ਗ਼ਜ਼ਲ
ਹੁਣ ਨਹੀਂ ਚੁੱਕਣਾ ਕੋਈ ਵੀ ਜਾਮ ਤੇਰੇ ਨਾਮ ਦਾ।
ਬਣ ਗਿਆ ਹਾਂ ਮੈਂ ਵੀ ਹਿੱਸਾ ਇੱਕ ਉਦਾਸੀ ਸ਼ਾਮ ਦਾ।
----
ਜ਼ਿੰਦਗੀ ਭਰ ਜੂਝਿਆ ਹਾਂ, ਜਾਪਦੈ ਹੁਣ ਥੱਕ ਗਿਆਂ,
ਅਲਵਿਦਾ, ਐ ਦੋਸਤੋ! ਹੁਣ ਵਕਤ ਹੈ ਆਰਾਮ ਦਾ।
----
ਖ਼ੂਬਸੂਰਤ ਵਾਦੀਆਂ ਵਿਚ ਭਟਕਿਆ ਹਾਂ ਇਸ ਕਦਰ,
ਹੁਣ ਨਹੀਂ ਚੇਤਾ ਕਿਸੇ ਵੀ ਖ਼ੂਬਸੂਰਤ ਨਾਮ ਦਾ।
----
ਮਨ ਦਾ ਦੁਰਯੋਧਨ ਤੇ ਰਾਵਣ ਅਪਣੇ ਕਾਬੂ ਨਾ ਰਿਹਾ,
ਰੋਜ਼ ਜਪਿਆ ਨਾਮ ਆਪਾਂ ਕ੍ਰਿਸ਼ਨ ਦਾ ਤੇ ਰਾਮ ਦਾ।
----
ਕੁਝ ਨਿਪੁੰਸਕ ਸ਼ਾਇਰੀ, ਸਿਹਰੇ ਤੇ ਸਿੱਖਿਆ ਆਖ ਕੇ,
ਪਿਟ ਰਹੇ ਨੇ ਉਹ ਢੰਡੋਰਾ ਆਪ ਅਪਣੇ ਨਾਮ ਦਾ।
----
ਹੋਰ ਕਿੰਨੀ ਦੇਰ ਤਕ ਉਸਨੂੰ ਉਡੀਕੋ ਗੇ ਤੁਸੀਂ,
ਨਾ ਭਰੋਸਾ ਯਾਰ ਦਾ ਹੈ, ਨਾ ਪਿਆਜ਼ੀ ਸ਼ਾਮ ਦਾ।
----
ਯਾਰ ਮੇਰੇ! ਜ਼ਿਕਰ ਤੇਰਾ ਆ ਹੀ ਜਾਏਗਾ ਜ਼ਰੂਰ,
‘ਜੋਸ਼’ ਚਰਚਾ ਜਦ ਛਿੜੇਗਾ ਦੋਸਤੀ ਦਾ, ਜਾਮ ਦਾ।
No comments:
Post a Comment