ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Wednesday, January 14, 2009

ਕਸ਼ਮੀਰ ਸਿੰਘ ਘੁੰਮਣ - ਨਜ਼ਮ

ਧੀ ਦੀ ਪੁਕਾਰ

ਨਜ਼ਮ

ਨਾ ਜੰਮਣ ਤੋਂ ਪਹਿਲਾਂ ਮਾਰ ਨੀ ਮਾਏ,

ਬਣਿਆ ਧੀ ਤੋਂ ਕੁੱਲ ਸੰਸਾਰ ਨੀ ਮਾਏ

----

ਗੁਰੂਆਂ ਪੀਰਾਂ ਭਗਤਾਂ ਦੀ ਜਨਣੀ,

ਨਹੀਂ ਮਿਲਿਆ ਸਤਿਕਾਰ ਨੀ ਮਾਏ

ਪੁੱਤਰ ਜੰਮੇਂ ਤਾਂ ਤੂੰ ਖੁਸ਼ੀਆਂ ਕਰਦੀ,

ਮੇਰੀ ਵਾਰ ਲਈ ਚੁੱਪ ਧਾਰ ਨੀ ਮਾਏ

ਨਾ ਜੰਮਣ ਤੋਂ ਪਹਿਲਾਂ ਮਾਰ ਨੀ ਮਾਏ,

ਬਣਿਆ ਧੀ ਤੋਂ ਕੁੱਲ……………

----

ਮਾਂ ਧੀ ਮਿਲਦੀ ਤਾਂ ਕੰਧਾਂ ਕੰਬਣ,

ਤੂੰ ਦਿੱਤੀ ਗੱਲ ਵਿਸਾਰ ਨੀ ਮਾਏ

ਖੁਸ਼ੀ-ਖੁਸ਼ੀ ਤੂੰ ਮੇਰਾ ਕਾਜ ਰਚਾਵੀਂ,

ਦੇਣੀ ਦੂਰ ਉਡਾਰੀ ਮਾਰ ਨੀ ਮਾਏ

ਨਾ ਜੰਮਣ ਤੋਂ ਪਹਿਲਾਂ ਮਾਰ ਨੀ ਮਾਏ,

ਬਣਿਆ ਧੀ ਤੋਂ ਕੁੱਲ……………

----

ਵਡਭਾਗੀ ਮਾਂ ਦੀ ਕੁੱਖੋਂ ਜਨਮੇ,

ਭਗਤ, ਸਰਾਭਾ, ਕਰਤਾਰ ਨੀ ਮਾਏ

ਬਾਬੇ ਨਾਨਕ ਨਾਰੀ ਨੂੰ ਮਾਣ ਬਖਸ਼ਿਆ ,

ਜਿਸ ਕੁੱਖੋਂ ਜਨਮੇ ਰਜਾਨ ਨੀ ਮਾਏ

ਨਾ ਜੰਮਣ ਤੋਂ ਪਹਿਲਾਂ ਮਾਰ ਨੀ ਮਾਏ,

ਬਣਿਆ ਧੀ ਤੋਂ ਕੁੱਲ……………

----

ਕਹਿੰਦੇ ਘਰ ਦੀ ਵੇਲ ਵਧਾਵੇ ਪੁੱਤਰ,

ਧੀ ਬਾਬਲ ਦੀ ਦਸਤਾਰ ਨੀ ਮਾਏ

ਪੁੱਤਰ ਜੰਮੇ ਪਰ ਜੇ ਹੋਵੇ ਕੁਲੱਛਣਾ,

ਸਭ ਵੇਚ ਦੇਵੇ ਘਰ ਬਾਰ ਨੀ ਮਾਏ

ਨਾ ਜੰਮਣ ਤੋਂ ਪਹਿਲਾਂ ਮਾਰ ਨੀ ਮਾਏ,

ਬਣਿਆ ਧੀ ਤੋਂ ਕੁੱਲ……………

----

ਖ਼ੁਦ ਔਰਤ ਕਿਉਂ ਔਰਤ ਨੂੰ ਮਾਰੇ,

ਕਰ ਔਰਤ ਦਾ ਸਤਿਕਾਰ ਨੀ ਮਾਏ

ਤਰਲੇ ਕਰਦੀ ਤੇਰੇ ਵਾਸਤੇ ਪਾਵਾਂ,

ਮੈਂ ਵੀ ਦੇਖ ਲਵਾਂ ਸੰਸਾਰ ਨੀ ਮਾਏ

ਨਾ ਜੰਮਣ ਤੋਂ ਪਹਿਲਾਂ ਮਾਰ ਨੀ ਮਾਏ,

ਬਣਿਆ ਧੀ ਤੋਂ ਕੁੱਲ……………

----

ਕੁੜੀਆਂ ਚਿੜੀਆਂ ਨਾਲ ਤ੍ਰਿੰਝਣ ਸੋਂਹਦੇ,

ਵਿੱਚ ਗਿੱਧਿਆਂ ਖਿੜੇ ਬਹਾਰ ਨੀ ਮਾਏ

ਤਰੱਕੀਆਂ ਕਰਕੇ ਨਵ-ਯੁੱਗ ਦੇ ਵਿੱਚ,

ਗਈਆਂ ਧੀਆਂ ਬਾਜੀ ਮਾਰ ਨੀ ਮਾਏ

ਨਾ ਜੰਮਣ ਤੋਂ ਪਹਿਲਾਂ ਮਾਰ ਨੀ ਮਾਏ,

ਬਣਿਆ ਧੀ ਤੋਂ ਕੁੱਲ ……………

----

ਤੇਰੇ ਘਰ ਨਾ ਸਾਰੀ ਉਮਰ ਬਿਤਾਉਂਣੀ,

ਦੇ ਜ਼ਿੰਦਗੀ ਦੇ ਦਿਨ ਉਧਾਰ ਨੀ ਮਾਏ

ਜੇ ਆਖੇਂ ਨਹੀਂ ਮੁੜ ਫੇਰਾ ਪਾਉਂਦੀ,

ਕਦੇ ਬਾਬਲ ਘਰ-ਦਵਾਰ ਨੀ ਮਾਏ

ਨਾ ਜੰਮਣ ਤੋਂ ਪਹਿਲਾਂ ਮਾਰ ਨੀ ਮਾਏ,

ਬਣਿਆ ਧੀ ਤੋਂ ਕੁੱਲ………………

----

ਗਰੀਬ ਘਰ ਜੰਮਾਂ ਮੈਂ ਭਾਰ ਹਾਂ ਮੰਨਦੀ,

ਪਰ ਕਿਉਂ ਮਾਰੇ ਸ਼ਾਹੂਕਾਰ ਨੀ ਮਾਏ

ਪੈਸੇ ਨਾਲ ਅੱਜ ਕਾਨੂੰਨ ਹੈ ਵਿੱਕਦਾ,

ਹੁਣ ਕਿੱਥੋਂ ਲੱਭਾਂ ਇਨਸਾਫ਼ ਨੀ ਮਾਏ

ਨਾ ਜੰਮਣ ਤੋਂ ਪਹਿਲਾਂ ਮਾਰ ਨੀ ਮਾਏ,

ਬਣਿਆ ਧੀ ਤੋਂ ਕੁੱਲ………………

----

ਕੁੜੀਆਂ ਦੀ ਹੁਣ ਗਿਣਤੀ ਘਟ ਗਈ,

ਹੋਣੀ ਛੜਿਆਂ ਦੀ ਭਰਮਾਰ ਨੀ ਮਾਏ

ਜ਼ਬਰ ਜਿਨਾਹ ਤੇ ਬਲਾਤਕਾਰ ਦੀਆਂ,

ਨਿੱਤ ਖਬਰਾਂ ਵਿੱਚ ਅਖ਼ਬਾਰ ਨੀ ਮਾਏ

ਨਾ ਜੰਮਣ ਤੋਂ ਪਹਿਲਾਂ ਮਾਰ ਨੀ ਮਾਏ,

ਬਣਿਆ ਧੀ ਤੋਂ ਕੁੱਲ………………

----

ਸਾਇੰਸ ਯੁੱਗ ਬਣਿਆ ਧੀ ਦਾ ਕਾਤਲ,

ਰੱਬ ਦੀ ਵੀ ਨਾ ਸੁਣੇ ਪੁਕਾਰ ਨੀ ਮਾਏ

ਘੁੰਮਣ ਰੱਬ ਵੀ ਹੁਣ ਲੁੱਕ ਕੇ ਬੈਠਾ,

ਜੇ ਵੱਸ ਹੋਵੇ ਤਾਂ ਦੇਵਣ ਮਾਰ ਨੀ ਮਾਏ

ਨਾ ਜੰਮਣ ਤੋਂ ਪਹਿਲਾਂ ਮਾਰ ਨੀ ਮਾਏ,

ਬਣਿਆ ਧੀ ਤੋਂ ਕੁੱਲ ਸੰਸਾਰ ਨੀ ਮਾਏ

No comments: