ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾWednesday, December 24, 2008

ਗਿਆਨੀ ਸੰਤੋਖ ਸਿੰਘ - ਲੇਖ

ਅਨਪੜ੍ਹ ਸਿੰਘਾ

ਲੇਖ

ਯਾਦਾਂ

ਕਾਰ ਚਲਾਉਂਣੀ ਸਿੱਖ ਫੱਕਰਾਂ ਦੀ, ਚੇਤੇ ਰੱਖ, ਲੋਕ ਸਭਾ ਦੀ ਟਿਕਟ ਮਿਲ਼ੂ ਅਨਪੜ੍ਹ ਸਿੰਘਾ

ਉਪਰੋਕਤ ਲਾਈਨ ਪ੍ਰਿੰਸੀਪਲ ਤਖ਼ਤ ਸਿੰਘ ਦੀ ਇਕ ਲੰਮੀ ਗ਼ਜ਼ਲ ਵਿਚੋਂ ਹੈ ਜੋ ਕਿ ਉਸਨੇ 1967/68 ਵਿਚ ਲਿਖੀ ਸੀਇਸ ਦਾ ਪਿਛੋਕੜ ਇਸ ਪ੍ਰਕਾਰ ਹੈ : ਪੰਜਾਬੀ ਸੂਬਾ ਬਣਨ ਪਿੱਛੋਂ 1967 ਦੀਆਂ ਪਹਿਲੀਆਂ ਚੋਣਾਂ ਸਨਪੰਜਾਬੀ ਸੂਬੇ ਦੀ ਜੱਦੋ-ਜਹਿਦ ਵਿਚ ਅਧੂਰੀ ਜਿਹੀ ਸਫ਼ਲਤਾ ਪ੍ਰਾਪਤ ਕਰ ਲੈਣ ਕਰਕੇ, ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ, ਮਾਸਟਰ ਤਾਰਾ ਸਿੰਘ ਜੀ ਦੇ ਹੱਥੋਂ ਨਿਕਲ਼ ਕੇ ਸੰਤ ਫ਼ਤਿਹ ਸਿੰਘ ਜੀ ਦੇ ਹੱਥ ਆ ਗਈ ਹੋਈ ਸੀਇਹਨਾਂ ਚੋਣਾਂ ਤੋਂ ਪਹਿਲਾਂ ਮਾਸਟਰ ਜੀ ਤੇ ਸੰਤ ਜੀ ਦੇ ਧੜਿਆਂ ਵਿਚ ਕੁਝ ਪੰਥ ਦਰਦੀ ਸੱਜਣਾਂ ਨੇ ਸਮਝੌਤਾ ਕਰਵਾ ਕੇ, ਇਕੋ ਝੰਡੇ ਹੇਠ ਦੋਹਾਂ ਧੜਿਆਂ ਨੂੰ ਇਕ ਹੋ ਕੇ ਚੋਣਾਂ ਲੜਾਉਣ ਲਈ ਯਤਨ ਕੀਤੇ ਤਾਂ ਕਿ ਪੰਜਾਬੀ ਸੂਬੇ ਦੇ ਅਸਲੀ ਮਕਸਦ ਦੀ ਪ੍ਰਾਪਤੀ ਹੋ ਸਕੇ, ਅਰਥਾਤ ਸੂਬੇ ਵਿਚ ਕਾਂਗਰਸ ਦੀ ਥਾਂ ਤੇ ਅਕਾਲੀ ਸਰਕਾਰ ਬਣਾਈ ਜਾ ਸਕੇ, ਪਰ ਅਜਿਹੇ ਯਤਨ ਅਸਫ਼ਲ ਰਹੇ ਤੇ ਸਮਝੌਤਾ ਨਾ ਹੋ ਸਕਿਆਦੋਹਾਂ ਧੜਿਆਂ ਨੇ ਵੱਖ-ਵੱਖ ਹੀ ਉਮੀਦਵਾਰ ਖੜ੍ਹੇ ਕੀਤੇ ਜਿਸ ਨਾਲ਼ ਅਕਾਲੀਆਂ ਦੀਆਂ ਵੋਟਾਂ ਦੋ ਥਾਂਈਂ ਵੰਡੀਆਂ ਜਾਣ ਕਰਕੇ ਕਾਂਗਰਸ ਨੂੰ ਖਾਸਾ ਲਾਭ ਹੋਇਆਇਸ ਸਮੇ ਬਠਿੰਡੇ ਦੇ ਰਿਜ਼ਰਵ ਹਲਕੇ ਤੋਂ ਟਕਸਾਲੀ ਅਕਾਲੀ ਸ. ਧੰਨਾ ਸਿੰਘ ਗੁਲਸ਼ਨ ਅਕਾਲੀ ਦਲ ਦੇ ਸਿਟਿੰਗ ਐਮ. ਪੀ. ਸਨ ਜੋ ਕਿ ਮਾਸਟਰ ਗਰੁਪ ਨਾਲ਼ ਸਨਇਹ ਸਰਦਾਰ ਗੁਲਸ਼ਨ ਜੀ ਬਹੁਤ ਲੰਮਾ ਸਮਾ ਲੈਜਿਸਲੇਟਰ ਰਹੇ1952 ਵਿਚ ਪੈਪਸੂ ਵਿਚ ਐਮ. ਐਲ. ਏ. ਬਣੇਫਿਰ 1957 ਵਿਚ ਪੰਜਾਬ ਵਿਚ ਐਮ. ਐਲ. ਏ. ਬਣੇ ਤੇ 1962 ਵਿਚ ਐਮ. ਪੀ. ਬਣੇਫਿਰ 1972 ਵਿਚ ਵੀ ਐਮ. ਐਲ. ਏ. ਬਣੇਐਮਰਜੈਂਸੀ ਦੇ ਖ਼ਿਲਾਫ਼ ਦਲ ਵੱਲੋਂ ਲਾਏ ਗਏ ਮੋਰਚੇ ਦੀ ਸਫ਼ਲਤਾ ਕਾਰਨ, 1977 ਵਿਚ ਹੋਈਆਂ ਚੋਣਾਂ ਵਿਚ, ਗੁਲਸ਼ਨ ਜੀ ਐਮ. ਪੀ. ਬਣੇ ਤੇ ਫਿਰ ਹਿੰਦੁਸਤਾਨ ਦੇ ਵਿਦਿਅਕ ਮਹਿਕਮੇ ਦੇ ਰਾਜ ਮੰਤਰੀ ਬਣਨ ਦਾ ਮਾਣ ਵੀ ਸ. ਧੰਨਾ ਸਿੰਘ ਗੁਲਸ਼ਨ ਜੀ ਨੂੰ ਪ੍ਰਾਪਤ ਹੋਇਆਇਹ ਕਲਗੀਧਰ ਪਾਤਿਸ਼ਾਹ ਦਾ ਪੰਥ ਵੀ ਕੈਸਾ ਗ਼ਰੀਬ ਨਿਵਾਜ ਹੈ! ਮਹਾਰਾਜ ਨੇ ਫੁਰਮਾਇਆ ਸੀ ਨਾ :

ਇਨ ਗਰੀਬ ਸਿਖਨ ਕਉ ਦੇਊਂ ਪਾਤਿਸ਼ਾਹੀ

ਯਾਦ ਕਰੇਂ ਹਮਰੀ ਗੁਰਿਆਈ

ਫਿਰ ਹੋਰ ਵੀ ਵੇਖੋ ਪਾਤਿਸ਼ਾਹ ਕੀ ਫੁਰਮਾਉਂਦੇ ਹਨ :

ਜਿਨ ਕੀ ਜਾਤਿ ਔਰ ਕੁਲ ਨਾਹੀਂਸਰਦਾਰੀ ਨਹਿ ਭਈ ਕਦਾਹੀਂ

ਇਨਹੀਂ ਕੋ ਸਰਦਾਰ ਬਨਾਊਤਬੈ ਗੋਬਿੰਦ ਸਿੰਘ ਨਾਮ ਕਹਾਊਂ

ਬਠਿੰਡੇ ਦੇ ਟਿੱਬਿਆਂ ਵਿਚ ਕਵੀਸ਼ਰੀ ਕਰਨ ਵਾਲ਼ਾ ਇਕ ਨਿਮਾਣਾ ਦਲਿਤ ਸਿੱਖ, ਸ. ਧੰਨਾ ਸਿੰਘ ਗੁਲਸ਼ਨ, ਪੰਥ ਦੀ ਗ਼ਰੀਬ ਨਿਵਾਜਤਾ ਕਾਰਨ ਨਾ ਸਿਰਫ਼ ਐਮ. ਪੀ. ਹੀ ਬਣਿਆ ਬਲਕਿ ਕੇਂਦਰੀ ਸਰਕਾਰ ਦਾ ਵਜ਼ੀਰ, ਤੇ ਉਹ ਵੀ ਵਿਦਿਅਕ ਮਹਿਕਮੇ ਦਾ; ਹੈ ਕਿ ਨਾ ਪੰਥਕ ਬਖ਼ਸ਼ਿਸ਼ਾਂ ਦਾ ਪ੍ਰਤੱਖ ਪਰਮਾਣ! ਇਸ ਪੰਥ ਨੇ ਤਾਂ ਘੋੜਿਆਂ ਦੀ ਲਿੱਦ ਸੁੱਟਣ ਵਾਲ਼ੇ ਭਾਈ ਕਪੂਰ ਸਿੰਘ ਜੀ ਨੂੰ ਨਵਾਬ ਤੇ ਯਤੀਮ ਭਾਈ ਜੱਸਾ ਸਿੰਘ ਨੂੰ ਸੁਲਤਾਨੁਲ ਕੌਮ ਬਣਾ ਦਿੱਤਾ ਸੀ!

ਸ. ਧੰਨਾ ਸਿੰਘ ਗੁਲਸ਼ਨ ਜੀ ਬਹੁਤ ਸੁਲਝੇ ਹੋਏ ਬੁਲਾਰੇ ਸਨ ਤੇ ਕਵੀਸ਼ਰੀ ਕਰਿਆ ਕਰਦੇ ਸਨਆਪਣੀਆਂ ਕਵਿਤਾਵਾਂ ਵੀ ਲਿਖਦੇ ਸਨਇਹਨਾਂ ਦੀ ਇਕ ਕਿਤਾਬ 'ਵੀਹਵੀਂ ਸਦੀ ਦੀ ਸਿੱਖ ਰਾਜਨੀਤੀ' ਵੀ ਸਿੱਖ ਸਿਆਸਤ ਉਪਰ ਚੰਗਾ ਚਾਨਣ ਪਾਉਣ ਵਾਲ਼ੀ ਕਿਤਾਬ ਹੈਸਰਦਾਰ ਗੁਲਸ਼ਨ ਜੀ 1969 ਦੀ ਵੈਸਾਖੀ ਸਮੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਮੇਰਾ ਲੈਕਚਰ ਸੁਣ ਕੇ ਬੜੇ ਪ੍ਰਭਾਵਤ ਹੋਏ ਤੇ ਸ਼ਾਬਾਸ਼ ਦਿੰਦਿਆਂ ਆਖਿਆ, "ਤੂੰ ਤਾਂ ਸੰਤੋਖ ਸਿਆਂ ਗਿਆਨੀ ਲਾਲ ਸਿੰਘ ਵਾਂਗ ਬੋਲਦੈਂ!" 1980 ਵਿਚ ਸਿਡਨੀ ਆਉਣ ਪਿੱਛੋਂ, ਮੈਨੂੰ ਪੰਥ ਪ੍ਰਸਿਧ ਢਾਡੀ ਅਤੇ ਚੋਟੀ ਦੇ ਬੁਲਾਰੇ, ਪਰਲੋਕਵਾਸੀ ਗਿ. ਭਗਤ ਸਿੰਘ ਲਲ੍ਹੀ ਜੀ ਹੋਰਾਂ, ਨੇ ਗੁਲਸ਼ਨ ਜੀ ਦੀ ਬਣਾਈ ਪੰਜਾਬੀ ਸੂਬੇ ਬਾਰੇ ਇਕ ਕਵਿਤਾ ਜ਼ੁਬਾਨੀ ਸੁਣਾਈ ਸੀ ਜੋ ਕਿ ਉਹਨਾਂ ਦੀ ਕਾਵਿਕ ਯੋਗਤਾ ਦੀ ਮੂੰਹ ਬੋਲਦੀ ਤਸਵੀਰ ਸੀਅੱਜਕੱਲ੍ਹ ਉਹਨਾਂ ਦੀ ਸਪੁੱਤਰੀ, ਪ੍ਰਿੰਸੀਪਲ ਪਰਮਜੀਤ ਕੌਰ ਗੁਲਸ਼ਨ ਜੀ, ਉਹਨਾਂ ਦੇ ਹਲਕੇ ਦੀ, ਸ਼੍ਰੋਮਣੀ ਅਕਾਲੀ ਦਲ ਵੱਲੋਂ, ਭਾਰਤ ਦੀ ਲੋਕ ਸਭਾ ਵਿਚ ਨੁਮਾਇੰਦਗੀ ਕਰਦੇ ਹਨ

ਮੁਕਦੀ ਗੱਲ, 1967 ਸਮੇ ਇਹ ਵੀ ਮਾਸਟਰ ਦਲ ਵੱਲੋਂ ਏਥੋਂ ਹੀ ਉਮੀਦਵਾਰ ਬਣੇ ਤੇ ਕਾਂਗਰਸ ਨੇ ਵੀ ਇਕ ਹੋਰ ਐਮ. ਪੀ. ਪ੍ਰੋ. ਦਲਜੀਤ ਸਿੰਘ ਖੜ੍ਹਾ ਕੀਤਾਮੁਕਾਬਲੇ ਤੇ ਸੰਤ ਫ਼ਤਿਹ ਸਿੰਘ ਜੀ ਨੇ, ਜ਼ਿਲ੍ਹੇ ਦੇ ਅਕਾਲੀ ਆਗੂਆਂ ਦੇ ਜ਼ੋਰ ਦੇਣ ਤੇ, ਆਪਣੇ ਡਰਾਈਵਰ. ਸ. ਕਿੱਕਰ ਸਿੰਘ ਜੀ ਨੂੰ, ਆਪਣੇ ਦਲ ਦਾ ਟਿਕਟ ਦੇ ਕੇ ਖੜ੍ਹਾ ਕਰ ਦਿੱਤਾਇਹ ਤਾਂ ਆਪਾਂ ਸਾਰੇ ਜਾਣਦੇ ਹੀ ਹਾਂ ਕਿ ਮੇਰੇ ਮਿੱਤਰ, ਸ. ਕਿੱਕਰ ਸਿੰਘ ਜੀ, ਦੋਹਾਂ ਐਮ ਪੀਆਂ ਨੂੰ ਚੰਗੀਆਂ ਵੋਟਾਂ ਦੇ ਫ਼ਰਕ ਨਾਲ਼ ਹਰਾ ਕੇ ਲੋਕ ਸਭਾ ਵਿਚ ਪਹੁੰਚ ਗਏ ਸਨਇਹਨਾਂ ਚੋਣਾਂ ਦੌਰਾਨ ਚੋਣ-ਜਲਸਿਆਂ ਵਿਚ ਵਿਰੋਧੀ ਬੜਾ ਰੌਲ਼ਾ ਪਾਉਣ ਕਿ ਸੰਤ ਜੀ ਨੇ ਇਕ ਅਨਪੜ੍ਹ ਬੰਦੇ ਨੂੰ ਟਿਕਟ ਦੇ ਦਿੱਤੀ ਹੈਹੋਰ ਵੀ ਕਈ ਕੁਝ ਊਲ-ਜਲੂਲ ਇਸ ਮਸਲੇ ਤੇ ਕੁਫ਼ਰ ਤੋਲੇ ਗਏ ਜੋ ਕਿ ਚੋਣਾਂ ਸਮੇ ਆਮ ਹੀ ਵਰਤਾਰਾ ਹੁੰਦਾ ਹੈਸਿਆਣੇ ਆਖਦੇ ਵੀ ਨੇ ਕਿ ਲੜਾਈ ਤੇ ਇਸ਼ਕ ਵਿਚ ਹਰ ਹਥਿਆਰ ਹੀ ਜਾਇਜ਼ ਹੁੰਦਾ ਹੈਇਹ ਵੱਖਰੀ ਗੱਲ ਹੈ ਕਿ ਅਖ਼ੀਰ ਨੂੰ ਸਚਾਈ ਸਾਹਮਣੇ ਆ ਹੀ ਜਾਂਦੀ ਹੈ ਪਰ ਫੌਰੀ ਕਾਮਯਾਬੀ ਤਾਂ ਪ੍ਰਾਪਤ ਆਮ ਤੌਰ ਤੇ ਹੋ ਹੀ ਜਾਂਦੀ ਹੈਕਈ ਸੱਜਣ ਇਹ ਵੀ ਆਖਦੇ ਨੇ ਕਿ ਜਦੋਂ ਨੂੰ ਸਚਾਈ ਸਾਹਮਣੇ ਆਉਂਦੀ ਹੈ ਓਦੋਂ ਨੂੰ 'ਟੂ ਲੇਟ' ਹੋ ਚੁੱਕਾ ਹੁੰਦਾ ਹੈਅਰਥਾਤ ਸੱਚੀ ਧਿਰ ਦਾ ਬਹੁਤ ਨੁਕਸਾਨ ਹੋ ਚੁੱਕਿਆ ਹੁੰਦਾ ਹੈ

ਸੰਤ ਜੀ ਨੇ ਇਕ ਚੋਣ ਜਲਸੇ ਵਿਚ ਆਖਿਆ, "ਕੁਝ ਪੜ੍ਹੇ ਲਿਖੇ ਭਲੇਮਾਣਸ ਸੱਜਣ ਮੇਰੇ ਤੇ ਇਲਜ਼ਾਮ ਲਾਉਂਦੇ ਨੇ ਕਿ ਮੈ ਅਨਪੜ੍ਹ ਕਿੱਕਰ ਸਿੰਘ ਨੂੰ ਟਿਕਟ ਦੇ ਦਿੱਤੀ ਹੈਕਿੱਕਰ ਸਿੰਘ ਦਾ ਮੈ ਜ਼ਿੰਮੇਵਾਰ ਹਾਂ; ਉਸਨੂੰ ਮੈ ਪੜ੍ਹਾਇਆ ਹੈਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡਪਾਠੀ ਹੈਕੀਰਤਨ ਕਰਦਾ ਹੈਪੰਜਾਬੀ ਤੇ ਹਿੰਦੀ ਬੜੀ ਚੰਗੀ ਤਰ੍ਹਾਂ ਪੜ੍ਹ ਤੇ ਲ਼ਿਖ ਸਕਦਾ ਹੈਗੁਲਸ਼ਨ ਜੀ ਦੱਸਣ ਕਿ ਉਹ ਕਿਥੋਂ ਪੜ੍ਹੇ ਹਨ! ਉਹਨਾਂ ਦਾ ਕੌਣ ਉਸਤਾਦ ਹੈ! ਫੇਰ ਕੁਝ ਸੱਜਣ ਵਿਚ ਵੀ ਆਖਦੇ ਨੇ ਕਿ ਜੀ ਉਹ ਕਵੀਸ਼ਰੀ ਕਰਦਾ ਹੈਹਾਂ, ਇਹ ਗੱਲ ਉਹਨਾਂ ਦੀ ਠੀਕ ਹੈਗੁਲਸ਼ਨ ਜੀ ਕਵੀਸ਼ਰੀ ਜ਼ਰੂਰ ਕਰਦੇ ਨੇਉਹਨਾਂ ਦੀ ਕਵੀਸ਼ਰੀ ਦਾ ਨਮੂਨਾ ਇਕ ਤੁਸੀਂ ਵੀ ਭਰਾਓ ਸੁਣ ਲਵੋ :

ਸਾਡੇ ਪਿੰਡ ਮਰ ਗਈਆਂ ਤਿੰਨ ਕੱਟੀਆਂਅਸੀਂ ਜਾ ਕੇ ਉਹਨਾਂ ਦੀਆਂ ਪੂਛਾਂ ਪੱਟੀਆਂ

ਛੱਪੜ ਕੰਢੇ ਬਹਿ ਕੇ ਅਸਾਂ ਡੱਡੂ ਮਾਰਿਆਧੰਨ ਬਾਬਾ ਨਾਨਕ ਜੀਹਨੇ ਜੱਗ ਤਾਰਿਆ ।

ਕਵਿਤਾ ਦਾ ਇਹ 'ਉੱਚ-ਉਡਾਰੀ' ਨਮੂਨਾ ਸੁਣ ਕੇ ਹਾਸਾ ਤਾਂ ਪੈਣਾ ਹੀ ਸੀਸੰਤ ਜੀ ਹੌਲ਼ੀ ਹੌਲ਼ੀ ਤਹੱਮਲ ਜਿਹੇ ਨਾਲ਼ ਇਸ ਤਰ੍ਹਾਂ ਭਾਸ਼ਨ ਕਰਿਆ ਕਰਦੇ ਸਨ ਕਿ ਉਹਨਾਂ ਦਾ ਆਖਿਆ ਜਨ ਸਾਧਾਰਨ ਦੇ ਹਿਰਦਿਆਂ ਨੂੰ ਧੁਰ ਅੰਦਰ ਤੱਕ ਟੁੰਬ ਜਾਇਆ ਕਰਦਾ ਸੀਫਿਰ ਇਕ ਹੋਰ ਗੱਲ ਵੀ ਸੀ, ਉਹਨਾਂ ਦੇ ਵਿਰੋਧੀ ਵੀ ਉਹਨਾਂ ਦਾ ਭਾਸ਼ਨ ਪੂਰਾ ਸੁਣਨ ਲਈ ਮਜਬੂਰ ਹੋ ਜਾਇਆ ਕਰਦੇ ਸਨ

ਅੱਗੇ ਹੋਰ ਵੀ ਖੁਲਾਸਾ ਕਰਦਿਆਂ ਸੰਤ ਜੀ ਨੇ ਫੁਰਮਾਇਆ, "ਬਾਕੀ ਰਹੀ ਗੱਲ ਕੁਰਸੀ ਨੂੰ ਸੇਕ ਦੇਣ ਦੀ; ਉਹ ਕਿੱਕਰ ਸਿੰਘ ਸ. ਧੰਨਾ ਸਿੰਘ ਗੁਲਸ਼ਨ ਨਾਲ਼ੋਂ ਵਧ ਦੇ ਦਊ।"

ਸ. ਕਿੱਕਰ ਸਿੰਘ ਜੀ, ਦੋ ਸਿਟਿੰਗ ਮੈਬਰਾਂ, ਕਾਂਗਰਸ ਦੇ ਪ੍ਰੋਫ਼ੈਸਰ ਦਲਜੀਤ ਸਿੰਘ ਤੇ ਮਾਸਟਰ ਅਕਾਲੀ ਦਲ ਦੇ ਸ. ਧੰਨਾ ਸਿੰਘ ਗੁਲਸ਼ਨ, ਨੂੰ ਸੱਬਰਕੱਤੀਆਂ ਵੋਟਾਂ ਨਾਲ਼ ਹਰਾ ਕੇ ਤੇ ਸੀਟ ਜਿੱਤ ਕੇ, ਭਾਰਤ ਦੀ ਪਾਰਲੀਮੈਟ ਵਿਚ ਪਹੁੰਚ ਗਏਪਾਰਲੀਮੈਂਟ ਦੀ ਇਮਾਰਤ ਅੰਦਰ ਪਹਿਲੇ ਦਿਨ ਦੀਆਂ ਰੌਣਕਾਂ ਵਿਚ ਨਵੇਂ ਜਿੱਤੇ ਤੇ ਵਾਹਵਾ ਸਾਰੇ ਹਾਰੇ ਹੋਏ ਐਮ. ਪੀ. ਵੀ ਇਕੱਠੇ ਹੋਏ ਹੋਏ ਸਨਇਸ ਗਹਿਮਾ-ਗਹਿਮੀ ਵਿਚ ਰਾਜ ਸਭਾ ਦੇ ਸੋਸ਼ਲਿਸਟ ਮੈਬਰ ਸ਼੍ਰੀ ਰਾਜ ਨਾਰਾਇਣ ਦੀ ਨਿਗਾਹ, ਇਕੱਠੇ ਤੁਰੇ ਆਉਂਦੇ, ਸ. ਕਿੱਕਰ ਸਿੰਘ ਤੇ ਸ. ਧੰਨਾ ਸਿੰਘ ਗੁਲਸ਼ਨ ਤੇ ਜਾ ਪਈਆਪਣੇ ਮਖ਼ੌਲੀਆ ਅੰਦਾਜ਼ ਵਿਚ ਰਾਜ ਨਾਰਾਇਣ ਜੀ ਬੋਲ ਉਠੇ, "ਵਾਹ, ਸਿੱਖੋਂ ਕੀ ਭੀ ਕਿਆ ਬਾਤ ਹੈ! ਯਿਹ ਗੁਲਸ਼ਨ ਉਖਾੜ ਕਰ ਕੀਕਰ ਉਗਾਤੇ ਹੈਂ!" ਠਹਾਕਾ ਪਿਆ ਉਹਨਾਂ ਹਾਜ਼ਰਾਂ ਵੱਲੋਂ ਜਿਨ੍ਹਾਂ ਨੂੰ ਇਸ ਗੁੱਝੀ ਟਿੱਚਰ ਦੀ ਸਮਝ ਆ ਗਈ

ਪ੍ਰਿੰ: ਖੜਕ ਸਿੰਘ ਦੀ ਪੂਰੀ ਕਵਿਤਾ ਇਉਂ ਹੈ :

ਗੜਬੜ ਸਿੰਘ ਨੂੰ ਸਾਡਾ ਉਪਦੇਸ਼

ਜੇ ਕੁਝ ਖੱਟਣੈ ਤਾਂ ਪੰਥ ਦਾ ਪੱਲਾ ਫੜ ਸਿੰਘਾ

ਪੂਜਾ ਦੇ ਧੰਨ ਨਾਲ਼ ਇਲੈਕਸ਼ਨ ਲੜ ਸਿੰਘਾ

ਲੈ ਇਕ ਓਟ ਗੁਰੂ ਘਰ ਦੀ ਜੇ ਦੋਸ਼ੀ ਏਂ,

ਅੱਜ ਗੁਰਦੁਆਰੇ ਜੁਰਮਾਂ ਦੇ ਨੇ ਗੜ੍ਹ ਸਿੰਘਾ

ਵਿਕਣ ਜਮੀਰਾਂ ਥਾਂ ਥਾਂ ਜੇ ਪੈਸਾ ਏ ਕੋਲ਼,

ਰਾਜ ਸਭਾ ਵਿਚ ਪਿਛਲੇ ਬੂਹਿਉਂ ਵੜ ਸਿੰਘਾ

ਰੱਬ ਰੁੱਸਦੈ ਤਾਂ ਰੁੱਸੇ, ਖੁੱਸੇ ਨਾ ਰਾਜ,

ਵਿਉਂਤ ਅਜਿਹੇ ਢੰਗ ਦੀ ਕੋਈ ਘੜ ਸਿੰਘਾ

ਪੰਥ ਦਾ ਲੀਡਰ ਜੇਕਰ ਬਣਨਾ ਲੋਚੇਂ ਤੂੰ,

ਕਿਸੇ ਨਿਕੰਮੀ ਗੱਲ ਨੂੰ ਫੜ ਕੇ ਅੜ ਸਿੰਘਾ

ਨਿਕਲ਼ ਗਿਆ ਪੰਜਾਬੀ ਸੂਬਾ ਤੈਥੋਂ ਦੂਰ,

ਹੁਣ ਹਰਿਆਣੇ ਬਹਿ ਕੇ ਹਿੰਦੀ ਪੜ੍ਹ ਸਿੰਘਾ

ਅਗਨਕੁੰਡ ਦੇ ਲਾਗੇ ਬਹਿ ਕੇ ਮਾਲ਼ਾ ਫੇਰ,

ਜਾਪੇ ਜਿਉਂ ਤੈਂ ਸਚੀਂ ਜਾਣੈ ਸੜ ਸਿੰਘਾ

ਸ਼ਾਮੀਂ ਪੀ ਕੇ ਨਾਲ਼ ਭਰਾਵਾਂ ਦੱਬ ਕੇ ਲੜ,

ਤੜਕੇ ਉਠਣ ਸਾਰ ਸੁਖਮਨੀ ਪੜ੍ਹ ਸਿੰਘਾ

ਮੁਖ ਰੱਖ ਕੇ ਗਉਂ ਆਪਣੀ, ਰੱਜਵੇਂ ਪਾਪ ਕਮਾ,

ਦੋਸ਼ ਐਪਰ ਕਲਯੁਗ ਦੇ ਮੱਥੇ ਮੜ੍ਹ ਸਿੰਘਾ

ਹੱਕ ਦੇ ਨਾਂ ਤੇ ਖੌਰੂ ਪਾ ਪਾ ਧਰਤੀ ਪੁੱਟ,

ਹੋਰ ਕਿਤੇ ਲੱਗ ਜਾਏ ਧਰਮ ਦੀ ਜੜ੍ਹ ਸਿੰਘਾ

ਥਾਂ ਥਾਂ ਇਕ ਦਿਨ ਪੰਥ ਖ਼ਾਲਸਾ ਗੱਜੂਗਾ,

ਕੱਟ ਜ਼ਮਾਨਾ ਔਖ ਦਾ ਵੱਟ ਕੇ ਦੜ ਸਿੰਘਾ

ਸੇਵ ਕਮਾ ਇਉਂ ਕੌਮ ਦੀ, ਜਿਧਰ ਪੁੱਟੇਂ ਪੈਰ,

ਚੰਨ ਨਵਾਂ ਓਧਰ ਹੀ ਜਾਵੇ ਚੜ੍ਹ ਸਿੰਘਾ

ਵਿਹਲੜ ਸ਼ੇਰਾ ਓ ਮੱਖੀਆਂ ਹੀ ਮਾਰੀ ਚੱਲ,

ਯੋਧਾ ਏਂ ਤਾਂ ਮੱਖੀਆਂ ਨਾਲ਼ ਹੀ ਲੜ ਸਿੰਘਾ

ਤਾਂਘ ਹੈ ਮੱਲਾ ਜੇ ਮੰਜ਼ਿਲ ਤੇ ਅਪੜਨ ਦੀ,

ਕਿਸੇ ਸੂਰਮਾ ਸਿੰਘ ਦੀ ਉਂਗਲ਼ੀ ਫੜ ਸਿੰਘਾ

ਜਦ ਅਨਪੜ੍ਹ ਸੈਂ, ਦੀਨ ਹੇਤ ਕਿੰਜ ਲੜਦਾ ਸੈਂ,

ਪੜ੍ਹ ਕੇ ਅੱਖਰ ਚਾਰ ਕਿਉਂ ਗਿਉਂ ਹੜ੍ਹ ਸਿੰਘਾ

ਇਕੋ ਧਿਰ ਦਾ ਹੱਥ ਠੋਕਾ ਬਣਨਾ ਕੀ ਆਖ,

ਜੀਂਦਾ ਏਂ ਤਾਂ ਇਕੋ ਥਾਂ ਨਾ ਖੜ੍ਹ ਸਿੰਘਾ

ਮਿਹਰ ਕਰੂ ਆਪੇ ਹੀ ਦਾਤਾ, ਲੈ ਕੇ ਹਾਰ,

ਘੁੰਮ ਵਜ਼ੀਰਾਂ ਦੇ ਅੱਗੜ ਪਿੱਛੜ ਸਿੰਘਾ

2

ਐਮ. ਐਮ. ਏ. ਦੀ ਅੜਦਲ਼ ਵਿਚ ਜਾ ਖੜ੍ਹ ਸਿੰਘਾ

ਨਿਕਾ ਮੋਟਾ ਕੰਮ ਗਿਆ ਜੇ ਅੜ ਸਿੰਘਾ

ਹੋਣ ਲਫ਼ੰਗੇ ਜਿਸ ਹਲਕੇ ਦੇ ਤੇਰੇ ਯਾਰ,

ਚੋਣ ਲਈ ਓਸੇ ਹਲਕੇ 'ਚੋਂ ਲੜ ਸਿੰਘਾ

ਕਾਰ ਚਲਾਉਣੀ ਸਿੱਖ ਫੱਕਰਾਂ ਦੀ, ਚੇਤੇ ਰੱਖ,

ਲੋਕ ਸਭਾ ਦੀ ਟਿਕਟ ਮਿਲ਼ੂ ਅਨਪੜ੍ਹ ਸਿੰਘਾ

ਤੇਗ ਚਲਾ ਇਉਂ ਫੁਰਤੀ ਨਾਲ਼ ਵਜ਼ਾਰਤ ਤੇ,

ਸਿਰ ਕਿਧਰੇ ਜਾ ਡਿੱਗੇ, ਕਿਧਰੇ ਧੜ ਸਿੰਘਾ

ਦਾਹੜੀ ਉਹ ਰੱਖ ਚੋਣ ਸਮੇ ਜੋ ਖੁਲ੍ਹ ਜਾਵੇ,

ਪਰ ਚੋਣਾਂ ਦੇ ਮਗਰੋਂ ਜਾਵੇ ਚੜ੍ਹ ਸਿੰਘਾ

ਗਊ ਸਮਝ ਕੇ ਲੱਖ ਤੈਨੂੰ ਪਸਮਾਵੇ ਪੰਥ,

ਹੋ ਜਾ ਕਿਧਰੇ ਤਿੱਤਰ ਮਾਰ ਕੇ ਛੜ ਸਿੰਘਾ

ਝੂਣ ਵਿਰੋਧੀ ਧਿਰ ਨੂੰ ਬੇਰਾਂ ਵਾਂਗ,

ਫਿਰਵੇਂ ਚੁਲ੍ਹੇ ਆਪੇ ਜਾਣਗੇ ਝੜ ਸਿੰਘਾ

ਮਤੇ ਕਿਸੇ ਨੂੰ ਭੁਲ ਕੇ ਫ਼ਤਿਹ ਗਜਾ ਬੈਠੇਂ,

ਕੌਣ ਕੌਣ ਹੈ ਵੋਟਰ ਲਿਸਟ ਤਾਂ ਪੜ੍ਹ ਸਿੰਘਾ

ਖੜ੍ਹੀਆਂ ਕਰਕੇ ਗਿੱਠ ਗਿੱਠ ਮੁੱਛਾਂ ਸਿਮਕੋ ਨਾਲ਼,

ਵਾਰ ਸਪੀਕਰ ਤੇ ਚੰਡੀ ਦੀ ਪੜ੍ਹ ਸਿੰਘਾ

ਵੇਖ ਕਿਵੇਂ ਅੰਨ੍ਹੀ ਸ਼ਰਧਾ ਦੇ ਮੁੜ੍ਹਕੇ ਨਾਲ਼,

ਲੱਗ ਜਾਂਦੀ ਗੁਰਦੁਆਰੀਂ ਤੇਰੀ ਜੜ੍ਹ ਸਿੰਘਾ

ਭੰਗ ਇਕੱਲੀ ਹੀ ਭੁੱਜੇ ਕਿਉਂ ਤੇਰੇ ਘਰ,

ਨਾਲ ਇਹਦੇ ਵਿਚੇ ਆਪ ਵੀ ਸੜ ਸਿੰਘਾ

ਵੈਰੀ ਜੇ ਤਕੜੇ ਨੇ ਤੈਥੋਂ ਵਾਲ਼ ਹੀ ਚੁਗ,

ਤੇਗ਼ ਦੀ ਥਾਂ ਹੱਥ ਵਿਚ ਨੱਕ-ਚੂੰਢੀ ਫੜ ਸਿੰਘਾ

ਪੁਲ਼ਸ ਫਿਰੂ ਖਿੱਚੀ ਐਵੇਂ ਠਾਣੇ ਵਿਚ,

ਕਿਸੇ ਮਨਿਸਟਰ ਨਾਲ਼ ਨਾ ਬੈਠੀਂ ਲੜ ਸਿੰਘਾ

ਚੜ੍ਹਨ ਚੜ੍ਹਾਵੇ ਸੋਨੇ ਦੇ ਹਰਿਮੰਦਰ ਵਿਚ,

ਹਰਿਮੰਦਰ ਵਿਚ ਬਹਿਕੇ ਟੂੰਮਾਂ ਘੜ ਸਿੰਘਾ

ਚੋਣਾਂ ਲੜ, ਦੇਹ ਭਾਸ਼ਨ ਤੇ ਪਾ ਭੜਥੂ,

ਇੰਜ, ਜਾ ਅਪੜੇਂਗਾ ਚੰਡੀਗੜ੍ਹ ਸਿੰਘਾ

ਹੋਰ ਨਹੀਂ ਤਾਂ ਨੱਸ ਕੇ ਚੀਫ਼ ਮਨਿਸਟਰ ਦੀ,

ਭੱਜੀ ਜਾਂਦੀ ਕਾਰ ਦੀ ਛਾਂ ਹੀ ਫੜ ਸਿੰਘਾ

ਸਿੰਘ ਦਾ ਕੰਮ ਨਹੀਂ ਬਹਿਣਾ ਵੱਟ ਕੇ ਚੁੱਪ,

ਗੜਬੜ ਪਾਈ ਰੱਖ ਇਵੇਂ ਗੜਬੜ ਸਿੰਘਾ

5 comments:

ਤਨਦੀਪ 'ਤਮੰਨਾ' said...

ਸਤਿਕਾਰਤ ਅੰਕਲ ਜੀ...ਯਾਦਾਂ ਨੇ ਤਾਂ ਹਾਸਿਆਂ ਦੀ ਛਹਿਬਰ ਲਗਾ ਦਿੱਤੀ...
“ਸਾਡੇ ਪਿੰਡ ਮਰ ਗਈਆਂ ਤਿੰਨ ਕੱਟੀਆਂ। ਅਸੀਂ ਜਾ ਕੇ ਉਹਨਾਂ ਦੀਆਂ ਪੂਛਾਂ ਪੱਟੀਆਂ।
ਛੱਪੜ ਕੰਢੇ ਬਹਿ ਕੇ ਅਸਾਂ ਡੱਡੂ ਮਾਰਿਆ। ਧੰਨ ਬਾਬਾ ਨਾਨਕ ਜੀਹਨੇ ਜੱਗ ਤਾਰਿਆ ।”
=======

ਬਹੁਤ ਖ਼ੂਬ! ਤੁਕ-ਬੰਦੀ ਪੜ੍ਹ ਕੇ ਏਨਾ ਹੱਸੀ ਕਿ ਲਿਖ ਨਹੀਂ ਸਕਦੀ...ਵਿਅੰਗ ਵਾਲ਼ੀ ਤਾਂ ਤੁਸੀਂ ਕਮਾਲ ਹੀ ਕਰ ਦਿੰਦੇ ਓ..ਉਂਝ ਵੀ ਤੁਹਾਡੇ ਸੁਭਾਅ ਦੀ ਮੈਂ ਕੁੱਸਾ ਸਾਹਿਬ ਤੇ ਸਰਾਏ ਸਾਹਿਬ ਤੋਂ ਬਹੁਤ ਤਾਰੀਫ਼ ਸੁਣੀ ਹੈ। ਕੱਲ੍ਹ ਸਰਾਏ ਸਾਹਿਬ ਨਾਲ਼ ਫ਼ੋਨ ਤੇ ਹੋਈ ਗੱਲਬਾਤ ਦੌਰਾਨ ਤੁਹਾਡਾ ਜ਼ਿਕਰ ਵੀ ਹੋਇਆ ਸੀ। ਤੁਹਾਡੀਆਂ ਔਨਲਾਈਨ ਭੇਜੀਆਂ ਕਿਤਾਬਾਂ ਸਰਮਾਇਆ ਨੇ..ਮੈਂ ਪੜ੍ਹ ਰਹੀ ਹਾਂ।
ਨਿਕਲ਼ ਗਿਆ ਪੰਜਾਬੀ ਸੂਬਾ ਤੈਥੋਂ ਦੂਰ,
ਹੁਣ ਹਰਿਆਣੇ ਬਹਿ ਕੇ ਹਿੰਦੀ ਪੜ੍ਹ ਸਿੰਘਾ।
ਬਹੁਤ ਹੀ ਵਧੀਆ ਵਿਅੰਗ ਹੈ। ਮੁਬਾਰਕਾਂ ਕਬੂਲ ਕਰੋ!
ਤੁਹਾਡੀ ਬੇਟੀ
ਤਮੰਨਾ

ਤਨਦੀਪ 'ਤਮੰਨਾ' said...

Tamanna ji, I liked the way Giani ji quoted this poem full of humour and satire. I have read his writings a few times in the newspapers too. He is good at what he writes.

Satwinder Singh
United Kingdom.
==========
Thank you Satwinder ji.
Tamanna

ਤਨਦੀਪ 'ਤਮੰਨਾ' said...
This comment has been removed by the author.
ਤਨਦੀਪ 'ਤਮੰਨਾ' said...

ਤਮੰਨਾ ਜੀ, ਗਿਆਨੀ ਜੀ ਵੀ ਬਹੁਤ ਸੋਹਣਾ ਲਿਖਦੇ ਹਨ। ਉਹਨਾਂ ਨੂੰ ਵਧਾਈਆਂ।
ਸਿਰ ਕਿਧਰੇ ਜਾ ਡਿੱਗੇ, ਕਿਧਰੇ ਧੜ ਸਿੰਘਾ।
ਦਾਹੜੀ ਉਹ ਰੱਖ ਚੋਣ ਸਮੇ ਜੋ ਖੁਲ੍ਹ ਜਾਵੇ,
ਪਰ ਚੋਣਾਂ ਦੇ ਮਗਰੋਂ ਜਾਵੇ ਚੜ੍ਹ ਸਿੰਘਾ।
ਗਊ ਸਮਝ ਕੇ ਲੱਖ ਤੈਨੂੰ ਪਸਮਾਵੇ ਪੰਥ,
ਹੋ ਜਾ ਕਿਧਰੇ ਤਿੱਤਰ ਮਾਰ ਕੇ ਛੜ ਸਿੰਘਾ।
ਝੂਣ ਵਿਰੋਧੀ ਧਿਰ ਨੂੰ ਬੇਰਾਂ ਵਾਂਗ,
ਫਿਰਵੇਂ ਚੁਲ੍ਹੇ ਆਪੇ ਜਾਣਗੇ ਝੜ ਸਿੰਘਾ।

ਮਨਧੀਰ ਭੁਲੱਰ
ਕੈਨੇਡਾ
=======
ਸ਼ੁਕਰੀਆ ਮਨਧੀਰ ਜੀ।
ਤਮੰਨਾ

ਤਨਦੀਪ 'ਤਮੰਨਾ' said...

ਗਿਆਨੀ ਸੰਤੋਖ ਸਿੰਘ ਜੀ ਵੀ ਰੰਗੀਲੇ ਬੰਦੇ ਜਾਪਦੇ ਨੇ। ਵਿਅੰਗ ਵਾਲੀ ਤਾਂ ਕਮਾਲ ਕਰ ਦਿੱਤੀ ਹੈ। ਯਾਦਾਂ ਸਰਮਾਇਆ ਹੁੰਦੀਆਂ ਨੇ, ਤੇ ਜੇ ਉਹਨਾਂ ਨੂੰ ਵਿਅੰਗ ਦੀ ਰੰਗਤ ਮਿਲ਼ ਜਾਵੇ ਤਾਂ ਕੀ ਕਹਿਣੇ!
ਖੜ੍ਹੀਆਂ ਕਰਕੇ ਗਿੱਠ ਗਿੱਠ ਮੁੱਛਾਂ ਸਿਮਕੋ ਨਾਲ਼,
ਵਾਰ ਸਪੀਕਰ ਤੇ ਚੰਡੀ ਦੀ ਪੜ੍ਹ ਸਿੰਘਾ।
ਵੇਖ ਕਿਵੇਂ ਅੰਨ੍ਹੀ ਸ਼ਰਧਾ ਦੇ ਮੁੜ੍ਹਕੇ ਨਾਲ਼,
ਲੱਗ ਜਾਂਦੀ ਗੁਰਦੁਆਰੀਂ ਤੇਰੀ ਜੜ੍ਹ ਸਿੰਘਾ।
ਭੰਗ ਇਕੱਲੀ ਹੀ ਭੁੱਜੇ ਕਿਉਂ ਤੇਰੇ ਘਰ,
ਨਾਲ ਇਹਦੇ ਵਿਚੇ ਆਪ ਵੀ ਸੜ ਸਿੰਘਾ।
ਆਰਸੀ ਤੇ ਏਨੀ ਵਰਾਇਟੀ ਦਾ ਉੱਚ-ਕੋਟੀ ਦਾ ਸਹਿਤ ਪੜ੍ਹਨ ਨੂੰ ਮਿਲ਼ਦੈ ਕਿ ਸਾਡੀ ਰਿਟਾਇਰਮੈਂਟ ਸੌਖੀ ਹੋ ਗਈ ਹੈ।
ਇੰਦਰਜੀਤ ਸਿੰਘ
ਕੈਨੇਡਾ
========
ਸ਼ੁਕਰੀਆ ਅੰਕਲ ਜੀ।
ਤਮੰਨਾ