ਸਾਹਿਤਕ ਤੌਰ ਤੇ ਸਰਗਰਮ ਗਿੱਲ ਸਾਹਿਬ ਬਹੁਤ ਸਾਹਿਤ ਸਭਾਵਾਂ ਨਾਲ਼ ਸਬੰਧਿਤ ਰਹੇ ਹਨ ਤੇ ਕਈ ਇਨਾਮਾਂ, ਜਿਨ੍ਹਾਂ ਚੋਂ : ਗਗਨ ਪਾਕਿਸਤਾਨੀ ਸਾਹਿਤ ਸਭਾ ਕੈਲੇਫੋਰਨੀਆ, ਲਾਹੌਰ ਤੋਂ ਪੰਜਾਬੀ ਭਾਸ਼ਾ ਤੇ ਸਾਹਿਤ ਸੰਸਥਾ ਦਾ ਗ਼ਜ਼ਲ ਐਵਾਰਡ, ਪਾਕਿਸਤਾਨ ਸਹਿਤ ਅਕਾਦਮੀ ਤੋਂ ਸਾਹਿਤ ਮਿਲੇਨੀਅਮ ਐਵਾਰਡ, ਪਾਕਿਸਤਾਨ ਅਦਾਰਾ ਪੰਜਾਬੀ ਲਿਖਾਰੀਆਂ ਤੋਂ ਲਿਖਾਰੀ ਐਵਾਰਡ, ਲੁਧਿਆਣਾ ਪੰਜਾਬ ਤੋਂ ਪੰਜਾਬੀ ਸਾਹਿਤ ਅਕਾਦਮੀ ਐਵਾਰਡ ਤੇ ਹੋਰ ਬੇਸ਼ੁਮਾਰ ਇਨਾਮਾਂ ਨਾਲ਼ ਸਨਮਾਨੇ ਜਾ ਚੁੱਕੇ ਹਨ।
ਜਨਾਬ ਅਸ਼ਰਫ਼ ਗਿੱਲ ਸਾਹਿਬ ਇੱਕ ਬਹੁਤ ਵਧੀਆ ਗਾਇਕ ਵੀ ਹਨ। ਕੱਲ੍ਹ ਫੋਨ ਤੇ ਉਹਨਾਂ ਦੀ ਬੇਹੱਦ ਖ਼ੂਬਸੂਰਤ ਆਵਾਜ਼ ਸੁਣਨ ਦਾ ਮੌਕਾ ਮਿਲ਼ਿਆ। ਉਹਨਾਂ ਦੀ ਇੱਕ ਐਲਬਮ ਗ਼ੁਲਾਮ ਅਲੀ ਜੀ ਦੇ ਨਾਲ਼ ‘ਆਪਕੀ ਕਸ਼ਿਸ਼’( ਸ਼ਾਇਰ ਗਿੱਲ ਸਾਹਿਬ ਸਨ) ਆਈ ਸੀ ਤੇ ਦੂਸਰੀ ਗਾਇਕ ਦੇ ਤੌਰ ਤੇ ਜਲਦੀ ਹੀ ਰਿਲੀਜ਼ ਹੋ ਜਾਣ ਦੀ ਉਮੀਦ ਹੈ।
ਬੂਹਾ ਬਾਰੀ ਖੋਲ੍ਹਣ ਤੇ ਹੀ, ਲੋਅ ਆਓਂਦੀ ਏ।
ਵਰਨਾ ਓਸੇ ਹੀ ਘਰ ਅੰਦਰੋਂ, ਬੋ ਆਓਂਦੀ ਏ।
----
ਲੋਕਾਂ ਦੀ ਸੂਰਤ, ਆਦਤ, ਜੇ ਕੋਲੋਂ ਵੇਖੋ,
ਓਹ ਨਈਂ ਹੁੰਦੀ, ਸਾਨੂੰ ਨਜ਼ਰੀਂ ਜੋ ਆਓਂਦੀ ਏ।
----
ਮੰਦਾ ਕਰਕੇ, ਚੰਗੇ ਦੀ ਉੱਮੀਦ ਨਾ ਰੱਖੀਂ,
ਕੀਤੀ ਹੁੰਦੀ ਏ ਜੋ, ਅੱਗੇ ਸੋ ਆਓਂਦੀ ਏ।
----
ਗੱਲਾਂ ਬਾਤਾਂ ਰਾਹੀਂ, ਮਹਿਕਾਂ ਵੰਡਣ ਚੰਗਾ,
ਕਲੀਆਂ ਜਾਂ ਮੂੰਹ ਖੋਲ੍ਹਣ, ਤੇ ਖੁਸ਼ਬੋ ਆਓਂਦੀ ਏ।
----
ਯਾਦ ਕਈ ਸਜਣਾਂ ਦੀ, ਆਓਣੋਂ ਮੁੜਦੀ ਨਾਹੀਂ,
ਪੈਂਡਾ ਕਰਕੇ ਰੋਜ਼, ਹਜ਼ਾਰਾਂ ਕੋਹ ਆਓਂਦੀ ਏ।
----
ਸ਼ੈਦ ਮੁਸੀਬਤ ਨਾਲ ਮੇਰੇ, ਹੈ ਮੰਗੀ ਹੋਈ,
ਮਗ਼ਰੇ ਮਗ਼ਰੇ ਜਿੱਥੇ ਵੀ ਜਾਓ, ਆਓਂਦੀ ਏ।
----
ਆਵੇ ਜਦ ਵੀ ਯਾਦ ਤਿਰੀ, ਕੱਲੀ ਹੀ ਆਵੇ,
ਬਾਕੀ ਯਾਦਾਂ ਦੇ ਦਰਵਾਜ਼ੇ, ਢੋ ਆਓਂਦੀ ਏ।
----
ਕੁਝ ਲੋਕਾਂ ਦੀ ਇੱਜ਼ਤ, ‘ਅਸ਼ਰਫ਼’ ਬਾਲਾਂ ਵਰਗੀ,
ਖਾਂਦੀ ਨਿਤ ਚਪੇੜਾਂ, ਫ਼ਿਰ ਮੂੰਹ ਧੋ ਆਓਂਦੀ ਏ।
==================
ਗ਼ਜ਼ਲ
ਦਿਲ ਵਿਚ ਖ਼ਿਆਲ ਆਇਆ ਜਦ ਪਿਆਰ ਪਾਣ ਦਾ।
ਝਟਕਾ ਪਿਆ ਸਰੀਰ ਨੂੰ, ਯਾਰੀ ਨਿਭਾਣ ਦਾ।
----
ਯਾਰੀ ਦੇ ਅਸਲੀ ਨੋਟ ਵੀ, ਜਾਅਲੀ ਨਿਕਲ਼ ਪਏ,
ਤੰਗੀ ‘ਚ ਆ ਗਿਆ ਜਦੋਂ, ਵੇਲ਼ਾ ਭੁਨਾਣ ਦਾ।
----
ਯਾਦਾਂ ਦੀ ਪੀੜ ਜ਼ਿਹਨ ਨੂੰ, ਏਨਾ ਨਪੀੜਿਆ,
ਕੁਝ ਹੋਸ਼ ਹੀ ਨਹੀਂ ਰਿਹਾ, ਤੈਨੂੰ ਭੁਲਾਣ ਦਾ।
----
ਦੇ ਦੇ ਤਸੀਹੇ ਆਸ਼ਕਾਂ ਨੂੰ, ਹਾਰਿਆ ਜਹਾਨ,
ਖੁਲ੍ਹਿਆ ਨਾ ਰਾਜ਼ ਫਿਰ ਵੀ, ਮੁਹੱਬਤ ਮੁਕਾਣ ਦਾ।
----
ਧਰਤੀ ਤੇ ਰੰਗ ਵੇਖ, ਬਦਲਦੇ ਜਹਾਨ ਦੇ,
ਫਟਦਾ ਜ਼ਰੂਰ ਹੋਣਾ ਏ, ਜਿਗਰ ਆਸਮਾਨ ਦਾ।
----
ਕੀਤਾ ਸੀ ਓਸ ਸਿਰਫ਼, ਸਖ਼ਾਵਤ ਦਾ ਫੈਸਲਾ,
ਦਾਅ ਲੱਗ ਗਿਆ ਮਿਰਾ, ਉਦ੍ਹੇ ਵੱਲ ਆਣ ਜਾਣ ਦਾ।
----
ਮੇਰੇ ਕਦਮ ਵਧੇ ਤਿਰੀ, ਦੁਨੀਆ ਦੇ ਵੱਲ ਬੜੇ,
ਘਟਿਆ ਸਫ਼ਰ ਦਿਲਾਂ ਦੇ ਨਹੀਂ, ਦਰਮਿਆਨ ਦਾ।
----
ਮੇਰੇ ਦਿਲੋ-ਦਿਮਾਗ ਨੂੰ ਉਸ, ਘਰ ਬਣਾ ਲਿਆ,
ਸੋਚਾਂ ਦੀ ਸ਼ਕਲ ਮਿਲ਼ ਰਹੀ ਏ, ਭਾੜਾ ਮਕਾਨ ਦਾ।
----
ਤੜ ਤੇ ਲਚਕ ਦਾ ਮੇਲ਼ ਨਹੀਂ, ਜਿਸ ਕਮਾਨ ਵਿਚ,
ਫੈਦਾ ਕੀ ਉਸ ‘ਚ ਤੀਰ ਨੂੰ, ਚਿੱਲੇ ਚੜ੍ਹਾਣ ਦਾ।
----
ਹਮਦਰਦੀਆਂ ਦੀ ਲੋੜ ਨਹੀਂ ‘ਗਿੱਲ’ ਨੂੰ ਹੁਣ ਰਹੀ,
ਕੀ ਫ਼ਾਇਦਾ ਕਿਸੇ ਨੂੰ ਸੁਣਨ ਦਾ ਸੁਨਾਣ ਦਾ।
4 comments:
ਸਤਿਕਾਰਤ ਅਸ਼ਰਫ਼ ਗਿੱਲ ਸਾਹਿਬ! ਬਹੁਤ ਹੀ ਖ਼ੂਬਸੂਰਤ ਗ਼ਜ਼ਲਾਂ ਨਾਲ਼ ਤੁਸੀਂ ਸ਼ਿਰਕਤ ਕੀਤੀ ਹੈ..ਹੋਰ ਵੀ ਤੁਹਾਡੀਆਂ ਲਿਖੀਆਂ ਗ਼ਜ਼ਲਾਂ ਮੈਨੂੰ ਬੇਹੱਦ ਪਸੰਦ ਆਈਆਂ...ਖ਼ਾਸ ਤੌਰ ਤੇ ਇਹ ਸ਼ਿਅਰ:
ਬੂਹਾ ਬਾਰੀ ਖੋਲ੍ਹਣ ਤੇ ਹੀ, ਲੋਅ ਆਓਂਦੀ ਏ।
ਵਰਨਾ ਓਸੇ ਹੀ ਘਰ ਅੰਦਰੋਂ, ਬੋ ਆਓਂਦੀ ਏ।
---
ਯਾਦ ਕਈ ਸਜਣਾਂ ਦੀ, ਆਓਣੋਂ ਮੁੜਦੀ ਨਾਹੀਂ,
ਪੈਂਡਾ ਕਰਕੇ ਰੋਜ਼, ਹਜ਼ਾਰਾਂ ਕੋਹ ਆਓਂਦੀ ਏ।
----
ਕੁਝ ਲੋਕਾਂ ਦੀ ਇੱਜ਼ਤ, ‘ਅਸ਼ਰਫ਼’ ਬਾਲਾਂ ਵਰਗੀ,
ਖਾਂਦੀ ਨਿਤ ਚਪੇੜਾਂ, ਫ਼ਿਰ ਮੂੰਹ ਧੋ ਆਓਂਦੀ ਏ।
ਕਮਾਲ ਦੇ ਸ਼ਿਅਰ ਨੇ!
====
ਯਾਰੀ ਦੇ ਅਸਲੀ ਨੋਟ ਵੀ, ਜਾਅਲੀ ਨਿਕਲ਼ ਪਏ,
ਤੰਗੀ ‘ਚ ਆ ਗਿਆ ਜਦੋਂ, ਵੇਲ਼ਾ ਭੁਨਾਣ ਦਾ।
ਬਹੁਤ ਖ਼ੂਬ!
ਮੇਰੇ ਕਦਮ ਵਧੇ ਤਿਰੀ, ਦੁਨੀਆ ਦੇ ਵੱਲ ਬੜੇ,
ਘਟਿਆ ਸਫ਼ਰ ਦਿਲਾਂ ਦੇ ਨਹੀਂ, ਦਰਮਿਆਨ ਦਾ।
---
ਤੜ ਤੇ ਲਚਕ ਦਾ ਮੇਲ਼ ਨਹੀਂ, ਜਿਸ ਕਮਾਨ ਵਿਚ,
ਫੈਦਾ ਕੀ ਉਸ ‘ਚ ਤੀਰ ਨੂੰ, ਚਿੱਲੇ ਚੜ੍ਹਾਣ ਦਾ।
ਬਹੁਤ ਹੀ ਖ਼ੂਬਸੂਰਤ ਨੇ ਇਹ ਸਾਰੇ ਸ਼ਿਅਰ..ਮੁਬਾਰਕਬਾਦ ਕਬੂਲ ਕਰੋ! ਆਪਣੀਆਂ ਸੋਹਣੀਆਂ ਲਿਖਤਾਂ ਨਾਲ਼ ਨਿਵਾਜਦੇ ਰਹਿਣਾ!
ਅਸਬ ਸਹਿਤ
ਤਮੰਨਾ
ਤਮੰਨਾ ਜੀ ਲਹਿੰਦੇ ਪੰਜਾਬ ਦੇ ਸਾਹਿਤ ਨਾਲ਼ ਸਾਂਝ ਪਵਾ ਕੇ ਆਰਸੀ ਨੂੰ ਨਵੀਆਂ ਦਿਸ਼ਾਵਾ ਪ੍ਰਦਾਨ ਕਰ ਰਹੇ ਹੋ! ਅਸ਼ਰਫ਼ ਗਿੱਲ ਜੀ ਦੀਆਂ ਦੋਵੇਂ ਗ਼ਜ਼ਲਾਂ ਬਹੁਤ ਵਧੀਆਂ ਹਨ।
ਬੂਹਾ ਬਾਰੀ ਖੋਲ੍ਹਣ ਤੇ ਹੀ, ਲੋਅ ਆਓਂਦੀ ਏ।
ਵਰਨਾ ਓਸੇ ਹੀ ਘਰ ਅੰਦਰੋਂ, ਬੋ ਆਓਂਦੀ ਏ।
====
ਧਰਤੀ ਤੇ ਰੰਗ ਵੇਖ, ਬਦਲਦੇ ਜਹਾਨ ਦੇ,
ਫਟਦਾ ਜ਼ਰੂਰ ਹੋਣਾ ਏ, ਜਿਗਰ ਆਸਮਾਨ ਦਾ।
----
ਕੀਤਾ ਸੀ ਓਸ ਸਿਰਫ਼, ਸਖ਼ਾਵਤ ਦਾ ਫੈਸਲਾ,
ਦਾਅ ਲੱਗ ਗਿਆ ਮਿਰਾ, ਉਦ੍ਹੇ ਵੱਲ ਆਣ ਜਾਣ ਦਾ।
ਉਹਨਾਂ ਨੂੰ ਮੇਰੇ ਵੱਲੋਂ ਮੁਬਾਰਕਾਂ।
ਜਸਵਿੰਦਰ ਗਿੱਲ
ਹਰਿਆਣਾ
ਇੰਡੀਆ
=========
ਬਹੁਤ-ਬਹੁਤ ਸ਼ੁਕਰੀਆ ਗੱਲ ਸਾਹਿਬ!
ਤਮੰਨਾ
ਅਸ਼ਰਫ਼ ਗਿੱਲ ਜੀ ਨੂੰ ਆਰਸੀ ਤੇ 'ਜੀ ਆਇਆਂ'। ਦੋਵੇਂ ਗ਼ਜ਼ਲਾਂ ਚੰਗੀਆਂ ਲੱਗੀਆਂ। ਇਹਨਾਂ ਦੀ ਸਾਈਟ ਦੀ ਜਾਣਕਾਰੀ ਪਾਉਂਣ ਲਈ ਵੀ ਸ਼ੁਕਰੀਆ।
ਯਾਰੀ ਦੇ ਅਸਲੀ ਨੋਟ ਵੀ, ਜਾਅਲੀ ਨਿਕਲ਼ ਪਏ,
ਤੰਗੀ ‘ਚ ਆ ਗਿਆ ਜਦੋਂ, ਵੇਲ਼ਾ ਭੁਨਾਣ ਦਾ।
ਬਹੁਤ ਸੋਹਣਾ ਸ਼ਿਅਰ ਹੈ।
ਕੁਲਜਿੰਦਰ ਕੌਰ
ਇੰਡੀਆ
=========
ਸ਼ੁਕਰੀਆ ਕੁਲਜਿੰਦਰ ਜੀ।
ਤਮੰਨਾ
ਅਸ਼ਰਫ਼ ਗਿੱਲ ਜੀ ਦੇ ਆਮਦ ਨਾਲ਼ ਆਰਸੀ ਤੇ ਇੱਕ ਨਵਾਂ ਆਗ਼ਾਜ਼ ਹੋਇਆ ਹੈ। ਦੋਵੇਂ ਗ਼ਜ਼ਲਾਂ ਬਹੁਤ ਖ਼ੂਬਸੂਰਤ ਹਨ। ਮੁਬਾਰਕਾਂ ਅਸ਼ਰਫ਼ ਸਾਹਿਬ!
ਰਵੀ ਸਹਿਗਲ
ਇੰਡੀਆ
=====
ਸ਼ੁਕਰੀਆ ਰਵੀ ਜੀ। ਹਾਜ਼ਰੀ ਲਵਾਉਂਦੇ ਰਿਹਾ ਕਰੋ।
ਤਮੰਨਾ
Post a Comment