ਗ਼ਜ਼ਲ
ਅਹਿਸਾਸ ਹੋਵੇ ਏਸਨੂੰ, ਇਕ ਪਿੰਜਰਾ ਲਿਆ।
ਕਰਦੀ ਰਹੀ ਹੈ ਘੁਣਤਰਾਂ, ਇਹ ਸਾਜਿਸ਼ੀ ਹਵਾ।
----
ਹੋਵੇ ਹਰੇਕ ਦਿਲ ‘ਚ ਜੇ, ਥੋੜ੍ਹੀ ਜਿਹੀ ਜਗ੍ਹਾ।
ਦੁਨੀਆਂ ਤੇ ਕੋਈ ਆਦਮੀ, ਹੋਵੇ ਨਾ ਬੇ-ਘਰਾ।
----
ਇਹ ਵਕਤ ਕੀਕਣ ਬੀਤਦੈ, ਦਿਲ ਦੀ ਕਹਾਂ ਕਿਵੇਂ?
ਸੋਚਣ ਦੀ ਵਿਹਲ ਨਾ ਦਵੇ, ਸਿਮਰਨ ਦਾ ਇਹ ਨਸ਼ਾ।
----
ਚਸਕਾ ਹੈ ਜੇਕਰ ਪੜ੍ਹਨ ਦਾ, ਪੜ੍ਹਨੈ ਤਾਂ ਦਿਲ ਨੂੰ ਪੜ੍ਹ,
ਜਿਉਂਦੀ ਕਿਤਾਬ ਵਿੱਚ ਹੀ, ਜੀਵਨ ਦਾ ਹੈ ਮਜ਼ਾ।
----
ਆਇਐਂ, ਤਾਂ ਥੰਮਿਆਂ ਹੀ ਰਿਹੈ, ਤੁਰਿਆ ਨਾ ਵਕਤ ਵੀ,
ਚੱਲਿਐਂ, ਤਾਂ ਤੇਰੇ ਨਾਲ਼ ਹੀ, ਇਹ ਦਿਨ ਵੀ ਤੁਰ ਗਿਆ।
----
ਮਹਿਕੇ ਇਹ ਮੇਰਾ ਬਾਗ਼ ਇਉਂ, ਇਉਂ ਹੀ ਖਿੜੇ-ਪੁੜੇ,
ਜਾਵਾਂ ਸਫ਼ਰ ‘ਤੇ ਛੱਡ ਕੇ, ਜੀਕਣ ਹਰਾ-ਭਰਾ।
----
ਬਣਨਾ ਖ਼ੁਸ਼ੀ ਦੇ ਫੁੱਲ ਤੇ, ਫ਼ਬਣਾ ਕਿਸੇ ਦੇ ਦਿਲ,
ਏਹੀ ਅਖੀਰ ਇਸ਼ਕ ਦੀ, ਏਹੀ ਹੈ ਇਬਤਦਾ।
----
ਇਸ ਕਾਲ਼ੀ-ਬੋਲ਼ੀ ਰਾਤ ‘ਚੋਂ, ਸੂਰਜ ਤਦੇ ਚੜ੍ਹੂ,
ਇਨਸਾਨੀਅਤ ‘ਤੇ ‘ਬਾਦਲਾ’! ਉਤਰੇਂਗਾ ਜਦ ਖ਼ਰਾ।
1 comment:
Pasand aayi....likhoge taan sanu vi hausla milega.....aapne aap uutri likhat aapna asar dikha hi jaandi hai ate aapne vaste pathak di zuban khulva hi jaandi hai...Darshan Darvesh
Post a Comment