ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Monday, December 22, 2008

ਪ੍ਰਿੰ: ਤਖ਼ਤ ਸਿੰਘ - ਗ਼ਜ਼ਲ

ਗ਼ਜ਼ਲ

ਕਦੇ ਇਹ ਵੀ ਕਰਿਸ਼ਮਾ ਕਰ ਲਵਾਂਗਾ।

ਮੈਂ ਘੁੱਟ ਅਪਣੇ ਲਹੂ ਦੇ ਭਰ ਲਵਾਂਗਾ।

----

ਤੂੰ ਇਕ ਵਾਰੀ ਕਿਤੋਂ ਆਵਾਜ਼ ਤਾਂ ਦੇ,

ਮੈਂ ਸਭ ਅੱਗ ਦੇ ਦਰਿਆ ਤਰ ਲਵਾਂਗਾ।

----

ਬਣਾਂਗਾ ਇਉਂ ਭੰਵਰ ਗ਼ਮ ਦਾ ਕਿ ਤੇਰਾ,

ਮੈਂ ਨਾਂ ਪਾਣੀ ਤੇ ਵੀ ਉੱਕਰ ਲਵਾਂਗਾ

----

ਪਈ ਜੇ ਰੇਤ ਚੇਤੇ ਦੇ ਵਣਾਂ ਵਿਚ,

ਤਾਂ ਪਲਕਾਂ ਤੇ ਟਟਿਆਣੇ ਧਰ ਲਵਾਂਗਾ

----

ਸਮੇਂ ਭਾਣੇ ਮੈਂ ਇਕ ਪਲ ਹੀ ਸਹੀ, ਪਰ,

ਸਦੀ ਦੀ ਪੀੜ ਫਿਰ ਵੀ ਜਰ ਲਵਾਂਗਾ।

----

ਸਮੁੰਦਰ ਜਾਣ ਕੇ ਮਹਿਕਾਂ ਦਾ ਤੈਨੂੰ,

ਮੈਂ ਤਰਿਹਾਏ ਬਦਨ ਵਿਚ ਭਰ ਲਵਾਂਗਾ।

----

ਜੇ ਹੋ ਸਕੇ ਤਾਂ ਬੰਦ ਅੱਖਾਂ 'ਚ ਕਰ ਲੈ,

ਮੈਂ ਤੇਰੇ ਮਨ 'ਚ ਤਾਂ ਖਿੱਲਰ ਲਵਾਂਗਾ

----

ਪਵੇਗੀ ਬਰਫ਼ ਸੂਰਜ ਤੇ ਕਦੇ ਤਾਂ,

ਜੇ ਹੁਣ ਧੁਖ਼ਦਾ ਹਾਂ, ਓਦੋਂ ਠਰ ਲਵਾਂਗਾ

----

ਕਦੋਂ ਤੱਕ ਸਾਧ ਕੇ ਰੱਖਾਂਗਾ ਚੁੱਪਾਂ,

ਮੈਂ ਇਕ ਇਕ ਪ੍ਰਸ਼ਨ ਦਾ ਉਤਰ ਲਵਾਂਗਾ।

----

ਜਿਵੇਂ ਖਾਧੇ ਨੇ ਮੈਂ ਅੰਗਿਆਰ ਗ਼ਮ ਦੇ,

ਉਵੇਂ ਸੂਲ਼ਾਂ ਦੀ ਪੈਲ਼ੀ ਚਰ ਲਵਾਂਗਾ।

----

ਹਨੇਰਾ ਬਣ ਕੇ ਤੂੰ ਜਾਵੇਂਗਾ ਕਿੱਥੇ?

ਕਿਰਨ ਬਣ ਕੇ ਮੈਂ ਤੈਨੂੰ ਵਰ ਲਵਾਂਗਾ।

3 comments:

ਤਨਦੀਪ 'ਤਮੰਨਾ' said...

ਪ੍ਰਿੰ: ਤਖ਼ਤ ਸਿੰਘ ਜੀ ਦੀ ਲਿਖੀ ਇਹ ਗ਼ਜ਼ਲ ਮੈਨੂੰ ਬੇਹੱਦ ਪਸੰਦ ਹੈ..ਖ਼ਾਸ ਤੌਰ ਤੇ ਇਹ ਸ਼ਿਅਰ:

ਸਮੁੰਦਰ ਜਾਣ ਕੇ ਮਹਿਕਾਂ ਦਾ ਤੈਨੂੰ,
ਮੈਂ ਤਰਿਹਾਏ ਬਦਨ ਵਿਚ ਭਰ ਲਵਾਂਗਾ।
----
ਜੇ ਹੋ ਸਕੇ ਤਾਂ ਬੰਦ ਅੱਖਾਂ 'ਚ ਕਰ ਲੈ,
ਮੈਂ ਤੇਰੇ ਮਨ 'ਚ ਤਾਂ ਖਿੱਲਰ ਲਵਾਂਗਾ।
----
ਪਵੇਗੀ ਬਰਫ਼ ਸੂਰਜ ਤੇ ਕਦੇ ਤਾਂ,
ਜੇ ਹੁਣ ਧੁਖ਼ਦਾ ਹਾਂ, ਓਦੋਂ ਠਰ ਲਵਾਂਗਾ।
----
ਹਨੇਰਾ ਬਣ ਕੇ ਤੂੰ ਜਾਵੇਂਗਾ ਕਿੱਥੇ?
ਕਿਰਨ ਬਣ ਕੇ ਮੈਂ ਤੈਨੂੰ ਵਰ ਲਵਾਂਗਾ।

ਬਹੁਤ ਖ਼ੂਬ! ਉਹਨਾਂ ਨੂੰ ਤੇ ਉਹਨਾਂ ਦੀ ਕਲਮ ਨੂੰ ਇੱਕ ਵਾਰ ਫ਼ੇਰ ਮੇਰਾ ਸਲਾਮ!
ਤਮੰਨਾ

ਤਨਦੀਪ 'ਤਮੰਨਾ' said...

ਬੇਟਾ ਤਮੰਨਾ, ਤਖ਼ਤ ਸਿੰ ਘ ਜੀ ਦਾ ਨਾਮ ਪੰਜਾਬੀ ਗ਼ਜ਼ਲਗੋਈ ਦੇ ਖੇਤਰ 'ਚ ਹਮੇਸ਼ਾ ਮਾਣ ਨਾਲ਼ ਲਿਆ ਜਾਂਦਾ ਰਹੇਗਾ। ਗ਼ਜ਼ਲ ਬਹੁਤ ਸੋਹਣੀ ਹੈ।

ਪਈ ਜੇ ਰੇਤ ਚੇਤੇ ਦੇ ਵਣਾਂ ਵਿਚ,
ਤਾਂ ਪਲਕਾਂ ਤੇ ਟਟਿਆਣੇ ਧਰ ਲਵਾਂਗਾ।
===
ਪਵੇਗੀ ਬਰਫ਼ ਸੂਰਜ ਤੇ ਕਦੇ ਤਾਂ,
ਜੇ ਹੁਣ ਧੁਖ਼ਦਾ ਹਾਂ, ਓਦੋਂ ਠਰ ਲਵਾਂਗਾ।
ਇੰਦਰਜੀਤ ਸਿੰਘ
ਕੈਨੇਡਾ
=======
ਸ਼ੁਕਰੀਆ ਅੰਕਲ ਜੀ।
ਤਮੰਨਾ

ਤਨਦੀਪ 'ਤਮੰਨਾ' said...

ਤਮੰਨਾ ਤੁਸੀਂ ਤਾਂ ਪ੍ਰਿੰ: ਸਾਹਿਬ ਦੀ ਇਹ ਗ਼ਜ਼ਲ ਪੋਸਟ ਕਰਕੇ ਵੀਹ ਸਾਲ ਪਹਿਲਾਂ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ। ਇੱਕ ਦੋਸਤ ਕੋਲ਼ੋਂ ਲੈ ਕੇ ਉਹਨਾਂ ਦੀ ਇਹ ਕਿਤਾਬ ਪੜ੍ਹੀ ਸੀ। ਕਯਾ ਗ਼ਜ਼ਲ ਹੈ!

ਸਮੁੰਦਰ ਜਾਣ ਕੇ ਮਹਿਕਾਂ ਦਾ ਤੈਨੂੰ,
ਮੈਂ ਤਰਿਹਾਏ ਬਦਨ ਵਿਚ ਭਰ ਲਵਾਂਗਾ।
----
ਜੇ ਹੋ ਸਕੇ ਤਾਂ ਬੰਦ ਅੱਖਾਂ 'ਚ ਕਰ ਲੈ,
ਮੈਂ ਤੇਰੇ ਮਨ 'ਚ ਤਾਂ ਖਿੱਲਰ ਲਵਾਂਗਾ।
----
ਪਵੇਗੀ ਬਰਫ਼ ਸੂਰਜ ਤੇ ਕਦੇ ਤਾਂ,
ਜੇ ਹੁਣ ਧੁਖ਼ਦਾ ਹਾਂ, ਓਦੋਂ ਠਰ ਲਵਾਂਗਾ।
----
ਕਦੋਂ ਤੱਕ ਸਾਧ ਕੇ ਰੱਖਾਂਗਾ ਚੁੱਪਾਂ,
ਮੈਂ ਇਕ ਇਕ ਪ੍ਰਸ਼ਨ ਦਾ ਉਤਰ ਲਵਾਂਗਾ।
ਅੰਕਲ
ਜਗਤਾਰ ਸਿੰਘ ਬਰਾੜ
ਕੈਨੇਡਾ
=======
ਤੁਹਾਡੀ ਈਮੇਲ ਪੜ੍ਹ ਕੇ 'ਆਰਸੀ' ਤੇ ਮਿਹਨਤ ਕਰਨ ਤੇ ਚੰਗਾ ਤੇ ਸੁਥਰਾ ਸਾਹਿਤ ਪਾਉਂਣ ਦਾ ਇਰਾਦਾ ਹੋਰ ਦ੍ਰਿੜ ਹੋ ਗਿਆ ਅੰਕਲ ਜੀ। ਸ਼ੁਕਰੀਆ।

ਤਮੰਨਾ