ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Monday, December 29, 2008

ਰੋਜ਼ੀ ਸਿੰਘ - ਨਜ਼ਮ

ਜਦ ਤੂੰ ਮਿਲਿਆ ਸੈਂ....

ਨਜ਼ਮ

ਜਦ ਤੂੰ ਮਿਲ਼ਿਆ ਸੈਂ...

ਸ਼ਾਇਦ ਉਹ ਬਹਾਰਾਂ ਦੀ ਰੁੱਤ ਸੀ,

ਢਲ਼ਦੇ ਸਿਆਲ਼ ਦੀ ਕੋਸੀ ਕੋਸੀ ਧੁੱਪ ',

ਮੇਰੀ ਬਾਂਹ ਫੜ ਤੂੰ ਮੈਨੂੰ,

ਪੱਤਝੜ ਤੋਂ 'ਚੇਤਰ' ਵੱਲ ਲੈ ਗਿਐ ਸੈਂ

ਮਖ਼ਮਲੀ ਖ਼ਿਆਲਾਂ ਵਿੱਚ,

ਤੇਰਾ ਜ਼ਿਕਰ ਮੇਰੇ ਸਾਹੀਂ

ਸੁਗੰਧੀਆਂ ਪਿਆ ਘੋਲ਼ਦੈ

----

ਤੇ ਜਦ ਤੂੰ ਜੁਦਾ ਹੋਇਓਂ

ਤਾਂ ਇੰਝ ਲੱਗਾ

ਜਿਵੇਂ ਮੇਰੇ ਕੋਮਲ ਹੱਥਾਂ ਦੀ

ਨਾਜ਼ੁਕ ਪਕੜ 'ਚੋਂ

ਆਪਣਾ ਪੱਲੂ ਛੁਡਾ

ਮੈਨੂੰ 'ਦੋਜ਼ਖ' ਦੀ ਅੱਗ ਵਿੱਚ

ਸੁੱਟ ਗਿਆ ਹੋਵੇਂ

----

ਕਿੰਨਾਂ ਫਰਕ ਹੰਦੈ.....

'ਅੱਗ' ਤੇ 'ਚੇਤਰ' ਵਿੱਚ.....

ਜਿਵੇਂ ਤੇਰੇ ਤੇ ਮੇਰੇ ਵਿਚਕਾਰ

ਦੂਰੀਆਂ ਦਾ ਇੱਕ ਖ਼ਲਾਅ ਹੋਵੇ

----

ਤੂੰ ਹੁਣ ਨਾ ਆਵੀਂ ਅੜਿਆ.....

ਹੁਣ ਮੇਰੇ ਦਿਲ ਦੀ ਧਰਾਤਲ 'ਤੇ,

ਪਿਆਰ ਦੇ ਅੰਕੁਰ ਨਾ ਫੁੱਟਣੇ...,

ਨਾ ਹੀ ਸੰਗ ਨਾਲ ਹੁਣ

ਮੇਰਾ ਚਿਹਰਾ ਲਾਲ ਹੁੰਦਾ ਏ

----

ਉਝ ਤਾਂ ਹੁਣ

ਮੈਂ ਵੀ....

ਉਜਾੜ ਜਿੰਦਗੀ ਤੋਂ ਅੱਕ ਗਈ ਆਂ,

ਖੋਰੇ ਓ ਕਿਹੜੀ ਚੇਸ਼ਟਾ ਏ...

ਜੋ ਅੱਜ ਤਾਈਂ,

ਮੇਰੀ ਖ਼ੁਦਕੁਸ਼ੀ ਦੇ ਰਾਹ ਵਿੱਚ

ਔਕੜ ਬਣ ਜਾਂਦੀ ਏ

ਸ਼ਾਇਦ ਇਹ ਤੇਰੀ ਯਾਦ ਦਾ

ਇਕ ਪਾਰਦਰਸ਼ੀ ਹਿੱਸਾ ਏ ....

ਜਿਹੜਾ ਮੇਰੇ ਦਿਲ ਦੇ ਸ਼ੀਸ਼ੇ ਚੋਂ

ਪਿਆ ਦਿਸਦਾ ਏ

----

ਕਿਵੇਂ ਛੁਡਾਵਾਂ ਖਹਿੜਾ,

ਤੇਰੀਆਂ ਬਿਹਬਲ ਯਾਦਾਂ ਤੋਂ

ਮਨ 'ਚ ਉਡੀਕ ਰਹਿੰਦੀ ਏ

ਕਿਸੇ ਹੋਰ ਚੇਤਰ ਦੀ.....

ਸੋਚਦੀ ਆਂ

ਮੇਰੇ ਈ ਘਰ ਬਹਾਰ

ਕਿਉਂ ਨਹੀਂ ਆਉਂਦੀ...ਹਾਏ...!

----

ਕੀ ਖੱਟਿਐ

ਮੈਂ,

ਕਲੀਰਿਆਂ ਦੀ ਕੈਦ ਚੋਂ ਛੁੱਟ ਕੇ,

ਵਿਛੋੜਿਆਂ ਦੀ

ਕਾਲ਼ ਕੋਠੜੀ ਚ ਆ ਬੈਠੀ ਆਂ

ਸੋਗੀ ਪੀੜਾਂ

ਮੇਰੇ ਹੱਡਾਂ ਨੂੰ ਪਈਆਂ ਖਾਂਦੀਆਂ ਨੇ...

----

ਜਦ ਤੂੰ ਮਿਲਿਆ ਸੈਂ

ਸ਼ਾਇਦ ਉਹ ਬਹਾਰਾਂ ਦੀ ਰੁੱਤ ਸੀ

ਹੁਣ ਮੇਰੇ ਚਿਹਰੇ ਤੇ

ਪਤਝੜ ਤੋਂ ਸਿਵਾ ਕੁਝ ਨਹੀਂ ਏ...

ਕੁਝ ਵੀ ਤਾਂ ਨਹੀਂ ਏ .....

ਜਦ ਤੂੰ ਮਿਲਿਆ ਸੈਂ

ਸ਼ਾਇਦ ਉਹ ਬਹਾਰਾਂ ਦੀ ਰੁੱਤ ਸੀ

2 comments:

ਤਨਦੀਪ 'ਤਮੰਨਾ' said...

ਰੋਜ਼ੀ ਜੀ..ਨਜ਼ਮ ਬਹੁਤ ਹੀ ਖ਼ੂਬਸੂਰਤ ਹੈ...ਅੱਜ ਦੋਬਾਰਾ ਪੜ੍ਹੀ ਤਾਂ ਹੋਰ ਵੀ ਚੰਗੀ ਲੱਗੀ। ਮੁਬਾਰਕਬਾਦ ਕਬੂਲ ਕਰੋ!
ਜਦ ਤੂੰ ਮਿਲ਼ਿਆ ਸੈਂ...

ਸ਼ਾਇਦ ਉਹ ਬਹਾਰਾਂ ਦੀ ਰੁੱਤ ਸੀ,

ਢਲ਼ਦੇ ਸਿਆਲ਼ ਦੀ ਕੋਸੀ ਕੋਸੀ ਧੁੱਪ 'ਚ,

ਮੇਰੀ ਬਾਂਹ ਫੜ ਤੂੰ ਮੈਨੂੰ,

ਪੱਤਝੜ ਤੋਂ 'ਚੇਤਰ' ਵੱਲ ਲੈ ਗਿਐ ਸੈਂ

ਮਖ਼ਮਲੀ ਖ਼ਿਆਲਾਂ ਵਿੱਚ,

ਤੇਰਾ ਜ਼ਿਕਰ ਮੇਰੇ ਸਾਹੀਂ

ਸੁਗੰਧੀਆਂ ਪਿਆ ਘੋਲ਼ਦੈ ।

----

ਤੇ ਜਦ ਤੂੰ ਜੁਦਾ ਹੋਇਓਂ

ਤਾਂ ਇੰਝ ਲੱਗਾ

ਜਿਵੇਂ ਮੇਰੇ ਕੋਮਲ ਹੱਥਾਂ ਦੀ

ਨਾਜ਼ੁਕ ਪਕੜ 'ਚੋਂ

ਆਪਣਾ ਪੱਲੂ ਛੁਡਾ

ਮੈਨੂੰ 'ਦੋਜ਼ਖ' ਦੀ ਅੱਗ ਵਿੱਚ

ਸੁੱਟ ਗਿਆ ਹੋਵੇਂ ।
ਬਹੁਤ ਹੀ ਸੋਹਣੇ ਅਲਫ਼ਾਜ਼ ਨੇ! ਮੁਬਾਰਕਾਂ! ਆਰਸੀ ਤੇ ਸਭ ਨਾਲ਼ ਸਾਂਝੀਕਰਨ ਲਈ ਬਹੁਤ-ਬਹੁਤ ਸ਼ੁਕਰੀਆ।

ਤਮੰਨਾ

ਤਨਦੀਪ 'ਤਮੰਨਾ' said...

ਰੋਜ਼ੀ ਜੀ ਦੀ ਲਿਖੀ ਨਜ਼ਮ ਵੀ ਧੁਰ ਅੰਦਰ ਤੱਕ ਲਹਿ ਗਈ।
ਕਿਵੇਂ ਛੁਡਾਵਾਂ ਖਹਿੜਾ,

ਤੇਰੀਆਂ ਬਿਹਬਲ ਯਾਦਾਂ ਤੋਂ

ਮਨ 'ਚ ਉਡੀਕ ਰਹਿੰਦੀ ਏ

ਕਿਸੇ ਹੋਰ ‘ਚੇਤਰ’ ਦੀ.....

ਸੋਚਦੀ ਆਂ

ਮੇਰੇ ਈ ਘਰ ਬਹਾਰ

ਕਿਉਂ ਨਹੀਂ ਆਉਂਦੀ...ਹਾਏ...!

----

ਕੀ ਖੱਟਿਐ

ਮੈਂ,

ਕਲੀਰਿਆਂ ਦੀ ਕੈਦ ਚੋਂ ਛੁੱਟ ਕੇ,

ਵਿਛੋੜਿਆਂ ਦੀ

ਕਾਲ਼ ਕੋਠੜੀ ‘ਚ ਆ ਬੈਠੀ ਆਂ

ਸੋਗੀ ਪੀੜਾਂ

ਮੇਰੇ ਹੱਡਾਂ ਨੂੰ ਪਈਆਂ ਖਾਂਦੀਆਂ ਨੇ...

ਜਸਕੀਰਤ
ਕੈਨੇਡਾ
====
ਸ਼ੁਕਰੀਆ ਜਸਕੀਰਤ।
ਤਮੰਨਾ