ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Thursday, January 15, 2009

ਹਰਭਜਨ ਸਿੰਘ ਮਾਂਗਟ - ਗੀਤ

ਦੋਸਤੋ! ਮੈਨੂੰ ਇਹ ਗੱਲ ਸਾਂਝੀ ਕਰਦਿਆਂ ਵੀ ਬੜੀ ਖ਼ੁਸ਼ੀ ਹੋ ਰਹੀ ਹੈ ਕਿ ਲੇਖਕਾਂ ਦੇ ਪਿੰਡ ਰਾਮਪੁਰ ਦੇ ਨੇੜੇ ਪਿੰਡ ਬੇਗੋਵਾਲ ਨਾਲ਼ ਸਬੰਧਤ, ਕੈਨੇਡਾ ਵਸਦੇ ਉੱਘੇ ਲੇਖਕ ਤੇ ਗ਼ਜ਼ਲਗੋ ਸਤਿਕਾਰਤ ਹਰਭਜਨ ਸਿੰਘ ਮਾਂਗਟ ਸਾਹਿਬ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਤੇ ਸਾਹਿਤਕ ਗੀਤ ਭੇਜ ਕੇ ਆਰਸੀ ਦੇ ਪਾਠਕਾਂ /ਲੇਖਕਾਂ ਨਾਲ਼ ਪਹਿਲੀ ਸਾਹਿਤਕ ਸਾਂਝ ਪਾਈ ਹੈ। ਕੱਲ੍ਹ ਉਹਨਾਂ ਨੇ ਘਰ ਆਕੇ ਆਪਣੀ ਨਵੀਂ ਕਿਤਾਬ ਹਿਜ਼ਰ ਵਸਲ ਦੇ ਗੀਤ ਆਰਸੀ ਲਈ ਦਿੱਤੀ ਹੈ, ਮੈਂ ਉਹਨਾਂ ਦੀ ਤਹਿ-ਦਿਲੋਂ ਮਸ਼ਕੂਰ ਹਾਂ।

ਉਹਨਾਂ ਦੁਆਰਾ ਰਚਿਤ ਕਿਤਾਬਾਂ ਚ: ਕਾਵਿ-ਸੰਗ੍ਰਹਿ: ਰਾਖੇ, ਚੁੱਪ, ਮਨ ਦੀ ਛਾਵੇਂ , ਗ਼ਜ਼ਲ-ਸੰਗ੍ਰਹਿ: ਚਿਰਾਗਾਂ, ਹਾਦਸੇ ਨੇ ਜ਼ਿੰਦਗੀ, ਗੀਤ ਸੰਗ੍ਰਹਿ: ਮਹਿਕਾਂ, ਹਿਜ਼ਰ ਵਸਲ ਦੇ ਗੀਤ ਪ੍ਰਮੁੱਖ ਹਨ। ਇਸ ਤੋਂ ਇਲਾਵਾ ਕਈ ਕਿਤਾਬਾਂ ਦੀ ਸੰਪਾਦਨਾ ਵੀ ਕਰ ਚੁੱਕੇ ਹਨ। ਸਾਹਿਤਕ ਤੌਰ ਤੇ ਬੜੇ ਸਰਗਰਮ ਮਾਂਗਟ ਸਾਹਿਬ ਕਈ ਸਾਹਿਤ ਸਭਾਵਾਂ ਦੇ ਮੈਂਬਰ ਹਨ।

ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਮਾਂਗਟ ਸਾਹਿਬ ਨੂੰ ਆਰਸੀ ਦੀ ਅਦਬੀ ਮਹਿਫ਼ਲ ਆਪਣੀ ਹਾਜ਼ਰੀ ਲਾਉਂਣ ਤੇ ਖ਼ੁਸ਼ਆਮਦੀਦ ਸ਼ੁਕਰੀਆ ਆਖਦੀ ਹਾਂ। ਅੱਜ ਉਹਨਾਂ ਦੀ ਇੱਕ ਖ਼ੂਬਸੂਰਤ ਗ਼ਜ਼ਲ ਅਤੇ ਇੱਕ 2009 ਚ ਪ੍ਰਕਾਸ਼ਿਤ ਗੀਤ ਸੰਗ੍ਰਹਿ ਹਿਜ਼ਰ ਵਸਲ ਦੇ ਗੀਤ, ਚੋਂ ਇੱਕ ਬੇਹੱਦ ਖ਼ੂਬਸੂਰਤ ਗੀਤ ਆਰਸੀ ਚ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਾਕੀ ਗ਼ਜ਼ਲਾਂ ਆਰਸੀ ਦੇ ਖ਼ਜ਼ਾਨੇ ਚ ਸਾਂਭ ਲਈਆਂ ਗਈਆਂ ਹਨ ਤੇ ਆਉਂਣ ਵਾਲੇ ਦਿਨਾਂ ਚ ਸਾਂਝੀਆਂ ਕੀਤੀਆਂ ਜਾਣਗੀਆਂ। ਉਹਨਾਂ ਨੂੰ ਤੇ ਉਹਨਾਂ ਦੀ ਕਲਮ ਨੂੰ ਮੇਰਾ ਸਲਾਮ! ਬਹੁਤ-ਬਹੁਤ ਸ਼ੁਕਰੀਆ!

ਗੀਤ

ਸਾਡਾ ਤਾਂ ਇਉਂ ਸਾਹ ਤਪਦਾ ਏ

ਜਿਉਂ ਜੇਠ ਹਾੜ੍ਹ ਦੀ ਧੁੱਪ ਵੇ।

ਸਾਡੇ ਹੋਠਾਂ ਦੇ ਘਰ ਵਿਚ ਤਾਂ,

ਆਈ ਪ੍ਰਾਹੁਣੀ ਚੁੱਪ ਵੇ।

ਸਾਡਾ ਤਾਂ.....

----

ਸਾਉਣ ਮਹੀਨੇ ਲੰਘ ਜਾਂਦਾ ਏ

ਮੇਘ ਸਾਨੂੰ ਤਰਸਾ ਕੇ,

ਜਾ ਫਿਰ ਭਰੇ ਸਮੁੰਦਰਾਂ ਉੱਤੇ,

ਜਾਵੇ ਮੀਂਹ ਵਰਸਾ ਕੇ,

ਜਿੰਦ ਤੜਪਦੀ, ਰੜੇ ਮੈਦਾਨੀ,

ਜਿਉਂ ਨੂੜਿਆ ਕੁੱਪ ਵੇ!

ਸਾਡਾ ਤਾਂ.....

----

ਇੱਕ ਬੱਦਲ਼ ਅੱਖੀਆਂ ਚੋਂ ਉੱਠ ਕੇ,

ਵਰ੍ਹਦਾ ਏ ਬੇ-ਰੁੱਤਾ,

ਦਿਲ ਨੂੰ ਜਿਵੇਂ ਉਡੀਕਾਂ ਹੁਣ ਵੀ,

ਇਹ ਇੱਕ ਪਲ ਨਾ ਸੁੱਤਾ!

ਧਰਤੀ ਅੰਬਰ ਦੋਵੇਂ ਫੋਲ਼ੇ,

ਕਿੱਥੇ ਗਿਆ ਤੂੰ ਛੁਪ ਵੇ!

ਸਾਡਾ ਤਾਂ.....

----

ਬਿਰਹਾ ਦੀ ਅਸਾਂ ਬੁੱਕਲ਼ ਮਾਰੀ,

ਰੱਖਦੇ ਹਾਂ ਹਰ ਵੇਲ਼ੇ,

ਜ਼ੁਲਫ਼ ਨਹੀਂ, ਇਹ ਨਾਗ-ਵਿਛੋੜਾ

ਜਿਹੜਾ ਗਲ਼ ਵਿਚ ਮੇਲ੍ਹੇ!

ਚੰਨ ਚਾਨਣੀ ਲੋਕਾਂ ਭਾਣੇ,

ਸਾਨੂੰ ਹਨੇਰਾ ਘੁੱਪ ਵੇ।

ਸਾਡਾ ਤਾਂ.....

----

ਬਾਗੇ ਦੇ ਵਿਚ ਸ਼ਬਨਮ ਕਹਿੰਦੇ,

ਜਦੋਂ ਸੈਰ ਨੂੰ ਆਈ

ਹੱਸ ਕੇ ਫੁੱਲਾਂ ਨੇ ਬਾਂਹ ਫੜ ਲਈ,

ਵੱਜ ਉੱਠੀ ਸ਼ਹਿਨਾਈ !

ਸਾਡੇ ਹੰਝੂ ਰੋਜ਼ ਬੁਲਾਉਂਦੇ,

ਕਰ ਤੂੰ ਵੀ ਗੰਢ-ਤੁਪ ਵੇ!

ਸਾਡਾ ਤਾਂ ਇਉਂ ਸਾਹ ਤਪਦਾ ਏ

ਜਿਉਂ ਜੇਠ ਹਾੜ੍ਹ ਦੀ ਧੁੱਪ ਵੇ।

========

ਗ਼ਜ਼ਲ

ਮਾਨਵ-ਟੋਲੀ ਸੱਚ ਖਾਤਰ ਮਰਦੀ ਹੈ।

ਦੁਨੀਆ ਓਸੇ ਦੀ ਹੀ ਪੂਜਾ ਕਰਦੀ ਹੈ।

----

ਦੇਹ ਧਰਤੀ ਨੂੰ ਕਾਂਬਾ ਛਿੜਿਆ ਅੰਤਾਂ ਦਾ,

ਬੇਰੁੱਤੀ ਕਿਉਂ ਬਦਲ਼ੀ ਉਤੋਂ ਵਰ੍ਹਦੀ ਹੈ?

----

ਬਿਰਹੋਂ ਦੀ ਅਗਨੀ ਵਿਚ ਲੂੰ ਲੂੰ ਤਪਿਆ ਏ

ਜਿੰਦੇ ਦੱਸੀਂ, ਕਿਹੜਾ ਤੇਰਾ ਦਰਦੀ ਹੈ?

----

ਲੂੰਗੀ ਵਿਚ ਹੀ ਮੇਰਾ ਪੋਹ ਤਾਂ ਬੀਤ ਗਿਆ

ਸੂਟਾਂ ਵਿਚ ਵੀ ਲਗਦੀ ਤੈਨੂੰ ਸਰਦੀ ਹੈ।

----

ਰਾਸ਼ਨ ਹੈ ਨਾ ਘਰ ਵਿਚ ਟੋਲੀ ਕਾਵਾਂ ਦੀ

ਕਿਉਂ ਕੋਠੇ ਤੇ ਆ ਕੇ ਕਾਂ ਕਾਂ ਕਰਦੀ ਹੈ?

----

ਭੁੱਖੇ ਮਰਜੋ ਦੰਦਾਂ ਦੇ ਵਿਚ ਨਾ ਜੀਭ ਲਵੋ

ਬਾਹਰ ਨਾ ਗਲ ਜਾਵੇ ਆਪਣੇ ਘਰ ਦੀ ਹੈ।

----

ਮਾਂਗਟ! ਕੋਈ ਕੰਮ ਕਰੀਂ ਤੂੰ ਨੇਕੀ ਦਾ

ਨੇਕਾਂ ਦੀ ਗੱਲ ਦੁਨੀਆਂ ਪਿਛੋਂ ਕਰਦੀ ਹੈ।

No comments: