ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾMonday, December 22, 2008

ਅਸ਼ਰਫ਼ ਗਿੱਲ - ਗ਼ਜ਼ਲ

ਦੋਸਤੋ! ਮੈਨੂੰ ਇਹ ਗੱਲ ਸਾਂਝੀ ਕਰਦਿਆਂ ਵੀ ਬੇਹੱਦ ਖ਼ੁਸ਼ੀ ਹੋ ਰਹੀ ਹੈ ਕਿ ਕੈਲੇਫੋਰਨੀਆ ਨਿਵਾਸੀ ਉੱਘੇ ਗ਼ਜ਼ਲਗੋ, ਗੀਤਕਾਰ, ਸੰਗੀਤਕਾਰ ਤੇ ਗਾਇਕ ਸਤਿਕਾਰਤ ਅਸ਼ਰਫ਼ ਗਿੱਲ ਜੀ ਨੇ ਆਪਣੀਆਂ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਆਰਸੀ ਲਈ ਭੇਜੀਆਂ ਹਨ। ਉਹਨਾਂ ਦੀਆਂ ਲਿਖਤਾਂ ਪੰਜਾਬੀ ਦੇ ਸਿਰਮੌਰ ਅਖ਼ਬਾਰਾਂ, ਰਸਾਲਿਆਂ ਚ ਛਪਦੀਆਂ ਹੀ ਰਹਿੰਦੀਆਂ ਹਨ। ਗੁੱਜਰਾਂਵਾਲ਼ਾ ਜ਼ਿਲੇ ( ਪਾਕਿਸਤਾਨ) ਚ ਅਪਰੈਲ , 1940 ਨੂੰ ਜਨਮੇ ਗਿੱਲ ਸਾਹਿਬ 1982 ਤੋਂ ਅਮਰੀਕਾ ਚ ਪਰਿਵਾਰ ਸਹਿਤ ਨਿਵਾਸ ਕਰ ਰਹੇ ਹਨ।

ਉਹਨਾਂ ਦੁਆਰਾ ਰਚਿਤ ਪੁਸਤਕਾਂ ਚ : ਗ਼ਜ਼ਲ-ਸੰਗ੍ਰਹਿ: ਕੁਰਲਾਂਦੀ ਤਾਨ ( ਪੰਜਾਬੀ ਗ਼ਜ਼ਲਾਂ ਉਰਦੂ ਤੇ ਪੰਜਾਬੀ ਚ) ਵਫ਼ਾ ਕਿਉਂ ਨਹੀਂ ਮਿਲਤੀ ( ਉਰਦੂ ਗ਼ਜ਼ਲਾਂ), ਜੀਵਨ ਰੁੱਤ ਕੰਡਿਆਲ਼ੀ ( ਪੰਜਾਬੀ ਗ਼ਜ਼ਲਾਂ), ਚਲੋ ਇਕ ਸਾਥ ਚਲਤੇ ਹੈਂ (ਉਰਦੂ ਗ਼ਜ਼ਲਾਂ), ਤੋਲਵੇਂ ਬੋਲ ( ਪੰਜਾਬੀ ਗ਼ਜ਼ਲਾਂ ਗੁਰਮੁਖੀ), ਸਾਜ਼ੋ-ਸੋਜ਼ੇ-ਸੁਖਨ ( ਉਰਦੂ ਗ਼ਜ਼ਲਾਂ ਗੁਰਮੁਖੀ), ਤਿੰਨ ਪੁਸਤਕਾਂ ਛਪਾਈ ਅਧੀਨ: ਅੰਗਰੇਜ਼ੀ ਚ ਅਨਵਾਦਤ ਗ਼ਜ਼ਲਾਂ, ਹਿੰਦੀ ਚ ਅਨੁਵਾਦਤ ਉਰਦੂ ਗ਼ਜ਼ਲਾਂ, ਵੁਹ ਮਿਲਾ ਕੇ ਹਾਥ ਜੁਦਾ ਹੂਆ (ਉਰਦੂ ਗ਼ਜ਼ਲਾਂ) ਸ਼ਾਮਲ ਹਨ।

ਸਾਹਿਤਕ ਤੌਰ ਤੇ ਸਰਗਰਮ ਗਿੱਲ ਸਾਹਿਬ ਬਹੁਤ ਸਾਹਿਤ ਸਭਾਵਾਂ ਨਾਲ਼ ਸਬੰਧਿਤ ਰਹੇ ਹਨ ਤੇ ਕਈ ਇਨਾਮਾਂ, ਜਿਨ੍ਹਾਂ ਚੋਂ : ਗਗਨ ਪਾਕਿਸਤਾਨੀ ਸਾਹਿਤ ਸਭਾ ਕੈਲੇਫੋਰਨੀਆ, ਲਾਹੌਰ ਤੋਂ ਪੰਜਾਬੀ ਭਾਸ਼ਾ ਤੇ ਸਾਹਿਤ ਸੰਸਥਾ ਦਾ ਗ਼ਜ਼ਲ ਐਵਾਰਡ, ਪਾਕਿਸਤਾਨ ਸਹਿਤ ਅਕਾਦਮੀ ਤੋਂ ਸਾਹਿਤ ਮਿਲੇਨੀਅਮ ਐਵਾਰਡ, ਪਾਕਿਸਤਾਨ ਅਦਾਰਾ ਪੰਜਾਬੀ ਲਿਖਾਰੀਆਂ ਤੋਂ ਲਿਖਾਰੀ ਐਵਾਰਡ, ਲੁਧਿਆਣਾ ਪੰਜਾਬ ਤੋਂ ਪੰਜਾਬੀ ਸਾਹਿਤ ਅਕਾਦਮੀ ਐਵਾਰਡ ਤੇ ਹੋਰ ਬੇਸ਼ੁਮਾਰ ਇਨਾਮਾਂ ਨਾਲ਼ ਸਨਮਾਨੇ ਜਾ ਚੁੱਕੇ ਹਨ।

ਜਨਾਬ ਅਸ਼ਰਫ਼ ਗਿੱਲ ਸਾਹਿਬ ਇੱਕ ਬਹੁਤ ਵਧੀਆ ਗਾਇਕ ਵੀ ਹਨ। ਕੱਲ੍ਹ ਫੋਨ ਤੇ ਉਹਨਾਂ ਦੀ ਬੇਹੱਦ ਖ਼ੂਬਸੂਰਤ ਆਵਾਜ਼ ਸੁਣਨ ਦਾ ਮੌਕਾ ਮਿਲ਼ਿਆ। ਉਹਨਾਂ ਦੀ ਇੱਕ ਐਲਬਮ ਗ਼ੁਲਾਮ ਅਲੀ ਜੀ ਦੇ ਨਾਲ਼ ਆਪਕੀ ਕਸ਼ਿਸ਼( ਸ਼ਾਇਰ ਗਿੱਲ ਸਾਹਿਬ ਸਨ) ਆਈ ਸੀ ਤੇ ਦੂਸਰੀ ਗਾਇਕ ਦੇ ਤੌਰ ਤੇ ਜਲਦੀ ਹੀ ਰਿਲੀਜ਼ ਹੋ ਜਾਣ ਦੀ ਉਮੀਦ ਹੈ।

ਕੱਲ੍ਹ ਉਹਨਾਂ ਨੇ ਫੋਨ ਤੇ ਬਹੁਤ ਹੌਸਲਾ-ਅਫ਼ਜ਼ਾਈ ਕੀਤੀ ਹੈ ਅਤੇ ਸ਼ੁੱਭ-ਇੱਛਾਵਾਂ ਭੇਜੀਆਂ ਨੇ। ਮੈਂ ਉਹਨਾਂ ਦੀ ਤਹਿ-ਦਿਲੋਂ ਮਸ਼ਕੂਰ ਹਾਂ। ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਉਹਨਾਂ ਨੂੰ ਅਦਬੀ ਮਹਿਫ਼ਲ ਆਪਣੀ ਹਾਜ਼ਰੀ ਲਾਉਂਣ ਲਈ ਸ਼ੁਕਰੀਆ ਤੇ ਖ਼ੁਸ਼ਆਮਦੀਦ ਨੂੰ ਆਖਦੀ ਹਾਂ। ਅੱਜ ਉਹਨਾਂ ਦੀਆਂ ਰਚਨਾਵਾਂ ਚੋਂ ਦੋ ਖ਼ੂਬਸੂਰਤ ਗ਼ਜ਼ਲਾਂ ਆਰਸੀ ਚ ਸ਼ਾਮਿਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਗਿੱਲ ਸਾਹਿਬ ਦੀ ਸਾਈਟ ਦਾ ਲਿੰਕ ਵੀ ਲਿੰਕਾਂ ਤਹਿਤ ਪਾ ਦਿੱਤਾ ਗਿਆ ਹੈ, ਓਥੇ ਵੀ ਫੇਰੀ ਜ਼ਰੂਰ ਪਾਇਆ ਕਰੋ। ਗਿੱਲ ਸਾਹਿਬ ਨੂੰ ਸਾਈਟ ਦਾ ਲਿੰਕ ਸਤਿਕਾਰਤ ਲੇਖਕ ਸੁਖਿੰਦਰ ਜੀ ਨੇ ਭੇਜਿਆ, ਉਹਨਾਂ ਦਾ ਵੀ ਬੇਹੱਦ ਸ਼ੁਕਰੀਆ!

ਗ਼ਜ਼ਲ

ਬੂਹਾ ਬਾਰੀ ਖੋਲ੍ਹਣ ਤੇ ਹੀ, ਲੋਅ ਆਓਂਦੀ ਏ

ਵਰਨਾ ਓਸੇ ਹੀ ਘਰ ਅੰਦਰੋਂ, ਬੋ ਆਓਂਦੀ ਏ

----

ਲੋਕਾਂ ਦੀ ਸੂਰਤ, ਆਦਤ, ਜੇ ਕੋਲੋਂ ਵੇਖੋ,

ਓਹ ਨਈਂ ਹੁੰਦੀ, ਸਾਨੂੰ ਨਜ਼ਰੀਂ ਜੋ ਆਓਂਦੀ ਏ

----

ਮੰਦਾ ਕਰਕੇ, ਚੰਗੇ ਦੀ ਉੱਮੀਦ ਨਾ ਰੱਖੀਂ,

ਕੀਤੀ ਹੁੰਦੀ ਏ ਜੋ, ਅੱਗੇ ਸੋ ਆਓਂਦੀ ਏ

----

ਗੱਲਾਂ ਬਾਤਾਂ ਰਾਹੀਂ, ਮਹਿਕਾਂ ਵੰਡਣ ਚੰਗਾ,

ਕਲੀਆਂ ਜਾਂ ਮੂੰਹ ਖੋਲ੍ਹਣ, ਤੇ ਖੁਸ਼ਬੋ ਆਓਂਦੀ ਏ

----

ਯਾਦ ਕਈ ਸਜਣਾਂ ਦੀ, ਆਓਣੋਂ ਮੁੜਦੀ ਨਾਹੀਂ,

ਪੈਂਡਾ ਕਰਕੇ ਰੋਜ਼, ਹਜ਼ਾਰਾਂ ਕੋਹ ਆਓਂਦੀ ਏ

----

ਸ਼ੈਦ ਮੁਸੀਬਤ ਨਾਲ ਮੇਰੇ, ਹੈ ਮੰਗੀ ਹੋਈ,

ਮਗ਼ਰੇ ਮਗ਼ਰੇ ਜਿੱਥੇ ਵੀ ਜਾਓ, ਆਓਂਦੀ ਏ

----

ਆਵੇ ਜਦ ਵੀ ਯਾਦ ਤਿਰੀ, ਕੱਲੀ ਹੀ ਆਵੇ,

ਬਾਕੀ ਯਾਦਾਂ ਦੇ ਦਰਵਾਜ਼ੇ, ਢੋ ਆਓਂਦੀ ਏ

----

ਕੁਝ ਲੋਕਾਂ ਦੀ ਇੱਜ਼ਤ, ‘ਅਸ਼ਰਫ਼ਬਾਲਾਂ ਵਰਗੀ,

ਖਾਂਦੀ ਨਿਤ ਚਪੇੜਾਂ, ਫ਼ਿਰ ਮੂੰਹ ਧੋ ਆਓਂਦੀ ਏ

==================

ਗ਼ਜ਼ਲ

ਦਿਲ ਵਿਚ ਖ਼ਿਆਲ ਆਇਆ ਜਦ ਪਿਆਰ ਪਾਣ ਦਾ।

ਝਟਕਾ ਪਿਆ ਸਰੀਰ ਨੂੰ, ਯਾਰੀ ਨਿਭਾਣ ਦਾ।

----

ਯਾਰੀ ਦੇ ਅਸਲੀ ਨੋਟ ਵੀ, ਜਾਅਲੀ ਨਿਕਲ਼ ਪਏ,

ਤੰਗੀ ਚ ਆ ਗਿਆ ਜਦੋਂ, ਵੇਲ਼ਾ ਭੁਨਾਣ ਦਾ।

----

ਯਾਦਾਂ ਦੀ ਪੀੜ ਜ਼ਿਹਨ ਨੂੰ, ਏਨਾ ਨਪੀੜਿਆ,

ਕੁਝ ਹੋਸ਼ ਹੀ ਨਹੀਂ ਰਿਹਾ, ਤੈਨੂੰ ਭੁਲਾਣ ਦਾ।

----

ਦੇ ਦੇ ਤਸੀਹੇ ਆਸ਼ਕਾਂ ਨੂੰ, ਹਾਰਿਆ ਜਹਾਨ,

ਖੁਲ੍ਹਿਆ ਨਾ ਰਾਜ਼ ਫਿਰ ਵੀ, ਮੁਹੱਬਤ ਮੁਕਾਣ ਦਾ।

----

ਧਰਤੀ ਤੇ ਰੰਗ ਵੇਖ, ਬਦਲਦੇ ਜਹਾਨ ਦੇ,

ਫਟਦਾ ਜ਼ਰੂਰ ਹੋਣਾ ਏ, ਜਿਗਰ ਆਸਮਾਨ ਦਾ।

----

ਕੀਤਾ ਸੀ ਓਸ ਸਿਰਫ਼, ਸਖ਼ਾਵਤ ਦਾ ਫੈਸਲਾ,

ਦਾਅ ਲੱਗ ਗਿਆ ਮਿਰਾ, ਉਦ੍ਹੇ ਵੱਲ ਆਣ ਜਾਣ ਦਾ।

----

ਮੇਰੇ ਕਦਮ ਵਧੇ ਤਿਰੀ, ਦੁਨੀਆ ਦੇ ਵੱਲ ਬੜੇ,

ਘਟਿਆ ਸਫ਼ਰ ਦਿਲਾਂ ਦੇ ਨਹੀਂ, ਦਰਮਿਆਨ ਦਾ।

----

ਮੇਰੇ ਦਿਲੋ-ਦਿਮਾਗ ਨੂੰ ਉਸ, ਘਰ ਬਣਾ ਲਿਆ,

ਸੋਚਾਂ ਦੀ ਸ਼ਕਲ ਮਿਲ਼ ਰਹੀ ਏ, ਭਾੜਾ ਮਕਾਨ ਦਾ।

----

ਤੜ ਤੇ ਲਚਕ ਦਾ ਮੇਲ਼ ਨਹੀਂ, ਜਿਸ ਕਮਾਨ ਵਿਚ,

ਫੈਦਾ ਕੀ ਉਸ ਚ ਤੀਰ ਨੂੰ, ਚਿੱਲੇ ਚੜ੍ਹਾਣ ਦਾ।

----

ਹਮਦਰਦੀਆਂ ਦੀ ਲੋੜ ਨਹੀਂ ਗਿੱਲ ਨੂੰ ਹੁਣ ਰਹੀ,

ਕੀ ਫ਼ਾਇਦਾ ਕਿਸੇ ਨੂੰ ਸੁਣਨ ਦਾ ਸੁਨਾਣ ਦਾ।


4 comments:

ਤਨਦੀਪ 'ਤਮੰਨਾ' said...

ਸਤਿਕਾਰਤ ਅਸ਼ਰਫ਼ ਗਿੱਲ ਸਾਹਿਬ! ਬਹੁਤ ਹੀ ਖ਼ੂਬਸੂਰਤ ਗ਼ਜ਼ਲਾਂ ਨਾਲ਼ ਤੁਸੀਂ ਸ਼ਿਰਕਤ ਕੀਤੀ ਹੈ..ਹੋਰ ਵੀ ਤੁਹਾਡੀਆਂ ਲਿਖੀਆਂ ਗ਼ਜ਼ਲਾਂ ਮੈਨੂੰ ਬੇਹੱਦ ਪਸੰਦ ਆਈਆਂ...ਖ਼ਾਸ ਤੌਰ ਤੇ ਇਹ ਸ਼ਿਅਰ:
ਬੂਹਾ ਬਾਰੀ ਖੋਲ੍ਹਣ ਤੇ ਹੀ, ਲੋਅ ਆਓਂਦੀ ਏ।
ਵਰਨਾ ਓਸੇ ਹੀ ਘਰ ਅੰਦਰੋਂ, ਬੋ ਆਓਂਦੀ ਏ।
---
ਯਾਦ ਕਈ ਸਜਣਾਂ ਦੀ, ਆਓਣੋਂ ਮੁੜਦੀ ਨਾਹੀਂ,
ਪੈਂਡਾ ਕਰਕੇ ਰੋਜ਼, ਹਜ਼ਾਰਾਂ ਕੋਹ ਆਓਂਦੀ ਏ।
----
ਕੁਝ ਲੋਕਾਂ ਦੀ ਇੱਜ਼ਤ, ‘ਅਸ਼ਰਫ਼’ ਬਾਲਾਂ ਵਰਗੀ,
ਖਾਂਦੀ ਨਿਤ ਚਪੇੜਾਂ, ਫ਼ਿਰ ਮੂੰਹ ਧੋ ਆਓਂਦੀ ਏ।
ਕਮਾਲ ਦੇ ਸ਼ਿਅਰ ਨੇ!
====
ਯਾਰੀ ਦੇ ਅਸਲੀ ਨੋਟ ਵੀ, ਜਾਅਲੀ ਨਿਕਲ਼ ਪਏ,
ਤੰਗੀ ‘ਚ ਆ ਗਿਆ ਜਦੋਂ, ਵੇਲ਼ਾ ਭੁਨਾਣ ਦਾ।
ਬਹੁਤ ਖ਼ੂਬ!
ਮੇਰੇ ਕਦਮ ਵਧੇ ਤਿਰੀ, ਦੁਨੀਆ ਦੇ ਵੱਲ ਬੜੇ,
ਘਟਿਆ ਸਫ਼ਰ ਦਿਲਾਂ ਦੇ ਨਹੀਂ, ਦਰਮਿਆਨ ਦਾ।
---
ਤੜ ਤੇ ਲਚਕ ਦਾ ਮੇਲ਼ ਨਹੀਂ, ਜਿਸ ਕਮਾਨ ਵਿਚ,
ਫੈਦਾ ਕੀ ਉਸ ‘ਚ ਤੀਰ ਨੂੰ, ਚਿੱਲੇ ਚੜ੍ਹਾਣ ਦਾ।
ਬਹੁਤ ਹੀ ਖ਼ੂਬਸੂਰਤ ਨੇ ਇਹ ਸਾਰੇ ਸ਼ਿਅਰ..ਮੁਬਾਰਕਬਾਦ ਕਬੂਲ ਕਰੋ! ਆਪਣੀਆਂ ਸੋਹਣੀਆਂ ਲਿਖਤਾਂ ਨਾਲ਼ ਨਿਵਾਜਦੇ ਰਹਿਣਾ!
ਅਸਬ ਸਹਿਤ
ਤਮੰਨਾ

ਤਨਦੀਪ 'ਤਮੰਨਾ' said...

ਤਮੰਨਾ ਜੀ ਲਹਿੰਦੇ ਪੰਜਾਬ ਦੇ ਸਾਹਿਤ ਨਾਲ਼ ਸਾਂਝ ਪਵਾ ਕੇ ਆਰਸੀ ਨੂੰ ਨਵੀਆਂ ਦਿਸ਼ਾਵਾ ਪ੍ਰਦਾਨ ਕਰ ਰਹੇ ਹੋ! ਅਸ਼ਰਫ਼ ਗਿੱਲ ਜੀ ਦੀਆਂ ਦੋਵੇਂ ਗ਼ਜ਼ਲਾਂ ਬਹੁਤ ਵਧੀਆਂ ਹਨ।
ਬੂਹਾ ਬਾਰੀ ਖੋਲ੍ਹਣ ਤੇ ਹੀ, ਲੋਅ ਆਓਂਦੀ ਏ।
ਵਰਨਾ ਓਸੇ ਹੀ ਘਰ ਅੰਦਰੋਂ, ਬੋ ਆਓਂਦੀ ਏ।
====
ਧਰਤੀ ਤੇ ਰੰਗ ਵੇਖ, ਬਦਲਦੇ ਜਹਾਨ ਦੇ,
ਫਟਦਾ ਜ਼ਰੂਰ ਹੋਣਾ ਏ, ਜਿਗਰ ਆਸਮਾਨ ਦਾ।
----
ਕੀਤਾ ਸੀ ਓਸ ਸਿਰਫ਼, ਸਖ਼ਾਵਤ ਦਾ ਫੈਸਲਾ,
ਦਾਅ ਲੱਗ ਗਿਆ ਮਿਰਾ, ਉਦ੍ਹੇ ਵੱਲ ਆਣ ਜਾਣ ਦਾ।
ਉਹਨਾਂ ਨੂੰ ਮੇਰੇ ਵੱਲੋਂ ਮੁਬਾਰਕਾਂ।
ਜਸਵਿੰਦਰ ਗਿੱਲ
ਹਰਿਆਣਾ
ਇੰਡੀਆ
=========
ਬਹੁਤ-ਬਹੁਤ ਸ਼ੁਕਰੀਆ ਗੱਲ ਸਾਹਿਬ!
ਤਮੰਨਾ

ਤਨਦੀਪ 'ਤਮੰਨਾ' said...

ਅਸ਼ਰਫ਼ ਗਿੱਲ ਜੀ ਨੂੰ ਆਰਸੀ ਤੇ 'ਜੀ ਆਇਆਂ'। ਦੋਵੇਂ ਗ਼ਜ਼ਲਾਂ ਚੰਗੀਆਂ ਲੱਗੀਆਂ। ਇਹਨਾਂ ਦੀ ਸਾਈਟ ਦੀ ਜਾਣਕਾਰੀ ਪਾਉਂਣ ਲਈ ਵੀ ਸ਼ੁਕਰੀਆ।
ਯਾਰੀ ਦੇ ਅਸਲੀ ਨੋਟ ਵੀ, ਜਾਅਲੀ ਨਿਕਲ਼ ਪਏ,
ਤੰਗੀ ‘ਚ ਆ ਗਿਆ ਜਦੋਂ, ਵੇਲ਼ਾ ਭੁਨਾਣ ਦਾ।
ਬਹੁਤ ਸੋਹਣਾ ਸ਼ਿਅਰ ਹੈ।

ਕੁਲਜਿੰਦਰ ਕੌਰ
ਇੰਡੀਆ
=========
ਸ਼ੁਕਰੀਆ ਕੁਲਜਿੰਦਰ ਜੀ।
ਤਮੰਨਾ

ਤਨਦੀਪ 'ਤਮੰਨਾ' said...

ਅਸ਼ਰਫ਼ ਗਿੱਲ ਜੀ ਦੇ ਆਮਦ ਨਾਲ਼ ਆਰਸੀ ਤੇ ਇੱਕ ਨਵਾਂ ਆਗ਼ਾਜ਼ ਹੋਇਆ ਹੈ। ਦੋਵੇਂ ਗ਼ਜ਼ਲਾਂ ਬਹੁਤ ਖ਼ੂਬਸੂਰਤ ਹਨ। ਮੁਬਾਰਕਾਂ ਅਸ਼ਰਫ਼ ਸਾਹਿਬ!

ਰਵੀ ਸਹਿਗਲ
ਇੰਡੀਆ
=====
ਸ਼ੁਕਰੀਆ ਰਵੀ ਜੀ। ਹਾਜ਼ਰੀ ਲਵਾਉਂਦੇ ਰਿਹਾ ਕਰੋ।
ਤਮੰਨਾ