੀ। ਕਰੈਸਟੀਨਾ ਬੇਬਸ ਹੋਈ ਵਿਲਕ ਉੱਠਦੀ ਹੈ।
‘‘ਤੁਹਾਨੂੰ ਸ਼ਰਮ ਨਹੀਂ ਆਉਂਦੀ, ਬਾਹਰ ਭੁੱਖ ਤੇ ਬੀਮਾਰੀ ਨਾਲ ਮਰ ਰਹੀਆਂ ਭੋਰਾ-ਭੋਰਾ ਜਾਨਾਂ ਤੇ ਵੀ ਤਰਸ ਨਹੀਂ ਆਉਂਦਾ। ਉਨ੍ਹਾਂ ਦੀਆਂ ਅੱਖਾਂ ‘ਚ ਝਾਕਿਆ ਹੈ ਕਦੀ? ਉਨ੍ਹਾਂ ਦੀਆਂ ਮਾਵਾਂ ਦੀ ਬੇਬਸੀ ਤੇ ਆਪਣੇ ਢਿੱਡ ਦੀਆਂ ਆਦਰਾਂ ਲਈ ਵਿਲਕ ਮਹਿਸੂਸੀ ਹੈ ਕਦੀ? ਤੁਸੀਂ ਆਪਣੇ ਢਿੱਡ ਵਧਾਈ ਫਿਰੇ ਹੋ। ਤੁਹਾਡੇ ਤੇ ਤਾਂ ਇਸ ਕਾਲ ਦਾ, ਇਸ ਭਿਆਂਨਕ ਖਾਨਾਜੰਗੀ ਦਾ ਕੋਈ ਅਸਰ ਨਹੀਂ ਹੋਇਆ ਲੱਗਦਾ। ਕਰੈਸਟੀਨਾ ਲੋਹੀ-ਲਾਖੀ ਹੋਈ ਉਨ੍ਹਾਂ ਤੇ ਵਰ੍ਹ ਪੈਂਦੀ ਹੈ। ਉਸਦੀਆ ਭਵਾਂ ਤਣੀਆਂ ਜਾਂਦੀਆਂ ਹਨ। ਉਸਦੀਆਂ ਕਸੀਸ ਜਹੀ ਵੱਟਣ ਤੇ ਮੁੱਠੀਆਂ ਆਪੂੰ ਮੀਟੀਆਂ ਜਾਂਦੀਆਂ ਹਨ। ਉਹ ਭਸਮ ਕਰ ਦੇਣ ਵਰਗੀ ਕਹਿਰੀ ਤੱਕਣੀ ਨਾਲ ਸਿਪਾਹੀਆਂ ਤੇ ਡਰਾਈਵਰ ਨੂੰ ਵੇਖਦੀ ਹੈ।
‘‘ਮੈਂ ਏਰੀਆ ਅਫ਼ਸਰ ਕੋਲ ਤੁਹਾਡੀ ਸ਼ਿਕਾਇਤ ਕਰਾਂਗੀ। ਉਸਨੇ ਦਬਕਾ ਜਿਹਾ ਮਾਰਿਆ।
ਡਰਾਈਵਰ ਤੇ ਸਿਪਾਹੀਆਂ ਨੇ ਆਪਸ ‘ਚ ਅੱਖਾਂ ਮਿਲਾਈਆਂ ਤੇ ਮੁਸਕੜੀਆਂ ‘ਚ ਹੱਸਦੇ ਹੋਏ ਉਸਦੀ ਕਹੀ ਗੱਲ ਨੂੰ ਅਣਗੌਲਿਆਂ ਕਰ ਗਏ । ਸ਼ਾਇਦ ਇਹੋ ਜਹੀਆਂ ਝਿੜਕਾਂ, ਦਬਕੇ ਉਹ ਰੋਜ਼ ਸੁਣਦੇ ਹਨ। ਉਨ੍ਹਾਂ ਨੂੰ ਪੂਰਾ ਪਤਾ ਸੀ ਕਿ ਬਾਹਰਲੇ ਮੁਲਕਾਂ ਤੋਂ ਆਈ ਸਹਾਇਤਾ, ਰਾਹਾਂ ‘ਚ ਕਿਵੇਂ ਖ਼ੁਰਦੀ ਹੈ। ਪਹਿਲਾਂ ਜਦੋਂ ਮੋਗਾਡਿਸ਼ੂ ਦੇ ਸੈਂਟਰਲ ਡੀਪੂ ‘ਚ ਪਹੁੰਚਦੀ ਹੈ ਤਾਂ ਉੱਪਰਲੀ ਅਫ਼ਸਰਸ਼ਾਹੀ ਉਸ ‘ਚ ਵੱਡੀਆਂ ਵੱਡੀਆਂ ਮੋਰੀਆਂ ਕਰਦੀ ਹੈ। ਤੇ ਫੇਰ ਜਿਹੜੀ ਬਚਦੀ ਕੈਂਪਾਂ ਲਈ ਅਲਾਟ ਕੀਤੀ ਜਾਂਦੀ ਹੈ ਉਸ ‘ਚ ਰਾਖੀ ਕਰਨ ਵਾਲੇ ਸਿਪਾਹੀ, ਟਰੱਕਾਂ ਦੇ ਡਰਾਈਵਰ ਤੇ ਜਿਸ ਕਿਸੇ ਦਾ ਵੀ ਹੱਥ ਪਹੁੰਚਦਾ ਹੈ ਜਿੰਨੀ ਕੁ ਕਰ ਸਕਦਾ ਹੈ ਚੋਰੀ ਕਰਦਾ ਹੈ। ਹਰ ਕੋਈ ਆਪਣੇ ਅਹੁਦੇ ਮੂਜਬ ਖਿੱਚ-ਧੂਹ ਕਰਦਾ ਹੈ। ਜਿੰਨੀ ਕੁ ਕਿਸੇ ਦੀ ਕੁਰਸੀ ਦੀ ਅਹਿਮੀਅਤ ਹੁੰਦੀ ਹੈ ਉਹ ਆਪਣੀਆਂ ਫ਼ੀਤੀਆਂ ਦਾ ਸਹਾਰਾ ਲੈ ਕੇ ਲੁੱਟਾਂ ਕਰਦਾ ਹੈ। ਰਾਸ਼ਨ, ਦਵਾਈਆਂ ਆਪਣਿਆਂ ਤੇ ਬਲੈਕ ‘ਚ ਵੇਚਣ ਲਈ ਖਿਸਕਾਉਣ ਦੀ ਪੂਰੀ ਪੂਰੀ ਵਾਹ ਲਾਉਂਦਾ ਹੈ।
ਕਰੈਸਟੀਨਾ ਦਾ ਇਹ ਕੈਂਪ, ਦਸ ਸਾਲ ਤੋਂ ਨਿੱਕੀ ਉਮਰ ਦੇ ਸਿਰਫ ਪੰਜਾਹਾਂ ਬੱਚਿਆਂ ਲਈ ਸੀ। ਤੇ ਇਸ ਵੇਲੇ ਕੈਂਪ ‘ਚ ਸੱਤਰ ਬੱਚੇ ਸਨ। ਪੰਜਾਹਾਂ ਬੱਚਿਆਂ ਲਈ ਸਾਮਾਨ ਤੇ ਫੇਰ ਉਸ ‘ਚ ਹੋਈ ਖਿੱਚ-ਧੂਹ ਸੱਤਰ ਬੱਚਿਆਂ ਦੀ ਹਾਲਤ ਕਿਵੇਂ ਸੁਧਾਰੂ, ਇਹ ਫ਼ਿਕਰ ਉਸਦੀ ਰੂਹ ਨੂੰ ਸਦਾ ਪੱਛਦਾ ਰਹਿੰਦਾ। ਦਵਾਈਆਂ ਵਾਲੀ ਅਲਮਾਰੀ ਭਾਂਅ-ਭਾਂਅ ਕਰ ਰਹੀ ਹੈ ਤੇ ਬਾਹਰ ਇੱਕ ਵਿਲਕਦੀ ਭੀੜ ਉਸਨੂੰ ਡੰਗੀ ਜਾ ਰਹੀ ਹੈ।
ਰੁਟੀਨ ਮੁਤਾਬਕ ਉਹ ਹਰ ਦੋਂਹ ਹਫਤਿਆਂ ਬਾਅਦ ਕੈਂਪ ਵਿਚਲੇ ਸਾਰੇ ਬੱਚਿਆਂ ਦਾ ਮੁਆਇਨਾ ਕਰਦੀ ਹੈ। ਜਿਨ੍ਹਾਂ ਦੀ ਹਾਲਤ ਕੁੱਝ ਸੁਧਰ ਜਾਂਦੀ ਹੈ, ਜ਼ਰਾ ਤਕੜੇ ਹੋ ਜਾਂਦੇ ਹਨ ਤੇ ਜਿਨ੍ਹਾਂ ਦੇ ਬਚਣ ਦੀ ਆਸ ਜ਼ਰਾ ਕੁ ਵੀ ਨਰੋਈ ਹੋ ਜਾਂਦੀ ਹੈ, ਉਹ ਉਨ੍ਹਾਂ ਨੂੰ ਉਨ੍ਹਾਂ ਦੀਆਂ ਮਾਵਾਂ ਦੀਆਂ ਲੇਲੜੀਆਂ, ਤੇ ਪਿੱਟ ਸਿਆਪਾ ਕਰਨ ਦੇ ਬਾਵਜੂਦ ਵੀ ਖਾਰਜ ਕਰ ਦਿੰਦੀ ਹੈ ਤੇ ਉੱਨੇ ਕੁ ਹੋਰ ਬੱਚੇ ਜਿਨ੍ਹਾਂ ਦੇ ਬਚਣ ਦੀ ਉਸਨੂੰ ਥੋਹੜੀ ਬਹੁਤੀ ਆਸ ਹੁੰਦੀ ਹੈ ਦਾਖਲ ਕਰ ਲੈਂਦੀ ਹੈ।
ਅੱਜ ਉਸਨੇ ਪੱਚੀ ਬੱਚੇ ਹੋਰ ਲੈਣੇ ਸਨ। ਪੰਦਰਾਂ ਠੀਕ ਹੋ ਕੇ ਆਪਣੀਆਂ ਮਾਵਾਂ ਦੇ ਨਾਲ ਜਾ ਰਹੇ ਸਨ ਤੇ ਦਸ ਉਸਦੇ ਹਰ ਤਰ੍ਹਾਂ ਦੀ ਕੋਸ਼ਸ਼ ਕਰਨ ਦੇ ਬਾਵਜੂਦ ਕਬਰਾਂ ਬਣ ਗਏ ਸਨ। ਹੋਰ ਬੱਚੇ ਦਾਖਲ ਕਰਨ ਤੋਂ ਉਹ ਅੱਜ ਬਹੁਤ ਝਿਜਕ ਰਹੀ ਸੀ।
ਸਾਮਾਨ ਇਸ ਵਾਰ ਬਹੁਤ ਥੋੜ੍ਹਾ ਆਇਆ ਹੈ। ਇਹ ਤਾਂ ਕੈਂਪ ‘ਚ ਬਚੇ ਬੱਚਿਆਂ ਜੋਗਰਾ ਵੀ ਨਹੀਂ ਸੀ। ਹੋਰ ਨਵੇਂ ਦਾਖਲ ਕੀਤੇ ਬੱਚਿਆਂ ਦੀ ਦੇਖ ਭਾਲ ਉਹ ਕਿਵੇਂ ਕਰੇਗੀ। ਉਸਨੂੰ ਸਮਝ ਨਹੀਂ ਸੀ ਲੱਗ ਰਹੀ ਕਿ ਉਹ ਕੀ ਕਰੇ। ਕਦੀ ਉਹ ਸੋਚਦੀ ਕਿ ਕੈਂਪ ‘ਚ ਪਹਿਲਾਂ ਹੀ ਦਾਖਲ ਬੱਚਿਆਂ ਦੀ ਪੂਰੀ ਤੇ ਚੰਗੀ ਤਰ੍ਹਾਂ ਦੇਖ ਭਾਲ ਕਰੇ ਤੇ ਹੋਰ ਨਵੇਂ ਬੱਚੇ ਦਾਖਲ ਨਾ ਕਰੇ। ਫੇਰ ਉਸਨੂੰ ਬੱਚੇ ਲੈ ਕੇ ਆਈਆਂ ਮਾਵਾਂ ਦੀ ਜੁੜੀ ਭੀੜ ਦਾ ਖ਼ਿਆਲ ਆਉਂਦਾ ਤਾਂ ਉਹ ਚੰਗੀ ਤਰ੍ਹਾਂ ਦੇਖ ਭਾਲ ਕਰੇ ਤੇ ਹੋਰ ਨਵੇਂ ਬੱਚੇ ਦਾਖਲ ਨਾ ਕਰੇ। ਫੇਰ ਉਸਨੂੰ ਬੱਚੇ ਲੈ ਕੇ ਆਈਆਂ ਮਾਵਾਂ ਦੀ ਜੁੜੀ ਭੀੜ ਦਾ ਖਿਆਲ ਆਉਂਦਾ ਤਾਂ ਉਹ ਕੰਬ ਜਾਂਦੀ। ਇਨ੍ਹਾ ਹੀ ਖ਼ਿਆਲਾਂ ‘ਚ ਘਿਰੀ ਉਹ ਆਪਣੇ ਦੋਨਾਂ ਹੱਥਾਂ ਨਾਲ ਮੂੰਹ ਢੱਕ ਲੈਂਦੀ ਹੈ ਤੇ ਆਪਣੀ ਕੁਰਸੀ ਤੇ ਢੇਰੀ ਹੋ ਜਾਂਦੀ ਹੈ। ਸਿਰ ਮੇਜ਼ ਤੇ ਰੱਖ ਕੇ ਡੁਸਕਣ ਲੱਗ ਪੈਂਦੀ ਹੈ। ਬੇਬਸੀ ਤੇ ਲਾਚਾਰੀ ਦੇ ਬੀਆਬਾਨਾਂ ‘ਚ ਝੁਲਸੀ ਜਾਣ ਲੱਗਦੀ ਹੈ।
ਜ਼ਿੰਦਗੀ ਦਾ ਸੁਹੱਪਣ ਮਾਨਣ ਤੇ ਵੇਖਣ ਦੀ ਚਾਹਵਾਨ, ਕਰੈਸਟੀਨਾ ਮੌਤ ਨੇ ਘੇਰ ਲਈ ਹੈ। ਜਿਸ ਪਾਸੇ ਵੀ ਧਿਆਨ ਮਾਰਦੀ ਹੈ, ਜਿਸ ਪਾਸੇ ਵੀ ਜਾਂਦੀ ਹੈ, ਜ਼ਿੰਦਗੀ ਮੌਤ ਦੇ ਜਬਾੜ੍ਹਿਆਂ ‘ਚ ਜਕੜੀ ਵੇਖਦੀ ਹੈ। ਭੁੱਖ ਤੇ ਬੀਮਾਰੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਤੇ ਕੈਂਪ ਦੇ ਹਿੱਸੇ ਆਉਂਦਾ ਰਾਸ਼ਨ ਤੇ ਦਵਾਈਆਂ ਦਿਨ ਦਿਨ ਘੱਟ ਰਹੀਆਂ ਹਨ। ਉਹ ਕਈ ਵਾਰ ਇੱਥੋਂ ਭੱਜ ਜਾਣ ਲਈ ਵੀ ਸੋਚ ਲੈਂਦੀ। ਉਸਨੂੰ ਆਪਣੀ ਬੇਬਸੀ ਤੇ ਕਰੋਧ ਆਉਂਦਾ। ਉਹ ਹੌਂਸਲਾ ਹਾਰ ਬਹਿੰਦੀ। ਪਰ ਫੇਰ ਪਤਾ ਨਹੀਂ ਕਿਹੜੀ ਅਣਦਿੱਖ ਸ਼ਕਤੀ ਉਸਦੇ ਪੈਰਾਂ ‘ਚ ਬੇੜੀਆਂ ਨੂੜ ਦੇਂਦੀ। ਉਸਦੇ ਲਿੱਸੇ ਹੋਏ ਵਿਸ਼ਵਾਸ ਲਈ ਵੰਗਾਰ ਬਣ ਜਾਂਦੀ।
‘‘ਕੀ ਏਸੇ ਲਈ ਕੀਤਾ ਸੀ ਨਰਸਿੰਗ ਦਾ ਕੋਰਸ ਕਿ ਜਦੋਂ ਕਿਸੇ ਔਕੜ ਨਾਲ ਸਿੱਝਣਾ ਪਵੇ ਤੇ ਹਾਰ ਕੇ ਭੱਜ ਜਾਵੇਂ? ਕੀ ਏਸੇ ਲਈ ਸੀ ਆਈ ਸੁਮਾਲੀਆ ‘ਚ ਕਿ ਤਕਲੀਫਾਂ ਤੋਂ, ਥੁੜਾਂ ਤੋਂ ਪਿੱਛਾ ਛਡਾਉਣ ਲਈ ਉਨ੍ਹਾਂ ਦਾ ਡੱਟ ਕੇ ਸਾਹਮਣਾ ਕਰਨ ਦੀ ਬਜਾਏ ਸਿਰ ਲਕੋ ਕੇ ਭੱਜ ਜਾਂਏ?‘‘ ਉਹ ਆਪਣੀ ਤਿੜਕਦੀ ਹੋਈ ਸੋਚਣੀ ਨੂੰ ਝਿੜਕਦੀ ਤੇ ਇੱਕ ਝਟਕੇ ਨਾਲ, ਇੱਕ ਹੰਭਲਾ ਮਾਰ ਕੇ ਉੱਠਦੀ ਤੇ ਆਪਣੇ ਨਿੱਤ ਦੇ ਰੁਟੀਨ ‘ਚ ਰੁੱਝ ਜਾਂਦੀ।
ਅੱਜ ਵੀ ਉਸਦੀ ਇਹੋ ਜਹੀ ਹੀ ਹਾਲਤ ਸੀ। ਉਹ ਮਸਾਂ ਇਸ ਸੋਚਣੀ ‘ਚੋਂ ਨਿਕਲੀ ਹੈ। ਉੱਠ ਕੇ ਕੈਂਪ ਅੰਦਰ ਚੱਕਰ ਲਾਉਂਦੀ ਹੈ। ਜਿਨ੍ਹਾਂ ਬੱਚਿਆਂ ਨੂੰ ਖਾਰਜ ਕਰਨਾ ਹੈ ਉਨ੍ਹਾਂ ਨੂੰ ਖਾਰਜ ਕਰਦੀ ਹੈ ਤੇ ਹਦਾਇਤਾਂ ਕਰਕੇ ਉਨ੍ਹਾਂ ਦੀਆਂ ਮਾਵਾਂ ਨੂੰ ਸੌਂਪਦੀ ਹੈ। ਇਸ ਕਾਰਜ ਤੋਂ ਵਿਹਲੀ ਹੋ ਕੇ ਉਹ ਆਪਣੀਆਂ ਸਾਥਣਾਂ ਨੂੰ ਬਾਕੀ ਬੱਚਿਆਂ ਨੂੰ ਦਵਾਈਆਂ, ਵਿਟਾਮਨ ਤੇ ਦੁੱਧ ਦੇਣ ਦੀ ਚਿਤਾਵਨੀ ਦਿੰਦੀ ਹੈ। ਹਰ ਬੱਚੇ ਦੇ ਹਿੱਸੇ ਆਉਂਦੇ ਦੁੱਧ ਦੀ ਮਿਕਦਾਰ ਹੋਰ ਘਟਾਉਣ ਲਈ ਕਹਿੰਦੀ ਹੈ। ਦੁੱਧ ‘ਚ ਪਾਣੀ ਹੋਰ ਪਾਉਣ ਲਈ ਕਹਿੰਦਿਆਂ ਉਸਦੀ ਆਤਮਾ ਵਿਲੂੰਧਰੀ ਜਾਂਦੀ ਹੈ। ਗੁੱਸੇ ਦੇ ਸਿਆੜ ਉਸਦੇ ਮੱਥੇ ਤੇ ਹੋਰ ਡੂੰਘੇ ਹੋ ਜਾਂਦੇ ਹਨ।
‘‘ਇਹ ਤਕੜੇ ਕਿਵੇਂ ਹੋਣਗੇ ਜੇ ਇਨ੍ਹਾਂ ਦੀ ਖੁਰਾਕ ਇਸ ਤਰ੍ਹਾਂ ਆਏ ਦਿਨ ਘਟਦੀ ਰਹੀ ਤਾਂ?‘‘ ਉਸਦੇ ਨਾਲ ਕੰਮ ਕਰਦੀ ਸੁਮਾਲੀਅਣ ਨਰਸ ਨੇ ਇੱਕ ਕਰੂਰ ਸਵਾਲ ਉਸਦੇ ਮੂਹਰੇ ਖਿਲਾਰ ਦਿੱਤਾ। ਕਰੈਸਟੀਨਾ ਕੋਲ ਇਸਦਾ ਕੀ ਜਵਾਬ ਸੀ। ਉਹ ਕੁੱਝ ਪਲਾਂ ਲਈ ਖ਼ਾਮੋਸ਼ੀ ਦੀ ਬੁੱਕਲ ਮਾਰ ਗਈ। ਤੇ ਫੇਰ ਹੌਲੀ ਹੌਲੀ ਬੀਮਾਰ ਆਵਾਜ਼ ‘ਚ ਮਸਾਂ ਕਹਿੰਦੀ ਹੈ।
‘‘ਤੇਰੀ ਗੱਲ ਬਿਲਕੁਲ ਦਰੁਸਤ ਹੈ ਪਰ ਜੇ ਅਸੀਂ ਬਾਹਰ ਇਕੱਠੇ ਹੋਏ ਹਜ਼ੂਮ ‘ਚੋਂ ਕਿਸੇ ਨੂੰ ਵੀ ਦਾਖਲ ਨਾ ਕੀਤਾ ਤਾਂ ਉਹ ਤਾਂ ਸੱਭ ਆਸ ਹੀ ਗੁਆ ਬੈਠਣਗੇ। ਟੁੱਟੀ ਆਸ ਨਾਲ ਕੋਈ ਕਿਵੇਂ ਸਾਹ ਲੈਂਦਾ ਹੈ, ਕਦੀ ਕਿਆਸਿਆ ਹੈ? ਕਿਵੇਂ ਜੀਂਦਾ ਹੈ ਕੋਈ ਨਿਆਸਰਾ ਹੋ ਕੇ?‘‘ ਕਰੈਸਟੀਨਾ ਆਪਣੇ ਅੰਦਰ ਅਜੇ ਵੀ ਇੱਕ ਆਸ ਦੀ ਚਿਣਗ ਮਘਾਈ ਰੱਖਣਾ ਚਾਹੁੰਦੀ ਸੀ।
ਆਖਰ ਉਸਨੇ ਆਪਣੇ ਨਾਲ ਇੱਕ ਨਰਸ ਤੇ ਗੇਟਕੀਪਰ ਨੂੰ ਲਿਆ ਤੇ ਗੇਟ ਖੋਲ੍ਹ ਬਾਹਰ ਉਡੀਕਦੀ ਭੀੜ ‘ਚ ਜਾ ਵੜੀ। ਮਿੱਟੀ ਘੱਟੇ ‘ਚ ਬੈਠੀਆਂ ਮਾਵਾਂ ਦੀਆਂ ਨਜ਼ਰਾਂ ਉਸ ਉੱਤੇ ਗੱਡੀਆਂ ਗਈਆਂ। ਉਨ੍ਹਾਂ ਦੀਆਂ ਸੁੱਕੀਆਂ ਛਾਤੀਆਂ ਨੂੰ ਚਰੂੰਡਦੇ ਬੱਚੇ ਇਸ ਸਾਰੇ ਕੁੱਝ ਤੋਂ ਬੇਖ਼ਬਰ ਆਪਣੇ ਆਹਰੇ ਲੱਗੇ ਰਹੇ। ਗੇਟਕੀਪਰ ਤੇ ਨਰਸ ਨੇ ਆਪਣੀ ਪੂਰੀ ਵਾਹ ਲਾ ਕੇ ਸਾਰਿਆਂ ਨੂੰ ਇੱਕ ਲਾਈਨ ‘ਚ ਬੈਠਿਆਂ ਕਰ ਦਿੱਤਾ। ਉਹ ‘ਕੱਲੇ ‘ਕੱਲੇ ਬੱਚੇ ਕੋਲ ਜਾਂਦੀ। ਉਸਨੂੰ ਗੌਹ ਨਾਲ ਵੇਖਦੀ। ਉਸਦੀਆਂ ਮੀਟੀਆਂ ਅੱਖਾਂ ਖੋਲ੍ਹ ਉਨ੍ਹਾਂ ‘ਚ ਵੇਖਦੀ। ਸੁੱਕੀਆਂ ਛਿਟੀਆਂ ਬਾਹਵਾਂ ਫੜ-ਫੜ ਨਬਜ਼ਾਂ ਟੋਂਹਦੀ। ਜਿਸ ਬੱਚੇ ਦੇ ਠੀਕ ਹੋਣ ਦੀ ਉਸਨੂੰ ਮਾੜੀ ਮੋਟੀ ਵੀ ਆਸ ਹੁੰਦੀ ਉਸਦੀ ਮਾਂ ਨੂੰ ਬੱਚੇ ਨੂੰ ਗੇਟ ਅੰਦਰ ਲੈ ਜਾਣ ਲਈ ਇਸ਼ਾਰਾ ਕਰਦੀ। ਮਾਂ ਦੀਆਂ ਅੱਖਾਂ ‘ਚ ਬੇਪਨਾਹ ਸ਼ੁਕਰਾਨਾ ਸਿੰਮ ਆਉਂਦਾ। ਗੇਟ ਅੰਦਰ ਜਾਣ ਦੀ ਅਹਿਮੀਅਤ ਦਾ ਸੱਭ ਨੂੰ ਪਤਾ ਸੀ। ਗੇਟ ਅੰਦਰ ਜਿ਼ਦਗੀ ਦਾ ਵਰਦਾਨ ਮਿਲਦਾ ਸੀ। ਸਾਹ ਲੈਂਦੇ ਰਹਿਣ ਦੀ ਖੁਸ਼ੀਆਂ ਭਰੀ ਤਸੱਲੀ ਮਿਲਦੀ ਸੀ। ਤੇ ਜਿਨ੍ਹਾਂ ਦੇ ਕੋਲੋਂ ਉਹ ਗੁਜ਼ਰ ਜਾਂਦੀ ਉਨ੍ਹਾਂ ਦੀਆਂ ਲੇਲੜੀਆਂ ਉਸਨੂੰ ਰਾਤਾਂ ਨੂੰ ਸੌਣ ਨਾ ਦਿੰਦੀਆਂ। ਉਨ੍ਹਾਂ ਮਾਵਾਂ ਦੀ ਤੱਕਣੀ ਇੱਕ ਹੌਕਾ ਬਣਕੇ ਉਸਦੇ ਗਲ਼ੇ ‘ਚ ਅੜੀ ਰਹਿੰਦੀ । ਉਨ੍ਹਾਂ ਦੀ ਅਪਣੇ ਬੱਚਿਆਂ ਲਈ ਬੇਬਸੀ ਉਸਦੀ ਵਿਚਰਨ ‘ਚ ਇੱਕ ਭੁਚਾਲ ਲਿਆਈ ਰੱਖਦੀ। ਉਹ ਆਪਣਾ ਫਰਜ਼ ਨਿਭਾਉਂਦੀ, ਆਪਣੀ ਸੋਚ ਮੁਤਾਬਿਕ ਆਪਣਾ ਰੁਟੀਨ ਪੂਰਾ ਕਰੀ ਜਾ ਰਹੀ ਸੀ। ਜਿਨ੍ਹਾਂ ਬੱਚਿਆਂ ਨੂੰ ਉਹ ਅੰਦਰ ਨਹੀਂ ਸੀ ਭੇਜ ਰਹੀ ਉਸਨੂੰ ਮਹਿਸੂਸ ਹੁੰਦਾ ਕਿ ਉਹ ਉਨ੍ਹਾਂ ਨੂੰ ਮੌਤ ਦੀ ਸਜ਼ਾ ਦੇ ਰਹੀ ਹੈ । ਜ਼ਿੰਦਗੀ ਨੂੰ ਹੱਸਦੀਆਂ ਰੁੱਤਾਂ ਦੇ ਬੂਹਿਆਂ ਤੇ ਅੰਗੜਾਈਆਂ ਲੈਂਦੀ ਵੇਖਣ ਦੀ ਚਾਹਵਾਨ, ਕਰੈਸਟੀਨਾ, ਅੱਜ ਮੌਤਾਂ ਪਰੋਸ ਰਹੀ ਹੈ। ਪਹਿਲੀ ਵਾਰ ਉਸਨੂੰ ਇੱਥੇ ਇਸ ਕੈਂਪ ‘ਚ ਆ ਕੇ ਹੀ ਅਹਿਸਾਸ ਹੋਇਆ ਸੀ ਕਿ ਮੌਤ ਜ਼ਿੰਦਗੀ ਦੇ ਕਿੰਨੀ ਨੇੜੇ ਹੈ।
ਜ਼ਿੰਦਗੀ....ਮੌਤ
ਮੌਤ....ਜ਼ਿੰਦਗੀ
ਕਿੰਨੀਆਂ ਕੋਲ਼-ਕੋਲ਼ ਹਨ।
ਤੇ ਕਿੰਨੀਆਂ ਦੂਰ-ਦੂਰ ਵੀ।
ਕਰੈਸਟੀਨਾ ਨੂੰ ਕੀ ਪਤਾ ਸੀ ਕਿ ਉਸਨੂੰ ਅਦਾਲਤ ਵੀ ਬਨਣਾ ਪਵੇਗਾ। ਮੌਤ ਦੀਆਂ ਸਜ਼ਾਵਾਂ ਵੀ ਸੁਨਾਉਣੀਆਂ ਪੈਣਗੀਆਂ। ਉਹ ਤਾਂ ਜ਼ਿੰਦਗੀ ਦੀ ਵਕੀਲ ਬਣਕੇ ਆਈ ਸੀ। ਹੁਣ ਕਈ ਵਾਰ ਉਸਨੂੰ ਇਹੋ ਜਿਹੀ ਹਾਲਤ ‘ਚ ਆਪਣੇ ਆਪ ਤੋਂ ਘਿਰਣਾ ਜਿਹੀ ਵੀ ਹੋਣ ਲੱਗਦੀ ਸੀ। ਜ਼ਿੰਦਗੀ ਬਖ਼ਸ਼ਣ ਵਾਲੇ ਹੱਥ ਹੁਣ ਮੌਤਾਂ ਵੀ ਵੰਡ ਰਹੇ ਸਨ।
ਉਹ ਸਾਰਾ ਕੁੱਝ ਇੱਕ ਰੋਬੋਟ ਵਾਂਗੂੰ ਕਰੀ ਜਾ ਰਹੀ ਸੀ, ਜਿਸਨੂੰ ਚਾਬੀ ਦੇ ਕੇ ਚਲਾਇਆ ਗਿਆ ਹੋਵੇ। ਹਰ ਬੱਚੇ ਦੀਆਂ ਅੱਖਾਂ ਖੋਲ੍ਹਦੀ, ਨਬਜ਼ ਟੋਂਹਦੀ, ਧੜਕਣ ਚੈੱਕ ਕਰਦੀ ਉਸਦੀ ਮਾਂ ਵੱਲ ਵੀ ਇੱਕ ਦੋ ਵਾਰ ਵੇਖਦੀ। ਤੇ ਜਦੋਂ ਕਿਸੇ ਬੱਚੇ ਨੂੰ ਉਹ ਕੈਂਪ ਅੰਦਰ ਜਾਣ ਲਈ ਕਹਿੰਦੀ, ਉਸਦੀ ਮਾਂ ਨੂੰ ਵੀ ਦਿਲਾਸੇ ਭਰੀ ਤੱਕਣੀ ਨਾਲ ਵੇਖਦੀ, ਉਸ ਬੱਚੇ ਦੀ ਮਾਂ ਦੀਆਂ ਅੱਖਾਂ ‘ਚ ਚਮਕ ਤੇ ਖੁਸ਼ੀ ਵੇਖ ਕੇ ਉਹ ਆਪ ਵੀ ਸਾਰੀ ਦੀ ਸਾਰੀ ਸਰਸ਼ਾਰੀ ਜਾਂਦੀ। ਤੇ ਇੱਥੇ ਆਂ ਕੇ ਬੱਚਿਆਂ ਦੀ ਦੇਖ ਭਾਲ ਕਰਨ ਦਾ ਇਵਜ਼ਾਨਾ ਉਸਨੂੰ ਮਿਲ ਜਾਂਦਾ। ਸ਼ਾਇਦ ਇਹੋ ਜਹੇ ਹੀ ਕੁੱਝ ਕੁ ਪਲ ਹਨ ਜਿਹੜੇ ਉਸਨੂੰ ਇੱਥੇ ਨੂੜੀ ਬੈਠੇ ਸਨ, ਨਹੀਂ ਤਾਂ ਉਹ ਚਿਰਾਂ ਦੀ ਇਸ ਨਿਰਾਸ ਤੇ ਤਰਸਯੋਗ ਹਾਲਤ ਤੋਂ ਭੱਜ ਗਈ ਹੁੰਦੀ।
‘‘ਕੀ ਕਸੂਰ ਹੈ ਇਨ੍ਹਾਂ ਬੱਚਿਆਂ ਦਾ?‘‘ ਸਵਾਲ ਉਸਦੀ ਸੋਚ ਦੀ ਸਰਦਲ ਫੇਰ ਆਣ ਨੱਪਦਾ। ਉਹ ਲੁੱਚੀ ਸਿਆਸਤ ਤੇ ਖਿਝਦੀ। ਬਦਮਾਸ਼ ਸਿਆਸੀ ਢਾਂਚੇ ਨੂੰ ਨਫਰਤ ਨਾਲ ਦੁਰਕਾਰਦੀ। ਹਿਫ਼ਾਜ਼ਤ ਤੇ ਮਦਦ ਕਰਨ ਆਏ ਅਮਰੀਕੀ ਸਿਪਾਹੀਆਂ ਦੀਆਂ ਸੁਣੀਆਂ ਕਹਾਣੀਆਂ ਬਾਰੇ ਉਹ ਸੋਚਦੀ ਤਾਂ ਸਾਰੀ ਸਾਰੀ ਹਲੂਣੀ ਜਾਂਦੀ।
ਇਵੇਂ ਚੈੱਕ ਕਰਦੀ ਕਰਦੀ ਉਹ ਕਾਨੂੰ ਕੋਲ ਜਾ ਪਹੁੰਚਦੀ ਹੈ। ਕਾਨੂੰ ਇੱਕ ਵਾਰ ਪਹਿਲਾਂ ਵੀ ਆਇਆ ਉਸਨੇ ਮੋੜ ਦਿੱਤਾ ਸੀ ਕਿਉਂਕਿ ਉਸਦੇ ਬਾਬੇ ਨੇ ਉਸਦੀ ਉਮਰ ਦਸਾਂ ਸਾਲਾਂ ਤੋਂ ਉੱਪਰ ਦੱਸੀ ਸੀ ਤੇ ਇਹ ਕੈਂਪ ਦਸਾਂ ਸਾਲਾਂ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੀ। ਕਰੈਸਟੀਨਾ ਨੇ ਕਾਨੂੰ ਤੇ ਉਸਦੇ ਬਾਬੇ ਨੂੰ ਪਛਾਣ ਲਿਆ ਸੀ।
‘‘ਮੈਂ ਤੈਨੂੰ ਪਹਿਲਾਂ ਵੀ ਦਸਿਆ ਸੀ ਕਿ ਇਸਦੀ ਉਮਰ ਵੱਡੀ ਹੈ ਤੇ ਮੈਂ ਇਸ ਕੈਂਪ ‘ਚ ਇਸਨੂੰ ਦਾਖਲ ਨਹੀਂ ਕਰ ਸਕਦੀ। ਇਸਦੀ ਉਮਰ ਦੇ ਬੱਚਿਆਂ ਲਈ ਮੋਗਾਡਿਸ਼ੂ ਇੱਕ ਕੈਂਪ ਹੈ। ਇਸਨੂੰ ਉੱਥੇ ਲੈ ਜਾਹ।
‘‘ਮੈਨੂੰ ਇਸਦੀ ਉਮਰ ਦਾ ਭੁਲੇਖਾ ਲੱਗ ਗਿਆ ਸੀ। ਇਹ ਹਾਲੀ ਦਸਾਂ ਸਾਲਾਂ ਦਾ ਨਹੀਂ ਹੋਇਆ।” ਕਾਨੂੰ ਦੇ ਬਾਬੇ ਨੇ ਲੇਲ੍ਹੜੀ ਜਹੀ ਕੱਢੀ।
‘‘ਮਤਲਬ....ਉਸ ਦਿਨ ਤਾਂ ਤੂੰ ਕਹਿੰਦਾ ਸੀ ਕਿ ਇਹ ਦਸਾਂ ਤੋਂ ਉੱਪਰ ਹੈ?‘‘ ਕਰੈਸਟੀਨਾ ਨੇ ਗੁੱਸੇ ਜਿਹੇ ‘ਚ ਕਿਹਾ। ਉਸਨੂੰ ਲੱਗਾ ਕਿ ਇਹ ਬੁੱਢਾ ਕਾਨੂੰ ਨੂੰ ਇਸ ਕੈਂਪ ‘ਚ ਦਾਖਲ ਕਰਾਉਣ ਲਈ ਝੂਠ ਬੋਲ ਰਿਹਾ ਹੈ।
‘‘ਇਹ ਅਜੇ ਦਸਾਂ ਦਾ ਨਹੀਂ ਹੋਇਆ ।ਜਿਸ ਦਿਨ ਅਮਰੀਕਣ ਫੌਜੀ ਛੋਕਰੇ ਇਸਦੀ ਮਾਂ ਨੂੰ ਸੁੱਤਿਆਂ ਉਠਾਲ਼ ਲੈ ਗਏ ਸਨ ਉਦੋਂ ਤਾਂ ਇਹ ਮਸਾਂ ਸੱਤਾਂ ਸਾਲਾਂ ਦਾ ਸੀ। ਉਸ ਵਾਰਦਾਤ ਨੂੰ ਤਾਂ ਅਜੇ ਦੋ ਸਾਲ ਵੀ ਨਹੀਂ ਹੋਏ। ਉਹ ਆਪਣੀਆਂ ਵਰਦੀਆਂ ‘ਚ ਆਏ ਤੇ ਇਸਦੀ ਮਾਂ ਨੂੰ ਜ਼ਬਰਦਸਤੀ ਚੁੱਕ ਕੇ ਲੈ ਗਏ । ਮੇਰੇ ਪੁੱਤ ਨੇ ਜਦੋਂ ਉਨ੍ਹਾਂ ਦੀ ਇਸ ਹਰਕਤ ਦਾ ਵਿਰੋਧ ਕੀਤਾ ਤਾਂ ਉਸਨੂੰ ਵੀ ਨਾਲ ਹੀ ਲੈ ਗਏ ਸਨ। ਉਸਦੀ ਲਾਸ਼ ਤਾਂ ਸਾਨੂੰ ਸਾਡੇ ਪਿੰਡ ਦੀ ਹੱਦੋਂ ਅੰਦਰ ਹੀ ਮਿਲ ਗਈ ਸੀ। ਇਸਦੇ ਪਿਉ ਨੇ ਬੜਾ ਕਿਹਾ ਕਿ ਕਾਨੂੰ ਦੀ ਮਾਂ ਦਾ ਕੀ ਕਸੂਰ ਹੈ। ਜੇ ਮੇਰੇ ਤੇ ਕੋਈ ਸ਼ੱਕ ਹੈ ਤਾਂ ਮੈਨੂੰ ਲੈ ਚਲੋ, ਮੈਂ ਤਿਆਰ ਹਾਂ ਹਰ ਤਰ੍ਹਾਂ ਦੀ ਸਜ਼ਾ ਭੁਗਤਣ ਨੂੰ। ਇਸਦਾ ਕੀ ਕਸੂਰ ਹੈ?
‘‘ਇਸਦਾ ਵੀ ਕਸੂਰ ਹੈ। ਇੱਕ ਤਾਂ ਇਹ ਤੇਰੀ ਤੀਵੀਂ ਹੈ ਤੇ ਦੂਜਾ ਸੋਹਣੀ ਤੇ ਜੁਆਨ ਵੀ ਹੈ। ਸਾਨੂੰ ਛੇ ਮਹੀਨੇ ਹੋ ਗਏ ਅਮਰੀਕਾ ਤੋਂ ਆਇਆਂ। ਆਪਣੀਆਂ ਜਨਾਨੀਆਂ ਤੋਂ ਬਿਨਾ ਰਹਿੰਦਿਆਂ। ਤੁਹਾਡੀ ਮਦਦ ਕਰਦਿਆਂ। ਤੁਹਾਨੂੰ ਤੁਹਾਡੇ ਹੀ ਭਰਾਵਾਂ ਦੀਆਂ ਗੋਲੀਆਂ ਤੋਂ ਬਚਾਉਂਦਿਆਂ। ਤੁਹਾਨੂੰ ਵੀ ਸਾਡੀ ਕੋਈ ਸੇਵਾ ਕਰਨੀ ਚਾਹੀਦੀ ਹੀ ਹੈ ।”
‘‘ਅਸੀਂ ਸਮਝ ਗਏ ਸਾਂ ਕਿ ਉਸਦਾ ਕੀ ਹਸ਼ਰ ਹੋਣਾ ਹੈ। ਮੇਰੇ ਪੁੱਤ ਨੇ ਉਸਨੂੰ ਉਨ੍ਹਾਂ ਤੋਂ ਬਚਾਉਣ ਦੀ ਕੋਸ਼ਸ਼ ਕੀਤੀ ਤਾਂ ਉਹ ਇੱਕ ਕਾਰਤੂਸ ‘ਚ ਸਿਮਟ ਕੇ ਰਹਿ ਗਿਆ। ਉਹ ਫੇਰ ਨਹੀਂ ਪਰਤੀ। ਉਹ ਬੜੀ ਅਣਖੀ ਕੁੜੀ ਸੀ। ਪਤਾ ਨਹੀਂ ਉਹ ਕਿਸ ਖੂਹ-ਖਾਤੇ ਪਈ ਹੋਵੇਗੀ। ਪਰ ਅਸੀ ਉਡਦੀ-ਉਡਦੀ ਖ਼ਬਰ ਸੁਣੀ ਸੀ ਕਿ ਉਨ੍ਹਾਂ ਅਮਰੀਕਣਾਂ ‘ਚੋ ਇੱਕ ਵੀ ਉਸਦੀ ਜੁਆਨੀ ਨੂੰ ਨਹੀਂ ਸੀ ਮਾਣ ਸਕਿਆ। ਮੈਥੋਂ ਕਾਨੂੰ ਦੀ ਉਮਰ ਦੱਸਣ ‘ਚ ਉਸ ਦਿਨ ਗ਼ਲਤੀ ਹੋ ਗਈ ਸੀ।
ਕਰੈਸਟੀਨਾ ਸਾਰਾ ਕੁੱਝ ਇੱਕ ਬੁੱਤ ਬਣੀ ਸੁਣਦੀ ਰਹੀ ਸੀ । ਉਸਨੂੰ ਲੱਗਾ ਕਿ ਅਮਰੀਕਣ ਫੌਜੀਆਂ ਨੇ ਕਾਨੂੰ ਦੀ ਮਾਂ ਨੂੰ ਨਹੀਂ ਉਸਨੂੰ ਰੇਪ ਕੀਤਾ ਹੋਵੇ। ਇਨ੍ਹਾਂ ਹੀ ਬਦਲਾ ਲਊ ਖ਼ਿਆਲਾਂ ‘ਚ ਉਹ ਕਿੰਨਾ ਹੀ ਚਿਰ ਉੱਥੇ ਹੀ ਬਿਨਾ ਕੁੱਝ ਕਿਹਾਂ ਉਨ੍ਹਾਂ ਦੇ ਕੋਲ ਹੀ ਬੈਠੀ ਰਹੀ। ਫੇਰ ਜੇਰਾ ਇਕੱਠਾ ਕਰ ਉਸਨੇ ਕਾਨੂੰ ਨੂੰ ਚੈੱਕ ਕਰਨਾ ਸ਼ੁਰੂ ਕੀਤਾ। ਉਸਦੀ ਨਬਜ਼ ਟੋਹੀ। ਅੱਖਾਂ ਪੁੱਟ ਕੇ ਵੇਖੀਆਂ। ਕਾਨੂੰ ਨੇ ਵੀ ਪੂਰਾ ਜ਼ੋਰ ਲਾ ਕੇ ਆਪਣੀਆਂ ਅੱਖਾਂ ਖ੍ਹੋਲੀ ਰੱਖੀਆਂ।
ਕਰੈਸਟੀਨਾ ਇੱਕ ਵੇਰ ਫੇਰ ਕਾਨੂੰ ਨੂੰ ਗਹੁ ਨਾਲ ਵੇਖਦਿਆਂ ਇੱਕ ਡੂੰਘਾ ਹੌਕਾ ਭਰਿਆ।
‘‘ਬਹੁਤ ਦੇਰ ਹੋ ਗਈ ਹੈ । ਕਹਿੰਦਿਆਂ ਕਰੈਸਟੀਨਾ ਜਿਉਂ ਹੀ ਉਨ੍ਹਾਂ ਕੋਲੋਂ ਉੱਠ ਕੇ ਜਾਣ ਲੱਗੀ ਤਾਂ ਕਾਨੂੰ ਨੇ ਉਦਾਸ ਮਿਟ ਮਿਟ ਜਾਂਦੀਆਂ ਨਜ਼ਰਾਂ ਨਾਲ ਉਸ ਵੱਲ ਵੇਖਿਆ ਤੇ ਉਸਦੇ ਚਿੱਟੇ ਕੋਟ ਦੀ ਇੱਕ ਕੰਨੀ ਆਪਣੇ ਹੱਥ ‘ਚ ਘੁੱਟ ਲਈ।
ਤੇ ਅੱਖਾਂ ਮੀਟ ਲਈਆਂ।
ਅੱਖਾਂ....ਜਿਹੜੀਆਂ ਮੁੜ ਕੇ ਫੇਰ ਕਦੀ ਨਾ ਖੁੱਲ੍ਹੀਆਂ।
ਸਾਹਾਂ ਦੀ ਭੁੱਬਲ ‘ਚ ਇੱਕ ਚਿਣਗ ਜਿਸ ਆਸ ਤੇ ਮੱਘਦੀ ਰਹੀ ਉਹ ਆਸ ਟੁੱਟਣ ਤੇ ਸੀਤ ਹੋ ਗਈ।
ਕਰੈਸਟੀਨਾ ਨੇ ਇੱਕ ਸਰਦ ਹੌਕਾ ਭਰਿਆ ਤੇ ਆਪਣੀਆਂ ਸਿੱਲ੍ਹੀਆਂ ਅੱਖਾਂ ਲੁਕੋਂਦੀ ਕਾਹਲੇ ਕਾਹਲੇ ਕਦਮੀ ਕੈਂਪ ਦਾ ਗੇਟ ਲੰਘ ਗਈ।
4 comments:
Respected Dhaliwal saheb...main bahut ziada shukarguzaar haan uss dost di jinna ne eh kahani type kerke bheji te tuhadi jinna di kalam ne enni sohni kahani likhi. Bilull sahi naqsha khich ke rakh ditta tussi African lokan da shoshan kardey lokan da...meriyaan bahut kaurhiaan yaadan taza hoyeaan iss kahani naal...mann ch tees utthi...
ਮੋਗਾਡਿਸ਼ੂ ਤੋਂ ਵੀਹ ਕੁ ਮੀਲ ਤੇ ਇਸ ਚੌਰਾਹੇ ਤੇ ਹੀ ਉਨ੍ਹਾਂ ਦਾ ਪਿੰਡ ਹੁੰਦਾ ਸੀ। ਹੁਣ ਸਿਵਾਏ ਬੱਚਿਆਂ ਦੇ ਇਸ ਕੈਂਪ ਤੋਂ ਹੋਰ ਕੁੱਝ ਨਹੀਂ ਹੈ। ਖ਼ਾਨਾਜੰਗੀ ਨੇ ਇੱਥੇ ਵਸਦੇ ਪਿੰਡ ਦਾ ਨਾਮੋ–ਨਿਸ਼ਾਨ ਵੀ ਨਹੀਂ ਛੱਡਿਆ। ਤਬਾਹੀ ਮਚਾ ਦਿੱਤੀ ਹੈ। ਘਰਾਂ ਦੇ ਘਰ ਖ਼ਾਲੀ ਹੋ ਗਏ। ਸੋਕੇ ਮਾਰੀਆਂ ਬਚੀਆਂ ਫ਼ਸਲਾਂ ਵੀ ਅੱਗ ਦੀ ਭੇਂਟ ਚੜ੍ਹ ਗਈਆਂ। ਚਾਰਾ ਨਾ ਮਿਲਣ ਤੇ ਮਰੇ ਪਸ਼ੂਆਂ ਦੇ ਕਰੰਗਾਂ ਤੇ ਗਿਰਜਾਂ ਰੋਜ਼ ਫੀਸਟ ਕਰਦੀਆਂ ਤੇ ਰੱਜ-ਪੁੱਜ ਕੇ ਲਟਬੌਰੀਆਂ ਹੋਈਆਂ ਅੰਬਰ ਦੀ ਛਾਤੀ ‘ਚ ਮੋਰੀਆਂ ਕਰਦੀਆਂ ਰਹਿੰਦੀਆਂ।
Apne aap nu civilized kahaun wale lok...ohna da culture, boli,customs sabh khatam kar dena chahundey ne...bahut changa keeta ke tussi iss dard nu mehsooseya te kahani da roop ditta.
‘‘ਤੁਹਾਨੂੰ ਸ਼ਰਮ ਨਹੀਂ ਆਉਂਦੀ, ਬਾਹਰ ਭੁੱਖ ਤੇ ਬੀਮਾਰੀ ਨਾਲ ਮਰ ਰਹੀਆਂ ਭੋਰਾ-ਭੋਰਾ ਜਾਨਾਂ ਤੇ ਵੀ ਤਰਸ ਨਹੀਂ ਆਉਂਦਾ। ਉਨ੍ਹਾਂ ਦੀਆਂ ਅੱਖਾਂ ‘ਚ ਝਾਕਿਆ ਹੈ ਕਦੀ? ਉਨ੍ਹਾਂ ਦੀਆਂ ਮਾਵਾਂ ਦੀ ਬੇਬਸੀ ਤੇ ਆਪਣੇ ਢਿੱਡ ਦੀਆਂ ਆਦਰਾਂ ਲਈ ਵਿਲਕ ਮਹਿਸੂਸੀ ਹੈ ਕਦੀ? ਤੁਸੀਂ ਆਪਣੇ ਢਿੱਡ ਵਧਾਈ ਫਿਰੇ ਹੋ। ਤੁਹਾਡੇ ਤੇ ਤਾਂ ਇਸ ਕਾਲ ਦਾ, ਇਸ ਭਿਆਂਨਕ ਖਾਨਾਜੰਗੀ ਦਾ ਕੋਈ ਅਸਰ ਨਹੀਂ ਹੋਇਆ ਲੱਗਦਾ। ਕਰੈਸਟੀਨਾ ਲੋਹੀ-ਲਾਖੀ ਹੋਈ ਉਨ੍ਹਾਂ ਤੇ ਵਰ੍ਹ ਪੈਂਦੀ ਹੈ।
ਉਹ ਕਈ ਵਾਰ ਇੱਥੋਂ ਭੱਜ ਜਾਣ ਲਈ ਵੀ ਸੋਚ ਲੈਂਦੀ। ਉਸਨੂੰ ਆਪਣੀ ਬੇਬਸੀ ਤੇ ਕਰੋਧ ਆਉਂਦਾ। ਉਹ ਹੌਂਸਲਾ ਹਾਰ ਬਹਿੰਦੀ। ਪਰ ਫੇਰ ਪਤਾ ਨਹੀਂ ਕਿਹੜੀ ਅਣਦਿੱਖ ਸ਼ਕਤੀ ਉਸਦੇ ਪੈਰਾਂ ‘ਚ ਬੇੜੀਆਂ ਨੂੜ ਦੇਂਦੀ। ਉਸਦੇ ਲਿੱਸੇ ਹੋਏ ਵਿਸ਼ਵਾਸ ਲਈ ਵੰਗਾਰ ਬਣ ਜਾਂਦੀ।
----
‘‘ਕੀ ਏਸੇ ਲਈ ਕੀਤਾ ਸੀ ਨਰਸਿੰਗ ਦਾ ਕੋਰਸ ਕਿ ਜਦੋਂ ਕਿਸੇ ਔਕੜ ਨਾਲ ਸਿੱਝਣਾ ਪਵੇ ਤੇ ਹਾਰ ਕੇ ਭੱਜ ਜਾਵੇਂ? ਕੀ ਏਸੇ ਲਈ ਸੀ ਆਈ ਸੁਮਾਲੀਆ ‘ਚ ਕਿ ਤਕਲੀਫਾਂ ਤੋਂ, ਥੁੜਾਂ ਤੋਂ ਪਿੱਛਾ ਛਡਾਉਣ ਲਈ ਉਨ੍ਹਾਂ ਦਾ ਡੱਟ ਕੇ ਸਾਹਮਣਾ ਕਰਨ ਦੀ ਬਜਾਏ ਸਿਰ ਲਕੋ ਕੇ ਭੱਜ ਜਾਂਏ?
---
ਉਸਨੂੰ ਇੱਥੇ ਇਸ ਕੈਂਪ ‘ਚ ਆ ਕੇ ਹੀ ਅਹਿਸਾਸ ਹੋਇਆ ਸੀ ਕਿ ਮੌਤ ਜ਼ਿੰਦਗੀ ਦੇ ਕਿੰਨੀ ਨੇੜੇ ਹੈ।
ਜ਼ਿੰਦਗੀ....ਮੌਤ
ਮੌਤ....ਜ਼ਿੰਦਗੀ
ਕਿੰਨੀਆਂ ਕੋਲ਼-ਕੋਲ਼ ਹਨ।
ਤੇ ਕਿੰਨੀਆਂ ਦੂਰ-ਦੂਰ ਵੀ।
Leadershahi da hi tan sabh kasoor hai..bhugat aam lok rahey ne
‘‘ਕੀ ਕਸੂਰ ਹੈ ਇਨ੍ਹਾਂ ਬੱਚਿਆਂ ਦਾ?‘‘ ਸਵਾਲ ਉਸਦੀ ਸੋਚ ਦੀ ਸਰਦਲ ਫੇਰ ਆਣ ਨੱਪਦਾ। ਉਹ ਲੁੱਚੀ ਸਿਆਸਤ ਤੇ ਖਿਝਦੀ।
‘‘ਇਸਦਾ ਵੀ ਕਸੂਰ ਹੈ। ਇੱਕ ਤਾਂ ਇਹ ਤੇਰੀ ਤੀਵੀਂ ਹੈ ਤੇ ਦੂਜਾ ਸੋਹਣੀ ਤੇ ਜੁਆਨ ਵੀ ਹੈ। ਸਾਨੂੰ ਛੇ ਮਹੀਨੇ ਹੋ ਗਏ ਅਮਰੀਕਾ ਤੋਂ ਆਇਆਂ। ਆਪਣੀਆਂ ਜਨਾਨੀਆਂ ਤੋਂ ਬਿਨਾ ਰਹਿੰਦਿਆਂ। ਤੁਹਾਡੀ ਮਦਦ ਕਰਦਿਆਂ। ਤੁਹਾਨੂੰ ਤੁਹਾਡੇ ਹੀ ਭਰਾਵਾਂ ਦੀਆਂ ਗੋਲੀਆਂ ਤੋਂ ਬਚਾਉਂਦਿਆਂ। ਤੁਹਾਨੂੰ ਵੀ ਸਾਡੀ ਕੋਈ ਸੇਵਾ ਕਰਨੀ ਚਾਹੀਦੀ ਹੀ ਹੈ ।”
‘‘ਅਸੀਂ ਸਮਝ ਗਏ ਸਾਂ ਕਿ ਉਸਦਾ ਕੀ ਹਸ਼ਰ ਹੋਣਾ ਹੈ। ਮੇਰੇ ਪੁੱਤ ਨੇ ਉਸਨੂੰ ਉਨ੍ਹਾਂ ਤੋਂ ਬਚਾਉਣ ਦੀ ਕੋਸ਼ਸ਼ ਕੀਤੀ ਤਾਂ ਉਹ ਇੱਕ ਕਾਰਤੂਸ ‘ਚ ਸਿਮਟ ਕੇ ਰਹਿ ਗਿਆ। ਉਹ ਫੇਰ ਨਹੀਂ ਪਰਤੀ। ਉਹ ਬੜੀ ਅਣਖੀ ਕੁੜੀ ਸੀ। ਪਤਾ ਨਹੀਂ ਉਹ ਕਿਸ ਖੂਹ-ਖਾਤੇ ਪਈ ਹੋਵੇਗੀ।
--
ਕਰੈਸਟੀਨਾ ਸਾਰਾ ਕੁੱਝ ਇੱਕ ਬੁੱਤ ਬਣੀ ਸੁਣਦੀ ਰਹੀ ਸੀ । ਉਸਨੂੰ ਲੱਗਾ ਕਿ ਅਮਰੀਕਣ ਫੌਜੀਆਂ ਨੇ ਕਾਨੂੰ ਦੀ ਮਾਂ ਨੂੰ ਨਹੀਂ ਉਸਨੂੰ ਰੇਪ ਕੀਤਾ ਹੋਵੇ।
Dhah nikal gayee kahani da end pardeyaam...
‘‘ਬਹੁਤ ਦੇਰ ਹੋ ਗਈ ਹੈ । ਕਹਿੰਦਿਆਂ ਕਰੈਸਟੀਨਾ ਜਿਉਂ ਹੀ ਉਨ੍ਹਾਂ ਕੋਲੋਂ ਉੱਠ ਕੇ ਜਾਣ ਲੱਗੀ ਤਾਂ ਕਾਨੂੰ ਨੇ ਉਦਾਸ ਮਿਟ ਮਿਟ ਜਾਂਦੀਆਂ ਨਜ਼ਰਾਂ ਨਾਲ ਉਸ ਵੱਲ ਵੇਖਿਆ ਤੇ ਉਸਦੇ ਚਿੱਟੇ ਕੋਟਦੀ ਇੱਕ ਕੰਨੀ ਆਪਣੇ ਹੱਥ ‘ਚ ਘੁੱਟ ਲਈ।
ਤੇ ਅੱਖਾਂ ਮੀਟ ਲਈਆਂ।
Pata ni kinne lok Africa visit karn jandey ne... Masai lokan naal photoaan kicha ke net te post karke...ohna nu Jungli, savage, illiterate aakh... bholey lokan da mazak udaundey dekhey hann.We need more missionaries to go there with pious heart and educate people in Africa.
Adab sehat
Tamanna
ਧਾਲੀਵਾਲ ਜੀ, ਤੁਹਾਡੀ ਕਹਾਣੀ ਪੜ੍ਹ ਕੇ ਮਨ ਬੜਾ ਖਰਾਬ ਹੋਇਆ, ਪਰ ਇਸ ਕਹਾਣੀ ਵਿਚਲੀ ਇੱਕ-ਇੱਕ ਗੱਲ ਸੱਚਾਈ ਤੇ ਅਧਾਰਿਤ ਹੈ। ਮੈਂ ਅਫ਼ਰੀਕਾ ਬਹੁਤ ਸਾਲ ਰਿਹਾ ਹਾਂ ਤੇ ਆਪਣੇ ਅੱਖੀਂ ਇਹ ਹਾਲ ਦੇਖਿਆ ਹੈ ਜੋ ਤੁਸੀਂ ਬਿਆਨ ਕੀਤਾ ਹੈ। ਸਮਝ 'ਚ ਨਹੀਂ ਆ ਰਿਹਾ ਕਿ ਸੋਹਣੀ ਕਹਾਣੀ ਲਿਖਣ ਤੇ ਮੁਬਾਰਕ ਦੇਵਾਂ ਕਿ ਉਨ੍ਹਾਂ ਲੋਕਾਂ ਲਈ ਅਫ਼ਸੋਸ ਪ੍ਰਗਟ ਕਰਾਂ!
ਆਦਰ ਨਾਲ਼
ਲਖਵੀਰ ਸਿੰਘ
ਯੂ.ਕੇ.
=========
Respected Lakhvir Singh ji..mail karke vichar dein layee shukriya. Site visit kardey rehna.
Tamanna
Tandeep ji
Please forward my regards to Mr. Dhaliwal for writing such a beautiful but heart rending story.
Gurdev Singh Vraich
USA.
========
Thank you , Sir. I appreciate you wrote this mail after visiting the site and reading this story.
Tamanna
ਤਮੰਨਾ ਜੀ
ਧਾਲੀਵਾਲ ਜੀ ਦੀ ਕਹਾਣੀ ਤੇ ਤੁਹਾਡੀ ਪੇਸ਼ਕਾਰੀ ਦੋਵੇਂ ਕਾਬਿਲ-ਏ-ਤਾਰੀਫ਼ ਹਨ! ਵਧਾਈਆਂ ਕਬੂਲ ਕਰੋ!
ਗੁਰਪ੍ਰੀਤ ਔਜਲਾ
ਆਸਟ੍ਰੇਲੀਆ
===========
Bahut bahut shukriya Gurpreet ji...hausla afzai layee.
Tamanna
Post a Comment