ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Wednesday, December 10, 2008

ਹਰਚਰਨ ਮਾਂਗਟ - ਗ਼ਜ਼ਲ

ਦੋਸਤੋ! ਮੈਨੂੰ ਇਹ ਗੱਲ ਸਾਂਝੀ ਕਰਦਿਆਂ ਵੀ ਬੜੀ ਖ਼ੁਸ਼ੀ ਹੋ ਰਹੀ ਹੈ ਕਿ ਸਤਿਕਾਰਤ ਗਗਨਦੀਪ ਸ਼ਰਮਾ ਜੀ ਨੇ ਸਤਿਕਾਰਤ ਸ਼ਾਇਰ ਹਰਚਰਨ ਮਾਂਗਟ ਜੀ ਦੀਆਂ ਖ਼ੂਬਸੂਰਤ ਲਿਖਤਾਂ ਭੇਜ ਕੇ ਆਰਸੀ ਦੇ ਪਾਠਕਾਂ /ਲੇਖਕਾਂ ਨਾਲ਼ ਉਹਨਾਂ ਦੀ ਪਹਿਲੀ ਸਾਹਿਤਕ ਸਾਂਝ ਪਵਾਈ ਹੈ। ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਮਾਂਗਟ ਸਾਹਿਬ ਨੂੰ ਆਰਸੀ ਦੀ ਅਦਬੀ ਮਹਿਫ਼ਲ ਚ ਖ਼ੁਸ਼ਆਮਦੀਦ ਨੂੰ ਆਖਦੀ ਹਾਂ। ਅੱਜ ਉਹਨਾਂ ਦੀ ਇੱਕ ਖ਼ੂਬਸੂਰਤ ਗ਼ਜ਼ਲ ਤੇ ਇੱਕ ਰੁਬਾਈ ਨੂੰ ਆਰਸੀ 'ਚ ਸ਼ਾਮਿਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਗਗਨਦੀਪ ਜੀ ਦਾ ਬਹੁਤ-ਬਹੁਤ ਸ਼ੁਕਰੀਆ!


ਗ਼ਜ਼ਲ


ਪੈਰ ਮੰਜ਼ਿਲ ਵਲ ਵਧਾ, ਮੁੱਕਣਗੇ ਤਾਂ ਹੀ ਫ਼ਾਸਲੇ

'ਰਾਦੇ ਨੂੰ ਪੁਖ਼ਤਾ ਬਣਾ, ਮੁੱਕਣਗੇ ਤਾਂ ਹੀ ਫ਼ਾਸਲੇ

----

ਮੰਜ਼ਲਾਂ ਕਦ ਮਿਲ਼ਦੀਆਂ ਨੇ ਨ੍ਹੇਰਿਆਂ ਵਿਚ ਭਟਕਿਆਂ,

ਦੀਪ ਆਸਾਂ ਦੇ ਜਗਾ, ਮੁੱਕਣਗੇ ਤਾਂ ਹੀ ਫ਼ਾਸਲੇ

----

ਸ਼ੂਕਦਾ ਤੂਫ਼ਾਨ ਕਹਿਰੀ, ਦੂਰ ਹੈ ਸਾਹਿਲ ਅਜੇ,

ਕਿਸ਼ਤੀ ਲਹਿਰਾਂ ਤੇ ਨਚਾ, ਮੁੱਕਣਗੇ ਤਾਂ ਹੀ ਫ਼ਾਸਲੇ

----

ਨਫ਼ਰਤਾਂ ਨੇ ਦੂਰ ਕੀਤਾ, ਆਦਮੀ ਤੋਂ ਆਦਮੀ,

ਮਦਰਾ ਪਿਆਰ ਆਲ਼ੀ ਪਿਲਾ, ਮੁੱਕਣਗੇ ਤਾਂ ਹੀ ਫ਼ਾਸਲੇ

----

ਦੂਰ ਕਰ ਸ਼ਿਕਵੇ ਗਿਲੇ, ਖੋਲ੍ਹ ਤੂੰ ਘੁੰਡੀ ਦਿਲੇ ਦੀ,

ਸੁਣ ਮਿਰੀ, ਅਪਣੀ ਸੁਣਾ, ਮੁੱਕਣਗੇ ਤਾਂ ਹੀ ਫ਼ਾਸਲੇ

==========

ਰੁਬਾਈ


ਚਾਨਣ ਦੀ ਤਾਸੀਰ, ਹਨੇਰਾ ਕੀ ਜਾਣੇ

ਹੱਕਾਂ ਦੀ ਤਾਰੀਫ਼, ਲੁਟੇਰਾ ਕੀ ਜਾਣੇ

ਸੱਚ ਝੂਠ ਦਾ ਅੰਤਰ, ਮੂਰਖ ਕੀ ਸਮਝੇ,

ਭਵਸਾਗਰ ਦੀ ਸਾਰ, ਮਛੇਰਾ ਕੀ ਜਾਣੇ

2 comments:

ਤਨਦੀਪ 'ਤਮੰਨਾ' said...

ਸਤਿਕਾਰਤ ਅੰਕਲ ਮਾਂਗਟ ਸਾਹਿਬ...ਗਗਨ ਜੀ ਨੇ ਤੁਹਾਡੀ ਵੀ ਇੱਕ ਬੇਹੱਦ ਖੂਬਸੂਰਤ ਨਜ਼ਮ ਭੇਜੀ ਹੈ..ਮੈਨੂੰ ਸਾਰੀ ਗ਼ਜ਼ਲ ਬਹੁਤ ਪਿਆਰੀ ਲੱਗੀ..ਖ਼ਾਸ ਤੌਰ ਤੇ ਇਹ ਸ਼ਿਅਰ..

ਮੰਜ਼ਲਾਂ ਕਦ ਮਿਲ਼ਦੀਆਂ ਨੇ ਨ੍ਹੇਰਿਆਂ ਵਿਚ ਭਟਕਿਆਂ,
ਦੀਪ ਆਸਾਂ ਦੇ ਜਗਾ, ਮੁੱਕਣਗੇ ਤਾਂ ਹੀ ਫ਼ਾਸਲੇ।
----
ਸ਼ੂਕਦਾ ਤੂਫ਼ਾਨ ਕਹਿਰੀ, ਦੂਰ ਹੈ ਸਾਹਿਲ ਅਜੇ,
ਕਿਸ਼ਤੀ ਲਹਿਰਾਂ ਤੇ ਨਚਾ, ਮੁੱਕਣਗੇ ਤਾਂ ਹੀ ਫ਼ਾਸਲੇ।
ਕਮਾਲ ਦਾ ਖ਼ਿਆਲ ਹੈ...ਦੂਸਰੇ ਸ਼ਿਅਰ 'ਚ। ਬਹੁਤ-ਬਹੁਤ ਮੁਬਾਰਕਾਂ ਏਨੀ ਸੋਹਣੀ ਗ਼ਜ਼ਲ ਕਹਿਣ ਤੇ!

ਅਦਬ ਸਹਿਤ
ਤਮੰਨਾ

ਗੁਰਦਰਸ਼ਨ 'ਬਾਦਲ' said...

ਮਾਂਗਟ ਸਾਹਿਬ...ਜੀ ਆਇਆਂ ਨੂੰ!ਬਹੁਤ ਖ਼ੂਬ ਜਨਾਬ! ਬੇਟੇ ਗਗਨ ਨੇ ਤੁਹਾਡੀ ਹਾਜ਼ਰੀ ਵੀ ਲਵਾ ਦਿੱਤੀ। ਬਹੁਤ ਖੂਬਸੂਰਤ ਗ਼ਜ਼ਲ ਹੈ। ਮੁਬਾਰਕਾਂ!!

ਤੁਹਾਡਾ
ਗੁਰਦਰਸ਼ਨ 'ਬਾਦਲ'
ਕੈਨੇਡਾ