ਗ਼ਜ਼ਲ
ਵਿਹੜੇ ਵਿਚ ਹੁਣ ਚੁਗਣ ਨਾ ਚੋਗਾ, ਕਿਤੇ ਗੁਟਾਰਾਂ, ਚਿੜੀਆਂ।
ਵਸਦੇ ਰਸਦੇ ਘਰਾਂ ਦੇ ਦਿਸਦੇ, ਬੂਹੇ, ਬਾਰੀਆਂ ਭਿੜੀਆਂ।
----
ਪਿੰਡਾਂ ਵਿਚਲੇ ਘਰਾਂ ‘ਤੇ ਬਹਿ ਕੇ, ਉੱਲੂ ਦਿਨੇ ਹੀ ਬੋਲਣ,
ਫਿਰਨੀ ਉਤਲੇ ਘਰ ਨੇ ਲਗਦੇ, ਰੋਹੀ, ਰੱਕੜ, ਝਿੜੀਆਂ।
----
ਪਿਆਰਾਂ ਦੇ ਬੋਲਾਂ ਨੂੰ ਤਰਸਣ, ਢਿੱਡੋਂ ਰੱਜੇ ਲੋਕੀ,
ਸੁਪਨਿਆਂ ਦਾ ਕੀ ਮਹਿਲ ਬਣੇਗਾ, ਨੀਹਾਂ ਹੀ ਜਦ ਤਿੜੀਆਂ।
----
ਖ਼ੁਸੀਆਂ ਦੀ ਬਾਰਾਤ ਨਾ ਕਿਧਰੇ, ਨਾ ਭੰਗੜੇ, ਨਾ ਵਾਜੇ,
ਸ਼ੋਕ ਸਮਾਗਮ, ਬੰਦ ਤੇ ਧਰਨੇ, ਨਵੇਂ ਸਿਆਪੇ-ਸਿੜੀਆਂ।
----
ਬੱਚਿਓ! ਚੁੱਪ, ਬਾਹਰ ਨਈਂ ਜਾਣਾ, ਨਾ ਨੱਚੋ , ਨਾ ਗਾਓ,
ਫੁੱਲ ਮੁਕਾ ਲਏ, ਤੋੜਨਗੇ ਹੁਣ, ਇਹ ਕਲੀਆਂ ਅੱਧ-ਖਿੜੀਆਂ।
----
ਘਰ ਪਰਤਣ ਤਾਂ ਤੇਲ ਚੋ ਦਈਏ, ਦਿਲ ਦੀਆਂ ਗੱਲਾਂ ਕਹੀਏ,
ਜਾਨ ਤਲ਼ੀ ਤੇ ਰੱਖ ਕੇ ਜਿਹੜੇ ਲਾਹੁੰਦੇ ਫਿਰਦੇ ਬਿੜ੍ਹੀਆਂ।
No comments:
Post a Comment