ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾSaturday, December 27, 2008

ਨੀਟਾ ਬਲਵਿੰਦਰ - ਨਜ਼ਮ

ਦੋਸਤੋ! ਮੈਡਮ ਨੀਟਾ ਬਲਵਿੰਦਰ ਜੀ ਨੇ ਆਪਣੀ ਇੱਕ ਬੇਹੱਦ ਖ਼ੂਬਸੂਰਤ ਨਜ਼ਮ ਨਾਲ਼ ਆਰਸੀ ਦੇ ਪਾਠਕ / ਲੇਖਕ ਦੋਸਤਾਂ ਨਾਲ਼ ਪਹਿਲੀ ਸਾਹਿਤਕ ਸਾਂਝ ਪਾਈ ਹੈ। ਆਸ ਹੈ ਕਿ ਉਹ ਆਪਣੀ ਤਸਵੀਰ ਤੇ ਸਾਹਿਤਕ ਜਾਣ-ਪਛਾਣ ਜਲਦ ਹੀ ਭੇਜਣਗੇ। ਮੈਂ ਨੀਟਾ ਜੀ ਸਾਰੇ ਪਾਠਕ / ਲੇਖਕ ਦੋਸਤਾਂ ਵੱਲੋਂ ਇਸ ਸਾਈਟ ਤੇ ਜੀਅ ਆਇਆਂ ਨੂੰ ਆਖਦੀ ਹੋਈ , ਨਜ਼ਮ ਭੇਜਣ ਲਈ ਸ਼ੁਕਰੀਆ ਵੀ ਅਦਾ ਕਰਦੀ ਹਾਂ। ਨੀਟਾ ਜੀ ਨੂੰ ਆਰਸੀ ਦਾ ਲਿੰਕ ਸਤਿਕਾਰਤ ਲੇਖਕ ਸੁਖਿੰਦਰ ਜੀ ਨੇ ਭੇਜਿਆ ਸੀ...ਉਹਨਾਂ ਦਾ ਵੀ ਬੇਹੱਦ ਸ਼ੁਕਰੀਆ!

ਪੀੜਾਂ
ਨਜ਼ਮ

ਹੇ ਰਾਮ!
ਮੈਨੂੰ ਵੀ ਤੇਰੇ ਵਾਂਗ
ਘਰੋਂ ਬੇਘਰ ਹੋ ਕੇ ਦਰ ਦਰ
ਭਟਕਣਾ ਪਿਆ ਸੀ।
ਇਨਾਂ ਲੰਬਾ ਬਨਵਾਸ
ਪਤਾ ਨਹੀਂ ਕਿਹੜੇ ਕਿਹੜੇ
ਗੁਆਚੇ ਰਿਸ਼ਤਿਆਂ ਦੀ ਭਾਲ਼ ਵਿਚ
---
ਜਦ ਬਨਵਾਸ ਤੋਂ ਵਾਪਿਸ ਪਰਤੀ
ਨਾ ਮਾਂ ਲੱਭੀ ਨਾ ਬਾਪ,
ਫੇਰ ਮੈਂ ਆਪ ਹੀ ਬਨਵਾਸ ਲੈ ਬੈਠੀ ਸਾਂ
ਪਰਤਣ ਦੇ ਖ਼ਿਆਲ ਨੂੰ ਪਰੇ ਕਰ ਕੇ।
ਉਮਰੋ ਲੰਬੀਆਂ ਪੀੜਾਂ ਲੈ ਕੇ
ਜੰਮਦੀ ਹੋਵੇਗੀ ਉਹ ਧੀ
ਜਿਸ ਦੇ ਜੰਮਣ ਵੇਲ਼ੇ
ਪੁੱਤਰ ਦੀ ਉਮੀਦ ਹੁੰਦੀ ਹੈ ਮਾਂ ਨੂੰ।
ਪੀੜ ਕਿ ਝੱਲੀ ਨਹੀਂ ਜਾਂਦੀ
ਸਾਰੇ ਪਾਸੇ ਮੌਤ ਵਰਗੀ ਸੁੰਨ
---
ਇਹ ਸੋਚ ਕੇ ਅੱਜ ਵੀ
ਮੈਂ ਘਬਰਾਂਦੀ ਆਂ
ਇਹ ਘਰ ਮੇਰਾ ਏ ਕਿ ਨਹੀ?
ਬੱਸ ਮਹਿਮਾਨ ਹੀ ਹਾਂ ਮੈਂ?
ਪਰ ਕਿਵੇਂ ਭੁਲਾਵਾਂ ਮੈਂ ਮਾਂ?
ਜਦੋਂ ਤੂੰ ਮੇਰਾ ਚਿਹਰਾ ਤੱਕਦਿਆਂ
ਉਦਾਸ ਹੋ ਕੇ ਆਖਿਆ ਸੀ,
ਮਰ ਜਾਣੀਏ! –
ਕਿੰਨਾ ਚੰਗਾ ਹੁੰਦਾ
ਜੇ ਮੁੰਡਾ ਬਣ ਕੇ ਆਉਂਦੀਓਂ !
---
ਪਿਛਲੇ ਕਮਰੇ ਵਿਚ ਰੱਖੀਆਂ
ਸ਼ਰਾਬ ਦੀਆਂ ਬੋਤਲਾਂ
ਲੁਕੋ ਛੱਡੀਆਂ ਸਨ
ਮਠਿਆਈ ਵਾਲ਼ੇ ਨੂੰ ਦਿੱਤਾ
ਆਰਡਰ ਵੀ ਤੇ
ਕੈਂਸਲ ਕਰ ਦਿਤਾ ਸੀ
ਤੂੰ ਕੁੱਝ ਵੀ ਨਹੀਂ ਸੀ ਬੋਲੀ
---
ਦਾਦੀ ਕਿੰਨੇ ਦਿਨ
ਸੋਗ ਮਨਾਂਦੀ ਰਹੀ ਸੀ
ਲੈ ਫੇਰ ਆ ਗਿਆ ਪੱਥਰ
ਇਸ ਵਾਰ ਡਾਕਟਰ ਨੇ
ਪੂਰੀ ਉਮੀਦ ਦਿੱਤੀ ਸੀ
---
ਪੁੱਤਰ ਹੀ ਹੋਵੇਗਾ
ਨਾਲ਼ੇ ਤੂੰ
ਸੰਤਾਂ ਕੋਲੋਂ ਦਵਾਈ ਵੀ ਤੇ
ਲਈ ਸੀ ਨਾ ਮਾਂ?
ਮੈਂ ਤੇਰੀ ਝੋਲ਼ੀ ਵਿਚ
ਲੇਟੀ ਤੱਕ ਰਹੀ ਸਾਂ
ਤੂੰ ਮੇਰੇ ਚਿਹਰੇ ਵਿਚੋਂ
ਉਸ ਪੁੱਤਰ ਦਾ
ਚਿਹਰਾ ਲੱਭਦੀ
ਤੇ ਫੇਰ ਉਦਾਸ ਹੋ ਕੇ
ਇਹੋ ਆਖਦੀ
ਮਰ ਜਾਣੀਏ !
ਕਿੰਨਾ ਚੰਗਾ ਹੁੰਦਾ
ਜੇ ਮੁੰਡਾ ਬਣ ਕੇ ਆਉਂਦੀਓਂ!
ਤੂੰ ਤੇ ਮੈਨੂੰ
ਦੁੱਧ ਵੀ ਉਧਾਰਾ ਦਿਤਾ ਸੀ ਮਾਂ
ਜੋ ਮੇਰੇ ਹਿੱਸੇ ਦਾ ਨਹੀਂ ਸੀ
ਉਸ ਪੁੱਤਰ ਦੇ ਹਿੱਸੇ ਦਾ ਸੀ
ਜਿਸ ਦੀ ਤੈਨੂੰ ਉਡੀਕ ਸੀ
---
ਤੈਨੂੰ ਪਤੈ ਮਾਂ!
ਤੇਰੀ ਛਾਤੀ ਚੋਂ ਦੁੱਧ ਨਹੀਂ
ਜ਼ਹਿਰ ਵਗਿਆ ਸੀ.
ਉਮਰਾਂ ਜਿੱਡਾ ਦਰਦ ਤੂੰ
ਮੇਰੀ ਝੋਲ਼ੀ ਵਿਚ ਪਾਇਆ ਹੈ ਮਾਂ!
---
ਅੱਜ ਵਰ੍ਹਿਆਂ ਮਗਰੋਂ ਮੇਰੇ ਘਰ
ਮੇਰੀ ਧੀ ਨੇ ਜਨਮ ਲਿਆ ਹੈ
ਮੈਂ ੳਸਨੂੰ ਆਪ ਮੰਗ ਕੇ ਲਿਐ ਮਾਂ
ਜੀਉਂਣ ਜੋਗੀਏ !
ਕਿਥੇ ਸੈਂ ਇੰਨੀ ਦੇਰ!
ਮੇਰੀਆਂ ਤੇ
ਅੱਖੀਆਂ ਪੱਕ ਗਈਆਂ ਸਨ
ਤੈਨੂੰ ਉਡੀਕਦੇ ਉਡੀਕਦੇ
ਇਸ ਸੰਤਾਪ ਨੂੰ ਹੰਢਾਇਆ ਏ ਮੈਂ ਮਾਂ!
---
ਮੈਂ ਜਦ ਵੀ
ਆਪਣੀ ਧੀ ਵੱਲ ਤੱਕਦੀ ਆਂ
ਇਹੀ ਆਖਦੀ ਆਂ ਮਾਂ!
ਸ਼ੁਕਰ ਏ ਧੀ ਬਣ ਕੇ ਆਈ ਏਂ
ਮੇਰੇ ਘਰ ਖੁਸ਼ੀਆਂ ਲਿਆਈ ਏਂ
ਮੈਂ ਬਨਵਾਸੋਂ ਮੁੜ ਆਈ ਆਂ
ਉਹ ਬਨਵਾਸ ਜੋ
ਤੂੰ.....
ਮੈਨੂੰ....
ਏਨੇ ਵ੍ਹਰੇ ਦਾ ਦਿੱਤਾ ਸੀ।
ਮਾਂ!
ਮੈਂ ਬਨਵਾਸੋਂ ਮੁੜ ਆਈ ਆਂ!
ਮੈਂ ਬਨਵਾਸੋਂ ਮੁੜ ਆਈ ਆਂ!!

3 comments:

ਤਨਦੀਪ 'ਤਮੰਨਾ' said...

ਮੈਡਮ ਨੀਟਾ ਜੀ...ਨਜ਼ਮ ਬੇਹੱਦ ਖ਼ੂਬਸੂਰਤ ਹੈ! ਬਹੁਤ-ਬਹੁਤ ਸ਼ੁਕਰੀਆ ਕਿ ਤੁਸੀਂ ਸੁਖਿੰਦਰ ਜੀ ਦੇ ਕਹਿਣ ਤੇ ਆਰਸੀ ਨਾਲ਼ ਸਾਹਿਤਕ ਸਾਂਝ ਪਾਈ ਹੈ।
ਹੇ ਰਾਮ!
ਮੈਨੂੰ ਵੀ ਤੇਰੇ ਵਾਂਗ
ਘਰੋਂ ਬੇਘਰ ਹੋ ਕੇ ਦਰ ਦਰ
ਭਟਕਣਾ ਪਿਆ ਸੀ।
ਇਨਾਂ ਲੰਬਾ ਬਨਵਾਸ
ਪਤਾ ਨਹੀਂ ਕਿਹੜੇ ਕਿਹੜੇ
ਗੁਆਚੇ ਰਿਸ਼ਤਿਆਂ ਦੀ ਭਾਲ਼ ਵਿਚ
---
ਜਦ ਬਨਵਾਸ ਤੋਂ ਵਾਪਿਸ ਪਰਤੀ
ਨਾ ਮਾਂ ਲੱਭੀ ਨਾ ਬਾਪ,
ਫੇਰ ਮੈਂ ਆਪ ਹੀ ਬਨਵਾਸ ਲੈ ਬੈਠੀ ਸਾਂ
ਪਰਤਣ ਦੇ ਖ਼ਿਆਲ ਨੂੰ ਪਰੇ ਕਰ ਕੇ।
ਉਮਰੋ ਲੰਬੀਆਂ ਪੀੜਾਂ ਲੈ ਕੇ
ਜੰਮਦੀ ਹੋਵੇਗੀ ਉਹ ਧੀ
ਜਿਸ ਦੇ ਜੰਮਣ ਵੇਲ਼ੇ
ਪੁੱਤਰ ਦੀ ਉਮੀਦ ਹੁੰਦੀ ਹੈ ਮਾਂ ਨੂੰ।
ਪੀੜ ਕਿ ਝੱਲੀ ਨਹੀਂ ਜਾਂਦੀ
ਸਾਰੇ ਪਾਸੇ ਮੌਤ ਵਰਗੀ ਸੁੰਨ
---
ਬਹੁਤ ਵਧੀਆ ਨੀਟਾ ਜੀ!
---
ਜਦੋਂ ਤੂੰ ਮੇਰਾ ਚਿਹਰਾ ਤੱਕਦਿਆਂ
ਉਦਾਸ ਹੋ ਕੇ ਆਖਿਆ ਸੀ,
ਮਰ ਜਾਣੀਏ! –
ਕਿੰਨਾ ਚੰਗਾ ਹੁੰਦਾ
ਜੇ ਮੁੰਡਾ ਬਣ ਕੇ ਆਉਂਦੀਓਂ !
---
ਦਾਦੀ ਕਿੰਨੇ ਦਿਨ
ਸੋਗ ਮਨਾਂਦੀ ਰਹੀ ਸੀ
ਲੈ ਫੇਰ ਆ ਗਿਆ ਪੱਥਰ
ਇਸ ਵਾਰ ਡਾਕਟਰ ਨੇ
ਪੂਰੀ ਉਮੀਦ ਦਿੱਤੀ ਸੀ
---
ਪੁੱਤਰ ਹੀ ਹੋਵੇਗਾ
ਨਾਲ਼ੇ ਤੂੰ
ਸੰਤਾਂ ਕੋਲੋਂ ਦਵਾਈ ਵੀ ਤੇ
ਲਈ ਸੀ ਨਾ ਮਾਂ?
---
ਦਰਦ ਸੀਨਾ ਚੀਰ ਜਾਂਦਾ ਹੈ!
---
ਤੂੰ ਤੇ ਮੈਨੂੰ
ਦੁੱਧ ਵੀ ਉਧਾਰਾ ਦਿਤਾ ਸੀ ਮਾਂ
ਜੋ ਮੇਰੇ ਹਿੱਸੇ ਦਾ ਨਹੀਂ ਸੀ
ਉਸ ਪੁੱਤਰ ਦੇ ਹਿੱਸੇ ਦਾ ਸੀ
ਜਿਸ ਦੀ ਤੈਨੂੰ ਉਡੀਕ ਸੀ
---
ਤੈਨੂੰ ਪਤੈ ਮਾਂ!
ਤੇਰੀ ਛਾਤੀ ਚੋਂ ਦੁੱਧ ਨਹੀਂ
ਜ਼ਹਿਰ ਵਗਿਆ ਸੀ.
ਉਮਰਾਂ ਜਿੱਡਾ ਦਰਦ ਤੂੰ
ਮੇਰੀ ਝੋਲ਼ੀ ਵਿਚ ਪਾਇਆ ਹੈ ਮਾਂ!
------
ਅੱਜ ਵਰ੍ਹਿਆਂ ਮਗਰੋਂ ਮੇਰੇ ਘਰ
ਮੇਰੀ ਧੀ ਨੇ ਜਨਮ ਲਿਆ ਹੈ
ਮੈਂ ੳਸਨੂੰ ਆਪ ਮੰਗ ਕੇ ਲਿਐ ਮਾਂ
ਜੀਉਂਣ ਜੋਗੀਏ !
ਕਿਥੇ ਸੈਂ ਇੰਨੀ ਦੇਰ!
ਮੇਰੀਆਂ ਤੇ
ਅੱਖੀਆਂ ਪੱਕ ਗਈਆਂ ਸਨ
ਤੈਨੂੰ ਉਡੀਕਦੇ ਉਡੀਕਦੇ
ਇਸ ਸੰਤਾਪ ਨੂੰ ਹੰਢਾਇਆ ਏ ਮੈਂ ਮਾਂ!
ਆਹ ਸਤਰਾਂ ਪੜ੍ਹ ਕੇ ਮੈਂ ਹੰਝੂ ਰੋਕ ਨਾ ਸਕੀ! ਮੈਨੂੰ ਪਤਾ ਨਹੀਂ ਸੀ ਕਿ ਨਜ਼ਮ ਦੇ ਅੰਤ 'ਚ ਤੁਸੀਂ ਇਸਨੂੰ ਏਨਾ ਖ਼ੂਬਸੂਰਤ ਮੋੜ ਦਿੱਤਾ ਹੋਵੇਗਾ!
ਮੁਬਾਰਕਬਾਦ ਕਬੂਲ ਕਰੋ! ਸ਼ਿਰਕਤ ਕਰਦੇ ਰਹਿਣਾ!
ਤਮੰਨਾ

ਤਨਦੀਪ 'ਤਮੰਨਾ' said...

ਬਲਵਿੰਦਰ ਨੀਟਾ ਦੀ ਨਜ਼ਮ ਬਹੁਤ ਵਧੀਆ ਲੱਗੀ।
ਜਸਕੀਰਤ
ਕੈਨੇਡਾ
=====
ਸ਼ੁਕਰੀਆ ਜੀ!
ਤਮੰਨਾ

ਤਨਦੀਪ 'ਤਮੰਨਾ' said...

Balwinder Neeta has written a beautiful poem. Please convey my best wishes to her too.

Satwinder Singh
United Kingsom
=======
Shukriya ji.
Tamanna