
ਉਹਨਾਂ ਦਾ ਖ਼ੂਬਸੂਰਤ ਕਾਵਿ-ਸੰਗ੍ਰਹਿ ‘ਸ਼ਿਕਸਤ ਰੰਗ’ 2006 ‘ਚ ਪ੍ਰਕਾਸ਼ਿਤ ਹੋਇਆ ਸੀ।
ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਮੈਡਮ ਸੁਰਜੀਤ ਜੀ ਨੂੰ ‘ਆਰਸੀ’ ਦੀ ਅਦਬੀ ਮਹਿਫ਼ਲ ‘ਚ ਆਪਣੀ ਹਾਜ਼ਰੀ ਲਾਉਂਣ ਲਈ ਸ਼ੁਕਰੀਆ ਤੇ ਖ਼ੁਸ਼ਆਮਦੀਦ ਨੂੰ ਆਖਦੀ ਹਾਂ। ਅੱਜ ਉਹਨਾਂ ਦੀ ਏਸੇ ਕਿਤਾਬ ਵਿੱਚੋਂ ਦੋ ਬੇਹੱਦ ਖ਼ੂਬਸੂਰਤ ਨਜ਼ਮਾਂ ‘ਆਰਸੀ’ ‘ਚ ਸ਼ਾਮਿਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਉਹਨਾਂ ਨੂੰ ਆਰਸੀ ਦਾ ਲਿੰਕ ਯੂ.ਐੱਸ.ਏ. ਵਸਦੇ ਲੇਖਕ ਸਤਿਕਾਰਤ ਡਾ: ਪ੍ਰੇਮ ਮਾਨ ਜੀ ਨੇ ਭੇਜਿਆ ਹੈ, ਮੈਂ ਡਾ: ਸਾਹਿਬ ਦੀ ਵੀ ਤਹਿ-ਦਿਲੋਂ ਮਸ਼ਕੂਰ ਹਾਂ। ਬਹੁਤ-ਬਹੁਤ ਸ਼ੁਕਰੀਆ।
ਦਾਜ ਦਾ ਸੰਦੂਕ
ਨਜ਼ਮ
ਆਪਣੇ ਦਾਜ ਦਾ
ਸੰਦੂਕ ਅੱਜ
ਖੋਲ੍ਹ ਬੈਠੀ ਹਾਂ
---
ਮਿਕਨਾਤੀਸੀ ਸੁਪਨੇ
ਮੁਹੱਬਤ ਦੇ ਰੰਗਾਂ
ਨਾਲ ਨਗੰਦ
ਇਸ ਸੰਦੂਕ ਵਿਚ
ਮੈਂ ਰੱਖੇ ਸਨ
ਸੱਜਰੀਆਂ ਸਾਂਝਾਂ ਦੇ
ਚਾਵਾਂ ਦੀਆਂ
ਲੜੀਆਂ ਗੁੰਦ
ਇਹ ਸੰਦੂਕ
ਲਬਾ-ਲਬ
ਮੈਂ ਭਰਿਆ ਸੀ
---
ਪਰ
ਵਰ੍ਹਿਆਂ ਬਾਦ
ਅੱਜ ਜਦੋਂ ਮੈਂ
ਇਸਨੂੰ ਖੋਲ੍ਹਿਐ
ਤਾਂ ਵੇਖਿਐ
ਕਿ ਮੇਰੇ.....
ਸੁਪਨਿਆਂ ਦੀਆਂ
ਲੇਫ ਤਲਾਈਆਂ
ਪਈਆਂ ਪਈਆਂ
ਬੋਦੀਆਂ ਹੋ ਗਈਆਂ ਨੇ
ਆਪਣੀਆਂ ਰੀਝਾਂ ਦੀ
ਤਾਂ ਕੋਈ ਤਹਿ
ਮੈਂ ਅਜੇ ਤੱਕ
ਖੋਲ੍ਹ ਕੇ ਵੀ ਨਹੀਂ ਵੇਖੀ
----
ਇਸ ਸੰਦੂਕ ਵਿਚ
ਮੁਹੱਬਤ ਦੀ ਥਾਂ
ਕਿੰਨੀਆਂ ਲੜਾਈਆਂ
ਜਮ੍ਹਾਂ ਹੋ ਗਈਆਂ ਨੇ
ਮੈਂ ਜਿਨ੍ਹਾਂ ਨੂੰ ਹੋਰ ਗੁੱਠੇ
ਲਾਕੇ ਰੱਖ ਦਿਤੈ
ਕਿ ਕਿਧਰੇ
ਉਦਰੇਵਿਆਂ ਦੀ
ਕੋਈ ਹੋਰ
ਪਰਤ ਨਾ ਖੁੱਲ੍ਹ ਜਾਵੇ
ਕਿ ਕਿਧਰੇ
ਜ਼ਿੰਦਗੀ ਦੇ ਨਗੰਦੇ ਦਾ
ਕੋਈ ਹੋਰ ਤੰਦ
ਨਾ ਉਧੜ ਜਾਵੇ
---
ਇਸ ਲਈ
ਇਹ ਸੰਦੂਕ
ਓਵੇਂ ਦਾ ਓਵੇਂ
ਹੀ ਬੰਦ ਕਰ ਦਿਤੈ
ਤੇ ਗਹਿਣਿਆਂ ਦੀ ਥਾਂ
ਡੱਬੀ ਵਿਚ
ਮੈਂ ਆਪਣਾ
ਦਿਲ ਧਰ ਦਿਤੈ !!1
======
ਸ਼ਿਕਸਤ-ਰੰਗ
ਨਜ਼ਮ
ਪਾਣੀ ਤੇ ਪਈ ਲੀਕ ਵਾਂਗ
ਆਈ ਹਰ ਸਵੇਰ
ਰੇਤ ਤੇ ਲਿਖੇ
ਅੱਖਰਾਂ ਵਰਗੇ
ਹੁੰਦੇ ਰਹੇ ਨੇ ਦਿਨ
ਸ਼ਾਮ ਹੁੰਦਿਆਂ ਹੀ
ਹਨੇਰੇ ‘ਚ
ਸਿਮਟ ਜਾਂਦੇ ਨੇ ਰੰਗ
ਜ਼ਿੰਦਗੀ ਹਰ ਸਮਾਂ
ਸ਼ਿਕਸਤ-ਰੰਗ ਹੁੰਦੀ ਏ !
----
ਬੁਝੇ ਹੋਏ ਦੀਵੇ ਦੀ ਤਰ੍ਹਾਂ
ਖੰਡ੍ਹਰਾਂ ‘ਚ
ਮਲਬੇ ਦੇ ਢੇਰ ਹੇਠਾਂ
ਦੱਬੇ ਰਹੇ ਪੜਾਅ
ਧੋ ਹੋਏ ਨਾ ਸਰਾਪ
ਅਨੇਕਾਂ ਮੌਸਮ
ਬਰਸਾਤ ਦੇ ਵੀ ਆਏ !
----
ਕੂਲ਼ੀ ਰਿਸ਼ਮ ਵਰਗਾ
ਜੋ ਪਲ ਸੀ ਮਿਲਿਆ
ਤਪਦੇ ਸੂਰਜ ਵਾਂਗ
ਮੱਥੇ ‘ਚ ਧੁਖਦਾ ਰਿਹੈ
ਸਾਰੀ ਉਮਰ
ਜਿਹਦੇ ਤਾਪ ਨਾਲ
ਵਿਹੜਾ ਭੁੱਜਦਾ ਰਿਹੈ !
----
ਦਿਸ਼ਾ ਬਦਲੇ
ਸਮਾਂ ਬਦਲੇ
ਪਰ ਬਦਲੇ ਨਹੀਂ
ਜ਼ਿੰਦਗੀ ਦੇ ਮੌਸਮ
ਮਨੋਸਥਲ ‘ਤੇ
ਹਰ ਦਮ
ਸੋਚਾਂ ਦਾ
ਯੁੱਧ ਚਲਦਾ ਰਿਹੈ !
----
ਸੁਣਦੇ ਸੀ
ਪਲਾਂ ਛਿਣਾਂ ਦੀ ਹੈ ਜ਼ਿੰਦਗੀ
ਚਲਦੇ ਚਲਦੇ ਹੰਭ ਗਈ
ਮਿਲ਼ਿਆ ਨਾ ਉਹ ਮੁਕਾਮ
ਸੋਚਾਂ ਨੂੰ ਜਿਥੇ ਰਾਹਤ ਮਿਲਦੀ !
----
ਆਪਣੇ ਹੀ ਅੰਦਰ
ਕੈਦ ਹਾਂ ਧੁਰ ਤੋਂ
ਇਸ ਕੈਦ ਦੀ
ਕੋਈ ਬਾਰੀ
ਬਾਹਰ ਨਹੀਂ ਖੁੱਲ੍ਹਦੀ
ਕੋਈ ਨਵਾਂ ਸੂਰਜ
ਕੋਈ ਨਵਾਂ ਚਾਨਣ
ਨਹੀਂ ਉੱਕਰਦਾ ਜਦ ਤਕ
ਇਸ ਰੂਹ ਨੂੰ
ਸੁਤੰਤਰਤਾ ਨਹੀਂ ਮਿਲਦੀ !
----
ਈਸਾ ਨੂੰ ਲੱਭੀ
ਮਨਸੂਰ ਨੂੰ ਲੱਭੀ
ਸੁਕਰਾਤ ਨੂੰ ਲੱਭੀ ਜੋ
ਉਹ ਦਿਸ਼ਾ
ਮੈਨੂੰ ਕਿਉਂ ਨਹੀਂ ਮਿਲਦੀ !!
No comments:
Post a Comment