ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Monday, December 15, 2008

ਗੁਰਮੇਲ ਬਦੇਸ਼ਾ - ਮਜ਼ਾਹੀਆ ਖ਼ਤ

ਦੋਸਤੋ! ਤੁਹਾਡੀਆਂ ਬੇਸ਼ੁਮਾਰ ਈਮੇਲਾਂ ਆਈਆਂ ਸਨ ਕਿ ਗੁਰਮੇਲ ਬਦੇਸ਼ਾ ਸਾਹਿਬ ਦਾ ਕੋਈ ਹੋਰ ਮਜ਼ਾਹੀਆ ਖ਼ਤ 'ਆਰਸੀ' ਤੇ ਜ਼ਰੂਰ ਲਗਾਓ! ਉਹਨਾਂ ਦੀਆ ਈਮੇਲਾਂ ਵੀ ਤਾਲਿਬਾਨ ਦੀਆਂ ਮਿਜ਼ਾਈਲਾਂ ਵਰਗੀਆਂ ਹੁੰਦੀਆਂ ਨੇ, ਪਰ ਤੁਸੀਂ ਕਦੇ ਕਿਆਸ ਨਹੀਂ ਕਰ ਸਕਦੇ ਕਿ ਏਨੀਆਂ ਮਜ਼ਾਹੀਆ ਚਿੱਠੀਆਂ ਲਿਖਣ ਵਾਲ਼ੇ ਬਦੇਸ਼ਾ ਸਾਹਿਬ, ਉਂਝ ਸ਼ਰਮੀਲੇ ਸੁਭਾਅ ਦੇ ਨੇ। ਮੈਨੂੰ ਹੈਰਾਨਗੀ ਇਸ ਗੱਲ ਦੀ ਹੈ ਕਿ ਏਨੇ ਗੰਭੀਰ ਸੁਭਾਅ ਵਾਲ਼ਾ ਲੇਖਕ ਏਨਾ ਵਧੀਆ ਵਿਅੰਗ ਕਿਵੇਂ ਲਿਖ ਲੈਂਦਾ ਹੈ? ਪਰ ਜ਼ਰਾ ਸੋਚੋ! ਜਿਹੜੀ ਮਹਿਬੂਬਾ ਨੂੰ ਐਹੋ ਜਿਹੀਆਂ ਚਿੱਠੀਆਂ ਜਾਂਦੀਆਂ ਹੋਣਗੀਆਂ, ਓਹ ਜਵਾਬ 'ਚ ਕੀ ਲਿਖਦੀ ਹੋਊ.. :)... ਸ਼ਾਇਦ ਮੇਰੇ ਸਵਾਲ ਦਾ ਜਵਾਬ ਬਦੇਸ਼ਾ ਸਾਹਿਬ ਹੀ ਦੇ ਸਕਦੇ ਨੇ।

ਇੱਕ ਖ਼ਤ- ਹੁਸਨਾਂ ਦੀ ਪਰੀ ਦੇ ਨਾਂ !

ਮਜ਼ਾਹੀਆ ਖ਼ਤ

ਕਾਲ਼ਿਆਂ ਬਾਗਾਂ ਦੀ ਮਹਿੰਦੀ ਵਰਗੀਏ ਕੁੜੀਏ !
ਤੈਨੂੰ ਕਿੱਕਰ ਦੇ ਸੱਕ ਵਰਗਾ ਪਿਆਰ !!
ਕਾਬਲੀ ਛੋਲਿਆਂ ਵਰਗੀਏ ! ਅੱਜਕਲ੍ਹ ਕਿਓਂ ਤੂੰ ਮੈਥੋਂ ਪਾਸਾ ਵੱਟੀ ਫਿਰਦੀ ਏਂ ? ਮੈਂ ਤਾਂ ਕਦੇ ਤੈਨੂੰ ਪਿੱਠ ਨਹੀਂ ਦਿਖਾਈ । ਦਿਖਾਵਾਂ ਵੀ ਕਿਵੇਂ ? ਹੁਣ ਕਦੇ ਢੂਈ 'ਤੇ ਖੁਰਕ ਹੀ ਨਹੀਂ ਹੋਈ ।ਖੁਰਕ ਹੋਈ ਵੀ ਜਾਵੇ ,ਕੋਈ ਫਰਕ ਨਹੀਂ ਪੈਣਾ।ਹੁਣ ਤਾਂ ਤੇਰਾ ਵੀ ਝਾਂਵਾਂ ਘੱਸਿਆ ਪਿਐ ! ਪਰ ਅੜੀਏ ! ਐਨਾ ਹੁਸਨ 'ਤੇ ਮਾਣ ਨਹੀਂ ਕਰੀਦਾ ਹੁੰਦਾ, ' ਜੇ ਮੈਂ ਹੁੰਦਾ...ਸੋਹਣੀਏ ਨੀ! ਸੋਨੇ ਦੀ ਤਵੀਤੜੀ -ਤਾਂ ਸੱਚੀਂ, ਤੇਰੇ ਗਲ਼ 'ਚ ਖੁੱਭ ਜਾਂਦਾ ! ਨੈਲਸਨ ਮੰਡੇਲਾ ਦੀਏ ਪੋਤੀਏ ! ਓਪਰਾ (Oprah) ਵਰਗਾ ਤੇਰਾ ਤਿੱਖਾ ਨੱਕ !ਲੱਗਦੈ, ਜਪਾਨੀਆਂ ਨੇ ਵਿਹਲੇ ਬਹਿ ਕੇ ਬਣਾਇਆ ਏ !
---
ਤੇਰੀਆਂ ਮੋਟੀਆਂ-ਮੋਟੀਆਂ ਅੱਖਾਂ ਦੀ ਸ਼ਿੱਪਮੈਂਟ ਚੀਨ ਤੋਂ ਮੰਗਵਾਈ ਲਗਦੀ ਏ ! ਤੇਰੇ ਗੋਰੇ-ਗੋਰੇ ਰੰਗ ਤੋਂ ਇੰਝ ਲਗਦੈ, ਜਿਵੇਂ ਤੂੰ ਸਾਊਥ ਅਫਰੀਕਾ 'ਚ ਜਨਮ ਲਿਆ ਹੋਵੇ ! ਸ਼੍ਰੀਲੰਕਾ ਦੇ ਨਕਸ਼ੇ ਵਰਗੇ - ਉਬਾਮਾ ਦੇ ਕੰਨਾਂ ਤੋਂ ਵੀ ਲੰਮੇ ਕੰਨ ਤੇਰੇ ਮੈਨੂੰ ਬੜੇ ਸੋਹਣੇ ਲਗਦੇ ਨੇ ! ਜਦ ਝੁਮਕੇ ਪਾ ਕੇ ਕੋਲ ਦੀ ਲੰਘਦੀ ਏਂ ਤਾਂ ਇੰਝ ਲ਼ਗਦੈ, ਜਿਵੇਂ ਕੋਈ ਦੋਧੀ ਸਾਇਕਲ ਦੇ ਹੈਂਡਲ 'ਤੇ ਕੇਟਲੀਆਂ ਟੰਗ ਕੇ ਡੇਅਰੀ ਦੁੱਧ ਪਾਉਣ ਜਾ ਰਿਹਾ ਹੋਵੇ !
---
ਪਰ ਅੱਜਕਲ੍ਹ ਮਿਸ਼ੇਲ ਵਾਗੂੰ ਕਿਉਂ ਝਾਟਾ ਜਿਹਾ ਖਿਲਾਰੀ ਫਿਰਦੀ ਏਂ ? ਕਿਤੇ ਲਾਦੇਨ ਤੇਰੇ ਜੂੰਡੇ ਤਾਂ ਨਹੀਂ ਪੱਟ ਗਿਆ ? ਪਹਿਲਾਂ ਲੰਮੀ ਗੁੱਤ ਕਿੰਨੀ ਸੋਹਣੀ ਲੱਗਦੀ ਸੀ । ਜਾਪਦਾ ਸੀ,ਜਿਵੇਂ ਜਾਰਜ ਬੁੱਸ਼ ਦੀ ਘਰਵਾਲੀ ਨੇ ਸਦਾਮ ਹੁਸੈਨ ਦੇ ਫਾਂਸੀ ਦਾ ਰੱਸਾ ਵੱਢ ਕੇ ਤੇਰੀ ਗੁੱਤ ਗੁੰਦੀ ਹੋਵੇ ! ਤੇਰੀ ਗੁੱਤ ਦੇ ਉਪਰਲੇ ਸਿਰੇ ਤੋਂ ਇੰਝ ਲਗਦਾ ਸੀ; ਜਿਵੇਂ ਕਾਲ਼ਾ ਨਾਗ ਤੇਰੀ ਗਿੱਚੀ ਦੀ ਟੈਂਕੀ 'ਚ ਜ਼ਹਿਰ ਭਰ ਰਿਹਾ ਹੋਵੇ ! ਕਦੇ-ਕਦੇ ਜੀ ਕਰਦਾ ਸੀ ,ਤੇਰੀਆਂ ਜ਼ੁਲਫ਼ਾਂ ਦਾ ਕਾਲਾ ਰਿੰਡ ਬਣਕੇ ਤੇਰੇ ਅੰਗ-ਸੰਗ ਰਵ੍ਹਾਂ !
---
ਅੱਜਕਲ ਤਾਂ ਤੇਰੇ ਨੱਕ ਦਾ ਕੋਕਾ ਪਿਆ ਰਿਸਦਾ ਏ ! ਨੀ ਕਿਤੇ ਜ਼ੁਕਾਮ ਤਾਂ ਨਹੀਂ ਹੋਇਆ ? ਹਾਏ ਸੋਹਣੀਏ ! ਨੀ ਤੈਨੂੰ ਲਗਦਾ ਏ ਹੋਇਆ.......!!' ਹੁਣ ਤਾਂ ਗਿੱਟਿਆਂ ਤੋਂ ਗਿੱਠ ਉੱਚੀ ਤੰਗ ਜਿਹੀ ਜੀਨ ਪਾਕੇ ਲੰਘਦੀ ਏਂ, ਤਾਂ ਇੰਝ ਲੱਗਦੈ, ਜਿਵੇਂ ਬਿਜਲੀ ਦੇ ਖੰਭਿਆਂ ਦੁਆਲੇ ਟਾਇਰਾਂ ਦੀ ਟਿਊਬ ਲਪੇਟੀ ਹੋਵੇ ਜਾਂ ਫਿਰ ਤੂੰ ਤੂੜੀ ਵਾਲੇ ਕੁੱਪ ਲਈ ਘਾਣੀ ਕਰਨ ਚੱਲੀ ਹੋਵੇਂ !
---
ਪਰ ਡੁੱਬ ਜਾਣੀਏ ! ਕਦੇ ਮੈਨੂੰ ਛੱਡ ਕੇ ਨਾ ਜਾਵੀਂ । ਨਹੀਂ ਤਾਂ ਸੌ ਬਿਮਾਰੀਆਂ ਲੱਗ ਜਾਣਗੀਆਂ । ਤੂੰ ਤਾਂ ਸੌ ਬਿਮਾਰੀਆਂ ਵਰਗੀ 'ਕੱਲੀ ਬਥੇਰੀ ਏਂ ! ਬਿਮਾਰੀਆਂ ਵਿਚਾਰੀਆਂ ਨੇ ਮੇਰੇ ਕੋਲ ਤੇਰੇ ਹੁੰਦਿਆਂ ਕੀ ਲੈਣ ਆਉਣੈ ? ਹਾਂ ਸੱਚ ! ਕੱਲ ਤੈਨੂੰ ਘਰ ਦੇ ਬਾਹਰ ਖੜ੍ਹੀ ਨੂੰ ਦੇਖਿਆ ਸੀ,ਖੜ੍ਹੀ ਇੰਝ ਲਗਦੀ ਸੀ;ਜਿਵੇਂ ਬਾਰਾਕ ਓਬਾਮਾ ਵਾਈਟ ਹਾਊਸ ਮੂਹਰੇ ਖੜਾ ਹੋਵੇ ! ਤੇਰੇ ਕੂਲ਼ੇ-ਕੂਲ਼ੇ ਸ਼ੱਕਰ ਪਾਰਿਆਂ ਵਰਗੇ ਬੁੱਲ੍ਹਾਂ ਨੂੰ ਲੱਗਦੈ ਜ਼ਿਆਦਾ ਹੀ ਸੇਕ ਲੱਗ ਗਿਆ ਏ ! ਓਧਰ ਗਿੱਠ ਚੌੜੇ ਮੱਥੇ 'ਤੇ ਲਾਲ ਬਿੰਦੀ ਇੰਝ ਲਗਦੀ ਏ ਜਿਵੇਂ ਰੋਡ 'ਤੇ 'ਡੂ ਨੌਟ ਐਂਟਰ' ਦਾ ਸਾਇਨ ਲੱਗਿਆ ਹੋਵੇ !
---
ਨਿੰਮ ਦੀਆਂ ਨਮੋਲ਼ੀਆਂ ਖਾਣੀਏ ! ਤੇਰੇ ਮਿੱਠੇ-ਮਿੱਠੇ ਬੋਲ ਮੈਨੂੰ ਬੜੇ ਪਿਆਰੇ ਲਗਦੇ ਨੇ ! ਲੱਗਦੈ, ਨਿੱਕੀ ਹੁੰਦੀ ਸਪੋਲ਼ੀਆਂ ਦੇ ਨੂਡਲ ਬਣਾ ਕੇ ਖਾਦੀ ਰਹੀਂ ਏਂ ! ਹੱਸਦੀ ਏਂ ਤਾਂ ਮੂੰਹੋਂ ਫੁੱਲ ਕਿਰਦੇ ਨੇ ! ਕਿਤੇ ਪਤਾਲਪੁਰੀ ਪੁਰਖਿਆਂ ਦੀਆਂ ਹੱਡੀਆਂ ਤਾਂ ਨਹੀਂ ਚੂੰਡਦੀ ਰਹੀ ? ਪਰ ਮਰ ਜਾਣੀਏ ! ਕਿਤੇ ਗੁੱਸਾ ਨਾ ਕਰ ਜਾਵੀਂ ..! ਅਜੇ ਤਾਂ ਤੂੰ ਮੈਨੂੰ ਕਰਨੈਂ ! ਅੱਜ ਤੂੰ ਮੇਰੇ ਕੋਲ ਨਹੀਂ, ਬੱਸ , ਸੱਜੀ ਗੱਲ 'ਤੇ ਹੱਥ ਰੱਖ ਕੇ ਖਿਚਾਈ ਤੇਰੀ ਫੋਟੋ ਦੇਖ ਕੇ ਸੋਚਦਾ ਰਹਿੰਦਾ ਹਾਂ ਕਿ ਤੇਰੀ ਮੰਮੀ ਨੇ ਤੇਰੀ ਗੱਲ 'ਤੇ ਚਪੇੜ ਕਿਉਂ ਮਾਰੀ ਸੀ ? ਕੋਈ ਨਾ ਫ਼ਿਕਰ ਨਾ ਕਰੀਂ, “ਤੇਰੀ ਖਾਤਿਰ ਤੁਰ ਜਾਂ 'ਗੇ ਨੰਗੀਆਂ ਤਲਵਾਰਾਂ 'ਤੇ....ਸੇਫਟੀ ਸ਼ੂ ਪਾ ਕੇ....!!”
---
ਪਰ ਮੇਰੀਏ ਫੂਲਨ ਦੇਵੀਏ ! ਜਦੋਂ ਤੂੰ ਮੇਰੇ ਨਾਲ ਲੜਦੀ ਏਂ ਤਾਂ ਓਦੋਂ ਜੀ ਕਰਦੈ ਕਨੇਡਾ ਛੱਡ ਕੇ ਮੈ ਕਿਤੇ 'ਤੋਰਾ-ਬੋਰਾ' ਦੀਆਂ ਪਹਾੜੀਆਂ 'ਚ ਜਾ ਕੇ ਲੁਕ ਜਾਵਾਂ ਤੇ ਜਾਕੇ ਲਾਦੇਨ ਬਾਈ ਨੂੰ ਦੱਸਾਂ ਕਿ ਖਾੜਕੂ ਸੁਭਾਅ ਦੀ ਇੱਕ ਕੁੜੀ ਮੇਰੇ ਲਈ ਤਾਂ ਆਤਮਘਾਤੀ ਬੰਬ ਬਣੀ ਫਿਰਦੀ ਏ ! ਅੱਗ ਲਾਉਣੀ 'ਤੇ ਪਤਾ ਨਹੀਂ ਕੀ ਜਵਾਨੀ ਵਾਲੇ ਕਾਰਤੂਸਾਂ ਦੇ ਕੈਪਸੂਲ ਖਾ ਕੇ ਲੋਹੜੇ ਦਾ ਸਰੂਰ ਚੜ੍ਹਿਆ ਹੋਇਆ ਏ ? ਹਮੇਸ਼ਾਂ ਮਾਰਨ-ਮਰਾਉਂਣ ਦੀਆਂ ਗੱਲਾਂ ਕਰਦੀ ਰਹਿੰਦੀ ਏ ! ਪਿਆਰ 'ਤੇ ਕਬਜ਼ੇ ਨਹੀਂ, ਚੰਦਰੀਏ ! ਪਹਿਚਾਣਾਂ ਬਣਾਉਣੀਆਂ ਪੈਂਦੀਆਂ ਨੇ !! ਸ਼ਾਇਦ ਤੂੰ ਸੁਧਰ ਜਾਵੇਂ !

ਤੇਰੇ ਚੰਗੇ ਹੁੰਘਾਰੇ ਦੀ ਉਡੀਕ ਵਿੱਚ.........
ਬਾਰਾਕ ਉਬਾਮਾ ਦੇ ਜੁਬਾੜਿਆਂ ਵਰਗਾ........
ਤੇਰਾ ਪੌਪੀ ਫਲਾਵਰ

ਗੁਰਮੇਲ ਬਦੇਸ਼ਾ !
ਸਰੀ ਬੀ,ਸੀ.ਕਨੇਡਾ ।

12 comments:

ਤਨਦੀਪ 'ਤਮੰਨਾ' said...

ਮਾਣਯੋਗ ਤਨਦੀਪ !

ਆਪ ਜੀ ਨੂੰ ਫਰੈਂਚ ਵੈਨੀਲਾ ਵਰਗਾ ਪਿਆਰ-ਸਤਿਕਾਰ !!

ਜੀ ! ਤੁਸੀਂ ਤਾਂ ਕੁਝ ਜਿਆਦਾ ਹੀ ਤਾਰੀਫ਼ ਕਰ ਦਿੰਦੇ ਹੋ । ਉਂਝ ਲੋਕ ਵੀ ਮੈਨੂੰ ਐਨਾ ਪਿਆਰ ਕਰਦੇ ਨੇ; ਜਿੰਨਾ ਕੱਲ੍ਹ-ਪਰਸੋਂ ਜਾਰਜ ਬੁੱਸ਼ ਦਾ ਇੱਕ ਪੱਤਰਕਾਰ ਵਲੋਂ ਹੋ ਕੇ ਹਟਿਆ ਏ ! ਲ਼ੋਕੀਂ ਤਾਂ ਅੱਜਕਲ ਮੈਨੂੰ ਮੋਢਿਆਂ 'ਤੇ ਚੁੱਕੀ ਫਿਰਦੇ ਨੇ, ਕਿਤੇ ਸੁੱਟਣ ਲਈ ਉਨ੍ਹਾਂ ਨੂੰ ਮੇਰੇ ਵਾਸਤੇ ਥਾਂ ਹੀ ਨਹੀਂ ਲੱਭਦੀ ।ਖੈਰ, ਰਹੀ ਗੱਲ਼ ਮੇਰੀ ਮਹਿਬੂਬਾ ਦੀ ,ਉਹ ਤਾਂ ਪਤਾ ਨਹੀ ਕਿਧਰ ਬੇਨਜ਼ੀਰ ਦੀ ਕਬਰ 'ਤੇ ਚਾਦਰ ਚੜਾਉਣ ਚਲੀ ਗਈ ਏ ? ਕਿਤੇ ਲੱਭਦੀ ਹੀ ਨਹੀਂ ! ਖ਼ਤਾਂ ਦੇ ਜੁਵਾਬ ਤਾਂ ਕੀ ਦੇਣੇ ਨੇ !

ਚਲੋ ਓਹਦੀ ਛੱਡੋ,ਤੁਸੀਂ ਸੁਣਾਓ ! ਹਾਂ ਸੱਚ !

ਅੱਜ.....
ਕੁੱਝ ਕਹਿਣਾ ਤਾਂ ਸੀ
ਸ਼ਬਦਾਂ ਨੂੰ.....
ਦੰਦਲ਼ ਪੈ ਗਈ
ਖ਼ਿਆਲਾਂ ਦੇ....
ਹੋਸ਼ ਉੱਡ ਗਏ
ਅਹਿਸਾਸਾਂ ਨੂੰ....
ਲਕਵਾ ਮਾਰ ਗਿਆ
ਇਸ਼ਾਰੇ ਅੱਖਾਂ 'ਚ ਹੀ....
ਪਥਰਾਅ ਗਏ
ਉਂਝ...
ਅੱਜ
ਕੁੱਝ ਕਹਿਣਾ ਤਾਂ...
ਜ਼ਰੂਰ ਸੀ !!

ਪਰ ਜੇ ਕੁਝ ਕਹਿ ਵੀ ਦਿੰਦੇ, ਅਸੀਂ ਕਿਹੜਾ ਗੁੱਸਾ ਕਰਨਾ ਸੀ.! ਅੱਗੇ ਤੋਂ ਨਾ ਜਕਿਓ !!

ਆਪਦਾ ਸ਼ੁੱਭ ਚਿੰਤਕ
ਗੁਰਮੇਲ ਬਦੇਸ਼ਾ ..।
=============
ਬਦੇਸ਼ਾ ਸਾਹਿਬ! ਤੁਹਾਡੀ ਮਿਜ਼ਾਈਲ ਵਰਗੀ ਈਮੇਲ ਆ ਹੀ ਗਈ..:) ਮਿਜ਼ਾਈਲ ਦੀ ਮਾਰ ਘੱਟ ਹੋਊ ਪਰ ਤੁਹਾਡੇ ਖ਼ਤਾਂ ਤੇ ਈਮੇਲਾਂ ਦੀ ਮਾਰ ਬਹੁਤ ਦੂਰ ਤੱਕ ਹੈ! ਮੇਰਾ ਤਾਂ ਹੱਸ-ਹੱਸ ਬੁਰਾ ਹਾਲ ਹੋ ਜਾਂਦੈ...ਚਲੋ ਮਾਈਗ੍ਰੇਨ ਤੋਂ ਛੁਟਕਾਰਾ ਰਹੂ! ਰਹੀ ਮੇਰੀਆਂ ਲਿਖਤਾਂ ਦੀ ਗੱਲ...ਬਦੇਸ਼ਾ ਸਾਹਿਬ! ਅਸੀਂ ਤਾਂ ਝੀਲ ਕੰਢੇ ਬੈਠ...ਬੱਤਖਾਂ ਨੂੰ ਦਾਣੇ ਪਾ... ਡੁੱਬਦਾ ਸੂਰਜ ਤੱਕ...ਨਜ਼ਮਾਂ ਲਿਖਣ ਵਾਲ਼ੇ ਹੀ ਹਾਂ..ਪਰ ਤੁਹਾਡਾ ਮਜ਼ਾਹੀਆਂ ਖ਼ਤ ਲਿਖਣ 'ਚ ਕੋਈ ਮੁਕਾਬਲਾ ਨਹੀਂ।

ਮੁਬਾਰਕਬਾਦ ਕਬੂਲ ਕਰੋ!

ਦਿਲ 'ਚ ਆਉਂਦੈ ਕਿ ਆਰਸੀ ਲਈ ਆਉਂਦੀਆਂ ਈਮੇਲਾਂ ਦੇ ਜਵਾਬ ਦੇਣ 'ਚ ਮੈਨੂੰ ਕਈ ਵਾਰ ਦੇਰੀ ਹੋ ਜਾਂਦੀ ਹੈ...ਤੁਹਾਨੂੰ ਜਵਾਬ ਲਿਖਣ ਲਈ ਭੇਜ ਦਿਆ ਕਰਾਂ...ਬਦੇਸ਼ਾ ਜੀ ਵੀ ਖੁਸ਼ ਤੇ ...ਨਾਲ਼ੇ ਪੜ੍ਹਨ-ਸੁਨਣ ਵਾਲ਼ੇ ਵੀ...ਕੀ ਖ਼ਿਆਲ ਹੈ?

ਅਦਬ ਸਹਿਤ
ਤਮੰਨਾ

ਤਨਦੀਪ 'ਤਮੰਨਾ' said...

ਬਦੇਸ਼ਾ ਸਾਹਿਬ! ਹੁਣੇ-ਹੁਣੇ ਮੰਮੀ ਜੀ ਨੂੰ ਤੁਹਾਡਾ ਖ਼ਤ ਸੁਣਾ ਕੇ ਹਟੀ ਹਾਂ..ਅਸੀਂ ਦੋਵੇਂ ਬਹੁਤ ਹੱਸੀਆਂ!
ਨੈਲਸਨ ਮੰਡੇਲਾ ਦੀਏ ਪੋਤੀਏ ! ਓਪਰਾ (Oprah) ਵਰਗਾ ਤੇਰਾ ਤਿੱਖਾ ਨੱਕ !ਲੱਗਦੈ, ਜਪਾਨੀਆਂ ਨੇ ਵਿਹਲੇ ਬਹਿ ਕੇ ਬਣਾਇਆ ਏ !
---
ਤੇਰੀਆਂ ਮੋਟੀਆਂ-ਮੋਟੀਆਂ ਅੱਖਾਂ ਦੀ ਸ਼ਿੱਪਮੈਂਟ ਚੀਨ ਤੋਂ ਮੰਗਵਾਈ ਲਗਦੀ ਏ ! ਤੇਰੇ ਗੋਰੇ-ਗੋਰੇ ਰੰਗ ਤੋਂ ਇੰਝ ਲਗਦੈ, ਜਿਵੇਂ ਤੂੰ ਸਾਊਥ ਅਫਰੀਕਾ 'ਚ ਜਨਮ ਲਿਆ ਹੋਵੇ ! ਸ਼੍ਰੀਲੰਕਾ ਦੇ ਨਕਸ਼ੇ ਵਰਗੇ - ਉਬਾਮਾ ਦੇ ਕੰਨਾਂ ਤੋਂ ਵੀ ਲੰਮੇ ਕੰਨ ਤੇਰੇ ਮੈਨੂੰ ਬੜੇ ਸੋਹਣੇ ਲਗਦੇ ਨੇ!
---
' ਹੁਣ ਤਾਂ ਗਿੱਟਿਆਂ ਤੋਂ ਗਿੱਠ ਉੱਚੀ ਤੰਗ ਜਿਹੀ ਜੀਨ ਪਾਕੇ ਲੰਘਦੀ ਏਂ, ਤਾਂ ਇੰਝ ਲੱਗਦੈ, ਜਿਵੇਂ ਬਿਜਲੀ ਦੇ ਖੰਭਿਆਂ ਦੁਆਲੇ ਟਾਇਰਾਂ ਦੀ ਟਿਊਬ ਲਪੇਟੀ ਹੋਵੇ ਜਾਂ ਫਿਰ ਤੂੰ ਤੂੜੀ ਵਾਲੇ ਕੁੱਪ ਲਈ ਘਾਣੀ ਕਰਨ ਚੱਲੀ ਹੋਵੇਂ !
Carpi pants da bahuta mazaak udda ditta..:(

ਪਰ ਡੁੱਬ ਜਾਣੀਏ ! ਕਦੇ ਮੈਨੂੰ ਛੱਡ ਕੇ ਨਾ ਜਾਵੀਂ । ਨਹੀਂ ਤਾਂ ਸੌ ਬਿਮਾਰੀਆਂ ਲੱਗ ਜਾਣਗੀਆਂ । ਤੂੰ ਤਾਂ ਸੌ ਬਿਮਾਰੀਆਂ ਵਰਗੀ 'ਕੱਲੀ ਬਥੇਰੀ ਏਂ ! ਬਿਮਾਰੀਆਂ ਵਿਚਾਰੀਆਂ ਨੇ ਮੇਰੇ ਕੋਲ ਤੇਰੇ ਹੁੰਦਿਆਂ ਕੀ ਲੈਣ ਆਉਣੈ?
===

ਮੈਨੂੰ ਤਾਂ ਲੱਗਦੈ ਕਿ ਲੇਖਕ ਹੀ ਸਭ ਤੋਂ ਵੱਡਾ ਰੋਗ ਹੁੰਦੇ ਨਾ ਜੇ ਕਿਸੇ ਨੂੰ ਲੱਗ ਜਾਣ ਤਾਂ...ਕੀ ਖ਼ਿਆਲ ਹੈ?.:)
====
ਨਿੰਮ ਦੀਆਂ ਨਮੋਲ਼ੀਆਂ ਖਾਣੀਏ ! ਤੇਰੇ ਮਿੱਠੇ-ਮਿੱਠੇ ਬੋਲ ਮੈਨੂੰ ਬੜੇ ਪਿਆਰੇ ਲਗਦੇ ਨੇ ! ਲੱਗਦੈ, ਨਿੱਕੀ ਹੁੰਦੀ ਸਪੋਲ਼ੀਆਂ ਦੇ ਨੂਡਲ ਬਣਾ ਕੇ ਖਾਦੀ ਰਹੀਂ ਏਂ ! ਹੱਸਦੀ ਏਂ ਤਾਂ ਮੂੰਹੋਂ ਫੁੱਲ ਕਿਰਦੇ ਨੇ ! ਕਿਤੇ ਪਤਾਲਪੁਰੀ ਪੁਰਖਿਆਂ ਦੀਆਂ ਹੱਡੀਆਂ ਤਾਂ ਨਹੀਂ ਚੂੰਡਦੀ ਰਹੀ ?
===
ਰਾਤ ਮੰਮੀ ਨੇ ਨੂਡਲਜ਼ ਬਣਾਈਆਂ ਸੀ..ਮੇਰਾ ਖ਼ਤ ਪੜ੍ਹ ਕੇ ਖਾਣ ਨੂੰ ਚਿੱਤ ਨੀਂ ਕੀਤਾ...ਸ਼ੱਕ ਹੋਵੇ ਤਾਂ ਘਰੇ ਫੋਨ ਕਰਕੇ ਪਤਾ ਕਰ ਲੈਣਾ...:)
===
ਕੋਈ ਨਾ ਫ਼ਿਕਰ ਨਾ ਕਰੀਂ, “ਤੇਰੀ ਖਾਤਿਰ ਤੁਰ ਜਾਂ 'ਗੇ ਨੰਗੀਆਂ ਤਲਵਾਰਾਂ 'ਤੇ....ਸੇਫਟੀ ਸ਼ੂ ਪਾ ਕੇ....!!”
===
ਵਾਹ! ਵਾਹ! ਕਿਆ ਸ਼ਿੱਦਤ ਹੈ..ਮਾਡਰਨ ਆਸ਼ਕਾਂ ਦੀ ਮੁਹੱਬਤ 'ਚ...ਨੰਗੀਆਂ ਤਲਵਾਰਾਂ ਤੇ ਤੁਰਨਾ..ਪਰ ਸੇਫਟੀ ਸ਼ੂ ਪਾ ਕੇ..!
====
ਪਰ ਮੇਰੀਏ ਫੂਲਨ ਦੇਵੀਏ ! ਜਦੋਂ ਤੂੰ ਮੇਰੇ ਨਾਲ ਲੜਦੀ ਏਂ ਤਾਂ ਓਦੋਂ ਜੀ ਕਰਦੈ ਕਨੇਡਾ ਛੱਡ ਕੇ ਮੈ ਕਿਤੇ 'ਤੋਰਾ-ਬੋਰਾ' ਦੀਆਂ ਪਹਾੜੀਆਂ 'ਚ ਜਾ ਕੇ ਲੁਕ ਜਾਵਾਂ ਤੇ ਜਾਕੇ ਲਾਦੇਨ ਬਾਈ ਨੂੰ ਦੱਸਾਂ ਕਿ ਖਾੜਕੂ ਸੁਭਾਅ ਦੀ ਇੱਕ ਕੁੜੀ ਮੇਰੇ ਲਈ ਤਾਂ ਆਤਮਘਾਤੀ ਬੰਬ ਬਣੀ ਫਿਰਦੀ ਏ !
===
ਜੇ ਤੋਰਾ-ਬੋਰਾ ਦੀਆਂ ਪਹਾੜੀਆਂ 'ਚ ਸਮਾਧੀ ਲਾਕੇ ਖ਼ਤ ਲਿਖ ਸਕਦੇ ਓ ਤਾਂ ਜਾਣ 'ਚ ਕੋਈ ਹਰਜ਼ ਵੀ ਨਹੀਂ...ਨਾਲ਼ੇ ਕੀ ਪਤੈ ..ਲਾਦੇਨ ਜੀ ਖ਼ਤ ਸੁਣ-ਸੁਣ ਕੇ ਮਿਹਰਬਾਨ ਹੋ ਜਾਣ..:)
=====
ਪਿਆਰ 'ਤੇ ਕਬਜ਼ੇ ਨਹੀਂ, ਚੰਦਰੀਏ ! ਪਹਿਚਾਣਾਂ ਬਣਾਉਣੀਆਂ ਪੈਂਦੀਆਂ ਨੇ !! ਸ਼ਾਇਦ ਤੂੰ ਸੁਧਰ ਜਾਵੇਂ !
===
ਬਦੇਸ਼ਾ ਸਾਹਿਬ! ਏਥੇ ਆ ਕੇ ਮੈਂ ਭਾਵੁਕ ਹੋ ਗਈ..ਅੱਖਾਂ ਭਰ ਆਈਆਂ...ਡੈਡੀ ਬਾਦਲ ਜੀ ਦਾ ਸ਼ਿਅਰ ਵੀ ਤਾਂ ਹੈ ਕਿ...

"ਪਿਆਰ ਦਾ ਮੁਲ ਅਸਲ ਵਿਚ ਤਦ ਜਾਣ ਹੁੰਦੈ।
ਪਿਆਰ ਜਦ ਕਬਜ਼ਾ ਨਹੀਂ, ਪਹਿਚਾਣ ਹੁੰਦੈ।"

ਸਾਰੇ ਖ਼ਤ ਦਾ ਨਿਚੋੜ ਹੈ!ਬਹੁਤ ਖ਼ੂਬ ਬਦੇਸ਼ਾ ਸਾਹਿਬ!ਏਨਾ ਸੋਹਣਾ ਮਜ਼ਾਹੀਆ ਖ਼ਤ ਲਿਖਣ ਤੇ ਮੁਬਾਰਕਬਾਦ ਕਬੂਲ ਕਰੋ!ਤੁਹਾਨੂੰ ਹਰ ਟਿੱਪਣੀ ਦੁਆ ਬਣਕੇ ਲੱਗੇ!

ਤਮੰਨਾ

ਤਨਦੀਪ 'ਤਮੰਨਾ' said...

ਬਦੇਸ਼ਾ ਸਾਹਿਬ ਦਾ ਖ਼ਤ ਪੜ੍ਹ ਕੇ ਤਾਂ ਕੰਮ ਦੀ ਸਾਰੀ ਥੁਕਾਵਟ ਦੂਰ ਹੋ ਗਈ!ਵਿਅੰਗ ਲਿਖਣਾ ਬਹੁਤ ਔਖਾ ਹੈ। ਬਦੇਸ਼ਾ ਜੀ ਨੂੰ ਮੁਬਾਰਕਾਂ!

ਨਰਿੰਦਰਜੀਤ ਸਿੰਘ
ਯੂ.ਐੱਸ.ਏ
=====

ਤਨਦੀਪ 'ਤਮੰਨਾ' said...

ਤਨਦੀਪ ਜੀ,
ਬਦੇਸ਼ਾ ਸਾਹਿਬ ਨੂੰ ਕਹੋ...ਹਫ਼ਤੇ 'ਚ ਇੱਕ ਖ਼ਤ ਜ਼ਰੂਰ ਲਿਖ ਦਿਆ ਕਰਨ, ਹੱਸ ਕੇ ਉਦਾਸੀ ਦੂਰ ਹੋ ਜਾਂਦੀ ਹੈ..ਉਂਝ ਤਾ ਇਹ ਜ਼ਿੰਦਗੀ ਬੜੀ ਉਲ਼ਝਣਾਂ ਭਰੀ ਹੈ! ਮੈਂ ਤਾਂ ਅੱਜ ਕੰਮ ਤੇ ਵੀ ਸਭ ਨੂੰ ਪੜ੍ਹ ਕੇ ਸੁਣਾਇਆ।ਸਾਰੇ ਬਹੁਤ ਹੱਸੇ।
ਸਤਿਕਾਰ ਨਾਲ਼
ਸਿਮਰਜੀਤ ਸਿੰਘ ਕੰਗ
ਯੂ.ਕੇ.
=====
ਮੇਲ ਕਰਨ ਲਈ ਬਹੁਤ-ਬਹੁਤ ਸ਼ੁਕਰੀਆ ਕੰਗ ਸਾਹਿਬ!
ਤਮੰਨਾ

ਤਨਦੀਪ 'ਤਮੰਨਾ' said...
This comment has been removed by the author.
ਤਨਦੀਪ 'ਤਮੰਨਾ' said...

ਓਏ ਬਾਈ ਬਦੇਸ਼ੇ! ਤੋਰਾ-ਬੋਰਾ ਦੀਆ ਪਹਾੜੀਆਂ 'ਚ ਨਾ ਜਾਈਂ, ਤੇਰੀ ਏਥੇ ਹੀ ਬੜੀ ਲੋੜ ਹੈ!ਖ਼ਤ ਲਿਖ ਕੇ ਤਾਂ ਵੱਟ ਕੱਢ ਦਿੰਨੈਂ। ਜਿਉਂਦਾ ਰਹਿ!
ਬੱਸ! ਤਮੰਨਾ ਜੀ ਵਾਅਦਾ ਕਰਕੇ ਨਹੀਂ ਨਿਭਾਉਂਦੇ..ਅੱਜ ਵੀ ਕੋਈ ਨਜ਼ਮ ਨਹੀਂ ਲਾਈ।

ਮਨਧੀਰ ਭੁੱਲਰ
ਕੈਨੇਡਾ
======
ਮਨਧੀਰ ਜੀ..ਮੈਨੂੰ ਸਾਰੇ ਵਾਅਦੇ ਯਾਦ ਨੇ! ਮੇਲ ਕਰਨ ਲਈ ਬਹੁਤ ਸ਼ੁਕਰੀਆ!
ਤਮੰਨਾ

ਤਨਦੀਪ 'ਤਮੰਨਾ' said...

ਬੇਟਾ, ਨਾਲ਼ੇ ਅੱਜ ਬਦੇਸ਼ਾ ਜੀ ਦਾ ਖ਼ਤ ਪੜ੍ਹਿਆ, ਕਾਬਿਲੇ-ਤਾਰੀਫ਼ ਹੈ!ਆਹ ਗੱਲਾਂ ਸੁੱਝਣੀਆਂ ਬਹੁਤ ਔਖੀਆਂ ਨੇ, ਨਾਲੇ ਕਿਸੇ ਨੂੰ ਹਸਾਉਂਣਾ ਓਦੂੰ ਵੀ ਔਖਾ। ਬਦੇਸ਼ਾ ਜੀ ਨੂੰ ਆਸ਼ੀਰਵਾਦ!

ਇੰਦਰਜੀਤ ਸਿੰਘ
ਕੈਨੇਡਾ
=====
ਤੁਹਾਡਾ ਆਸ਼ੀਰਵਾਦ ਪਹੁੰਚਾ ਦਿੱਤਾ ਗਿਆ ਹੈ, ਅੰਕਲ ਜੀ!
ਸ਼ੁਕਰੀਆ!
ਤਮੰਨਾ

Unknown said...
This comment has been removed by a blog administrator.
Unknown said...
This comment has been removed by a blog administrator.
Unknown said...
This comment has been removed by a blog administrator.
ਤਨਦੀਪ 'ਤਮੰਨਾ' said...
This comment has been removed by the author.
Gurmail-Badesha said...
This comment has been removed by a blog administrator.