ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Monday, December 29, 2008

ਸ਼ਿਵਚਰਨ ਜੱਗੀ ਕੁੱਸਾ - ਯਾਦਾਂ

ਦੋਸਤੋ! ਕਦੇ-ਕਦੇ ਕਿਸੇ ਨੂੰ ਲਿਖੇ ਖ਼ਤ / ਈਮੇਲਾਂ ਜਾਨ ਤੋਂ ਵੱਧ ਪਿਆਰੇ ਹੋ ਨਿੱਬੜਦੇ ਨੇ...ਰੋਟੀ ਭਾਵੇਂ ਨਾ ਮਿਲ਼ੇ, ਪਰ ਉਹਨਾਂ ਦੀ ਲਿਖੇ ਇੱਕ ਲਫ਼ਜ਼ ਦਾ ਵੀ ਇੰਤਜ਼ਾਰ ਰਹਿੰਦੈ...ਪਰ ਕਦੇ ਏਦਾਂ ਹੋ ਜਾਂਦੈ ਕਿ ਕਿਸੇ ਨੂੰ ਤਾਂ ਚਾਰ ਸਤਰਾਂ ਲਿਖ ਕੇ ਵੀ ਪਛਤਾਈਦਾ ਹੈ...ਅਜਿਹੇ ਲੋਕ ਆਪਣਾ ਸਵਾਰਥ ਸਿੱਧ ਕਰਨ ਲਈ ਚਾਪਲੂਸੀ ਦਾ ਹੜ੍ਹ ਲਿਆ ਦਿੰਦੇ ਨੇ...ਮਕਸਦ ਸਿਰਫ਼ ਇੱਕੋ ਹੀ ਹੁੰਦੈ...ਸਵਾਰਥ ਕੱਢਣਾ ਤੇ ਕਿਸੇ ਦੀ ਪ੍ਰਸਿੱਧੀ ਨੂੰ ਪੌੜੀ ਬਣਾ ਕੇ ਆਪਣੀ ਮੰਜ਼ਿਲ ਲੱਭਣੀ...ਭਲਾ ਏਦਾਂ ਵੀ ਪ੍ਰਸਿੱਧੀਆਂ ਤੇ ਮੰਜ਼ਿਲਾਂ ਮਿਲ਼ੀਆਂ ਨੇ ਕਿਤੇ?? ਦੋਸਤ ਸ਼ਿਵਚਰਨ ਜੱਗੀ ਕੁੱਸਾ ਜੀ ਦਾ ਇਹ ਯਾਦਾਂ ਭਰਿਆ ਲੇਖ ਪੜ੍ਹ ਕੇ ਤੁਹਾਨੂੰ ਵੀ ਅਜਿਹਾ ਕੋਈ ਨਾ ਕੋਈ ਵਾਕਿਆ ਯਾਦ ਜ਼ਰੂਰ ਆ ਜਾਵੇਗਾ...ਕਿ ਜਦੋਂ ਕਿਸੇ ਨੇ....

"ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ,

ਟੁੱਟੀ ਤੋਂ ਚੁਗਾਠ ਪੱਟ ਲਈ।"

ਮੈਨੂੰ ਚੰਗਾ ਲੱਗੇਗਾ ਜੇ ਤੁਸੀਂ ਆਪਣਾ ਕੋਈ ਅਹਿਜਾ ਤਜ਼ਰਬਾ ਸਭ ਨਾਲ਼ ਸਾਂਝਾ ਕਰੋਗੇ...ਜਦੋਂ ਤੁਸੀਂ ਵੀ ਕੰਨਾਂ ਨੂੰ ਹੱਥ ਲਾ ਕੇ ਅਰਦਾਸ ਕੀਤੀ ਹੋਵੇ ਕਿ.....

ਸੇਈ ਪਿਆਰੇ ਮੇਲ, ਜਿਹਨਾਂ ਮਿਲਿਆਂ....!

ਯਾਦਾਂ

ਠੇਠ ਪੰਜਾਬੀ ਜਾਂ ਕਹੋ ਮਲਵਈ ਭਾਸ਼ਾ ਵਿਚ ਇੱਕ ਕਹਾਵਤ ਹੈ ਕਿ ਰੇਹੜ੍ਹੀ ਵਾਲਾ ਸਾਰਾ ਕਰਜ਼ਾਈ, ਬੋਤੇ ਵਾਲਾ ਅੱਧਾ, ਗਧੇ ਵਾਲਾ ਸਭ ਤੋਂ ਚੰਗਾ, ਵੱਟਿਆ, ਸੋ ਪੱਲੇ ਬੱਧਾ! ਕਿਉਂ? ਕਿਉਂ, ਕਾਹਦੀ?? ਪੈਸੇ ਜੇਬ ਵਿਚ, ਤੇ ਗਧਾ ਰੂੜੀ 'ਤੇ!! "ਕਿਉਂ" ਤਾਂ ਅੱਧੀ ਲੜਾਈ ਐ, ਬਾਈ ਜੀ....!

ਮੇਰੀ ਨਜ਼ਰ ਵਿਚ ਪੰਜਾਬੀ ਸਿਰਫ਼ ਇੱਕੋ ਇੱਕ ਤਰਸਭਰੀ ਬੋਲੀ ਹੈ, ਜਿਸ ਦੀ ਗੱਲ ਕਰਨ ਵਾਲਿਆਂ ਨੂੰ ਪੈਸੇ ਦੇ ਕੇ ਛਪਣਾ ਪੈਂਦਾ ਹੈ! ਆਪ ਦੀ ਮਾਂ-ਬੋਲੀ ਦੀ ਗੱਲ ਕਰਨ ਲਈ ਪੱਲਿਓਂ ਪੈਸੇ ਝੋਕਣੇ ਪੈਂਦੇ ਹਨ!! ਤਾਂ ਜਾ ਕੇ ਕਿਤੇ ਲੇਖਕ ਨੂੰ ਕਿਸੇ ਪਰਚੇ ਵਿਚ ਛਪਣ ਦਾ 'ਸੁਭਾਗ' ਪ੍ਰਾਪਤ ਹੁੰਦਾ ਹੈ, ਨਹੀਂ ਤਾਂ ਮੇਰੇ ਵਰਗੇ ਦੀ ਕੀ ਹਿੰਮਤ ਹੈ ਕਿ ਕਿਸੇ ਪਰਚੇ ਦੇ ਨੇੜੇ ਵੀ ਢੁੱਕ ਜਾਵੇ? ਉਨ੍ਹਾਂ ਦਾ ਕਸੂਰ ਸਿਰਫ਼ ਇਹ ਹੀ ਹੁੰਦਾ ਹੈ ਕਿ, ਜਾਂ ਤਾਂ ਉਹ ਕਿਸੇ ਸੰਪਾਦਕ ਦੀ ਚਾਪਲੂਸੀ ਨਹੀਂ ਕਰਦੇ, ਝੋਲੀ ਨਹੀਂ ਚੁੱਕਦੇ, ਅਤੇ ਜਾਂ ਮਾੜੀ ਆਰਥਿਕ ਸਥਿਤੀ ਕਾਰਨ, ਉਹਨਾਂ ਦੇ ਸ਼ਾਹੀ-ਖਰਚੇ ਝੱਲਣ ਦੇ ਯੋਗ ਨਹੀਂ ਹੁੰਦੇਤੇ ਨਹੀਂ ਲਿਖਤਾਂ ਉਹਨਾਂ ਦੀਆਂ ਆਮ ਲੇਖਕਾਂ ਨਾਲੋਂ ਵੀ ਸ਼ਾਇਦ ਵੱਧ ਪਾਏਦਾਰ ਹੁੰਦੀਆਂ ਹਨਅਜਿਹੇ ਕੁਝ ਲੇਖਕਾਂ ਦੀਆਂ ਅਣਛਪੀਆਂ ਰਚਨਾਵਾਂ ਮੈਂ ਖੁਦ, ਆਪ ਅੱਖੀਂ ਦੇਖੀਆਂ ਅਤੇ ਪੜ੍ਹੀਆਂ ਹਨਸਾਹਿਤ ਦੇ ਬਾਬਾ ਬੋਹੜ ਸ: ਸੰਤ ਸਿੰਘ ਸੇਖੋਂ, ਬਾਪੂ ਜਸਵੰਤ ਸਿੰਘ ਕੰਵਲ ਜਾਂ ਬਾਈ ਬੂਟਾ ਸਿੰਘ ਸ਼ਾਦ ਤਾਂ ਮੈਂ ਹਾਂ ਨਹੀਂ, ਪਰ ਨਵੇਂ ਲੇਖਕ ਦੀਆਂ ਕਿਰਤਾਂ ਪੜ੍ਹ ਕੇ ਮਨ ਜ਼ਰੂਰ ਮੰਨਣ ਲੱਗ ਪੈਂਦਾ ਹੈ ਕਿ ਇਹ ਲੇਖਕ ਮਾੜੀ ਆਰਥਿਕ ਦਸ਼ਾ ਕਰਕੇ ਬਰਫ਼ ਹੇਠ ਦੱਬਿਆ ਬੀਜ ਹੈ! ਜੇ ਇਸ ਨੂੰ ਕਿਤੇ ਧੁੱਪ ਅਤੇ ਹੋਰ ਯੋਗ ਵਸੀਲੇ ਮਿਲ ਜਾਣ ਤਾਂ ਇਹ "ਧੰਨ-ਧੰਨ" ਕਰਵਾਉਣ ਦੇ ਯੋਗ ਹੈ ਅਤੇ ਕਲਾਤਮਿਕ ਪੱਖੋਂ ਇਹ ਕਿਵੇਂ ਵੀ ਕਮਜ਼ੋਰ ਨਹੀਂ!

ਆਸਟਰੀਆ ਦੇ ਇੱਕ ਅਤਿ-ਮਕਬੂਲ ਰਸਾਲੇ ਵਿਚ ਮੇਰੇ ਹੁਣ ਤੱਕ ਸਿਰਫ ਦੋ ਆਰਟੀਕਲ ਹੀ ਛਪੇ ਹਨਐਡੀਟਰ ਨੇ ਮੇਰੀ ਹਫ਼ਤੇ ਦੀ ਤਨਖਾਹ ਜਿੰਨਾ "ਸੇਵਾ-ਫ਼ਲ" ਇੱਕ ਆਰਟੀਕਲ ਦਾ ਭੇਜਿਆ ਅਤੇ ਰਸਾਲਾ ਜ਼ਿੰਦਗੀ ਭਰ ਲਈ ਮੁਫ਼ਤ ਸ਼ੁਰੂ ਕਰਵਾ ਦਿੱਤਾਇਸ ਤੋਂ ਇਲਾਵਾ ਰਸਾਲੇ ਦੇ ਗੋਰੇ ਸੰਪਾਦਕ ਨੇ ਇਕ ਖ਼ਤ ਵੀ ਲਿਖਿਆ ਕਿ ਅੱਗੇ ਤੋਂ ਤੁਹਾਡੇ ਕਿਰਤ-ਸਹਿਯੋਗ ਦੀ (ਮਾਇਕ ਸਹਿਯੋਗ ਦੀ ਨਹੀਂ) ਪੂਰੀ ਆਸ ਰਹੇਗੀਬੜੀ ਹੈਰਾਨਗੀ ਹੋਈ, ਕਿ ਪੰਜਾਬੀ ਅਖਬਾਰਾਂ-ਰਸਾਲਿਆਂ ਦੇ ਸੰਪਾਦਕਾਂ ਦੀ ਗੱਲ ਤਾਂ ਇੱਕ ਪਾਸੇ ਰਹੀ, ਆਪ ਬਣੇ ਪੱਤਰਕਾਰ ਵੀ ਨਵੇਂ ਲਿਖਾਰੀਆਂ ਨੂੰ "ਮੁੰਨਣ" ਲੱਗੇ, ਮੁੱਖੋਂ 'ਸੀ' ਨਹੀਂ ਉਚਾਰਦੇ, ਸਗੋਂ 'ਮਾਣ' ਮਹਿਸੂਸ ਕਰਦੇ ਹਨ! "ਭੋਡੋ ਦਰ ਪ੍ਰਛਾਦਾ ਵਰਤੇ, ਅਸੀਂ ਕਿਉਂ ਜਾਈਏ ਖਾਲੀ?" ਦੀ ਕਹਾਵਤ ਦਾ ਉਹ ਪੁੱਜ ਕੇ ਪ੍ਰਯੋਗ ਕਰਦੇ ਹਨ! ਘੱਟੋ-ਘੱਟ 'ਬਾਹਰਲੇ' ਲੇਖਕਾਂ ਨੂੰ 'ਚੋਪੜਨਾ' ਤਾਂ ਉਹ ਆਪਣਾ 'ਸੁਭਾਗ' ਹੀ ਸਮਝਦੇ ਹਨਮੁਆਫ਼ ਕਰਨਾ ਮੈਨੂੰ, ਇਹ ਗੱਲ ਸਾਰੇ ਸੰਪਾਦਕਾਂ ਜਾਂ ਪੱਤਰਕਾਰਾਂ 'ਤੇ ਲਾਗੂ ਨਹੀਂ ਹੁੰਦੀ! ਕਈ ਸੰਪਾਦਕ ਅਤੇ ਪੱਤਰਕਾਰ ਮੇਰੇ ਪਰਮ-ਮਿੱਤਰ ਅਤੇ ਅਤਿ-ਸਤਿਕਾਰ ਦੇ ਪਾਤਰ ਵੀ ਹਨ!!

ਜਦੋਂ ਕਿਸੇ ਪੰਜਾਬੀ ਪੇਪਰ ਦੇ ਸੰਪਾਦਕ ਨੇ ਗਰਮੀਆਂ ਵਿਚ ਭਾਰਤ ਤੋਂ 'ਬਾਹਰ' ਦਾ ਗੇੜਾ ਲਾਉਂਣਾ ਹੁੰਦਾ ਹੈ, ਤਾਂ ਉਹ ਕਿਸੇ, ਬਾਹਰਲੇ ਨਵੇਂ ਲੇਖਕ ਨੂੰ ਢਾਕ 'ਤੇ ਚਾੜ੍ਹ ਲੈਂਦਾ ਹੈਉਸ ਦੀ ਕੋਈ ਰਚਨਾ, ਰੰਗੀਨ ਫ਼ੋਟੋ ਸਮੇਤ ਰਸਾਲੇ ਵਿਚ ਲਾਉਂਦਾ ਹੈ, ਨਾਲ ਬਿਉਰਾ ਵੀ ਦਿੰਦਾ ਹੈ, ਆਪਣੇ ਵੱਲੋਂ 'ਵਿਚਾਰ' ਵੀ ਲਿਖਦਾ ਹੈ, "ਇਹ ਲੇਖਕ ਸੱਤ ਸਮੁੰਦਰੋਂ ਪਾਰ ਬੈਠ ਕੇ ਵੀ ਮਾਂ-ਬੋਲੀ ਦੀ ਸੇਵਾ ਕਰਨ ਲਈ ਤਤਪਰ ਹੈਆਸ ਹੈ ਇਸ ਲੇਖਕ ਦੀ ਇਸ ਰਚਨਾ ਨੂੰ ਪਾਠਕ ਪਸੰਦ ਕਰਨਗੇ!" ਅਤੇ ਮੇਰੇ ਵਰਗੇ ਪਾਠਕਾਂ ਦੇ ਪੱਤਰਾਂ ਵਿਚ ਛਪਣ ਦੇ ਸ਼ੌਕੀਨ ਇਸ ਲੇਖਕ ਦੀ ਬੜੀ ਹੌਸਲਾ ਅਫ਼ਜ਼ਾਈ ਕਰਦੇ ਹਨ ਅਤੇ ਉਹਨਾਂ ਦੇ ਪੱਤਰ ਉਕਤ ਸੰਪਾਦਕ ਵੱਲੋਂ, ਹੋਰ ਪੱਤਰਾਂ ਨੂੰ ਤਿਲਾਂਜਲੀ ਦੇ ਕੇ ਜ਼ਰੂਰ ਛਾਪਿਆ ਜਾਂਦਾ ਹੈਚਾਹੇ ਉਸ ਨੂੰ ਇੱਕ ਅੱਧੀ ਰਚਨਾ ਦੀ ਛਾਂਟੀ ਹੀ ਕਿਉਂ ਨਾ ਕਰਨੀ ਪਵੇ! ਲੇਖਕ ਨੂੰ 'ਉੱਪਰ' ਜਿਉਂ ਚੁੱਕਣਾ ਹੁੰਦਾ ਹੈ! ਇੱਕ ਦੋ ਮਹੀਨੇ ਇਹੀ ਕੰਮ ਚੱਲਦਾ ਹੈ ਅਤੇ ਬੱਸ! ਸਮਝੋ ਇਸ ਲੇਖਕ ਨੂੰ 'ਬਲੀ' ਚੜ੍ਹਾਉਣ ਲਈ 'ਮਹਿੰਦੀ' ਲਾਈ ਜਾ ਰਹੀ ਹੈ! ਇਸ ਦਾ 'ਕੰਮ' ਹੋਇਆ ਸਮਝੋ! ਇਹ ਹੁਣ ਬਹੁਤੇ ਦਿਨ ਨਹੀਂ ਕਟਵਾਉਂਦਾ, ਹੁਣ ਇਸ ਲੇਖਕ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ਣ ਲਈ ਰੱਬ ਅੱਗੇ ਹੁਣ ਤੋਂ ਹੀ ਅਰਦਾਸਾਂ ਕਰਨੀਆਂ ਆਰੰਭ ਕਰ ਦਿਓ! ਜਾਂ ਸੁਮੱਤ ਬਖ਼ਸ਼ਣ ਲਈ ਨੱਕ ਰਗੜਨਾ ਸ਼ੁਰੂ ਕਰੋ!

ਫਿਰ ਜਦੋਂ ਸੰਪਾਦਕ ਜੀ ਵਿਦੇਸ਼ ਪਹੁੰਚਦੇ ਹਨ, ਤਾਂ ਸਬੰਧਿਤ ਲੇਖਕ ਨੂੰ ਇਹ ਕਹਿ ਕੇ, "ਬੜਾ ਰਿਸਪਾਂਸ ਮਿਲਿਆ ਬਈ ਤੇਰੀ ਉਸ ਰਚਨਾ ਨੂੰ! ਚਿੱਠੀਆਂ ਤਾਂ ਹੋਰ ਵੀ ਆਈਆਂ ਪਈਆਂ ਸੀ, ਪਰ ਜਗਾਹ ਦੀ ਕਮੀ ਹੋਣ ਕਰਕੇ ਲੱਗ ਨਹੀਂ ਸਕੀਆਂ!" ਕਹਿ ਕੇ ਉਸ ਲੇਖਕ ਦੇ ਕੀਤੇ ਸਾਰੇ ਖਰਚੇ ਦਾ ਇੱਕੋ ਵਾਕ 'ਚ ਹੀ ਮੁੱਲ ਮੋੜ ਦਿੰਦਾ ਹੈ ਅਤੇ ਲੇਖਕ ਸੰਪਾਦਕ ਦੇ ਸਾਹਮਣੇ 'ਹਲਾਲ' ਹੋਣ ਲਈ ਆਪਣੀ ਧੌਣ ਝੁਕਾ ਦਿੰਦਾ ਹੈ, ਚਾਹੇ ਜਿੰਨੀਆਂ ਮਰਜ਼ੀ ਕਲਮਾਂ ਪੜ੍ਹੀ ਜਾਵੇ, ਜਾਂ ਆਹੂ ਲਾਹੀ ਜਾਵੇ, ਲੇਖਕ ਦੀ 'ਨਾਂਹ' ਕਰਨ ਦੀ ਜੁਰੱਅਤ ਹੀ ਨਹੀਂ ਪੈਂਦੀ

ਅਜਿਹਾ ਕੁਝ ਸ਼ੁਰੂ-ਸ਼ੁਰੂ ਵਿਚ, ਅੱਜ ਤੋਂ ਪੰਦਰਾਂ ਕੁ ਸਾਲ ਪਹਿਲਾਂ ਮੇਰੇ ਨਾਲ ਵੀ ਵਾਪਰ ਚੁੱਕਾ ਹੈ, ਜਦੋਂ ਅਜੇ ਮੈਂ ਲਿਖਣਾ ਸ਼ੁਰੂ ਹੀ ਕੀਤਾ ਸੀਸਿਰਫ਼ ਮੇਰੇ ਨਾਲ ਹੀ ਨਹੀਂ, ਮੇਰੇ ਵਰਗੇ ਹੋਰ ਵੀ ਬਥੇਰੇ ਮਾਂ-ਬੋਲੀ ਦੇ 'ਸੇਵਕ' ਹੋਣਗੇ, ਜਿੰਨ੍ਹਾਂ ਨਾਲ ਐਸਾ ਵਿਵਹਾਰ ਹੋਇਆਅਤਿ-ਸੰਖੇਪ ਹੱਡਬੀਤੀ ਲਿਖ ਰਿਹਾ ਹਾਂਭਾਰਤ ਵਸਦੇ ਇੱਕ ਮਾਸਕ ਪੇਪਰ ਦੇ ਸੰਪਾਦਕ ਨੇ ਮੇਰੀਆਂ ਬਹੁਤ ਰਚਨਾਵਾਂ ਛਾਪੀਆਂਸਾਲ ਕੁ ਬਾਅਦ ਸੰਪਾਦਕ ਸਾਹਿਬਾਨ ਦੇ ਪੱਤਰ ਆਉਣੇ ਸ਼ੁਰੂ ਹੋ ਗਏਬੜਾ ਮਸਾਲਾ ਲਾਇਆ ਹੋਇਆ ਸੀਸੰਪਾਦਕ ਸਾਹਿਬ ਦਾ ਇੰਗਲੈਂਡ, ਅਮਰੀਕਾ ਅਤੇ ਕੈਨੇਡਾ ਦਾ ਟੂਰ ਸੀ, ਉਹ ਕੁਝ ਦਿਨਾਂ ਲਈ ਮੇਰੇ 'ਦਰਸ਼ਣ' ਕਰਨਾ ਚਾਹੁੰਦੇ ਸਨਉਹਨਾਂ ਨੇ ਮੈਨੂੰ ਇਹ ਬੇਨਤੀ ਵੀ ਕੀਤੀ ਸੀ, ਕਿ ਕ੍ਰਿਪਾ ਕਰਕੇ ਮੇਰਾ ਤੁਸੀਂ ਕਿਸੇ ਹੋਟਲ ਦਾ ਪ੍ਰਬੰਧ ਕਰ ਦਿਓ, ਖਰਚਾ ਮੈਂ ਆਪ ਦੇਵਾਂਗਾਮੈਂ ਬੜਾ ਖ਼ੁਸ਼ ਹੋਇਆ, ਐਡੇ ਵੱਡੇ ਐਡੀਟਰ ਜੀ ਮੇਰੇ ਦਰਸ਼ਣਾਂ ਨੂੰ ਬਿਹਬਲ ਹੋਏ ਪਏ ਸਨ! ਮੈਂ ਬੜਾ ਹੁੱਬ ਕੇ, ਖ਼ੁਸ਼ੀ ਭਰਿਆ ਪੱਤਰ ਐਡੀਟਰ ਜੀ ਨੂੰ ਲਿਖ ਦਿੱਤਾਆਪਣੀ ਵੱਡੀ ਖ਼ੁਸ਼ਕਿਸਮਤੀ ਪ੍ਰਗਟ ਕੀਤੀ, ਧੰਨਭਾਗ ਆਖੇ ਕਿ ਐਡੀਟਰ ਸਾਹਿਬ ਮੇਰੇ ਕੋਲ ਆਸਟਰੀਆ ਉਚੇਚੇ ਤੌਰ 'ਤੇ ਪਹੁੰਚ ਰਹੇ ਸਨ

ਦੋ ਕੁ ਹਫ਼ਤੇ ਬਾਅਦ ਮਾਣਯੋਗ ਐਡੀਟਰ ਜੀ ਦਾ ਫ਼ੋਨ ਆਇਆ ਕਿ ਦਿੱਲੀ ਤੋਂ ਸਾਲਜ਼ਬਰਗ ਦੀ ਜਾਂ ਵਿਆਨਾ ਦੀ ਸਿੱਧੀ ਏਅਰ-ਟਿਕਟ ਉਪਲੱਭਦ ਨਹੀਂ ਸੀਉਹਨਾਂ ਇਹ ਵੀ ਕਿਹਾ ਕਿ ਤੁਸੀਂ ਮੇਰੀ ਏਅਰ-ਟਿਕਟ ਦਾ ਲੰਡਨ ਤੋਂ ਪ੍ਰਬੰਧ ਕਰ ਦਿਓ ਅਤੇ ਮੈਂ ਲੰਡਨ ਆ ਕੇ ਪੈਸੇ ਦੇ ਦਿਆਂਗਾਖ਼ੈਰ! ਲੰਡਨ ਰਹਿੰਦੇ ਮਿੱਤਰ ਨੂੰ ਹੀਥਰੋ ਏਅਰਪੋਟਰ ਤੋਂ ਆਸਟਰੀਆ ਦੀ ਟਿਕਟ ਦਾ ਤੁਰੰਤ ਪ੍ਰਬੰਧ ਕਰਨ ਲਈ ਕਿਹਾਉਸ ਨੂੰ ਕਿਹਾ ਕਿ ਐਡੀਟਰ ਸਾਹਿਬਾਨ ਨੂੰ ਲੰਡਨ ਤੋਂ ਉਸ ਨੇ ਹੀ ਫ਼ਲਾਈਟ ਕਰਵਾਉਣੀ ਹੈ ਅਤੇ ਐਡੀਟਰ ਸਾਹਿਬ ਉਸ ਨੂੰ ਲੰਡਨ ਹੀ ਪੈਸੇ ਦੇ ਦੇਣਗੇਟਿਕਟ ਸਾਲਜ਼ਬਰਗ ਦੀ ਜਾਂ ਵਿਆਨਾ ਦੀ ਮਿਲ ਨਾ ਸਕੀ ਅਤੇ ਉਸ ਮਿੱਤਰ ਨੇ ਮਿਊਨਿਕ (ਜਰਮਨੀ) ਤੱਕ ਟਿਕਟ ਬੁੱਕ ਕਰਵਾ ਦਿੱਤੀਮਿਊਨਿਕ ਸਾਥੋਂ ਕਾਰ ਦਾ ਕੋਈ ਦੋ ਕੁ ਘੰਟੇ ਦਾ ਸਫ਼ਰ ਹੈ

ਲੰਡਨ ਪਹੁੰਚਣ 'ਤੇ ਭਲੇ ਮਿੱਤਰ ਨੇ ਐਡੀਟਰ ਸਾਹਿਬ ਨੂੰ ਇੱਕ-ਦੋ ਦਿਨ ਘੁੰਮਾਇਆ-ਫਿਰਾਇਆ, ਖੁਆਇਆ-ਪਿਆਇਆ ਅਤੇ ਫ਼ਲਾਈਟ ਵਾਲੇ ਦਿਨ ਉਸ ਨੂੰ ਲੈ ਕੇ ਹੀਥਰੋ ਏਅਰਪੋਰਟ 'ਤੇ ਆ ਗਿਆਟਿਕਟ ਦੇ ਪੈਸਿਆਂ ਦੀ ਬਾਤ ਪਾਈ ਤਾਂ ਸੰਪਾਦਕ ਜੀ ਨੇ ਬਚਨ ਕੀਤੇ ਕਿ ਜੀਹਨੇ ਟਿਕਟ ਵਾਸਤੇ ਕਿਹਾ ਸੀ, ਉਹ ਭੱਦਰ-ਪੁਰਸ਼ ਹੀ ਪੈਸੇ ਦੇਵੇਗਾ! ਪਿਆਰਾ ਸੱਜਣ ਦੋਸਤੀ ਦਾ ਮੁੱਖ ਤੱਕ ਕੇ ਚੁੱਪ ਵੱਟ ਗਿਆਟਿਕਟ ਹੀਥਰੋ ਏਅਰਪੋਰਟ ਤੋਂ ਮਿਊਨਿਕ ਤੱਕ 225 ਪੌਂਡ (ਕਰੀਬ ਵੀਹ ਹਜ਼ਾਰ ਰੁਪਏ) ਦੀ ਆਈ ਸੀਉਹ ਪੈਸੇ ਉਸ ਮਿੱਤਰ ਨੇ ਮੈਥੋਂ ਹੁਣ ਤੱਕ ਨਹੀਂ ਲਏਭਲਾ ਹੋਵੇ ਵਿਚਾਰੇ ਦਾ! ਜਿਉਂਦਾ ਵਸਦਾ ਰਹੇ! ਜੁਆਨੀਆਂ ਮਾਣੇ! ਲੰਬੀ ਉਮਰ ਹੋਵੇ ਕਰਮਾਂ ਵਾਲੇ ਦੀ!

ਖ਼ੈਰ! ਅਸੀਂ ਪੰਜ-ਸੱਤ ਜਾਣੇ ਸਾਹਿਤ ਸਭਾ ਵਾਲੇ, ਐਡੀਟਰ ਸਾਹਿਬ ਨੂੰ ਧੂੰਮ-ਧਾਮ ਨਾਲ, ਕਾਫ਼ਲੇ ਦੀ ਸ਼ਕਲ ਵਿਚ ਲੈਣ ਲਈ ਮਿਊਨਿਕ ਏਅਰਪੋਰਟ 'ਤੇ ਪਹੁੰਚ ਗਏਮੁੜਦਿਆਂ ਹੋਇਆਂ ਖਾਣ-ਪੀਣ ਦੀ ਸੇਵਾ ਲਈ ਪੁੱਛਿਆ ਤਾਂ ਐਡੀਟਰ ਜੀ ਵਾਰ-ਵਾਰ ਪੁੱਛ ਰਹੇ ਸਨ, "ਇੱਥੇ ਕੋਈ 'ਹੋਮੋ' (ਹਮਜਿਣਸੀ) ਕਲੱਬ ਵੀ ਹੈ?" ਅਸੀਂ ਬਹੁਤਾ ਕੋਈ ਮਹਿਸੂਸ ਨਾ ਕੀਤਾਸੋਚਿਆ, ਐਡੀਟਰ ਜੀ ਸਾਹਿਤਕ ਬੰਦੇ ਹਨ, ਵੈਸੇ ਹੀ ਆਮ ਜਾਣਕਾਰੀ ਹਾਸਲ ਕਰ ਰਹੇ ਹਨਪਰ ਕਾਫ਼ੀ ਸਮੇਂ ਬਾਅਦ ਸਾਨੂੰ ਜਾ ਕੇ ਕਈ ਸਾਹਿਤਕ-ਮਿੱਤਰਾਂ ਤੋਂ ਪਤਾ ਲੱਗਿਆ ਕਿ ਐਡੀਟਰ ਜੀ ਤਾਂ ਖੁਦ ਹੀ ਇਸ ਕੰਮ ਵਿਚ ਸੋਲ੍ਹਾਂ ਕਲਾਂ 'ਸੰਪੂਰਨ' ਹਨ! ਉਹਨਾਂ ਬਾਰੇ ਉਸ ਸ਼ਹਿਰ ਵਿਚ ਮਸ਼ਹੂਰ ਹੈ ਕਿ ਜੇ ਬੰਦਾ ਇਸ ਐਡੀਟਰ ਜੀ ਨੂੰ ਸ਼ਾਮ ਨੂੰ ਮਿਲਣ ਚਲਾ ਜਾਵੇ, ਤਾਂ ਦੂਜੇ ਹਮਦਰਦ ਮਿੱਤਰ ਪੁੱਛਣ ਲੱਗ ਪੈਂਦੇ ਹਨ ਕਿ, ਬਾਈ ਜੀ! ਭਰਜਾਈ ਜੀ ਅੱਜ ਕੱਲ੍ਹ ਪੇਕੀਂ ਤਾਂ ਨਹੀਂ ਗਏ ਹੋਏ....?

ਖ਼ੈਰ! ਐਡੀਟਰ ਜੀ ਨੂੰ ਫ਼ਾਈਵ-ਸਟਾਰ ਹੋਟਲ ਵਿਚ ਸ਼ੁੱਭ-ਨਿਵਾਸ ਕਰਵਾ ਦਿੱਤਾ, ਜਿਸ ਦਾ ਕਿਰਾਇਆ ਇੱਕ ਗੋਰੇ ਮਿੱਤਰ ਨੇ ਆਪਣੇ ਅਸਰ-ਰਸੂਖ਼ ਨਾਲ ਅੱਧਾ ਕਰਵਾ ਦਿੱਤਾ ਸੀਹਰ ਸ਼ਾਮ ਐਡੀਟਰ ਜੀ ਨੂੰ ਚੋਟੀ ਦੇ ਰੈਸਟੋਰੈਂਟ 'ਬਾਲਕਾਨ' ਵਿਚ ਲਿਜਾਇਆ ਜਾਂਦਾ ਰਿਹਾ, ਜਿਸ ਦਾ ਬਿੱਲ ਸੁੱਖ ਨਾਲ ਸਾਡੇ ਹਿੱਸੇ ਹੀ ਆਉਂਦਾਹਰ ਰੋਜ਼ ਐਡੀਟਰ ਜੀ ਦੀਆਂ ਖ਼ਾਹਿਸ਼ਾਂ ਵਧਣ ਲੱਗੀਆਂਕਦੇ ਸਾਹਿਬ ਜੀ ਕੈਬਰੇ-ਡਾਂਸ ਅਰਥਾਤ 'ਨਗਨ-ਨਾਚ' ਦੇਖਣ ਦੀ ਇੱਛਾ ਜ਼ਾਹਿਰ ਕਰਦੇ ਅਤੇ ਕਦੇ ਕਿਸੇ ਗੋਰੀ ਨਾਲ ਹਮਬਿਸਤਰ ਹੋਣਾ ਲੋਚਦੇਜੇ ਨਾਂਹ-ਨੁੱਕਰ ਹੁੰਦੀ ਤਾਂ ਆਖਦੇ, ਮੈਂ ਫ਼ਲਾਣੀ ਜਗਾਹ ਗਿਆ ਸੀ ਅਤੇ ਉਹਨਾਂ ਨੇ ਗੋਰੀਆਂ ਦਾ ਮੀਂਹ ਵਰ੍ਹਾ ਦਿੱਤਾ ਸੀਬੜੇ ਕਸੂਤੇ ਫ਼ਸੇ! ਜੇ ਅਸੀਂ ਆਪਣੀ ਬਣੀ ਹੋਈ 'ਪੈਂਠ' (ਇੱਜ਼ਤ) ਦਾ ਵਾਸਤਾ ਪਾਉਂਦੇ ਤਾਂ ਉਹ ਮੁਫ਼ਤ ਦੀ ਪੀਤੀ ਵਿਸਕੀ ਵਿਚ ਇੱਕੋ ਗੱਲ ਹੀ ਮੱਥੇ ਮਾਰਦੇ, "ਤੁਸੀਂ ਫਿਰ ਛਪਣਾ ਕਿੱਥੇ ਐ? ਮੇਰਾ ਤਾਂ ਅਮਰੀਕਾ ਦਾ ਟੂਰ ਸੀ, ਥੋਡੇ ਸੱਦੇ 'ਤੇ ਆ ਗਿਆ, ਨਹੀਂ ਮੇਰੇ ਕੋਲ ਇਤਨਾ ਸਮਾਂ ਕਿੱਥੇ?" ਥੋਨੂੰ ਪਤੈ ਬਈ ਮੁਫ਼ਤ ਦੀ ਪੀਤੀ, ਚੜ੍ਹਦੀ ਬਹੁਤ ਛੇਤੀ ਐ! ਕਿਵੇਂ ਨਾ ਕਿਵੇਂ ਐਡੀਟਰ ਜੀ ਨੂੰ ਆਲੇ ਕੌਡੀ, ਛਿੱਕੇ ਕੌਡੀ ਕਰਦੇ, ਟਾਲਦੇ ਰਹੇਰੈਸਟੋਰੈਂਟ ਦਾ ਬਿੱਲ ਹੀ ਹਰ ਰੋਜ਼ ਦਾ 1000 ਸ਼ਲਿੰਗ (ਤਕਰੀਬਨ 3000 ਰੁਪਏ) ਆ ਜਾਂਦਾਉਦੋਂ ਅਜੇ ਯੂਰੋ ਨਹੀਂ ਆਇਆ ਸੀ

ਹਫ਼ਤੇ ਕੁ ਬਾਅਦ ਜਦੋਂ ਐਡੀਟਰ ਸਾਹਿਬ ਦਾ ਆਸਟਰੀਆ ਛੱਡਣ ਦਾ ਸਮਾਂ ਆਇਆ ਤਾਂ ਹੋਟਲ ਦੀ ਰਿਸੈਪਸ਼ਨ 'ਤੇ ਬਿੱਲ ਦੇਣੋਂ ਇਨਕਾਰੀ ਹੋ ਗਏ, "ਤੁਸੀਂ ਮੈਨੂੰ ਬੁਲਾਇਆ, ਮੈਂ ਬਿੱਲ ਕਿਉਂ ਦੇਵਾਂ? ਫ਼ਲਾਣੇ-ਫ਼ਲਾਣੇਂ ਨੇ ਤਾਂ ਮੈਨੂੰ ਦੁੱਕੀ ਨਹੀਂ ਖਰਚਣ ਦਿੱਤੀ ਸੀ।" ਉਹ ਬਿਨ ਬੁਲਾਏ ਹੀ ਸਾਡੇ ਸਿਰ ਦੋਸ਼ ਮੜ੍ਹੀ ਜਾ ਰਹੇ ਸਨ! ਹੋਟਲ ਦਾ ਬਿੱਲ ਤਾਂ ਇੱਕ ਪਾਸੇ ਰਿਹਾ, ਐਡੀਟਰ ਜੀ ਨੇ ਕਮਰੇ ਵਿਚ ਲੱਗੇ ਟੈਲੀਫ਼ੋਨ ਨੂੰ ਵੀ ਮਾੜੇ ਇੰਜਣ ਵਾਂਗ ਗੇੜਾ ਪਾਈ ਰੱਖਿਆ ਸੀਵਿਸਕੀ ਪੀ ਕੇ ਸ਼ਾਇਦ, ਟੈਲੀਫ਼ੋਨ 'ਤੇ "ਚਰਨੋ-ਸ਼ਰਨੋ" ਦੇ ਦੁਆਲੇ ਹੀ ਹੁੰਦੇ ਰਹੇ ਸਨ, ਰੱਬ ਮੁਆਫ਼ੀ ਬਖ਼ਸ਼ੇ! ਜਿਵੇਂ ਵੀ ਹੋਇਆ, ਸਾਰੇ ਬਿੱਲ ਦਾ, ਦਿਲ 'ਤੇ ਹੱਥ ਰੱਖ ਕੇ ਕੌੜਾ ਘੁੱਟ ਭਰ ਲਿਆਇਸ ਸਾਰੇ ਕਾਸੇ ਦੇ ਬਿੱਲ, ਐਡੀਟਰ ਸਾਹਿਬ ਦੀਆਂ ਚਿੱਠੀਆਂ ਅਤੇ ਲੰਡਨ ਵਾਲੀ ਟਿਕਟ ਦੇ ਪੈਸੇ ਦੇਣ ਵਾਲਾ ਮੇਰਾ ਮਿੱਤਰ, ਜਿਉਂਦੇ ਜਾਗਦੇ ਗਵਾਹ ਹਨਐਡੀਟਰ ਦੀਆਂ ਚਿੱਠੀਆਂ ਅਤੇ ਹੋਟਲ, ਟੈਲੀਫ਼ੋਨ ਦੇ ਬਿੱਲ ਮੈਂ ਮਾਰੂ-ਹਥਿਆਰ ਦੇ ਲਾਇਸੰਸ ਵਾਂਗ ਸਾਂਭੇ ਹੋਏ ਹਨਜ਼ਰੂਰਤ ਪੈਣ 'ਤੇ ਦਿਖਾਏ ਵੀ ਜਾ ਸਕਦੇ ਹਨਹੋਟਲ ਅਤੇ ਰੈਸਟੋਰੈਂਟ ਦੇ ਮਾਲਕ ਅਤੇ ਮੇਰੇ ਮਿੱਤਰ ਵੀ ਅਜੇ ਚੜ੍ਹਦੀ ਕਲਾ ਵਿਚ ਹਨ, ਜਿਉਂਦੇ ਜਾਗਦੇ, ਹੱਡ-ਮਾਸ ਦੇ ਬੰਦੇ ਗਵਾਹ ਹਨ! ਰੱਬ-ਰੱਬ ਕਰਕੇ ਐਡੀਟਰ ਜੀ ਨੂੰ ਵਿਦਾਇਗੀ ਦਿੱਤੀਮਿਊਨਿਕ ਤੋਂ ਜਹਾਜ਼ ਚੜ੍ਹਾ ਕੇ ਆਏ ਅਤੇ ਰੱਬ ਜੀ ਨਾਲ ਗਿਲਾ ਕੀਤਾ ਕਿ, ਰੱਬ ਜੀ! ਥੋਨੂੰ ਸਾਡੀ ਅਰਦਾਸ ਦੀ ਗਲਤ ਸਮਝ ਆ ਗਈ ਜੀ! ਰੱਬ ਜੀ, ਸੇਈ ਪਿਆਰੇ ਮੇਲ ਜਿੰਨ੍ਹਾਂ ਮਿਲਿਆਂ ਤੇਰਾ ਨਾਮ ਚਿੱਤ ਆਵੈ, ਦਾ ਭਾਵ ਸਾਡਾ ਅਜਿਹੇ ਐਡੀਟਰ ਜੀ ਨਾਲ ਮੇਲ ਨਹੀਂ ਸੀ ਜੀ, ਕਿਰਪਾ ਕਰਿਆ ਕਰੋ ਕਿਸੇ ਸਬਰ-ਸੰਤੋਖ ਵਾਲੇ ਪਿਆਰੇ ਨਾਲ ਮਿਲਾਇਆ ਕਰੋ!! ਬਿੱਲ ਦੇਖ ਕੇ ਤਾਂ ਵੱਡਿਆਂ-ਵੱਡਿਆਂ ਦੇ ਤੁਸੀਂ ਯਾਦ ਆ ਜਾਂਦੇ ਹੋ ਰੱਬ ਜੀ, ਅਸੀਂ ਤਾਂ ਫਿਰ ਤੇਰੇ ਗਰੀਬ ਜਿਹੇ ਫ਼ਕੀਰ ਬੰਦੇ ਹਾਂ! ਹਮ ਗਰੀਬ ਮਸਕੀਨ ਪ੍ਰਭ ਤੇਰੇ....!

ਦੋ ਮਹੀਨੇ ਐਡੀਟਰ ਜੀ ਲਈ ਅਦਾ ਕੀਤੇ ਹੋਏ ਬਿੱਲ ਕਾਰਨ ਦਿਲ ਘਟਦਾ ਰਿਹਾਰਾਤਾਂ ਦੀ ਨੀਂਦ ਖਰਾਬ ਹੁੰਦੀ ਰਹੀਬਲੱਡ-ਪ੍ਰੈਸ਼ਰ ਕਦੇ ਘਟਦਾ ਅਤੇ ਕਦੇ ਵਧਦਾ ਰਿਹਾਡਰਾਉਣੇ ਸੁਪਨੇ ਆਉਂਦੇ ਰਹੇਘਰਵਾਲੀ ਸਾਹਿਬਾਂ ਦਾ ਵਾਧੂ ਡਰ ਮਾਰਦਾ ਰਿਹਾਮੇਰੇ ਘਰਵਾਲੀ ਮੇਰੀ ਅਧਿਆਪਕਾ ਰਹੀ ਹੈਇਸ ਕਰਕੇ ਹੂਰੇ ਮਾਰਨ ਦਾ ਅਧਿਕਾਰ ਉਹ ਅਜੇ ਵੀ ਜਤਾਉਂਦੀ ਰਹਿੰਦੀ ਹੈਹੈ ਵੀ ਮੈਥੋਂ ਪੂਰੇ ਸਾਢੇ ਦਸ ਸਾਲ ਵੱਡੀਵੱਡੀ ਉਮਰ ਦਾ ਖਿਆਲ ਕਰਨਾ ਹੀ ਪੈਂਦੈ ਬਾਈ ਜੀ! ਮੇਰੀ ਹਾਲਤ ਬਾਬਾ ਤੇਜਾ ਸਿੰਘ ਜੀ ਤੇਜ਼, ਕੋਟਲੇ ਵਾਲਿਆਂ ਦੀ ਰਚਨਾ "ਭਾ ਜੀ ਦੇ ਮੁੱਤੂ" ਵਰਗੀ ਹੋਈ ਪਈ ਸੀ! ਢਾਈ ਕੁ ਮਹੀਨੇ ਬਾਅਦ ਐਡੀਟਰ ਜੀ ਦਾ ਖ਼ਤ ਫਿਰ ਆ ਗਿਆਹੋਰ ਹੌਲ ਪੈ ਗਿਆ! ਲਿਖਿਆ ਸੀ, "ਤੁਹਾਡਾ ਚੰਦਾ ਇਸ ਅੰਕ ਨਾਲ ਖਤਮ ਹੋ ਰਿਹਾ ਹੈ, ਜੇ ਪੇਪਰ ਜਾਰੀ ਰੱਖਣਾ ਚਾਹੁੰਦੇ ਹੋ, ਤਾਂ ਚੰਦਾ ਤੁਰੰਤ ਭੇਜਿਆ ਜਾਵੇ!" ਸੋਚਿਆ ਸੀ, ਸੰਪਾਦਕ ਜੀ ਉਪਰ ਤਕਰੀਬਨ ਦੋ ਹਜ਼ਾਰ ਅਮਰੀਕਨ ਡਾਲਰ ਖਰਚਿਆ ਜਾ ਚੁੱਕੈ, ਹੁਣ ਪੇਪਰ ਮੁਫ਼ਤ ਹੀ ਆਈ ਜਾਵੇਗਾਪਰ ਸੰਪਾਦਕ ਜੀ ਤਾਂ ਸਾਡੀ 'ਰੂੜੀਵਾਦੀ' ਸੋਚ ਨਾਲੋਂ ਕਿਤੇ 'ਅਗਾਂਹ-ਵਧੂ' ਨਿਕਲੇ! 35 ਡਾਲਰਾਂ ਦੇ ਚੰਦੇ ਲਈ ਖ਼ਤ ਪਾ ਦਿੱਤਾ! ਦਿਲ ਖੁੰਧਕ ਖਾ ਗਿਆਸੋਚਿਆ, ਅਜਿਹਾ ਨਾ-ਸ਼ੁਕਰਾ ਅਤੇ ਅਕ੍ਰਿਤਘਣ ਬੰਦਾ? ਸਾਡੇ ਖਰਚੇ ਹੋਏ ਦੋ ਹਜ਼ਾਰ ਡਾਲਰ ਅਤੇ 225 ਪੌਂਡ ਤਾਂ ਫਿਰ ਗੋਹਿਆਂ ਦੀ ਲੜਾਈ ਵਿਚ ਹੀ ਚਲੇ ਗਏ? ਚੰਦਾ ਨਾ ਭੇਜਣ ਦਾ ਫ਼ੈਸਲਾ ਕਰ ਲਿਆ! ਪੇਪਰ ਨਾ ਪੜ੍ਹਨਾ ਮਨਜ਼ੂਰ! ਜਦੋਂ ਅਗਲੇ ਨੂੰ ਸ਼ਰਮ ਨਹੀ ਤਾਂ ਸਾਨੂੰ ਕਿਉਂ...? ਕੰਜਰੀ ਮਰਾਸਣ ਨੂੰ ਕੀ ਮਿਹਣਾ ਦਿਊ....?

ਇਕ ਹੋਰ ਸੰਪਾਦਕ ਜੀ ਦਾ ਮੈਨੂੰ ਟੈਲੀਫ਼ੋਨ ਹੀ ਨਾ ਆਉਣੋਂ ਹਟਿਆ ਕਰੇ, "ਸਾਨੂੰ ਵੀ ਆਪਣਾ ਕੋਈ ਨਾਵਲ ਲੜੀਵਾਰ ਛਪਣ ਲਈ ਦੇ ਦਿਓ!" ਜਦੋਂ ਮੈਂ ਆਪਣੇ ਨਾਵਲ ਦੀ ਕੀਮਤ ਦੱਸੀ ਅਤੇ ਨਾਲ ਹੀ ਕਿਹਾ, "ਆਰਡਰ ਦੇ ਨਾਲ ਮਨੀਆਰਡਰ ਜ਼ਰੂਰ ਭੇਜ ਦਿਆ ਕਰੋ ਜੀ!" ਉਸ ਦਾ ਮੁੜ ਕੇ ਫ਼ੋਨ ਨਹੀਂ ਆਇਆਕਿਸੇ 'ਵਿਸ਼ੇਸ਼-ਅੰਕ' ਲਈ ਕਹਾਣੀ ਜਾਂ ਵਿਅੰਗ ਬਾਰੇ ਖ਼ਤ ਜਾਂ ਫ਼ੋਨ ਜਰੂਰ ਆ ਜਾਂਦਾ ਹੈਕਿਉਂਕਿ ਮੈਂ ਕਹਾਣੀ ਜਾਂ ਆਰਟੀਕਲ ਦੇ ਪੈਸੇ ਨਹੀਂ ਲੈਂਦਾ!

ਇਹ ਤਾਂ ਇੱਕ-ਅੱਧੇ ਸੰਪਾਦਕ ਦੀ ਗੱਲ ਹੈਹੋਰ ਵੀ ਕਈ ਅਜਿਹੇ ਹਨ, ਜਿਹਨਾਂ ਦੇ ਅਸੀਂ ਧੱਕੇ ਚੜ੍ਹਨੋਂ ਹੀ ਬਚ ਗਏ ਅਤੇ ਰੰਦੇ ਤੋਂ ਬਚਾਅ ਹੋ ਗਿਆਕਈ ਸੰਪਾਦਕ ਤਾਂ ਐਹੋ ਜਿਹੇ ਰੇਗਮਾਰ-ਫੇਰੂ ਹਨ ਕਿ ਦੋ-ਦੋ ਵਾਰ 'ਲਾਈਫ਼-ਮੈਂਬਰਸ਼ਿੱਪ' ਲੈ ਕੇ ਪੇਪਰ ਦੇ ਦਰਸ਼ਣ ਤੱਕ ਨਹੀਂ ਕਰਵਾਉਂਦੇਪਿਆਰੇ ਮਿੱਤਰੋ! ਜੇ ਤੁਹਾਡੇ ਵੀ ਕੋਈ ਸੰਪਾਦਕ 'ਦਰਸ਼ਣ' ਕਰਕੇ ਗਿਆ ਹੈ, 'ਦੀਦਾਰੇ' ਕਰਨੇ ਚਾਹੁੰਦਾ ਹੈ ਅਤੇ ਜਾਂ ਤੁਹਾਡੇ ਨਾਲ ਵੀ ਕੋਈ ਅਜਿਹੀ 'ਵਾਰਦਾਤ' ਹੋਈ ਹੋਵੇ, ਜਿਸ ਨਾਲ ਕਾਲਜੇ 'ਚ ਚਿੱਬ ਪਏ ਹੋਣ, ਤਾਂ ਸਾਂਝੀ ਜ਼ਰੂਰ ਕਰਨੀ! ਦਿਲ ਵਿਚ ਗੱਲ ਛੁਪਾਉਣ ਨਾਲ 'ਨਾਸੂਰ' ਬਣ ਜਾਂਦਾ ਹੈ! ਫੇਰ ਨਾ ਉਲਾਂਭਾ ਦੇਇਓ! ਸਿਆਣੇ ਦਾ ਕਿਹਾ ਅਤੇ ਔਲੇ ਦਾ ਖਾਧਾ ਪਿੱਛੋਂ ਪਤਾ ਲੱਗਦੈ!! ਬੱਸ ਰੱਬ ਮੂਹਰੇ ਇਹ ਅਰਦਾਸ ਹੀ ਕਰਿਆ ਕਰੋ: ਹੇ ਅਕਾਲ ਪੁਰਖ਼! ਸੇਈ ਪਿਆਰੇ ਮੇਲ ਜਿਹਨਾਂ ਵਿਚ ਸਬਰ ਸੰਤੋਖ ਹੋਵੇ ਅਤੇ ਜਿਹੜੇ ਦੂਜਿਆਂ ਪ੍ਰਤੀ ਵੀ ਈਮਾਨਦਾਰ ਹੋਣ....!!

5 comments:

ਤਨਦੀਪ 'ਤਮੰਨਾ' said...

ਮੁਬਾਰਕਾਂ ਬਾਈ ਜੀ! ਸੱਚ ਲਿਖਣ 'ਚ ਕੋਈ ਕਸਰ ਨਈਂ ਛੱਡੀ। ਜੇ ਪੰਜਾਬੀ ਲੇਖਕ ਦੀ ਕਦਰ, ਹੋਰ ਭਾਸ਼ਾਵਾਂ ਦੇ ਲੇਖਕਾਂ ਦੀ ਤਰ੍ਹਾਂ ਹੋਣ ਲੱਗ ਜਾਵੇ ਤਾਂ ਕਹਿਣਾ ਹੀ ਕੀ ਹੈ! ਇੱਕ ਵਾਰ ਫੇਰ ਯਥਾਰਥ ਪੇਸ਼ ਕਰਨ ਲਈ ਮੁਬਾਰਕਬਾਦ!

ਰਜਿੰਦਰਜੀਤ
ਯੂ.ਕੇ.
=========
ਸ਼ੁਕਰੀਆ ਰਜਿੰਦਰ ਜੀ!
ਤਮੰਨਾ

Unknown said...
This comment has been removed by a blog administrator.
ਤਨਦੀਪ 'ਤਮੰਨਾ' said...

ਬੱਲੇ ਓਏ! ਨਿੱਕੇ ਵੀਰਾ ਰਾਜਿੰਦਰਜੀਤ! ਤੂੰ ਅੱਜ ਕਿਹੜੇ ਪਹਾੜ ਓਹਲਿਓਂ ਬੋਲਿਐਂ? ਖ਼ੈਰ! ਤੇਰੀ ਮਿਹਰਬਾਨੀ ਨਿੱਕਿਆ! ਤੂੰ ਬਾਈ ਨੂੰ ਯਾਦ ਕੀਤਾ।

ਜੱਗੀ ਕੁੱਸਾ

ਤਨਦੀਪ 'ਤਮੰਨਾ' said...

ਜੱਗੀ ਕੁੱਸਾ ਜੀ ਤਾ ਗੱਲ ਸਿਰੇ ਈ ਲਾ ਦਿੰਦੇ ਨੇ! ਯਾਦਾਂ 'ਚ ਵੀ ਵਿਅੰਗ ਭਰ ਦਿੱਤਾ। ਮੈਂ ਉਹਨਾਂ ਦੀਆਂ ਲਿਖਤਾਂ ਬਹੁਤ ਨੀਝ ਨਾਲ਼ ਪੜ੍ਹਦਾ ਹੁੰਦਾ ਹਾਂ।

ਮਨਧੀਰ ਭੁੱਲਰ
ਕੈਨੇਡਾ
=========
ਸ਼ੁਕਰੀਆ ਮਨਧੀਰ ਜੀ!

ਤਮੰਨਾ

ਤਨਦੀਪ 'ਤਮੰਨਾ' said...

ਜੱਗੀ ਬਾਈ! ਚੰਗਾ ਹੋਇਆ ਐਹੋ ਜਿਹੇ ਸੰਪਾਦਕ ਤੋਂ ਖਹਿੜਾ ਛੁੱਟ ਗਿਆ।
ਮੁੜਦਿਆਂ ਹੋਇਆਂ ਖਾਣ-ਪੀਣ ਦੀ ਸੇਵਾ ਲਈ ਪੁੱਛਿਆ ਤਾਂ ਐਡੀਟਰ ਜੀ ਵਾਰ-ਵਾਰ ਪੁੱਛ ਰਹੇ ਸਨ, "ਇੱਥੇ ਕੋਈ 'ਹੋਮੋ' (ਹਮਜਿਣਸੀ) ਕਲੱਬ ਵੀ ਹੈ?" ਅਸੀਂ ਬਹੁਤਾ ਕੋਈ ਮਹਿਸੂਸ ਨਾ ਕੀਤਾ। ਸੋਚਿਆ, ਐਡੀਟਰ ਜੀ ਸਾਹਿਤਕ ਬੰਦੇ ਹਨ, ਵੈਸੇ ਹੀ ਆਮ ਜਾਣਕਾਰੀ ਹਾਸਲ ਕਰ ਰਹੇ ਹਨ। ਪਰ ਕਾਫ਼ੀ ਸਮੇਂ ਬਾਅਦ ਸਾਨੂੰ ਜਾ ਕੇ ਕਈ ਸਾਹਿਤਕ-ਮਿੱਤਰਾਂ ਤੋਂ ਪਤਾ ਲੱਗਿਆ ਕਿ ਐਡੀਟਰ ਜੀ ਤਾਂ ਖੁਦ ਹੀ ਇਸ ਕੰਮ ਵਿਚ ਸੋਲ੍ਹਾਂ ਕਲਾਂ 'ਸੰਪੂਰਨ' ਹਨ! ਉਹਨਾਂ ਬਾਰੇ ਉਸ ਸ਼ਹਿਰ ਵਿਚ ਮਸ਼ਹੂਰ ਹੈ ਕਿ ਜੇ ਬੰਦਾ ਇਸ ਐਡੀਟਰ ਜੀ ਨੂੰ ਸ਼ਾਮ ਨੂੰ ਮਿਲਣ ਚਲਾ ਜਾਵੇ, ਤਾਂ ਦੂਜੇ ਹਮਦਰਦ ਮਿੱਤਰ ਪੁੱਛਣ ਲੱਗ ਪੈਂਦੇ ਹਨ ਕਿ, ਬਾਈ ਜੀ! ਭਰਜਾਈ ਜੀ ਅੱਜ ਕੱਲ੍ਹ ਪੇਕੀਂ ਤਾਂ ਨਹੀਂ ਗਏ ਹੋਏ....?

ਨਰਿੰਦਰਜੀਤ ਸਿੰਘ
ਯੂ.ਐੱਸ.ਏ.
=============
ਸ਼ੁਕਰੀਆ ਨਰਿੰਦਰ ਜੀ।
ਤਮੰਨਾ