ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Tuesday, January 20, 2009

ਐੱਸ. ਨਸੀਮ - ਗ਼ਜ਼ਲ

ਗ਼ਜ਼ਲ

ਮਿਰੀ ਹਯਾਤ ਨੂੰ ਸ਼ਰਤਾਂ ਨਿਆਰੀਆਂ ਲਾਉਂਦੈ।

ਅਜੇਹੇ ਦੌਰ ਵਿਚ ਦਿਲ ਹੈ ਕਿ ਯਾਰੀਆਂ ਲਾਉਂਦੈ।

----

ਮਿਰੇ ਖ਼ਿਆਲ ਦੇ ਅੰਬਰ ਚ ਤਾਰੀਆਂ ਲਾਉਂਦੈ।

ਤਿਰੇ ਖ਼ਿਆਲ ਦਾ ਪੰਛੀ ਉਡਾਰੀਆਂ ਲਾਉਂਦੈ।

----

ਅਜੇਹੇ ਸ਼ਖ਼ਸ ਦੇ ਘਰ ਵਿਚ ਬਹਾਰ ਕਦ ਆਈ,

ਹਵਾ ਨੂੰ ਦੇਖ ਕੇ ਬੂਹੇ ਤੇ ਬਾਰੀਆਂ ਲਾਉਂਦੈ।

----

ਬੜਾ ਹਸੀਨ ਹੈ ਨਾਜ਼ੁਕ ਮਜਾਜ਼ ਦਿਲ ਮੇਰਾ,

ਤਿਰੇ ਖ਼ਿਆਲ ਨੂੰ ਬੈਠਾ ਕਿਨਾਰੀਆਂ ਲਾਉਂਦੈ।

----

ਇਹ ਹੋਰ ਬਾਤ ਮੈਂ ਉਸ ਤੇ ਗਿਲਾ ਨਹੀਂ ਕਰਦਾ,

ਬੜਾ ਚਲਾਕ ਹੈ ਸੱਟਾਂ ਤਾਂ ਕਾਰੀਆਂ ਲਾਉਂਦੈ।

----

ਹਰਾ ਦਰਖ਼ਤ ਹਾਂ ਮੈਂ ਸਭ ਦੀ ਖ਼ੈਰ ਮੰਗਦਾ ਹਾਂ,

ਇਹ ਕੌਣ ਹੈ ਜੁ ਮਿਰੇ ਤਨ ਤੇ ਆਰੀਆਂ ਲਾਉਂਦੈ।

----

ਤਿਰੇ ਹੀ ਵਾਂਗ ਕਦੇ ਮੈਂ ਵੀ ਸ਼ੋਰ ਪਾਉਂਦਾ ਸਾਂ,

ਕਿ ਇਹ ਜੁ ਇਸ਼ਕ ਹੈ ਦਿਲ ਨੂੰ ਬੀਮਾਰੀਆਂ ਲਾਉਂਦੈ।

1 comment:

ਤਨਦੀਪ 'ਤਮੰਨਾ' said...

ਬੜੇ ਹੀ ਸਤਿਕਾਰਤ ਨਸੀਮ ਜੀਓ,
ਗ਼ਜ਼ਲ ਖ਼ੂਬਸੂਰਤ ਹੈ, ਬਹੁਤ ਖ਼ੂਬ। ਤੁਹਾਡੀ ਕਹੀ ਗ਼ਜ਼ਲ ਦਾ ਮੈਂ ਉਦੋਂ ਦਾ ਮੁਰੀਦ ਹਾਂ ਜਦ ਬੜੇ ਨਿੱਕੇ ਹੁੰਦਿਆਂ ਤੁਹਾਨੂੰ ਰਾਮਪੁਰ ਵਿਖੇ ਸੁਣਿਆ ਸੀ। ਫ਼ਿਰ ‘ਆਕਾਸ਼ ਗੰਗਾ’ ਪੜ੍ਹੀ ਅਤੇ ਮਨ ਇੰਨਾ ਟੁੰਬਿਆ ਗਿਆ ਕਿ ਅੱਜ ਵੀ ਕਿਤੇ ਉਮਦਾ ਗ਼ਜ਼ਲ ਦੀ ਗੱਲ ਕਰਦਾ ਹਾਂ ਤਾਂ ਤੁਹਾਡਾ, ਤੁਹਾਡੀ ਗ਼ਜ਼ਲ ਦਾ ਅਤੇ ‘ਆਕਾਸ਼ ਗੰਗਾ’ ਦਾ ਜ਼ਿਕਰ ਸਹਿਜ ਸੁਭਾਅ ਹੀ ਹੋ ਜਾਂਦਾ ਹੈ। ਪਿਛਲੇ ਦਿਨੀਂ ਤੁਹਾਡੇ ਨਾਲ ਹੋਈਆਂ ਦੋਵੇਂ ਮੁਲਾਕਾਤਾਂ ਵਿਚ ਤੁਹਾਡੇ ਮੂੰਹੋਂ ਗ਼ਜ਼ਲ ਸੁਣਨ ਦੀ ਇੱਛਾ ਸੀ ਪਰ ਉਹ ਮੌਕਾ ਨਾ ਬਣ ਪਾਇਆ। ਖ਼ੈਰ! ਆਪਣੀ ਗ਼ਜ਼ਲ ਦੇ ਰੁਤਬੇ ਨੂੰ ਇਥੇ ਵੀ ਕਾਇਮ ਰੱਖਣ ਲਈ ਮੇਰੀ ਦਿਲੀ ਮੁਬਾਰਕਬਾਦ ਕਬੂਲ ਕਰੋ (ਆਖ਼ਰੀ ਸ਼ਿਅਰ ਨੇ ਮੇਰੇ ਹੱਥ ਫੜ ਫੜ ਕੇ ਇਹ ਹਰਫ਼ ਲਿਖਵਾਏ ਹਨ)।

ਤੁਹਾਡਾ ਆਪਣਾ,
ਗਗਨ ਦੀਪ ਸ਼ਰਮਾ