ਮਾਡਰਨ ਗ਼ਜ਼ਲ
ਏਸ ਕਿਨਾਰੇ ਮੈਂ ਬੈਠਾ, ਉਹ ਓਸ ਕਿਨਾਰੇ ਬੈਠੇ ਰਹੇ।
ਆ ਮਿਲਣਗੇ ਇਸੇ ਆਸ ਵਿਚ ਬਣੇ ਸੰਵਾਰੇ ਬੈਠੇ ਰਹੇ।
----
ਇੰਤਜ਼ਾਰ ਸੀ ਉਹਨਾਂ ਦਾ ਪਰ ਆ ਗਏ ਉਸਦੇ ਪਾਪਾ ਜੀ,
ਉੱਠਣ ਦੀ ਫਿਰ ਹਿੰਮਤ ਨਾ ਪਈ ਸ਼ਰਮ ਦੇ ਮਾਰੇ ਬੈਠੇ ਰਹੇ।
----
ਲੋਕਾਂ ਦੇ ਕਾਕੇ ਜਦੋਂ ਕਿ ਪੜ੍ਹਨ ਸ਼ਹਿਰ ਨੂੰ ਜਾਂਦੇ ਸੀ,
ਅਸੀਂ ਆਪਣੇ ਵਿਹੜੇ ਦੇ ਵਿਚ ਪਕੜ ਗੁਬਾਰੇ ਬੈਠੇ ਰਹੇ।
----
ਮੇਰੇ ਹਾਣੀ ਹੁਣ ਤੇ ਸਾਰੇ ਬੱਚਿਆਂ ਵਾਲੇ ਹੋ ਗਏ ਨੇ,
ਪੰਜ ਦਹਾਕਿਆਂ ਦੇ ਹੋ ਕੇ ਵੀ ਅਸੀਂ ਕੰਵਾਰੇ ਬੈਠੇ ਰਹੇ।
----
ਨਸ਼ਾ ਪੀਣ ਦੀ ਆਦਤ ਪੈ ਗਈ, ਭੌਂ ਵੀ ਸਾਰੀ ਵੇਚ ਲਈ,
ਲੋਕੀਂ ਕੰਮੀਂ ਕਾਰੀਂ ਲੱਗੇ ਅਸੀਂ ਨਿਕਾਰੇ ਬੈਠੇ ਰਹੇ।
----
ਇਕ ਨਜੂਮੀ ਕਹਿੰਦਾ ਸੀ ਕਿ ਗਰਦਸ਼ ਵਿਚ ਨੇ ਵਰ੍ਹਿਆਂ ਤੋਂ,
ਮੈਨੂੰ ਲਗਦੈ ਮੈਥੋਂ ਰੁੱਸ ਕੇ ਮੇਰੇ ਸਿਤਾਰੇ ਬੈਠੇ ਰਹੇ।
----
ਕਿਸੇ ਸਿਆਣੇ ਮੰਤਰ ਦਿੱਤਾ ਭੁੱਖੇ ਰਹਿ ਕੇ ਜਪਣ ਲਈ,
ਕੁੱਝ ਨਾ ਬਣਿਆ ਐਵੇਂ ਹੋ ਕੇ ਮਰਨ ਕਿਨਾਰੇ ਬੈਠੇ ਰਹੇ।
----
ਜੋ ਵੀ ਰਿਸ਼ਤਾ ਆਇਆ ਉਹ ਵੀ ਆਂਢ ਗਵਾਂਢੇ ਚਲਾ ਗਿਆ,
ਘਰ ਦੇ ਵਿਚ ਸਜ ਧਜ ਕੇ ਮਾਂ ਦੇ ਰਾਜ ਦੁਲਾਰੇ ਬੈਠੇ ਰਹੇ।
----
ਇਕ ਕੁੜੀ ਪਰਦੇਸੋਂ ਆਈ, ਭਾਲ਼ ਸੀ ਚੰਗੇ ਮੁੰਡੇ ਦੀ,
ਨੱਕ ਚੜ੍ਹਾ ਕੇ ਪਿਛਾਂਹ ਪਰਤ ਗਈ ਅਸੀਂ ਬੇਚਾਰੇ ਬੈਠੇ ਰਹੇ।
----
ਸਾਡੀ ਹੀਰ ਚੜ੍ਹੀ ਜਦ ਡੋਲੀ ਅਸੀਂ ਬਹੁਤੇਰਾ ਤੜਪੇ ਸੀ,
ਕੰਨ ਪੜਵਾਉਣੋਂ ਡਰਦੇ ਸੀ ਤੇ ਤਖ਼ਤ ਹਜ਼ਾਰੇ ਬੈਠੇ ਰਹੇ ।
No comments:
Post a Comment