ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Saturday, December 13, 2008

ਦਰਸ਼ਨ ਦਰਵੇਸ਼ - ਸ਼ਾਇਰ ਗੁਰਦਾਸ ਮਾਨ

ਦੋਸਤੋ! ਕੋਈ ਡੇਢ ਕੁ ਸਾਲ ਪਹਿਲਾਂ ਮੈਂ ਕੈਲਗਰੀ ਦੇ 94.7 ਐੱਫ.ਐਮ. ਰੇਡਿਓ ਤੋਂ ਗੁਰਦਾਸ ਮਾਨ ਦੇ ਗੀਤਾਂ ਵਿਚਲੀ ਸੰਜੀਦਾ ਸ਼ਾਇਰੀ ਤੇ ਕੋਈ ਦੋ ਕੁ ਮਹੀਨੇ ਲਗਾਤਾਰ ਪ੍ਰੋਗਰਾਮ ਪੇਸ਼ ਕੀਤੇ, ਜੋ ਸਰੋਤਿਆਂ ਵੱਲੋਂ ਬੇਹੱਦ ਪਸੰਦ ਕੀਤੇ ਗਏ। ਜਦੋਂ ਗੁਰਦਾਸ ਮਾਨ ਸਾਹਿਬ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਹਨਾਂ ਸੁਨੇਹਾ ਪਹੁੰਚਾਇਆ ਕਿ ਤਮੰਨਾ ਦੇ ਹਰ ਪ੍ਰੋਗਰਾਮ ਦੀ ਇੱਕ ਰਿਕਾਰਡਿੰਗ ਮੇਰੇ ਲਈ ਸਾਂਭ ਕੇ ਰੱਖਣਾ, ਮੈਂ ਖ਼ੁਦ ਸੁਣਨਾ ਪਸੰਦ ਕਰਾਂਗਾ ਕਿ ਮੈਨੂੰ ਚਾਹੁਣ ਵਾਲ਼ੇ ਮੇਰੀ ਸ਼ਾਇਰੀ ਬਾਰੇ ਕੀ ਸੋਚਦੇ ਹਨ। ਮੈਨੂੰ ਆਸ ਹੈ ਕਿ ਪਿਛਲੀ ਕੈਲਗਰੀ ਫੇਰੀ ਦੌਰਾਨ ਉਹ ਇਹ ਸੌਗ਼ਾਤ ਜ਼ਰੂਰ ਨਾਲ਼ ਲੈ ਗਏ ਹੋਣਗੇ। ਮੇਰੇ ਲਈ ਇਹ ਬੜੀ ਮਾਣ ਵਾਲ਼ੀ ਗੱਲ ਸੀ।

ਕੱਲ੍ਹ ਸਤਿਕਾਰਤ ਦਰਸ਼ਨ ਦਰਵੇਸ਼ ਜੀ ਨੇ ਜਦੋਂ ਇਹ ਬੇਹੱਦ ਖ਼ੂਬਸੂਰਤ ਆਰਟੀਕਲ ਆਰਸੀ ਲਈ ਭੇਜਿਆ ਤਾਂ ਮੇਰੀ ਖੁਸ਼ੀ ਦੀ ਹੱਦ ਨਾ ਰਹੀ ਕਿ ਕਿਸੇ ਨੇ ਤਾਂ ਇੱਕ ਵੱਖਰੇ ਨਜ਼ਰੀਏ ਤੋਂ ਦੇਖ ਕੇ....ਗੁਰਦਾਸ ਨੂੰ ਸ਼ਾਇਰ ਤੇ ਤੌਰ ਤੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ..ਕਿਸੇ ਨੇ ਤਾਂ ਉਸਦੀ ਰੂਹ ਦੀਆਂ ਤਰਜ਼ਾਂ ਤੇ ਪੈਰੀਂ ਘੁੰਗਰੂ ਪਾ ਨੱਚਦੇ ਫਿਰਦੇ ਭੋਲ਼ੇ ਪੰਛੀਆਂ ਦਾ ਜ਼ਿਕਰ ਕੀਤਾ ਹੈ! ਮੈਂ ਦਰਵੇਸ਼ ਜੀ ਦੀ ਬੇਹੱਦ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਇੱਕ ਫਿਲਮ ਦੀ ਸ਼ੂਟਿੰਗ ਚ ਰੁੱਝੇ ਹੋਣ ਦੇ ਬਾਵਜੂਦ ਇਹ ਲੇਖ ਆਰਸੀ ਦੇ ਸੂਝਵਾਨ ਪਾਠਕਾਂ/ਲੇਖਕਾਂ ਨਾਲ਼ ਸਾਂਝਾ ਕਰਨ ਲਈ ਭੇਜਿਆ ਹੈ। ਦਰਵੇਸ਼ ਜੀ! ਤੁਸੀਂ ਲਫਜ਼ਾਂ ਨਾਲ਼ ਨਿਆ ਕਰਦੇ ਹੋ ਜਾਂ ਲਫ਼ਜ਼ ਤੁਹਾਡੀਆਂ ਲਿਖਤਾਂ ਨਾਲ਼ ਵਫ਼ਾ ਕਰਦੇ ਨੇ, ਇਸਦਾ ਫੈਸਲਾ ਤਾਂ ਅੱਜ ਤੱਕ ਮੈਥੋਂ ਹੋਇਆ ਹੀ ਨਹੀਂ..ਪਰ ਏਨਾ ਜ਼ਰੂਰ ਆਖਾਂਗੀ ਕਿ..ਗੁਰਦਾਸ ਦੀ ਤੇ ਤੁਹਾਡੀ ਕਲਮ ਤੇ ਤੁਹਾਡੀ ਹਰ ਲਿਖਤ ਵਿਚਲੇ ਖ਼ਿਆਲਾਂ ਦੇ ਨਵੇਕਲ਼ੇਪਣ ਨੂੰ ਸਲਾਮ! ਬਹੁਤ-ਬਹੁਤ ਸ਼ੁਕਰੀਆ!



ਧਮਾਲਾਂ ਦੇ ਸਿੱਕੇ ਦਾ ਦੂਜਾ ਪਾਸਾ ਗੁਰਦਾਸ ਮਾਨ

ਲੇਖ

ਦੂਰੋਂ ਕਿਤਿਓਂ ਇੱਕ ਆਵਾਜ਼ ਆ ਰਹੀ ਸੀ...ਜਾਵੋ ਨੀਂ ਕੋਈ ਮੋੜ ਲਿਆਵੋ ਨੀਂ ਮੇਰੇ ਨਾਲ ਗਿਆ ਅੱਜ ਲੜ ਕੇ... ਅੱਲਾ ਕਰੇ ਆ ਜਾਵੇ ਸੋਹਣਾਂ ਮੈਂ ਦੇਵਾਂ ਜਾਨ ਕਦਮਾਂ ਵਿੱਚ ਧਰ ਕੇ......ਇਹ ਗੀਤ ਦੇ ਬੋਲ ਸਨਇਨ੍ਹਾਂ ਨੂੰ ਕਿਸੇ ਗਾਇਕ ਦੀ ਆਵਾਜ਼ ਮਿਲੀ ਸੀ

ਬੋਲਾਂ ਵਿੱਚ ਅੰਤਾਂ ਦੀ ਉਦਾਸੀ ਸੀ ਅਤੇ ਅੰਤਾਂ ਦੀ ਉਦਾਸੀ ਨਾਲ ਆਵਾਜ਼ ਅੰਦਰ ਜਿਵੇਂ ਕੋਈ ਕਿਸੇ ਡੂੰਘੇ ਖੂਹ ਵਿੱਚ ਬਿਨਾਂ ਪੌੜੀਆਂ ਹੀ ਉੱਤਰ ਰਿਹਾ ਹੋਵੇ ਪਾਣੀ ਵਿੱਚ ਤੱਕਦਾ ਹੋਵੇ ਪਾਣੀ ਵਿੱਚੋਂ ਕੁੱਝ ਲੱਭਦਾ ਹੋਵੇ ਮੈਂ ਆਵਾਜ਼ ਦੇ ਕੋਲ ਗਿਆ ਤਾਂ ਇਹ ਪਾਕਿਸਤਾਨ ਦਾ ਬੂਟਾ ਸ਼ੌਕਤ ਅਲੀ ਸੀ।

ਫਿਰ ਕਈ ਵਰ੍ਹੇ ਬੀਤ ਗਏ ਇਹ ਬੋਲ (ਛੱਲਾ )ਗਿੱਦੜਬਾਹੇ ਦਾ ਇੱਕ ਕਾਲਜੀਏਟ ਮੁੰਡਾ ਐਨ. ਆਈ. ਐਸ. ਪਟਿਆਲਾ ਦੇ ਸਪੋਰਟਸ ਵਿੰਗ ਦੇ ਵਿਦਿਆਰਥੀਆਂ ਨਾਲ ਸਾਂਝੇ ਕਰਨ ਲੱਗਨ ਪਿਆ ਉਸਦੀ ਆਵਾਜ਼ ਹਵਾਵਾਂ ਦੇ ਹੱਥ ਲੱਗ ਗਈ ਕਲੱਬਾਂ, ਸੰਸਥਾਵਾਂ ਵਾਲੇ ਉਸ ਮੁੰਡੇ ਨੂੰ ਡਫ਼ਲੀਵਾਲਾ ਕਹਿਣ ਲੱਗ ਪਏ ਅਤੇ ਗੁਰਦਾਸ ਮਾਨ ਸਮਝ ਕੇ ਉਸਦੇ ਗੀਤਾਂ ਦੀ ਰੂਹ ਉਪਰ ਹੱਥ ਧਰਨ ਲੱਗ ਪਏ ਉਹ ਉਨ੍ਹਾਂ ਗੀਤਾਂ ਦੇ ਜ਼ਖ਼ਮਾਂ ਨੂੰ ਪਲੋਸਣ ਲੱਗ ਪਿਆ

ਗੁਰਦਾਸ ਦੇ ਗੀਤ ਮੈਨੂੰ ਢਕੀ ਹੋਈ ਕਬਰ ਦੇ ਧੁਰ ਅੰਦਰ ਤੀਕ ਲੈ ਜਾਂਦੇ ਹਨ ,ਜਿੱਥੇ ਹੌਕੇ, ਗ਼ਮ ਜੁਦਾਈਆਂ, ਬੇਵਤਨੀਆਂ ,ਛੱਲੇ ,ਮੁੰਦੀਆਂ, ਟੁੱਟੀਆਂ ਵੰਗਾਂ ਅਤੇ.. ਅਤੇ ਕਿੰਨੀਆਂ ਹੀ ਜਿਉਂਦੀਆਂ ਔਸੀਆਂ ਦਫ਼ਨ ਹੋਈਆਂ ਪਈਆਂ ਨੇ ,ਜਿਹਨਾਂ ਦਾ ਚਿਹਰਾ ਵੇਖਕੇ ਸੰਵਾਦ ਕਰਦੇ ਹਾਂ ਤਾਂ ਜ਼ੁਬਾਨ ਬੰਦ ਹੋ ਜਾਂਦੀ ਹੈ

ਚਿਹਰੇ ਦਾ ਚਿੱਤਰ ਬਣਾਉਣ ਬਾਰੇ ਸੋਚੀਏ ਤਾਂ ਬੁਰਸ਼ ਆਪਣੀ ਹੀ ਛੋਹ ਦੇ ਨੇੜੇ ਨਹੀਂ ਆ ਸਕਦਾ ਗੁਰਦਾਸ ਦੇ ਗੀਤਾਂ ਅੰਦਰ ਅੱਥਰੂ ਤੁਰਦੇ ਨੇ ,ਸਾਲਮ ਸਬੂਤੇ ਜਿਊਂਦੇ ਜਦ ਅੱਥਰੂ ਜੂਨ ਹੰਢਾਉਂਦੇ ਬੰਦਿਆਂ ਵਾਂਗ ਤੁਰਨ ਦੀ ਜੂਨ ਪੈ ਜਾਂਦਾ ਹੈ ਤਾਂ ਕਈ ਵੇਰ ਤਿੱਖੀਆਂ ਸੂਲਾਂ ਸਾਡੇ ਮੱਥੇ ਉਪਰ ਦਸਤਖ਼ਤ ਕਰਦੀਆਂ ਨੇ ਅੰਤ ਕਈ ਵੇਰ ਮਨ ਦਾ ਗੁਲਾਬ ਰੰਗ ਵਿਹੂਣਾ ਹੋ ਜਾਂਦਾ ਹੈ ਕਈ ਵੇਰ ਧੁਖਦੇ ਬੋਲਾਂ ਦੀ ਜ਼ਮੀਨ ਸਾਡੀ ਜ਼ੁਬਾਨ ਬਣਦੀ ਏ ਤੇ ਕਦੇ-ਕਦੇ ਆਪਣਾ ਆਪ ਸਾਨੂੰ ਪੱਤੇ ਵਾਂਗ ਮਹਿਸੂਸ ਹੋਣ ਲੱਗ ਪੈਂਦਾ ਹੈ

ਇਹ ਸਾਰਾ ਕੁਝ ਮੇਰੇ ਮਨ ਨਾਲ ਵਾਪਰਿਆ ਹੈ ਜੇਕਰ ਤੁਹਾਡੇ ਨਾਲ ਵੀ ਵਾਪਰਿਆ ਹੈ ਤਾਂ ਸਮਝੋ ਤੁਹਾਡਾ ਅੱਥਰੂ ਵੀ ਤੁਰਨ ਦੀ ਜੂਨ ਪੈ ਚੁੱਕਾ ਹੈ। ਇਹੋ ਹੀ ਸਭ ਜਦੋਂ ਗੁਰਦਾਸ ਦੇ ਗੀਤ ਆਪਣੀ ਰੂਹ ਤੇ ਜਰਦੇ ਨੇ ਤੇ ਜਦੋਂ ਜ਼ਖਮ ਉੱਚੜ ਜਾਂਦੇ ਨੇ ਤਾਂ ਗੁਰਦਾਸ ਆਪਣੇ ਹਾਸਿਆਂ ਵਿੱਚੋਂ ਆਪ ਹੀ ਮਨਫ਼ੀ ਹੋ ਜਾਂਦਾ ਹੈ

ਗਾਉਂਣਾ ਗੁਰਦਾਸ ਦੀ ਮੰਜ਼ਿਲ ਹੈ ਅਤੇ ਗੀਤ ਉਸਦਾ ਧਰਮ

ਗੀਤ ਆਪਣੇ ਆਪ, ਮੇਰੇ ਕੋਲ ਮੇਰੇ ਅੰਦਰ ਆ ਰਿਹਾ ਹੈ –'ਤੈਨੂੰ ਵੀ ਕਦੇ ਯਾਦ ਵਤਨ ਦੀ ਆਉਂਦੀ ਹੋਵੇਗੀਸੁਪਨੇ ਵਿੱਚ ਜਦ ਮਾਂ ਕੋਈ ਤਰਲੇ ਪਾਉਂਦੀ ਹੋਵੇਗੀ ' ਪਤਾ ਨਹੀਂ ਕਿਉਂ ਲਿਖਣਾ ਪਿਆ ਇਹ ਗੀਤ ਗੁਰਦਾਸ ਨੂੰ ਜਦੋਂ ਆਪਣੇ ਪਿੰਡ ਦੀ ਮਿੱਟੀ ਦਾ ਮੋਹ ਸਤਾਉਂਦਾ ਹੈ ਤੇ ਇਹ ਗੀਤ ਉਹਨਾਂ ਸਾਰਿਆਂ ਦੇ ਮਨ ਉਪਰ ਉਕਰਿਆ ਜਾਂਦਾ ਹੈ , ਜਿਹੜੇ ਇਸ ਗੀਤ ਦਾ ਨਸੀਬ ਹਨ ਇਹ ਗੀਤ ਉਹਨਾਂ ਦੀ ਕਾਰਨਸ ਦਾ ਸੱਜਰਾ ਫੁੱਲ ਬਣ ਗਿਆ ਹੈਅਤੇ ਇਸਦੇ ਨਾਲ ਹੀ ਡੂੰਘੇ ਜਿਹੇ ਇੱਕ ਹੋਰ ਗੀਤ ਦੇ ਬੋਲ ਉਭਰਦੇ ਹਨ :-

'ਬਚਪਨ ਚਲਾ ਗਿਆ, ਜਵਾਨੀ ਚਲੀ ਗਈ ,

ਜ਼ਿੰਦਗੀ ਦੀ ਕੀਮਤੀ ਨਿਸਾਨੀ ਚਲੀ ਗਈ '

ਕਿੰਨਾਂ ਉਦਰੇਵਾ ਹੈ ,ਇਨ੍ਹਾਂ ਬੋਲਾਂ ਅੰਦਰ ਅਜਿਹੇ ਅਹਿਸਾਸਾਂ ਨੂੰ ਗੁਰਦਾਸ ਪੱਥਰ ਵਿੱਚ ਉੱਗੀ ਘਾਹ ਦੀ ਇੱਕ ਤਿੜ੍ਹ ਵਾਂਗ ਉਗਾ ਲੈਂਦਾ ਹੈ ਅਤੇ ਫਿਰ ਜਦ ਕਾਗਜ਼ ਦੀ ਹਿੱਕ ਉਪਰ ਉਗਾਉਂਦਾ ਹੈ ਤਾਂ ਸ਼ਬਦ ਆਪਣੇ ਆਪ ਤੁਰਨ ਲੱਗ ਪੈਂਦੇ ਹਨ :-

"ਅਸੀਂ ਤੇਰੇ ਸ਼ਹਿਰ ਨੂੰ ਸਲਾਮ ਕਰ ਚਲੇ ਹਾਂ ,

ਦੋਸਤਾਂ ਦੀ ਦੋਸਤੀ ਦੇ ਨਾਮ ਕਰ ਚਲੇ ਹਾਂ ।"

ਉਹ ਕੁਝ ਵੀ ਆਪਣੇ ਕੋਲ ਨਹੀਂ ਰੱਖਣਾ ਚਾਹੁੰਦਾਵਕਤ ਦੇ ਮਨ ਉਪਰ ਅਤੇ ਵਰਤਮਾਨ ਦੇ ਰਾਹ ਵਿੱਚ ਪਿਆ ਜ਼ਖਮ ਜਦ ਉਸ ਦੀਆਂ ਅੱਖਾਂ ਵਿੱਚ ਧੂੰਆਂ ਬਣਕੇ ਉਤਰਦਾ ਹੈ ਤਾਂ ਉਹ ਚੀਖ ਉਠਦਾ ਹੈ :-

"ਮੇਰੇ ਸੋਹਣੇ ਵਤਨ ਪੰਜਾਬ ਲਈ ਕੋਈ ਕਰੇ ਦੁਆਵਾਂ ,

ਸੁੱਖਣਾ ਸੁੱਖੋ ਪੀਰ ਦੀ ,ਟਲ ਜਾਣ ਬਲਾਵਾਂ ।"

ਸਧਾਰਨ ਪੱਧਰ ਉਤੇ ਸੋਚਣ ਵਾਲਿਆਂ ਨੇ ਸੋਚਿਆ ਸੀ ਕਿ ਗੁਰਦਾਸ ਵੀ ਕੀ ਗਾਉਣ ਲੱਗ ਪਿਆ ਹੈ ਅਤੇ ਉਹ ਅਜੀਬ ਜਿਹੀਆਂ ਅਵਾਜ਼ਾਂ ਕੱਸਣ ਲੱਗ ਪਏ ਸਨ ਅਜਿਹੇ ਲੋਕ ਇਹ ਕਦੇ ਨਹੀਂ ਸੋਚਦੇ ਕਿ ਗੁਰਦਾਸ ਇੱਕ ਸ਼ਾਇਰ ਵੀ ਹੈਸ਼ਾਇਰੀ ਉਸਦਾ ਧਰਮ ਹੈਸਾਧਾਰਨ ਸਰੋਤਿਆਂ ਨੇ ਕਿਹਾ ਸੀ ਕਿ ਅਜਿਹੇ ਗੀਤਾਂ ਨਾਲ ਲੋਕ ਗੁਰਦਾਸ ਨੂੰ ਭੁੱਲ ਜਾਣਗੇ।

ਗੱਲਾਂ ਗੁਰਦਾਸ ਕੋਲ ਵੀ ਪਹੁੰਚੀਆਂ ਉਸਨੇ ਆਪਣੀ ਸ਼ਾਇਰੀ ਅਤੇ ਆਪਣੀ ਗਾਇਕੀ ਨਾਲ ਪਾਏ ਰਿਸ਼ਤੇ ਦੀ ਲਾਜ ਰੱਖੀ –"ਪੰਜਾਬੀਏ ਜ਼ੁਬਾਨੇ ਨੀ ਰਕਾਨੇ ਮੇਰੇ ਦੇਸ਼ ਦੀਏ , ਫਿੱਕੀ ਪੈ ਗਈ ਚਿਹਰੇ ਦੀ ਨੁਹਾਰ.. ....ਮੈਂ ਧਰਤੀ ਪੰਜਾਬ ਦੀ, ਵੇ ਮੈਂ ਵਸਦੀ ਉਜੜ ਗਈ ।"

ਗੁਰਦਾਸ ਲੋਕਾਂ ਦੇ ਹੋਰ ਨੇੜੇ ਹੋ ਗਿਆ ਸਾਡੇ ਕੰਪਨੀ ਵਾਲਿਆਂ ਨੂੰ ਨਾ ਤਾਂ ਗਾਇਕੀ ਨਾਲ ਲਗਾਓ ਹੈ ਨਾ ਗਾਇਕ ਨਾਲ ਕਲਾ ਨੂੰ ਪਰਖਣ ਵਾਲੀ ਉਨ੍ਹਾਂ ਦੀ ਅੱਖ ਸਿਰਫ ਪੈਸੇ ਨੂੰ ਪਰਖਦੀ ਹੈ ਉਹ ਬਹੁਤ ਘੱਟ ਲਾ ਕੇ ਬਹੁਤ ਕਮਾਉਂਦੇ ਨੇ ਅਤੇ ਮਨਮਰਜ਼ੀ ਦਾ ਗਵਾਉਂਦੇ ਹਨ ਪਰ ਗੁਰਦਾਸ ਨੇ ਉਹ ਗਾਇਆ ਹੈ ਜਿਸ ਲਈ ਉਸਦੀ ਰੂਹ ਰਾਜ਼ੀ ਹੋਈ ਹੈ ਅਤੇ ਅਜਿਹਾ ਗਾ ਕੇ ਉਸਨੇ ਉਸ ਧਾਰਨਾ ਨੂੰ ਗਲਤ ਸਾਬਤ ਕੀਤਾ ਹੈ ਕਿ ਸਿਰਫ਼ ਹਲਕੇ ਗੀਤ ਬਨ੍ਹੇਰਿਆਂ (ਚੈਨਲਾਂ)ਉਪਰ ਵਜਦੇ ਹਨ

ਪਿੱਛੇ ਜਿਹੇ ਚੰਡੀਗੜ੍ਹ ਉਹ ਕਿਸੇ ਦੋਸਤ ਦੀ ਰਸਮ 'ਤੇ ਮਿਲ਼ਿਆ ਸੀ ਗੱਲ ਭਾਵੇਂ ਕੋਈ ਵੀ ਕਰਦਾ ਸੀ ਉਹਦਾ ਮਨ ਕਹਿ ਰਿਹਾ ਸੀ ..ਸੱਚੀਂ ਹੀ ਸਭ ਕੁਝ ਹੀ ਉਜੜੇ ਗਿਐ, ਏਥੇ ਤਾਂ ਸਭ ਕੁਝ ਹੀ ਅੱਗ ਵਰਗਾ ਹੋ ਗਿਐ ਮੋਹ ਦੇ ਲਲਕਰਿਆਂ ਦਾ ਅਸੀਂ ਅਸਲੋਂ ਹੀ ਕਿਸੇ ਨਾਲ ਵਣਜ ਕਮਾ ਆਏ ਹਾਂ ਸਾਡੇ ਗੀਤਾਂ ਦੀ ਲੋਥ ਜੋਗਾ ਕਿਤੋਂ ਵੀ ਕੱਫ਼ਣ ਨਹੀਂ ਲੱਭਾ ਉਸ ਦੀਆਂ ਗੱਲਾਂ ਵਿੱਚ ਅੱਥਰੂ ਸਨ ਉਸਦੇ ਹੌਕਿਆਂ ਵਿੱਚ ਹਾਸਾ ਸੁੱਤਾ ਹੋਇਆ ਸੀ, ਅਤੇ ਉਹ ਹਾਸਾ ਕਹਿ ਰਿਹਾ ਸੀ ,ਮੈਂ ਆਪਣੀਆਂ ਚੀਖਾਂ ਨੂੰ ਗੀਤ ਕਿਵੇਂ ਕਹਿ ਸਕਦਾਂ ਹਾਂ! ਚੀਖਾਂ ਤਾਂ ਚੀਖਾਂ ਹੀ ਹੋਣਗੀਆਂ ,ਜਿਸਦੇ ਵੀ ਵਿਹੜੇ ਉਤਰਨਗੀਆਂ ਉਹਦੇ ਵਿੱਚ ਹਿੰਮਤ ਹੋਏਗੀ ਤਾਂ ਉਹ ਆਪਣੇ ਆਪ ਸਾਂਭ ਲਏਗਾ

ਉਸ ਦਿਨ ਮੁੰਬਈ ਪਹੁੰਚਦਿਆਂ ਉਸਨੇ 'ਹੀਰ' ਲਿਖੀ –"ਕੀ ਖੱਟਿਆ ਮੈਂ ਤੇਰੀ ਹੀਰ ਬਣਕੇ" ਅਤੇ ਮੈਂ ਘਰ ਆ ਕੇ ਗੀਤ ਲਿਖਿਆ

"ਕੰਜਕਾਂ ਜਿਹੀ ਰਚਨਾ ਦਾ ,ਕਰਨ ਬਲਾਤਕਾਰ ,ਪੱਛਮੀ ਧੁਨਾਂ ਦੇ ਠੇਕੇਦਾਰ

ਚੋਰਾਂ ਦੇ ਬਾਜ਼ਾਰ ਅਤੇ ਗੀਤਾਂ ਦੇ ਵਪਾਰ ਵਿੱਚ , ਕੱਖੌਂ ਹੌਲ਼ਾ ਹੋਇਆ ਗੀਤਕਾਰ

ਐਸੀ ਪੈ ਗਈ ਸ਼ਬਦਾਂ ਨੂੰ ਮਾਰ.."

ਮੈਂ ਗੁਰਦਾਸ ਦੇ ਬੋਲਾਂ ਸੁਣਦਾ ਹਾਂ ,ਉਸਦੀ ਕਲਮ ਵੱਲ ਤੱਕਦਾ ਹਾਂ

ਹਵਾ ਨੂੰ ਆਪਣੇ ਵਿੱਚੋਂ ਹੀ ਰੰਗ ਚੁਰਾ ਲੈਣ ਦੀ ਫ਼ੁਰਸਤ ਮਿਲ ਗਈ ਹੈ

ਗੀਤਾਂ ਨੂੰ ਆਪਣੇ ਵਿੱਚੋਂ ਹੀ ਆਪਣਾ ਚਿਹਰਾ ਦੇਖਣ ਦਾ ਵਲ ਆ ਗਿਆ ਹੈ

ਗੀਤਾਂ ਦੇ ਸਿਰਨਾਵੇਂ ਉਪਰ ਤ੍ਰੇਲ ਪਵੇ ਜਾਂ ਰੇਤ ,ਗੁਰਦਾਸ ਦਾ ਨਾਮ ਨਾ ਮਿਟਾ ਸਕਦੇ ਨੇ ਨਾ ਢਕ ਸਕਦੇ ਨੇ

ਜਿੱਥੇ ਸ਼ਾਮਾਂ ਆ ਕੇ ਈਦ ਮਨਾਉਂਦੀਆਂ ਹੋਣ,

ਜਿੱਥੇ ਸ਼ਾਮਾਂ ਸਾਹ ਲੈਂਦੀਆਂ ਹੋਣ ,

ਜਿੱਥੇ ਸ਼ਾਮਾਂ ਨੂੰ ਕੋਈ ਮੁਖ਼ਾਤਿਬ ਹੁੰਦਾ ਹੋਵੇ ,

ਜਿੱਥੇ ਸ਼ਾਮਾਂ ਨਾਲ ਕੋਈ ਰਿਸ਼ਤਾ ਜੋੜਦਾ ਹੋਵੇ

ਅਜਿਹੇ ਵਿਹੜੇ 'ਤੇ ਵਿਛ ਜਾਣ ਲਈ ਅਜੇ ਕੋਈ ਚਾਦਰ ਤਿਆਰ ਈ ਨਹੀਂ ਹੋਈ ਤਾਂ ਫਿਰ ਕਢਾਈ ਦੀ ਕਿਸਮ ਕਿਵੇਂ ਬਦਲੀ ਜਾ ਸਕਦੀ ਹੈ ?

13 comments:

ਤਨਦੀਪ 'ਤਮੰਨਾ' said...

ਤਨਦੀਪ ਜੀਓ !
ਸਤਿ ਸ੍ਰੀ ਅਕਾਲ !!
ਦਰਸ਼ਨ ਦਰਵੇਸ਼ ਜੀ ਦਾ ਲੇਖ ਪੜ ਕੇ ਬੜੀ ਖੁਸ਼ੀ ਹੋਈ । ਸ਼ਾਇਰ ਨੂੰ ਸ਼ਾਇਰ ਹੀ ਪਹਿਚਾਣ ਸਕਦਾ ਹੈ । ਗੁਰਦਾਸ ਮਾਨ ਸਾਹਿਬ ਇੱਕ ਅਨਮੋਲ ਹੀਰਾ ਹੈ । ਐਸੇ ਇਨਸਾਨ ਜੱਗ 'ਤੇ ਕਦੇ=ਕਦੇ ਹੀ ਪੈਦਾ ਹੁੰਦੇ ਨੇ,ਸੋ ਅਸੀਂ ਤਾਂ ਭਾਗਾਂ ਵਾਲੇ ਹਾਂ ਕਿ ਇੱਕੋ ਸਦੀ ਵਿੱਚ ਜਨਮ ਲੈਕੇ ਉਨ੍ਹਾਂ ਦੀ ਸ਼ਾਇਰੀ ਨੂੰ ਮਾਣ ਰਹੇ ਹਾਂ । ਇੱਕਵੀਂ ਸਦੀ ਵਿੱਚ ਇੱਕ ਹੋਰ ਬੁੱਲੇ ਸ਼ਾਹ ਵਰਗਾ ਇਨਸਾਨ ਪੈਦਾ ਹੋਇਆ ਹੈ । ਪੰਜਾਬੀ ਸਾਹਿਤ ਵਿੱਚ ਮਾਨ ਸਾਹਿਬ ਦਾ ਨਾਮ ਸੁਨਿਹਰੀ ਅੱਖਰਾਂ ਵਿੱਚ ਦਰਜ ਹੋ ਗਿਆ ਹੈ,ਜੋ ਰਹਿੰਦੀ ਦੁਨੀਆ ਤੱਕ ਅਮਰ ਰਹੇਗਾ । ਲੋਕ ਕਦਰ ਕਰਦੇ ਰਹਿਣਗੇ !ਬਾਕੀ ਦਰਵੇਸ਼ ਜੀ ਦੀ ਲਿਖਣ ਕਲਾ ਵੀ ਕਮਾਲ ਦੀ ਹੈ । ਸ਼ਬਦਾਂ ਦਾ ਇੱਕ ਉਨਾਂ ਕੋਲ ਵੱਡਾ ਭੰਡਾਰ ਹੈ । ਰੱਬ ਕਰੇ,ਉਨਾਂ ਦੀ ਕਲਮ ਹੋਰ ਵੀ ਬੁਲੰਦੀਆਂ ਨੂੰ ਛੂਹੇ ! ਹੁਤ-ਬਹੁਤ ਧੰਨਵਾਦ !

ਆਪਦਾ ਸ਼ੁੱਭ ਚਿੰਤਕ
ਗੁਰਮੇਲ ਬਦੇਸ਼ਾ
ਸਰੀ,ਕਨੇਡਾ
==========
Bahut bahut shukriya Badesha saheb.

Tamanna

ਤਨਦੀਪ 'ਤਮੰਨਾ' said...

Tamanna ji
Sat Shri akal.
This article written by Darshan Darvesh is actually one of the best I have ever come across in long time. Pay convey my best wishes to him.

Regards
Satwinder Singh
United Kingdom
==========
Tuhada suneha pahunch geya hai Satwinder ji. Mail karn layee Shukriya.

Tamanna

ਤਨਦੀਪ 'ਤਮੰਨਾ' said...

ਤਨਦੀਪ ਬੇਟਾ
ਦਰਸ਼ਨ ਦਰਵੇਸ਼ ਜੀ ਦਾ ਗੁਰਦਾਸ ਮਾਨ ਬਾਰੇ ਲਿਖਿਆ ਵੱਖਰਾ ਜਿਹਾ ਲੇਖ ਬਹੁਤ ਹੀ ਪਸੰਦ ਆਇਆ। ਨਾਮ ਦੇ ਹੀ ਨਹੀਂ, ਰੂਹ ਦੇ ਵੀ ਦਰਵੇਸ਼ ਹਨ। ਮੈਂ ਐਹੋ ਜਿਹਾ ਲੇਖ ਅੱਜ ਤੱਕ ਨਹੀਂ ਪੜ੍ਹਿਆ। ਉਹਨਾਂ ਨੂੰ ਵਧਾਈ ਪਹੁੰਚਾ ਦੇਣੀ।

ਸ਼ੁੱਭ ਚਿੰਤਕ
ਇੰਦਰਜੀਤ ਸਿੰਘ
ਕੈਨੇਡਾ
=====
Bahut bahut shukriya uncle ji. Darvesh ji bahut busy hon de bavjood haazri lavaundey rehandey ne...aapan sabh vallon ohna da shukriya te mail karn layee tuhada vi dhanwaad.

Tamanna

ਤਨਦੀਪ 'ਤਮੰਨਾ' said...

ਤਨਦੀਪ ਜੀ
ਆਰਸੀ ਪੜ੍ਹ ਕੇ ਤੁਹਾਨੂੰ ਪਹਿਲੀ ਵਾਰ ਈਮੇਲ ਕਰ ਰਿਹਾ ਹਾਂ। ਗੁਰਦਾਸ ਮਾਨ ਜੀ ਬਾਰੇ ਲਿਖਿਆ ਲੇਖ ਆਰਸੀ ਤੇ ਲਗਾ ਕੇ ਤੁਸੀਂ ਵੀਕ ਐਂਡ ਸੋਹਣਾ ਬਣਾ ਦਿੱਤਾ। ਦਰਵੇਸ਼ ਜੀ ਦੀਆਂ ਲਿਖਤਾਂ ਦੀ ਭਾਸ਼ਾ ਦਿਲ 'ਚ ਉੱਤਰ ਜਾਣ ਵਾਲ਼ੀ ਹੁੰਦੀ ਹੈ। ਮੈਨੂੰ ਇਹਨਾਂ ਦਾ ਲਿਖਿਆ ਗੁਲਜ਼ਾਰ ਦਾ ਕਾਵਿ-ਚਿੱਤਰ ਤੇ ਜਗਜੀਤ ਸਿੰਘ ਨਾਲ਼ ਮੁਲਾਕਾਤ ਵੀ ਬਹੁਤ ਚੰਗੀ ਲੱਗੀ ਸੀ। ਤੁਹਾਡਾ ਤੇ ਦਰਵੇਸ਼ ਜੀ ਦਾ ਧੰਨਵਾਦ!
ਸੁਖਵੰਤ ਢਿੱਲੋਂ
ਕੈਨੇਡਾ
=========
bahut bahut shukriya Sukhwant Singh ji. Visit kardey rehna.

Tamanna

ਤਨਦੀਪ 'ਤਮੰਨਾ' said...

ਤਮੰਨਾ ਜੀ,
ਗੁਰਦਾਸ ਮਾਨ ਤੇ ਉਹਦੇ ਬਾਰੇ ਲਿਖਣ ਵਾਲ਼ੇ ਦਰਸ਼ਨ ਦਰਵੇਸ਼ ਦੀ ਬੱਲੇ-ਬੱਲੇ ! ਤੁਸੀਂ ਤਾਂ ਫੋਟੋ ਵੀ ਬੜੀ ਢੁਕਵੀਂ ਲਾਈ ਹੈ।
ਆਰਸੀ ਤੇ ਤੁਹਾਡੇ ਲਈ ਦੁਆਵਾਂ ਨਾਲ਼
ਸਿਮਰਜੀਤ ਸਿੰਘ ਕੰਗ
ਯੂ.ਕੇ.
========
Article parh ke mail karn layee bahut bahut Shukriya Simarjit ji. Pheri paundey rehna.

Tamanna

Unknown said...

Yaar Darvesh, Aapni yaari hon kar ke tainu likhana nahi chahunda si, ke lok aakhange ke aaps vich hi likhi jaande ne, Matlab ikk dooje di sift....Par Yaar Nikkia, Aah 22 Gurdas Maan vaale vilakhan lekh di kamaal kar ditti...I am very proud of YOU NIKKIA VEERA...!!!!
Jaggi Kussa

ਤਨਦੀਪ 'ਤਮੰਨਾ' said...

ਦਰਵੇਸ਼ ਜੀ...ਕੁੱਸਾ ਸਾਹਿਬ ਆਪਣੇ ਵਰਗੇ ਦੋਸਤਾਂ ਨੂੰ ਚਿੱਠੀਆਂ ਨਹੀਂ ਲਿਖਦੇ... ਹੋਰ ਕਿਸੇ ਦੀ ਮੇਲ ਆਵੇ ਤਾਂ ਝੱਟ ਲਾਉਂਦੇ ਆ ਜਵਾਬ ਦੇਣ ਨੂੰ ਨਾਲ਼ੇ ਸ਼ਿਅਰ ਵੀ ਭਲਾ ਜਿਹਾ ਲਿਖਦੇ ਹੁੰਦੇ ਆ ਕਿ..." ਆਪ ਹੀ ਕਾ ਨੂਰ ਹੈ ਜੋ ਪੜ ਰਹਾ ਹੈ ਹਮਾਰੇ ਚਿਹਰੇ ਪੇ..." ਸਾਡੇ ਵਰਗਿਆਂ ਨੂੰ ਕਹਿਣਗੇ.." ਦਿਹਾੜੀ 'ਚ ਮਾੜੇ ਮੰਤਰੀ ਜਿੰਨੇ ਤਾਂ ਮੈਨੂੰ ਫੋਨ ਆਉਂਦੇ ਆ ਮੈਂ ਕੀਹਦਾ-ਕੀਹਦਾ ਮਾਣ ਰੱਖ ਲਾਂ?"
ਸ਼ੁਕਰ ਆ ਕਿ ਕੁੱਸਾ ਸਾਹਿਬ ਬੋਲੇ ਨੇ...:) ਸਾਨੂੰ ਦੋਸਤਾਂ ਨੂੰ ਵੀ ਦੱਸ ਦਿਓ ਕੁੱਸਾ ਸਾਹਿਬ ਕਿ...

"ਸੁੱਤੀ ਪਈ ਨੂੰ ਪੱਖੀ ਦੀ ਝੱਲ ਮਾਰੇ
ਏਡਾ ਤੇਰਾ ਕਿਹੜਾ ਦਰਦੀ?"

ਅਦਬ ਸਹਿਤ
ਤਮੰਨਾ

ਗੁਰਦਰਸ਼ਨ 'ਬਾਦਲ' said...

ਦਰਵੇਸ਼ ਜੀ, ਤੁਹਾਡੀਆ ਲਿਖਤਾਂ ਦੀ ਤਨਦੀਪ ਬਹੁਤ ਤਾਰੀਫ਼ ਕਰਦੀ ਹੁੰਦੀ ਹੈ। ਮੈਂ ਖ਼ੁਦ ਵੀ ਜਦੋਂ ਤੁਹਾਡੀਆਂ ਲਿਖਤਾਂ ਪੜ੍ਹਦਾ ਹਾਂ ਤਾਂ ਤੁਹਾਡੀ ਕਲਮ ਦੇ ਅਸ਼ਕੇ ਜਾਣ ਨੂੰ ਜੀਅ ਕਰਦਾ ਹੈ। ਤੁਸੀਂ ਬਹੁਤ ਮਿਹਨਤ ਕਰਦੇ ਹੋ। ਨਹੀਂ ਤਾਂ ਮੈਂ ਅੱਜ ਤੱਕ ਕਿਸੇ ਨੂੰ ਇੰਟਰਵਿਊ ਤੇ ਮਿਹਨਤ ਕਰਦੇ ਨਹੀਂ ਦੇਖਿਆ। ਗੁਰਦਾਸ ਮਾਨ ਤੇ ਲਿਖਿਆ ਤੁਹਾਡਾ ਆਰਟੀਕਲ ਸ਼ਲਾਘਾਯੋਗ ਹੈ। ਬਾਕੀ ਵੀ ਸਿਹਤ ਠੀਕ ਹੋਣ ਤੇ ਜਲਦ ਹੀ ਪੜ੍ਹਾਂਗਾ। ਸਾਹਿਤਕ ਦੁਨੀਆਂ 'ਚ ਸੋਹਣੇ ਸ਼ਬਦਾਂ ਨਾਲ਼ ਵੱਖਰਾ ਮੁਕਾਮ ਬਣਾ ਰਹੇ ਹੋ, ਮੁਬਾਰਕਾਂ!

ਤੁਹਾਡਾ
ਗੁਰਦਰਸ਼ਨ 'ਬਾਦਲ'

ਤਨਦੀਪ 'ਤਮੰਨਾ' said...

Tamanna ji

I must congratulate Darshan Darvesh for writing such a beautiful article. Time stood still when I was reading it and I could hear Gurdas Manan's voice echo through nature around me.

with best wishes
Jagraj Singh
India
=====
Thanks once again Jagraj ji. Darvesh ji is a very versitile writer.

Tamanna

ਤਨਦੀਪ 'ਤਮੰਨਾ' said...

ਦਰਸ਼ਨ ਦਰਵੇਸ਼ ਜੀ
ਬਾਈ ਸੱਚ ਆਖਾਂ, ਲੇਖ ਪੜ੍ਹਕੇ ਤਾਂ ਨਜ਼ਾਰਾ ਈ ਆ ਗਿਆ। ਤਮੰਨਾ ਜੀ ਦੀ ਗੱਲ ਵੀ ਸਹੀ ਹੈ ਕਿ ਅੱਜ ਤੱਕ ਕਿਸੇ ਨੇ ਗੁਰਦਾਸ ਮਾਨ ਸਾਹਿਬ ਦੇ ਇੱਕ ਸ਼ਾਇਰ ਹੋਣ ਦਾ ਪੱਖ ਤੁਹਾਡੇ ਤੋਂ ਬਿਨ੍ਹਾਂ ਉਭਾਰਿਆ ਹੀ ਨਹੀਂ। ਤਮੰਨਾ ਜੀ! ਮੈਨੂੰ ਪਤੈ ਕਿ ਤੁਸੀਂ ਆਰਸੀ ਕਰਕੇ ਬਹੁਤ ਰੁੱਝੇ ਹੋਵੋਂਗੇ, ਲਾਰੇ ਲਾ ਕੇ ਨਾ ਸਾਰਿਆ ਕਰੋ, ਆਪਣੀ ਨਜ਼ਮ ਵੀ ਲਾ ਦਿਆ ਕਰੋ!
ਦੁਆਵਾਂ ਨਾਲ਼
ਮਨਧੀਰ ਸਿੰਘ ਭੁੱਲਰ
ਕੈਨੇਡਾ
=====
Thank you Mandhir ji. Mainu pata tuhanu main two weeks sa lara laayea hoyea hai navi nazam da..par sach jaaneo.....jehriaan rachnawa main post kardi haan Aarsi te oh saariaan mainu aapniaan hi jaapdiaan ne...aise karke bhull jandi rahi haan. Tussi aap hi dasso, jadon enniaan khoobsurat likhtan roz Aarsi te laun nu milan tan cheta rehna chahida? Mainu tan ehna dostan diyaan rachnawa da hi bahut saroor rehanda hai. Khair!! Hun ni laundi laara...jaldi kujh post kraangi. Mail karn layee behadd shukriya.

Regards
Tamanna

Silver Screen said...

SARE DOSTO, TUHADE SAAREYAAN DI ISS MOHABBAT NU MAIN, DER BAAD DEKHI JAMMAN MITTI VASTE AAKHAAN DI SARHAD UPPAR BAITHE ATE SHAHEED HON VASTE TARHFADE ATHRUAAN VAANG SAMBHAALKE RAKHUGA .....Via Tandeep ji...
Darshan Darvesh

Shivcharan Jaggi Kussa said...
This comment has been removed by a blog administrator.
Shivcharan Jaggi Kussa said...

ਮੇਰਾ ਤੇਰੇ ਜਿੱਡਾ ਵੱਡਾ ਦਰਦੀ ਤਾਂ ਹੋਰ ਕੋਈ ਹੋਣਾਂ ਨ੍ਹੀ, ਪਰ ਤੂੰ ਪੱਖੀ ਦੀ ਝੱਲ ਨਹੀਂ ਮਾਰਦੀ, ਮੇਰੀਆਂ ਖਲਪਾੜਾਂ ਕਰਨ ਦੀ ਤਾਕ 'ਚ ਰਹਿੰਨੀਂ ਐਂ ਤਨਦੀਪ...! ਖ਼ੈਰ, ਜਿਉਂਦੀ ਵਸਦੀ ਰਹਿ! ਤੇਰੇ ਪੱਥਰ ਵੀ ਸਿ਼ਬਲੀ ਦੇ ਫ਼ੁੱਲ ਵਰਗੇ ਲੱਗਦੇ ਐ...! ਬਚ ਕੇ ਮੋੜ ਤੋਂ....!!
ਜੱਗੀ ਕੁੱਸਾ
ਲੰਡਨ