ਦੋਸਤੋ! ਅੱਜ ਉੱਘੇ ਲੇਖਕ ਰਵਿੰਦਰ ਰਵੀ ਜੀ ਦੀਆਂ ਚਾਰ ਬੇਹੱਦ ਖ਼ੂਬਸੂਰਤ ਲਘੂ ਨਜ਼ਮਾਂ ਉਹਨਾਂ ਦੀ ਪਰਸੋਂ ਮਿਲ਼ੀ ਕਿਤਾਬ ‘ਛਾਵਾਂ ਤੇ ਪਰਛਾਵੇਂ’ ‘ਚੋਂ ਆਰਸੀ ‘ਚ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ।ਇਹਨਾਂ ਨਜ਼ਮਾਂ ਦਾ ਮੈਂ ਖ਼ੁਦ ਅੱਖਰ-ਅੱਖਰ ਮਾਣਿਆ ਹੈ। ਖ਼ਾਸ ਤੌਰ ਤੇ ਇਹਨਾਂ ਨਜ਼ਮਾਂ ਨੂੰ ਫਰੀਦਾਬਾਦ ਵਸਦੇ ਲੇਖਕ ਦੋਸਤ ਮੋਹਨ ਵਸ਼ਿਸ਼ਠ ਜੀ ਦੇ ਨਾਮ ਕਰ ਰਹੀ ਹਾਂ। ਵਸ਼ਿਸ਼ਠ ਸਾਹਿਬ! ਤੁਹਾਡਾ ਹੁਕਮ ਸਿਰ ਮੱਥੇ! ਰਵੀ ਸਾਹਿਬ ਨੂੰ ਏਨੀ ਖ਼ੂਬਸੂਰਤ ਕਿਤਾਬ ਲਿਖਣ ਤੇ ਬਹੁਤ-ਬਹੁਤ ਮੁਬਾਰਕਾਂ!
ਨਜ਼ਮ
ਪਾਣੀ ਤੇ ਭਾਫ਼
ਪਾਣੀ ਬਣਦਾ ਬਣਦਾ
ਫਿਰ
ਭਾਫ਼ ਬਣ ਗਿਆ ਹਾਂ
....
ਹੇਠਾਂ ਡਿਗਦਾ ਡਿਗਦਾ
ਮੈਂ ਫਿਰ
ਉਤਾਂਹ ਗਿਆ ਹਾਂ।
======
ਨਜ਼ਮ
ਰੇਤ
ਰੇਤ ਵਿਚ
ਲੀਕਾਂ ਵਾਹੁੰਦੇ ਵਾਹੁੰਦੇ
ਅਸਮਾਨ ਜਾ ਚੜ੍ਹੇ
....
ਤਾਰਿਆਂ ਦੀ ਗਿਣਤੀ ਵਿਚ
ਆਪਣਾ ਆਪ ਭੁੱਲ ਗਏ
....
ਮਿੱਟੀ ਸਾਂ, ਮਿੱਟੀ ਵਿਚ ਰਲ਼ ਗਏ!!!
=====
ਨਜ਼ਮ
ਰੌਸ਼ਨੀ
ਜਿਸਮ ਨਾਲ਼ ਹੋਲ਼ੀ ਹੌਲ਼ੀ
ਇੱਛਾ ਵੀ ਅਸਤ ਹੋ ਰਹੀ ਹੈ
.....
ਅੱਖਾਂ ਅੰਦਰ
ਅਚਾਨਕ ਉੱਤਰ ਆਏ
ਹਨੇਰੇ ਤੋਂ ਅਗਲੇ ਪਾਰ—
....
ਮੁਹੱਬਤ, ਫਿਰ ਵੀ
ਰੌਸ਼ਨੀ ਬਣੀ ਖੜ੍ਹੀ ਹੈ।
=====
ਨਜ਼ਮ
ਉਦੈ, ਅਸਤ
ਦੀਵਾਰਾਂ ਦੇ ਸਾਏ,
ਦੀਵਾਰਾਂ ਤੋਂ ਵੀ
ਲੰਮੇ ਹੋ ਗਏ ਹਨ—
.....
ਇਹ ਕਿਸ ਤਰ੍ਹਾਂ ਦੇ
.....
.....
ਉਦੈ,
ਜਾਂ ਅਸਤ ਹੋਣ ਦਾ ਵੇਲ਼ਾ ਹੈ?
No comments:
Post a Comment