
ਉਹਨਾਂ ਦੀ ਸਾਹਿਤਕ ਜਾਣਕਾਰੀ ਮਿਲ਼ਣ ਉਪਰੰਤ ਜਲਦ ਹੀ ਅਪਡੇਟ ਕਰ ਦਿੱਤੀ ਜਾਵੇਗੀ।
ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਮੈਡਮ ਸੁਰਿੰਦਰ ਜੀ ਨੂੰ ‘ਆਰਸੀ’ ਦੀ ਅਦਬੀ ਮਹਿਫ਼ਲ ‘ਚ ਆਪਣੀ ਹਾਜ਼ਰੀ ਲਾਉਂਣ ਲਈ ਸ਼ੁਕਰੀਆ ਤੇ ਖ਼ੁਸ਼ਆਮਦੀਦ ਨੂੰ ਆਖਦੀ ਹਾਂ। ਅੱਜ ਉਹਨਾਂ ਦੀਆਂ ਦੋ ਬੇਹੱਦ ਖ਼ੂਬਸੂਰਤ ਨਜ਼ਮਾਂ ‘ਆਰਸੀ’ ‘ਚ ਸ਼ਾਮਿਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਉਹਨਾਂ ਨੂੰ ਆਰਸੀ ਦਾ ਲਿੰਕ ਉੱਘੇ ਲੇਖਕ ਸਤਿਕਾਰਤ ਸੁਖਿੰਦਰ ਜੀ ਨੇ ਭੇਜਿਆ ਹੈ, ਮੈਂ ਉਹਨਾਂ ਦੀ ਵੀ ਤਹਿ-ਦਿਲੋਂ ਮਸ਼ਕੂਰ ਹਾਂ। ਬਹੁਤ-ਬਹੁਤ ਸ਼ੁਕਰੀਆ।
ਮਰ ਗਈ ਤਾਈ ਨਿਹਾਲੋ...
ਨਜ਼ਮ
ਇਸ ਵਾਰੀ
ਪਿੰਡ ਜਾਕੇ ਸੁਣਿਆ
ਚਲਾਣਾ ਕਰ ਗਈ
ਤਾਈ ਨਿਹਾਲੋ।
----
ਛੱਡ ਸਰਦਾਰੀ
ਆਪਣੇ ਪਿੰਡ ਦੀ
ਅੰਤ ਵੇਲੇ ਉਹ
ਗਿਣਤੀ ਦੇ ਸਾਹ
ਮੁੱਠ ਵਿੱਚ ਲੈਕੇ
ਅਪਣੀ ਧੀ ਦੇ ਸਹੁਰੀਂ ਤੁਰ ਗਈ
ਜਾਂ ਧੀ ਉਸਨੂੰ
ਖਿੱਚ ਕੇ ਲੈ ਗਈ
ਮਰ ਗਈ ਤਾਈ ਨਿਹਾਲੋ
ਧੀ ਅਪਣੀ ਦੇ ਸਹੁਰੀਂ ਜਾਕੇ
----
ਫੂਕ ਦਿੱਤੀ ਹੈ ਉਸਨੇ ਧੀ ਨੇ
ਅਪਣੇ ਸਹੁਰੀਂ
ਅਪਣੇ ਹੀ ਇਕ ਖੇਤ ਦੀ ਨੁੱਕਰੇ।
ਧੀ ਉਸਦੀ
ਦੱਸ ਹੋਰ ਕੀ ਕਰਦੀ?
ਉਸਨੇ ਸਭ ਕੁਝ ਕਰਨਾ ਹੀ ਸੀ
ਦਿੱਲ ਤੇ ਪੱਥਰ ਧਰਨਾ ਹੀ ਸੀ
ਘਰ ਵਿੱਚ ਸਭ ਕੁਝ ਹੁੰਦੇ ਸੁੰਦੇ
ਪੁੱਤ ਤਾਈ ਦੇ
ਵਿੱਚ ਪਰਦੇਸਾਂ
ਜਾਕੇ ਬਹਿ ਗਏ
ਮੋਹ
ਮਮਤਾ
ਤੇ
ਮਹਿਕ ਮਿੱਟੀ ਦੀ
ਸਭ ਕੁਝ
ਦਿਲੋਂ ਭੁੱਲਾ ਕੇ ਬਹਿ ਗਏ
ਪਰ ਨਹੀਂ ਭੁੱਲੇ
ਜਾਇਦਾਦ ਬਾਪੂ ਅਪਣੇ ਦੀ
ਅਪਣੇ ਨਾਂ ਕਰਵਾਉਣੀ।
----
ਮਰ ਗਈ ਤਾਈ
ਧੀ ਦੇ ਸਹੁਰੀਂ
ਪੁੱਤ ਨਾ ਆਏ
ਮਾਂ ਨੂੰ ਰੋਵਣ
ਪੁੱਤ ਨਾ ਆਏ
ਅੱਗ ਦਿਖਾਵਣ
ਮਮਤਾ ਨਾਲੋਂ ਵੱਧ ਪਿਆਰੇ
ਹੋ ਗਏ ਸਨ ਅੱਜ ਕਾਰੋਬਾਰ
ਕਾਹਤੋਂ ਕਰਦੇ
ਮਰਿਆਂ ਪਿੱਛੇ
ਵਕਤ ਅਪਣਾ ਬਰਬਾਦ।
----
ਮਰ ਗਈ ਤਾਈ ਨਿਹਾਲੋ
ਧੀ ਦੇ ਸਹੁਰੀਂ
ਫੂਕ ਦਿੱਤੀ ਹੈ
ਉਸਦੀ ਧੀ ਨੇ
ਅਪਣੇ ਸਹੁਰੀਂ
ਅਪਣੇ ਹੀ ਇਕ ਖੇਤ ਦੀ ਨੁੱਕਰੇ।
ਪਰ ਘੁੰਮ ਰਹੀ ਹੈ
ਤਾਈ ਨਿਹਾਲੋ
ਮੇਰੀਆਂ ਅੱਖਾਂ ਦੇ ਅੱਜ ਮੂਹਰੇ
ਧੀ ਅਪਣੀ ਨੂੰ
ਘੂਰੀਆਂ ਵੱਟਦੀ
ਪੁੱਤਰਾਂ ਦੇ ਲਈ ਚੂਰੀਆਂ ਕੁੱਟਦੀ
ਮੱਖਣੀ ਚੁੱਕ ਧੀ ਦੀ ਰੋਟੀ ਤੋਂ
ਪੁੱਤ ਦੀ ਥਾਲੀ ਦੇ ਵਿੱਚ ਧਰਦੀ
ਬੁੜ ਬੁੜ ਕਰਦੀ
ਦੁੱਧ ਘਿਉ ਪੁੱਤਾਂ ਲਈ ਹੁੰਦਾ
ਐਵੇਂ ਨਾ ਤੂੰ ਬਣ ਅਣਜਾਣ
ਅੱਗੇ ਤੋਂ ਜੇ ਖਾਧੀ ਮੱਖਣੀ
ਕੱਢ ਦੇਵਾਂਗੀ ਤੇਰੀ ਜਾਨ।
ਪਰ.............
ਹਕੀਕਤ ਇਹੋ ਹੀ ਹੈ
ਮਰ ਗਈ ਹੈ
ਤਾਈ ਨਿਹਾਲੋ
ਧੀ ਦੇ ਸਹੁਰੀਂ
ਫੂਕ ਦਿੱਤੀ ਹੈ
ਉਸਦੀ ਧੀ ਨੇ ਅਪਣੇ ਸਹੁਰੀਂ
ਅਪਣੇ ਹੀ ਇਕ ਖੇਤ ਦੀ ਨੁੱਕਰੇ।
===========
ਮੇਰਾ ਪਲ...
ਨਜ਼ਮ
ਯਕੀਨਨ
ਹਰ ਦਿਨ...
ਹਰ ਘੜੀ...
ਹਰ ਪਲ...
ਮੇਰਾ ਨਹੀਂ ਹੁੰਦਾ।
..........
ਪਰ ਫਿਰ ਵੀ
ਹਰ ਦਿਨ
ਕੋਈ ਨਾ ਕੋਈ
ਅਜਿਹਾ ਪਲ
ਜ਼ਰੂਰ ਆਉਂਦਾ ਹੈ
ਜਦੋਂ ਮੈ
ਆਪਣੇ ਮਨ ਦੀ ਦਹਿਲੀਜ਼ ‘ਤੇ
ਆਈ
ਕਿਸੇ ਆਵਾਰਾ
ਕਿਸੇ ਕੌੜੀ ਯਾਦ ਨੂੰ
ਦੁਰਕਾਰ ਦਿੰਦੀ ਹਾਂ
ਤੇ
ਆਪਣੇ ਕੰਮ ‘ਚ
ਜੁਟ ਜਾਂਦੀ ਹਾਂ
ਉਹ ਪਲ...
ਯਕੀਨਨ ਮੇਰਾ ਹੁੰਦਾ ਹੈ।
No comments:
Post a Comment