ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾTuesday, December 16, 2008

ਸੁਖਿੰਦਰ - ਨਜ਼ਮ

ਦੋਸਤੋ! ਮੈਨੂੰ ਇਹ ਗੱਲ ਸਾਂਝੀ ਕਰਦਿਆਂ ਵੀ ਬੜੀ ਖ਼ੁਸ਼ੀ ਹੋ ਰਹੀ ਹੈ ਕਿ ਕੈਨੇਡਾ ਵਸਦੇ ਉੱਘੇ ਲੇਖਕ ਸਤਿਕਾਰਤ ਸੁਖਿੰਦਰ ਜੀ ਨੇ ਆਪਣੀਆਂ ਬੇਹੱਦ ਖ਼ੂਬਸੂਰਤ ਨਜ਼ਮਾਂ ਭੇਜ ਕੇ ਆਰਸੀ ਤੇ ਪਹਿਲੀ ਹਾਜ਼ਰੀ ਲਵਾਈ ਹੈ। ਉਹਨਾਂ ਦੀਆਂ ਖ਼ੁਬਸੂਰਤ ਨਜ਼ਮਾਂ ਪੰਜਾਬੀ ਦੇ ਸਿਰਮੌਰ ਅਖ਼ਬਾਰਾਂ, ਰਸਾਲਿਆਂ ਤੇ ਵੈੱਬ-ਸਾਈਟਾਂ ਤੇ ਆਪਾਂ ਪੜ੍ਹਦੇ ਹੀ ਰਹਿੰਦੇ ਹਾਂ। ਉਹਨਾਂ ਦੀਆਂ ਨਜ਼ਮਾਂ ਵਿਚਲੀ ਵੱਖਰੀ ਭਾਸ਼ਾ-ਸ਼ੈਲੀ ਤੇ ਨਜ਼ਮਾਂ ਚ ਉਠਾਏ ਵਿਸ਼ਿਆਂ ਨੇ ਮੈਨੂੰ ਕਈ ਵਾਰ ਸੋਚਣ ਤੇ ਮਜਬੂਰ ਕੀਤਾ ਹੈ ਤੇ ਮੈਂ ਇਸ ਸਿੱਟੇ ਤੇ ਪਹੁੰਚੀ ਹਾਂ ਕਿ ਪ੍ਰੰਪਰਾਵਾਦੀ ਕਵਿਤਾ ਤੋਂ ਆਧੁਨਿਕ ਕਵਿਤਾ ਦਾ ਸਫ਼ਰ ਇੱਕ ਸਫ਼ਲ ਕ੍ਰਾਂਤੀਕਾਰੀ ਕਦਮ ਹੈ।

ਉਹਨਾਂ ਦੁਆਰਾ ਰਚਿਤ ਪੁਸਤਕਾਂ ਚ : ਬੁੱਢੇ ਘੋੜਿਆਂ ਦੀ ਆਤਮ ਕਥਾ, ਇਹ ਖ਼ਤ ਕਿਸਨੂੰ ਲਿਖਾਂ, ਗਲੋਬਲੀਕਰਨ ਕੁੱਤਿਆਂ ਬਾਰੇ ਕਵਿਤਾਵਾਂ, ਲੱਕੜ ਦੀਆਂ ਮੱਛੀਆਂ , ਪ੍ਰਦੂਸ਼ਿਤ ਹਵਾ ਨਾਲ਼ ਸੰਵਾਦ ਸਕਿਜ਼ੋਫਰੇਨੀਆ , ਸ਼ਹਿਰ ਧੁੰਦ ਤੇ ਰੌਸ਼ਨੀਆਂ, ਸ਼ਾਮਲ ਹਨ। । ਉਹ ਪੰਜਾਬੀ ਸਾਹਿਤ ਨੂੰ ਸਮਰਪਿਤ ਮੈਗਜ਼ੀਨ ਸੰਵਾਦ ਵੀ ਕੱਢਦੇ ਹਨ।

ਸੁਖਿੰਦਰ ਜੀ ਅੱਜ ਕੱਲ੍ਹ ਕੈਨੇਡੀਅਨ ਪੰਜਾਬੀ ਸਾਹਿਤਨਾਮ ਦੀ ਪੁਸਤਕ ਉੱਤੇ ਕੰਮ ਕਰ ਰਹੇ ਹਨ। ਇਸ ਪੁਸਤਕ ਵਿੱਚ ਕੈਨੇਡਾ ਦੇ ਨਾਮਵਰ 52 ਪੰਜਾਬੀ ਲੇਖਕਾਂ ਦੀਆਂ ਪ੍ਰਕਾਸਿ਼ਤ ਪੁਸਤਕਾਂ ਨੂੰ ਆਧਾਰ ਬਣਾ ਕੇ ਉਨ੍ਹਾਂ ਲੇਖਕਾਂ ਬਾਰੇ ਨਿਬੰਧ ਲਿਖ ਰਹੇ ਨੇ। ਕੈਨੇਡੀਅਨ ਪੰਜਾਬੀ ਸਾਹਿਤ ਬਾਰੇ ਇਹ ਪੁਸਤਕ ਅੰਗਰੇਜ਼ੀ ਵਿੱਚ ਵੀ ਛਪੇਗੀ ਅਤੇ ਜੁਲਾਈ 1, 2010ਨੂੰ ਕੈਨੇਡਾ ਡੇਅਉੱਤੇ ਕੈਨੇਡਾ ਵਿੱਚ ਰੀਲੀਜ਼ ਕੀਤੀ ਜਾਵੇਗੀ।

ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਸੁਖਿੰਦਰ ਜੀ ਨੂੰ ਆਰਸੀ ਦੀ ਅਦਬੀ ਮਹਿਫ਼ਲ ਚ ਜੀਅ ਆਇਆਂ ਨੂੰ ਆਖਦੀ ਹਾਂ। ਅੱਜ ਉਹਨਾਂ ਦੀਆਂ ਭੇਜੀਆਂ ਨਜ਼ਮਾਂ ਚੋਂ ਇੱਕ ਖ਼ੂਬਸੂਰਤ ਨਜ਼ਮ ਨੂੰ ਪੋਸਟ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਾਕੀ 'ਆਰਸੀ' ਦੇ ਖ਼ਜ਼ਾਨੇ ਚ ਸਾਂਭ ਲਈਆਂ ਗਈਆਂ ਹਨ ਤੇ ਆਉਂਣ ਵਾਲ਼ੇ ਦਿਨਾਂ ਚ ਸਾਂਝੀਆਂ ਕੀਤੀਆਂ ਜਾਣਗੀਆਂ। ਸੰਪਰਕ ਕਰਨ ਲਈ ਸੁਖਿੰਦਰ ਜੀ ਦਾ ਬੇਹੱਦ ਸ਼ੁਕਰੀਆ!

ਸਮੋਸਾ ਪਾਲਿਟਿਕਸ

ਨਜ਼ਮ

ਰਾਜਨੀਤੀ ਨੂੰ ਅਸੀਂ

ਅਖੰਡ ਪਾਠਾਂ, ਸਮੋਸਿਆਂ

ਅਤੇ ਔਰਿੰਜ ਜੂਸ ਤੱਕ

ਸੀਮਿਤ ਕਰਕੇ ਰੱਖ ਦਿੱਤਾ ਹੈ-

---

ਸੰਸਦ ਦਾ ਮੈਂਬਰ ਚੁਣੇ ਜਾਣ ਉੱਤੇ

ਅਸੀਂ...

ਮਹਿਜ਼,

ਇਸ ਕਰਕੇ ਹੀ

ਸੰਸਦ ਭਵਨ ਦੇ ਅੰਦਰ ਜਾਣ ਤੋਂ

ਇਨਕਾਰ ਕਰੀ ਜਾਂਦੇ ਹਾਂ

ਸਾਡੀ ਤਿੰਨ ਫੁੱਟੀ ਤਲਵਾਰ

ਸਾਡੇ ਨਾਲ, ਅੰਦਰ ਜਾਣ ਦੀ

ਇਜਾਜ਼ਤ ਕਿਉਂ ਨਹੀਂ?

ਇਹ ਸਮਝਣ ਤੋਂ ਅਸਮਰੱਥ ਕਿ

ਸੰਸਦ ਵਿੱਚ ਬੋਲਣ ਲਈ

ਜ਼ੁਬਾਨ ਦੀ ਲੋੜ ਪਵੇਗੀ

ਤਲਵਾਰ ਦੀ ਨਹੀਂ!

---

ਮੀਡੀਆ ਦੀ ਆਲੋਚਨਾ ਦਾ

ਨਿਤ ਨਿਸ਼ਾਨਾ ਬਣਨ ਦੇ

ਬਾਵਜੂਦ,

ਅਸੀਂ...

ਧਾਰਮਿਕ ਕੱਟੜਵਾਦ ਦੇ

ਰੰਗਾਂ ਚ ਰੰਗੇ

ਫ਼ਨੀਅਰ ਸੱਪਾਂ ਵਾਂਗ,

ਫਨ ਫੈਲਾ ਕੇ

ਦਹਾੜਨ ਵਿੱਚ ਹੀ

ਫ਼ਖਰ ਮਹਿਸੂਸ ਕਰਦੇ ਹਾਂ

----

ਇਹ ਸਮਝਣ ਤੋਂ ਕੋਰੇ ਕਿ

ਅਜੋਕੇ ਸਮਿਆਂ ਵਿੱਚ

ਰਾਜਨੀਤੀਵਾਨ ਬਣਨ ਲਈ

ਪਹਿਲਾਂ ਵਧੀਆ ਮਨੁੱਖ

ਬਣਨਾ ਪਵੇਗਾ

ਮੂੰਹਾਂ ਵਿੱਚ ਵਿਸ ਘੋਲ਼ਦੇ

ਫ਼ਨੀਅਰ ਸੱਪ ਨਹੀਂ!

---

ਸਾਡੀ ਚੇਤਨਾ ਵਿੱਚ

ਅੰਕਿਤ ਹੋ ਚੁੱਕੀ

ਪ੍ਰਿਯਾ ਨੇਤਾ ਬਨਣ ਦੀ ਪ੍ਰੀਭਾਸ਼ਾ

ਭੰਗ, ਚਰਸ, ਕਰੈਕ, ਕੁਕੇਨ ਦਾ

ਨਾਮੀ ਸਮਗਲਰ ਹੋਣਾ ਹੀ ਹੈ

ਇਹ ਮਹਿਸੂਸ ਕਰਨ ਤੋਂ

ਅਸਮਰੱਥ ਕਿ...

ਆਪਣੇ ਅਜਿਹੇ

ਕਾਰਨਾਮਿਆਂ ਸਦਕਾ

ਅਸੀਂ ਜਨ-ਸਮੂਹ ਦੀ

ਘੋਰ ਤਬਾਹੀ ਕਰ ਰਹੇ ਹੋਵਾਂਗੇ!

---

ਸਾਡਾ ਵਸ ਚੱਲੇ ਤਾਂ

ਅਸੀਂ...

ਜ਼ਿੰਦਗੀ ਨਾਲ ਸਬੰਧਤ

ਹਰ ਪਹਿਲੂ ਨੂੰ ਹੀ

ਭ੍ਰਿਸ਼ਟ ਰਾਜਨੀਤੀ ਦੀ

ਚਾਸ਼ਣੀ ਵਿੱਚ ਡੁਬੋ ਕੇ

ਸੱਪਾਂ ਦੀਆਂ ਖੁੱਡਾਂ

ਮਗਰਮੱਛਾਂ ਦੇ ਜਬਾੜਿਆਂ

ਰੰਡੀਆਂ ਦੇ ਚੁਬਾਰਿਆਂ

ਡਰੱਗ ਸਮਗਲਰਾਂ ਦੇ ਅੱਡਿਆਂ

ਬਲਾਤਕਾਰੀ ਬਾਬਿਆਂ ਦੇ ਡੇਰਿਆਂ

ਵਿੱਚ ਤਬਦੀਲ ਕਰ ਦੇਈਏ!

---

ਕਿੰਨਾ ਕੁਝ ਬਦਲ ਗਿਆ ਹੈ

ਪਰਾ-ਆਧੁਨਿਕ ਸਮਿਆਂ ਵਿੱਚ

ਰਾਜਨੀਤੀ ਦੇ ਸੰਕਲਪ ਨੂੰ

ਅਸੀਂ...

ਕਿਸ ਹੱਦ ਤੱਕ

ਸੀਮਿਤ ਕਰਕੇ ਰੱਖ ਦਿੱਤਾ ਹੈ?

3 comments:

ਤਨਦੀਪ 'ਤਮੰਨਾ' said...

Respected Sukhinder saheb..bahut hi changa laggey ake tuhadey vargey lekhak sahibaan Aarsi naal jurrh rahey hann. Tuhadi mail te rachnawa dekh ke bahut khushi hoyee.
Eh nazam bahut hi khoobsurat te bhaavpuran hai.
ਰਾਜਨੀਤੀ ਨੂੰ ਅਸੀਂ
ਅਖੰਡ ਪਾਠਾਂ, ਸਮੋਸਿਆਂ
ਅਤੇ ਔਰਿੰਜ ਜੂਸ ਤੱਕ
ਸੀਮਿਤ ਕਰਕੇ ਰੱਖ ਦਿੱਤਾ ਹੈ-
---
ਸੰਸਦ ਦਾ ਮੈਂਬਰ ਚੁਣੇ ਜਾਣ ਉੱਤੇ
ਅਸੀਂ...
ਮਹਿਜ਼,
ਇਸ ਕਰਕੇ ਹੀ
ਸੰਸਦ ਭਵਨ ਦੇ ਅੰਦਰ ਜਾਣ ਤੋਂ
ਇਨਕਾਰ ਕਰੀ ਜਾਂਦੇ ਹਾਂ
ਸਾਡੀ ਤਿੰਨ ਫੁੱਟੀ ਤਲਵਾਰ
ਸਾਡੇ ਨਾਲ, ਅੰਦਰ ਜਾਣ ਦੀ
ਇਜਾਜ਼ਤ ਕਿਉਂ ਨਹੀਂ?
ਇਹ ਸਮਝਣ ਤੋਂ ਅਸਮਰੱਥ ਕਿ
ਸੰਸਦ ਵਿੱਚ ਬੋਲਣ ਲਈ
ਜ਼ੁਬਾਨ ਦੀ ਲੋੜ ਪਵੇਗੀ
ਤਲਵਾਰ ਦੀ ਨਹੀਂ!

Sirf tussi hi likh sakdey si enney bold khayal..iss nazam ch...Parliament ch assin dharmik chinh ander lai ke jana te dimaag ghar chhadd auna chahuney aan..

ਇਹ ਸਮਝਣ ਤੋਂ ਕੋਰੇ ਕਿ
ਅਜੋਕੇ ਸਮਿਆਂ ਵਿੱਚ
ਰਾਜਨੀਤੀਵਾਨ ਬਣਨ ਲਈ
ਪਹਿਲਾਂ ਵਧੀਆ ਮਨੁੱਖ
ਬਣਨਾ ਪਵੇਗਾ
ਮੂੰਹਾਂ ਵਿੱਚ ਵਿਸ ਘੋਲ਼ਦੇ
ਫ਼ਨੀਅਰ ਸੱਪ ਨਹੀਂ!
---
ਸਾਡਾ ਵਸ ਚੱਲੇ ਤਾਂ
ਅਸੀਂ...
ਜ਼ਿੰਦਗੀ ਨਾਲ ਸਬੰਧਤ
ਹਰ ਪਹਿਲੂ ਨੂੰ ਹੀ
ਭ੍ਰਿਸ਼ਟ ਰਾਜਨੀਤੀ ਦੀ
ਚਾਸ਼ਣੀ ਵਿੱਚ ਡੁਬੋ ਕੇ
ਸੱਪਾਂ ਦੀਆਂ ਖੁੱਡਾਂ
ਮਗਰਮੱਛਾਂ ਦੇ ਜਬਾੜਿਆਂ
ਰੰਡੀਆਂ ਦੇ ਚੁਬਾਰਿਆਂ
ਡਰੱਗ ਸਮਗਲਰਾਂ ਦੇ ਅੱਡਿਆਂ
ਬਲਾਤਕਾਰੀ ਬਾਬਿਆਂ ਦੇ ਡੇਰਿਆਂ
ਵਿੱਚ ਤਬਦੀਲ ਕਰ ਦੇਈਏ!

Bahut kraari chot hai. I hope people learn to keep religion n politics separate.

Enni oshni nazam likhan te mubarakbaad kabool karo. Shirqat kardey rehna.

Adab sehat
Tamanna

Gagan said...

badi changi nazam hai Sukhinder sa'ab....sohne khayaalaant nun arth-bharpoor shabdaan vich paro sakan layi tuhaanu dili mubaarakbaad

ਤਨਦੀਪ 'ਤਮੰਨਾ' said...

ਸੁਖਿੰਦਰ ਜੀ ਦੀ ਕਵਿਤਾ ਵੀ ਗਹਿਰਾ ਪ੍ਰਭਾਵ ਛੱਡਣ ਵਾਲ਼ੀ ਹੈ।
ਸਾਡਾ ਵਸ ਚੱਲੇ ਤਾਂ

ਅਸੀਂ...

ਜ਼ਿੰਦਗੀ ਨਾਲ ਸਬੰਧਤ

ਹਰ ਪਹਿਲੂ ਨੂੰ ਹੀ

ਭ੍ਰਿਸ਼ਟ ਰਾਜਨੀਤੀ ਦੀ

ਚਾਸ਼ਣੀ ਵਿੱਚ ਡੁਬੋ ਕੇ

ਸੱਪਾਂ ਦੀਆਂ ਖੁੱਡਾਂ

ਮਗਰਮੱਛਾਂ ਦੇ ਜਬਾੜਿਆਂ

ਰੰਡੀਆਂ ਦੇ ਚੁਬਾਰਿਆਂ

ਡਰੱਗ ਸਮਗਲਰਾਂ ਦੇ ਅੱਡਿਆਂ

ਬਲਾਤਕਾਰੀ ਬਾਬਿਆਂ ਦੇ ਡੇਰਿਆਂ

ਵਿੱਚ ਤਬਦੀਲ ਕਰ ਦੇਈਏ!

ਬਹੁਤ ਹੀ ਵਧੀਆ! ਮੁਬਾਰਕਾਂ!

ਜਗਤਾਰ ਸਿੰਘ ਬਰਾੜ
ਕੈਨੇਡਾ
======
ਸ਼ੁਕਰੀਆ ਅੰਕਲ ਜੀ!
ਤਮੰਨਾ